Now Reading
ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਜੁਲਾਈ 2021)

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਜੁਲਾਈ 2021)

ਰਵੀ ਕੰਵਰ
ਚਿੱਲੀ ‘ਚ ਲੋਕ ਪੱਖੀ ਤਾਕਤਾਂ ਦੀ ਸ਼ਾਨਦਾਰ ਜਿੱਤ

ਲਾਤੀਨੀ ਅਮਰੀਕਾ ਦੇ ਦੇਸ਼ ਚਿੱਲੀ ਦੇ ਲੋਕਾਂ ਦੇ 2019 ਤੋਂ ਚਲ ਰਹੇ ਜਨਸੰਘਰਸ਼ ਨੂੰੂ ਉਦੋਂ ਬੂਰ ਪਿਆ ਜਦੋਂ ਦੇਸ਼ ਦਾ ਸੰਵਿਧਾਨ ਨਵੇਂ ਸਿਰਿਓਂ ਲਿਖਣ ਵਾਲੀ ਸੰਵਿਧਾਨ ਘੜਣੀ ਸਭਾ ਦੇ ਗਠਨ ਲਈ 15-16 ਮਈ ਨੂੰ ਹੋਈਆਂ ਚੋਣਾਂ ਵਿਚ ਤਬਾਹਕੁੰਨ ਸਾਮਰਾਜ ਪੱਖੀ ਨੀਤੀਆਂ ਦੇ ਮੁਕਾਬਲੇ ਲੋਕ ਪੱਖੀ ਨੀਤੀਆਂ ਲਾਗੂ ਕਰਨ ਦੀਆਂ ਪੈਰੋਕਾਰ ਸ਼ਕਤੀਆਂ ਨੂੰ ਵੱਡਾ ਬਹੁਮਤ ਹਾਸਲ ਹੋਇਆ।
ਚਿੱਲੀ, ਲਾਤੀਨੀ ਅਮਰੀਕਾ ਮਹਾਂਦੀਪ ਦਾ ਇਕ ਬਹੁਨਸਲੀ ਦੇਸ਼ ਹੈ, ਜਿਹੜਾ ਇਕ ਰਿਬਨ ਦੇ ਆਕਾਰ ਵਿਚ ਦੱਖਣੀ ਪ੍ਰਸ਼ਾਂਤ ਮਹਾਂਸਾਗਰ ਦੇ ਕੰਢੇ ‘ਤੇ ਸਥਿਤ ਹੈ। ਇਸਦੀ ਲੰਬਾਈ 4300 ਕਿਲੋਮੀਟਰ ਤੇ ਚੌੜਾਈ 175 ਕਿਲੋਮੀਟਰ ਹੈ। ਇਕ ਕਰੋੜ 90 ਲੱਖ ਦੀ ਅਬਾਦੀ ਵਾਲੇ ਇਸ ਦੇਸ਼ ਦੇ ਉਤਰੀ ਭਾਗ ਵਿਚ ਦੁਨੀਆਂ ਦਾ ਸਭ ਤੋਂ ਖੁਸ਼ਕ ਰੇਗਿਸਤਾਨ, ‘ਅਟਾਕਾਮਾ’ ਅਤੇ ਦੱਖਣੀ ਹਿੱਸੇ ਵਿਚ ਬਰਫੀਲੇ ‘ਅਲਪਾਇਨ’ ਪਹਾੜ ਹਨ।
2019 ਵਿਚ ਦੇਸ਼ ਦੀ ਰਾਜਧਾਨੀ ਸੈਂਟੀਯਾਗੋ ਦੀ ਜਨਤਕ ਟ੍ਰਾਂਸਪੋਰਟ ਪ੍ਰਣਾਲੀ ਦੇ ਕਿਰਾਇਆਂ ਵਿਚ ਕੀਤੇ ਗਏ 30 ਪੀਸੋ (ਸਥਾਨਕ ਕਰੰਸੀ) ਦੇ ਵਾਧੇ ਨਾਲ ਸ਼ੁਰੂ ਹੋਇਆ ਉਕਤ ਸੰਘਰਸ਼, ਦੇਸ਼ ਦੀ ਲੋਕ ਵਿਰੋਧੀ ਹਕੂਮਤ ਵਿਰੁੱਧ ਪ੍ਰਚੰਡ ਅੰਦੋਲਨ ਦਾ ਰੂਪ ਅਖਤਿਆਰ ਕਰ ਗਿਆ ਸੀ। ਇਕ ਸਾਲ ਤੋਂ ਵੀ ਵੱਧ ਸਮੇਂ ਤੱਕ ਚੱਲੇ ਇਸ ਜਨ ਅੰਦੋਲਨ ਵਿਚ 36 ਲੋਕ ਸ਼ਹੀਦ, 11000 ਜਖ਼ਮੀ ਅਤੇ 28000 ਲੋਕ ਗ੍ਰਿਫ਼ਤਾਰ ਹੋਏ ਸਨ। ਇਸ ਵਿਆਪਕ ਜਨ ਅੰਦੋਲਨ ਦੇ ਦਬਾਅ ਅਧੀਨ 25 ਅਕਤੂਬਰ 2020 ਨੂੰ ਇਕ ਰਾਏਸ਼ੁਮਾਰੀ ਹੋਈ ਸੀ, ਜਿਸ ਵਿਚ 79% ਲੋਕਾਂ ਨੇ ਦੇਸ਼ ਦੇ ਸੰਵਿਧਾਨ ਨੂੰ ਨਵੇਂ ਸਿਰਿਓਂ ਲਿਖਣ ਦੇ ਹੱਕ ਵਿਚ ਵੋਟ ਪਾਈ ਸੀ। ਉਸਦੇ ਆਧਾਰ ‘ਤੇ ਹੀ 15-16 ਮਈ 2021 ਨੂੰ ਸੰਵਿਧਾਨ ਨੂੰ ਮੁੜ ਲਿਖਣ ਵਾਲੀ ਨਵੀਂ ਸੰਵਿਧਾਨ ਘੜਣੀ ਸਭਾ ਦੀ ਚੋਣ ਹੋਈ ਹੈ।
ਦੇਸ਼ ਦਾ ਮੌਜੂਦਾ ਸੰਵਿਧਾਨ, 1973 ਵਿਚ ਚੋਣਾਂ ਰਾਹੀਂ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਖੱਬੇ ਪੱਖੀ ਆਗੂ ਸਲਵਾਡੋਰ ਅਲੈਂਡੇ ਨੂੰ, 1980 ਵਿਚ ਇਕ ਫੌਜੀ ਤਖਤਾਪਲਟ ਰਾਹੀਂ ਕਤਲ ਕਰਕੇ ਸੱਤਾ ‘ਤੇ ਕਾਬਜ਼ ਹੋਏ ਤਾਨਾਸ਼ਾਹ, ਜਨਰਲ ਅਗਸਤੋ ਪਿਨੋਸ਼ੋ ਦੇ ਕਾਰਜਕਾਲ ਦੌਰਾਨ ਲਿਖਿਆ ਗਿਆ ਸੀ। ਇਸ ਤਖਤਾ ਪਲਟ ਦੌਰਾਨ ਫੌਜ ਵਲੋਂ 3000 ਤੋਂ ਵੱਧ ਖੱਬੇ ਪੱਖੀ ਆਗੂਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਸੰਵਿਧਾਨ, ਨਵਉਦਾਰਵਾਦ ਦੇ ਸਿਧਾਂਤ ਦੇ ਜਨਕ ਅਮਰੀਕੀ ਅਰਥਸ਼ਾਸਤਰੀ ਮਿਲਟਨ ਫਰੀਡਮੈਨ ਦੀਆਂ ਆਰਥਕ ਤੇ ਸਮਾਜਕ ਨੀਤੀਆਂ ‘ਤੇ ਅਧਾਰਤ ਸੀ। 1990 ਵਿਚ ਭਾਵੇਂ ਪਿਨੋਸ਼ੇ ਤਾਂ ਰਾਸ਼ਟਰਪਤੀ ਦੇ ਅਹੁਦੇ ਤੋਂ ਲਾਂਭੇ ਹੋ ਗਿਆ ਸੀ ਪ੍ਰੰਤੂ ਲੰਮਾ ਸਮਾਂ, ਸਿਰਫ 2006 ਤੋਂ 2016 ਦੇ ਸਮੇਂ ਨੂੰੂ ਛੱਡਕੇ ਜਦੋਂ ਸਲਵਾਡੋਰ ਅਲੈਂਡੇ ਦੀ ਧੀ ਮਿਸ਼ੇਲ ਬੈਸ਼ਲੇ ਦੇਸ਼ ਦੀ ਰਾਸ਼ਟਰਪਤੀ ਬਣੀ ਸੀ, ਸੱਤਾ ਸੱਜ ਪਿਛਾਖੜੀਆਂ ਦੇ ਹੱਥਾਂ ਵਿਚ ਹੀ ਰਹੀ ਸੀ ਅਤੇ ਥੋੜ੍ਹੀਆਂ-ਬਹੁਤ ਤਬਦੀਲੀਆਂ ਦੇ ਨਾਲ ਪਿਨੋਸ਼ੇ ਵਾਲਾ ਸੰਵਿਧਾਨ ਹੀ ਲਾਗੂ ਰਿਹਾ ਸੀ। ਇਸੇ ਦਾ ਸਿੱਟਾ ਹੈ ਕਿ ਅੱਜ ਚਿੱਲੀ ਦੁਨੀਆਂ ਦੇ ਸਭ ਤੋਂ ਵਧੇਰੇ ਆਰਥਕ ਪਾੜੇ ਵਾਲੇ ਕੁਝ ਕੁ ਦੇਸ਼ਾਂ ਵਿਚ ਸ਼ਾਮਲ ਹੈ। ਇਸ ਵੇਲੇ ਦੇਸ਼ ਦਾ ਰਾਸ਼ਟਪਤੀ ਸੇਬਾਸਤੀਅਨ ਪਿਨੇਰਾ ਹੈ, ਜਿਹੜਾ ਕਿ ਦੇਸ਼ ਦਾ ਵੱਡਾ ਧਨਾਢ ਹੈ ਅਤੇ ਸੱਜ ਪਿਛਾਖੜੀ ਪਾਰਟੀ ‘ਕ੍ਰਿਸ਼ਚੀਅਨ ਡੈਮੋਕ੍ਰੇਟਸ’ ਨਾਲ ਸਬੰਧ ਰੱਖਦਾ ਹੈ।
ਸੰਵਿਧਾਨ ਘੜਣੀ ਸਭਾ, ਜਿਸਨੂੰ ਸਥਾਨਕ ਭਾਸ਼ਾ ਵਿਚ ‘ਸੰਵਿਧਾਨਕ ਕਨਵੈਨਸ਼ਨ’, ਕਿਹਾ ਜਾ ਰਿਹਾ ਹੈ, ਲਈ ਹੋਈਆਂ ਚੋਣਾਂ ਨੇ ਦੇਸ਼ ਦੀ ਰਾਜਨੀਤੀ ਵਿਚ ਭੂਚਾਲ ਲਿਆ ਦਿੱਤਾ ਹੈ, ਕਿਉਂਕਿ ਇਨ੍ਹਾਂ ਚੋਣਾਂ ਬਾਰੇ ਹੋਏ ਸਾਰੇ ਹੀ ਸਰਵੇਖਣਾਂ ਵਿਚ ਸੱਜ-ਪਿਛਾਖੜੀ ਪਾਰਟੀਆਂ ਨੂੰ ਵੱਡਾ ਬਹੁਮਤ ਦਿੱਤਾ ਜਾ ਰਿਹਾ ਸੀ। ਇਸਦਾ ਕਾਰਨ ਇਹ ਸੀ ਕਿ ਖੱਬੀਆਂ ਧਿਰਾਂ ਵੱਖੋ-ਵੱਖ ਚੋਣਾਂ ਲੜ ਰਹੀਆਂ ਸਨ, ਜਦੋਂਕਿ ਸੱਜ ਪਿਛਾਖੜੀ ਪਾਰਟੀਆਂ ਤੇ ਸਮਾਜਕ ਉਦਾਰਵਾਦੀ ਪਾਰਟੀਆਂ, ਜੋ ਆਪਣੇ ਆਪ ਨੂੰ ‘ਕੇਂਦਰੀ ਪਾਰਟੀਆਂ ਕਹਿੰਦੀਆਂ ਹਨ, ਮਿਲ ਕੇ ਚੋਣ ਲੜ ਰਹੀਆਂ ਸਨ। ਪ੍ਰੰਤੂ, ਚੋਣ ਨਤੀਜੇ 2019 ਤੋਂ ਚਲ ਰਹੇ ਸੰਘਰਸ਼ ਵਿਚ ਦੇਸ਼ ਦੇ ਆਵਾਮ ਦੀ ਚੇਤਨਾ ਅੰਦਰ ਉਭਰੀ ਸਮਾਜਕ-ਰਾਜਨੀਤਕ ਤਬਦੀਲੀ ਦੀ ਪ੍ਰਚੰਡ ਇੱਛਾ ਦੇ ਅਨੁਰੂਪ ਆਏ ਹਨ। 155 ਸੀਟਾਂ ਵਾਲੀ ‘ਸੰਵਿਧਾਨਕ ਕਨਵੈਨਸ਼ਨ’ ਵਿਚ ਸੱਜ ਪਿਛਾਖੜੀ ਫਰੰਟ ਨੂੰ ਕੇਵਲ 37 ਸੀਟਾਂ ਮਿਲੀਆਂ, ਜਦਕਿ ਚੋਣ ਸਰਵੇਖਣਾਂ ਵਿਚ ਇਸ ਨੂੰ 60 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਸੀ। ਸਮਾਜਕ-ਉਦਾਰਵਾਦੀ ਫਰੰਟ ਨੂੰ ਸਿਰਫ 25 ਸੀਟਾਂ ਮਿਲੀਆਂ, ਜਿਨ੍ਹਾਂ ਲਈ 45 ਸੀਟਾਂ ਦੀ ਪੇਸ਼ੀਨਗੋਈ ਕੀਤੀ ਗਈ ਸੀ। 1960 ਤੋਂ ਨਿਰੰਤਰ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਚੱਲੀ ਆ ਰਹੀ ਕ੍ਰਿਸ਼ਚੀਅਨ ਡੈਮੋਕ੍ਰੇਟਿਕ ਪਾਰਟੀ ਤਾਂ ਲਗਭਗ ਹੂੰਝੀ ਹੀ ਗਈ। ਉਸਨੂੰ ਕਨਵੈਨਸ਼ਨ ਵਿਚ ਸਿਰਫ 2 ਸੀਟਾਂ ਹੀ ਮਿਲੀਆਂ ਤੇ ਉਨ੍ਹਾਂ ਵਿਚੋਂ ਵੀ ਇਕ ਹੀ ਇਸ ਪਾਰਟੀ ਦਾ ਮੈਂਬਰ ਹੈ। ਇਸ ਤਰ੍ਹਾਂ ਇਹ ਦੋਵੇਂ ਧਿਰਾਂ ਰਲਕੇ ਵੀ ‘ਸੰਵਿਧਾਨਕ ਕਨਵੈਨਸ਼ਨ’ ਦੇ ਕਿਸੇ ਨਿਰਣੇ ਨੂੰ ਵੀਟੋ ਕਰਨ ਦੀ ਸਥਿਤੀ ਵਿਚ ਨਹੀਂ ਹਨ, ਕਿਉਂਕਿ ਇਸ ਲਈ ਘੱਟੋ ਘੱਟ ਦੋ-ਤਿਹਾਈ ਵੋਟਾਂ ਦੀ ਲੋੜ ਹੁੰਦੀ ਹੈ। ਇਸਦੇ ਨਾਲ ਹੀ ਚਿੱਲੀ ਦੀ ਰਾਜਨੀਤੀ ਉਤੇ 1970 ਤੋਂ ਤੁਰਿਆ ਆ ਰਿਹਾ ਸੱਜ ਪਿਛਾਖੜੀਆਂ ਦਾ ਸ਼ਿਕੰਜਾ ਟੁੱਟਣ ਦੀ ਸ਼ੁਰੂਆਤ ਦਾ ਸਬੱਬ ਬਣਿਆ ਹੈ।
ਅਨੁਪਾਤਕ ਪ੍ਰਣਾਲੀ ਅਨੁਸਾਰ ਹੋਈਆਂ ‘ਸੰਵਿਧਾਨਕ ਕਨਵੈਨਸ਼ਨ’ ਦੀਆਂ ਇਨ੍ਹਾਂ ਚੋਣਾਂ ਵਿਚ ਸਭ ਤੋਂ ਵਧੇਰੇ ਆਜ਼ਾਦ ਸੂਚੀਆਂ ਵਾਲੇ ਜਿੱਤੇ ਹਨ, ਜਿਨ੍ਹਾਂ ਨੇ ਕੁੱਲ ਮਿਲਾਕੇ 60% ਵੋਟਾਂ ਹਾਸਲ ਕੀਤੀਆਂ ਹਨ। ਇਨ੍ਹਾਂ ਵਿਚੋਂ ਬਹੁਤੇ ਖੱਬੇ ਪੱਖੀ ਹਨ ਤੇ 27 ਮੈਂਬਰ ਤਾਂ ਇਕੱਲੀ ‘ਪੀਪੁਲਜ਼ ਲਿਸਟ’ ਦੇ ਹੀ ਹਨ।
ਇਨ੍ਹਾਂ ਚੋਣਾਂ ਦੇ ਨਾਲ ਹੀ ਹੋਈਆਂ ਗਵਰਨਰਾਂ, ਮੇਅਰਾਂ ਤੇ ਕਾਊਂਸਲਰਾਂ ਦੀਆਂ ਚੋਣਾਂ ਵਿਚ ਵੀ ਖੱਬੇ ਪੱਖੀਆਂ ਨੂੰ ਜਿੱਤਾਂ ਹਾਸਲ ਹੋਈਆਂ ਹਨ। ਜਿਹੜੇ ਕਿ ਬਹੁਤੇ ਖੇਤਰਾਂ ਵਿਚ ਖੁੱਲ੍ਹੇ-ਡੁੱਲ੍ਹੇ ਗਠਜੋੜ ਬਣਾਕੇ ਚੋਣਾਂ ਲੜੇ ਸਨ। ਖੱਬੀ ਧਿਰ ਦੇ ‘ਫਰੰਟ ਅੰਮਪਲੀਓ’ ਦੀ ਕਾਰਗੁਜ਼ਾਰੀ ਚੰਗੀ ਰਹੀ ਹੈ। ਇਸਨੇ ਵਾਲਪਰਾਈਸੋ, ਵੀਨਾ-ਡੇਲ-ਮਾਰ ਤੇ ਸੈਂਟੀਯਾਗੋ ਜ਼ਿਲ੍ਹੇ ਦੇ ਕਸਬੇ ਨੁਨੋਆ ਦੇ ਮੇਅਰਾਂ ਸਮੇਤ ਮੇਅਰਾਂ ਦੀਆਂ ਕੁੱਲ 12 ਸੀਟਾਂ ਜਿੱਤੀਆਂ ਹਨ ਅਤੇ ਕਨਵੈਨਸ਼ਨ ਵਿਚ ਵੀ 16 ਸੀਟਾਂ ਹਾਸਲ ਕੀਤੀਆਂ ਹਨ।
ਕਮਿਊਨਿਸਟ ਵੀ ਇਕ ਵਾਰ ਮੁੜ ਹਕੀਕੀ ਰੂਪ ਵਿਚ ਆਪਣੀ ਕੌਮੀ ਦਿੱਖ ਸਥਾਪਤ ਕਰਨ ਵਿਚ ਸਫਲ ਰਹੇ ਹਨ। ਸਮੁੱਚੇ ਦੇਸ਼ ਵਿਚ ਉਨ੍ਹਾਂ ਨੇ 10% ਕਾਊਂਸਲਰਾਂ ਦੀਆਂ ਸੀਟਾਂ ਦੇ ਨਾਲ-ਨਾਲ 7 ਮੇਅਰਾਂ ਦੀਆਂ ਸੀਟਾਂ ਵੀ ਜਿੱਤੀਆਂ ਹਨ, ਜਿਨ੍ਹਾਂ ਵਿਚ ਰਾਜਧਾਨੀ ਸੈਂਟੀਯਾਗੋ ਦੇ ਮੇਅਰ ਦੀ ਵੱਕਾਰੀ ਸੀਟ ਵੀ ਸ਼ਾਮਲ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਵੱਡੀ ਪੱਧਰ ‘ਤੇ ਆਪਣੇ ਘੇਰੇ ਤੋਂ ਬਾਹਰਲੀਆਂ ਵੋਟਾਂ ਪ੍ਰਾਪਤ ਕਰਨ ਵਿਚ ਸਫਲ ਰਹੇ ਹਨ। ਸੈਂਟੀਯਾਗੋ ਦੇ ਕਸਬੇ ਰੋਕੋਲੇਟ ਦੇ ਹਰਮਨ ਪਿਆਰੇ ਕਮਿਊਨਿਸਟ ਮੇਅਰ ਡੈਨੀਅਲ ਜਾਡੁਏ ਨੇ ਤਾਂ ਆਪਣੇ ਵਿਰੋਧੀ ਤੋਂ ਲਗਭਗ ਤਿੱਗਣੀਆਂ, 64% ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਹੈ। ਕਮਿਊਨਿਸਟ ਪਾਰਟੀ ਨੇ ‘ਸੰਵਿਧਾਨਕ ਕਨਵੈਨਸ਼ਨ’ ਵਿਚ 7 ਸੀਟਾਂ ਅਤੇ ਦੇਸ਼ ਦੀ ਸੰਸਦ ਵਿਚ 9 ਸੀਟਾਂ ਹਾਸਲ ਕੀਤੀਆਂ ਹਨ। ਕਮਿਊਨਿਸਟ ਪਾਰਟੀ ਦੀ ਇਹ ਜਿੱਤ, ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਜਨਰਲ ਪਿਨੋਸ਼ੇ ਨੇ ਆਪਣੇ ਰਾਜਕਾਲ ਦੌਰਾਨ ਇਸ ਪਾਰਟੀ ਨੂੰ ਲਗਭਗ ਨਸ਼ਟ ਹੀ ਕਰ ਦਿੱਤਾ ਸੀ, ਜਿਸ ਕਰਕੇ ਇਹ 20 ਸਾਲ ਦੇਸ਼ ਦੀ ਰਾਜਨੀਤੀ ਦੀ ਮੁੱਖ ਧਾਰਾ ਤੋਂ ਬਾਹਰ ਰਹੀ ਹੈ ਅਤੇ ਬਹੁਤ ਸਖ਼ਤ ਸੰਘਰਸ਼ ਤੋਂ ਬਾਅਦ ਹੁਣ ਚਿੱਲੀ ਦੀ ਰਾਜਨੀਤੀ ਵਿਚ ਇਕ ਢੁਕਵੀਂ ਥਾਂ ਬਨਾਉਣ ਵਿਚ ਸਫਲ ਰਹੀ ਹੈ।
ਇਨ੍ਹਾਂ ਚੋਣਾਂ ਵਿਚ ਤਿੰਨ ਖੱਬੇ ਪੱਖੀ ਗਰੁੱਪਾਂ, ‘ਪੀਪਲਜ਼ ਲਿਸਟ’, ‘ਫਰੰਟ ਅੰਮਪਲਿਓ’ ਤੇ ਕਮਿਊਨਿਸਟਾਂ ਦੀ ਜਿੱਤ, ਚਿੱਲੀ ਦੀ ਰਾਜਨੀਤੀ ਵਿਚ ਹੋ ਰਹੇ ਨਵੀਂ ਸਫ਼ਬੰਦੀ ਨੂੰ ਰੂਪਮਾਨ ਕਰਦੀ ਹੈ।
ਇਕ ਹੋਰ ਹਾਂ-ਪੱਖੀ ਗੱਲ ਇਹ ਵੀ ਹੈ ਕਿ ਸੰਵਿਧਾਨਕ ਕਨਵੈਨਸ਼ਨ ਦੀ ਉਸਾਰੀ ਲਿੰਗਕ ਤੇ ਨਸਲੀ ਸਮਾਨਤਾ ਦੇ ਆਧਾਰ ‘ਤੇ ਹੋਈ ਹੈ। ਇਸ ਦੀਆਂ 155 ਸੀਟਾਂ ਵਿਚੋਂ 17 ਸੀਟਾਂ ਚਿੱਲੀ ਦੇ ਮੂਲ ਨਿਵਾਸੀ ਕਬੀਲਿਆਂ ਲਈ ਰਾਖਵੀਆਂ ਹਨ। 2019 ਵਿਚ ਹੋਈ ਮਰਦਮਸ਼ੁਮਾਰੀ ਮੁਤਾਬਕ ਉਨ੍ਹਾਂ ਦੀ ਆਬਾਦੀ ਦੇ ਹਿਸਾਬ ਨਾਲ ਉਨ੍ਹਾਂ ਨੂੰ ਇਸ ਸੰਵਿਧਾਨ ਸਿਰਜਣ ਵਾਲੀ ਸੰਸਥਾ ਵਿਚ ਥਾਂ ਮਿਲੇਗੀ। ਇਹ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਇਸ ਕਨਵੈਨਸ਼ਨ ਲਈ ਚੁਣੇ ਜਾਣ ਵਾਲੀਆਂ ਵੱਖ-ਵੱਖ ਲਹਿਰਾਂ ਤੇ ਖੱਬੇ ਪੱਖੀ ਧਿਰਾਂ ਦਰਮਿਆਨ; ਲਿੰਗਕ ਸਮਾਨਤਾ ਕਾਇਮ ਕਰਦਿਆਂ ਇਸਤਰੀਆਂ ਖਿਲਾਫ਼ ਵਿਤਕਰਿਆਂ ਅਤੇ ਜ਼ੁਲਮਾਂ ਦਾ ਖਾਤਮਾ ਕਰਨ, ਦੇਸ਼ ਨੂੰ ਇਕ ‘ਸਮਾਜਕ’ ਜਾਂ ਕਲਿਆਣਕਾਰੀ ਰਾਜ ਦੇ ਰੂਪ ਵਿਚ ਉਸਾਰਨ; ਜਿਸ ਵਿਚ ਆਵਾਸ ਸਿਹਤ ਤੇ ਸਿੱਖਿਆ ਦੇ ਅਧਿਕਾਰਾਂ ਦੇ ਨਾਲ-ਨਾਲ ਮੂਲ ਨਿਵਾਸੀਆਂ ਦੀ ਭਾਸ਼ਾਈ ਪਛਾਣ ਤੇ ਇਕ ਹੱਦ ਤੱਕ ਖੁਦਮੁਖਤਾਰੀ ਦਾ ਅਧਿਕਾਰ ਵੀ ਹਾਸਲ ਹੋਵੇ, ਨਿੱਜੀ ਪੈਨਸ਼ਨ ਪ੍ਰਣਾਲੀ ਦਾ ਖਾਤਮਾ ਕਰਨ, ਸਮਾਜਕ ਲਹਿਰਾਂ ਨੂੰ ਵਧੇਰੇ ਰਾਜਨੀਤਕ ਅਧਿਕਾਰ ਦਿੰਦੇ ਹੋਏ, ਸਮਾਜਕ ਅਧਿਕਾਰਾਂ ਪ੍ਰਤੀ ਵਿਆਪਕ ਤੇ ਡੂੰਘੀ ਸਮਝ ਵਿਕਸਤ ਕਰਨ, ਇਕ ਪੁਨਰਸਿਰਜਤ ਤੇ ਅਗਾਂਹਵਧੂ ਜਨਤਕ ਸਿੱਖਿਆ ਪ੍ਰਣਾਲੀ ਦੀ ਕਾਇਮੀ ਕਰਦਿਆਂ ਮੁਨਾਫ਼ਾ ਆਧਾਰਤ ਯੂਨੀਵਰਸਿਟੀਆਂ ਦਾ ਖਾਤਮਾ ਕਰਨ ਅਤੇ ਚੁਗਿਰਦੇ ਦੀ ਹੋਰ ਵਧੇਰੇ ਸੁਰੱਖਿਆ ਯਕੀਨੀ ਬਨਾਉਣ ਆਦਿ ਵਰਗੇ ਅਹਿਮ ਮੁੱਦਿਆਂ ‘ਤੇ ਆਮ ਸਹਿਮਤੀ ਬਣੀ ਹੋਈ ਹੈ।
2019 ਵਿਚ ਸ਼ੁਰੂ ਹੋਏ ਜਨਸੰਘਰਸ਼ ਦੌਰਾਨ ਦੋ ਨਾਅਰੇ ”ਇਹ ਸੰਘਰਸ਼ 30 ਪੀਸੋ ਵਿਰੁੱਧ ਨਹੀਂ, 30 ਸਾਲਾਂ ਦੇ ਕੁਸ਼ਾਸਨ ਵਿਰੁੱਧ ਹੈ!” ਅਤੇ ”ਚਿੱਲੀ ਵਿਚ ਨਵਉਦਾਰਵਾਦ ਦਾ ਮਕਬਰਾ ਬਣੇਗਾ।” ਸਭ ਤੋਂ ਜ਼ਿਆਦਾ ਬੁਲੰਦ ਹੁੰਦੇ ਸਨ। ਹੁਣ ਇਸ ਜਨਸੰਘਰਸ਼ ਨੂੰ ਅਗਵਾਈ ਦੇਣ ਵਾਲੀਆਂ ਸ਼ਕਤੀਆਂ, ਜਿਨ੍ਹਾਂ ਨੂੰ ਦੇਸ਼ ਦੇ ਲੋਕਾਂ ਨੇ ਇਨ੍ਹਾਂ ਨਾਅਰਿਆਂ ਨੂੰ ਅਮਲੀ ਰੂਪ ਦੇਣ ਲਈ ਚੁਣਿਆ ਹੈ, ਸਨਮੁੱਖ ਇਹ ਚੁਣੌਤੀ ਹੈ ਕਿ ਉਹ ਦੁਨੀਆਂ ਦੇ ਇਸ ਸਭ ਤੋਂ ਵਧੇਰੇ ਪਾੜੇ ਵਾਲੇ ਕੁਝ ਕੁ ਦੇਸ਼ਾਂ ਵਿਚ ਸ਼ਾਮਲ ਦੇਸ਼, ਜਿਸਨੂੰ ਕੁੱਝ ਕੁ ਧਨਾਢ ਚਲਾਉਂਦੇ ਹਨ ਅਤੇ ਜਿੱਥੇ ਫੌਜ ਤੇ ਪੁਲਸ ਨੂੰ ਵਿਸ਼ੇਸ਼ ਅਧਿਕਾਰ ਹਾਸਲ ਹਨ, ਨੂੰ ਇਸ ਜਿੱਲ੍ਹਣ ਵਿਚੋਂ ਕਿਸ ਤਰ੍ਹਾਂ ਬਾਹਰ ਕੱਢਦੇ ਹਨ?
ਦੁਨੀਆਂ ਭਰ ਦੇ ਅਗਾਂਹਵਧੂ ਤੇ ਅਮਨ ਪਸੰਦ ਲੋਕਾਂ ਨੂੰ ਆਸ ਹੈ ਕਿ ਚਿੱਲੀ ਦਾ ਨਵਾਂ ਸੰਵਿਧਾਨ ਅਜਿਹੀ ਪ੍ਰਕਿਰਿਆ ਲਈ ਦਰਵਾਜ਼ੇ ਖੋਲ੍ਹੇਗਾ, ਜਿਸ ਨਾਲ ਕਿ ਚਿੱਲੀ ਦੇ ਲੋਕ ਪਿਨੋਸ਼ੇ ਵਲੋਂ ਵਰਤਾਏ ਗਏ ਸੰਘਣੇ ਹਨੇਰੇ ਦੇ ਲੰਮੇ ਪਰਛਾਵੇਂ ਵਿਚੋਂ ਬਾਹਰ ਨਿਕਲਦੇ ਹੋਏ ਇਕ ਚੰਗੇਰੇ ਸਮਤਾ ਮੂਲਕ ਸਮਾਜ ਨੂੰ ਸਿਰਜਣ ਵਿਚ ਸਫਲ ਹੋਣਗੇ।

‘ਪੇਰੂ : ਸਾਮਰਾਜ ਵਿਰੋਧੀ ਆਗੂ ਪੈਡਰੋ ਕਾਸਟੀਲੋ ਰਾਸ਼ਟਰਪਤੀ ਚੁਣੇ ਗਏ’
ਰਿਪਬਲਿਕ ਆਫ ਪੇਰੂ, ਜਿਸਨੂੰ ਆਮ ਤੌਰ ‘ਤੇ ਪੇਰੂ ਕਿਹਾ ਜਾਂਦਾ ਹੈ, ਅਮਰੀਕੀ ਮਹਾਂਦੀਪ ਦੇ ਦੱਖਣੀ ਭਾਗ, ਯਾਨਿ ਕਿ ਲਾਤੀਨੀ ਅਮਰੀਕਾ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੈ। ਇਹ ਦੱਖਣੀ ਪ੍ਰਸ਼ਾਂਤ ਮਹਾਂਸਾਗਰ ਦੇ ਕਿਨਾਰੇ ‘ਤੇ ਸਥਿਤ ਹੈ ਅਤੇ ਇਸ ਦੀਆਂ ਸਰਹੱਦਾਂ ਬੋਲੀਵੀਆ, ਬ੍ਰਾਜ਼ੀਲ, ਚਿੱਲੀ, ਕੋਲੰਬੀਆ ਤੇ ਇਕਵਾਡੋਰ ਆਦਿ ਦੇਸ਼ਾਂ ਨਾਲ ਲੱਗਦੀਆਂ ਹਨ। ਇੱਥੋਂ ਦੀ ਆਬਾਦੀ 3 ਕਰੋੜ 30 ਲੱਖ ਤੋਂ ਕੁੱਝ ਕੁ ਵੱਧ ਹੈ।
ਪੇਰੂ ਵਿਚ 6 ਜੂਨ ਨੂੰ ਹੋਈ ਰਾਸ਼ਟਰਪਤੀ ਦੀ ਚੋਣ ਵਿਚ
ਸਾਮਰਾਜ ਵਿਰੋਧੀ ਪਾਰਟੀ ‘ਫਰੀ ਪੇਰੂ’ ਦੇ ਉਮੀਦਵਾਰ ਪੈਡਰੋ ਕਾਸਟੀਲੋ ਨੇ, ਆਪਣੀ ਵਿਰੋਧੀ ਧੁਰ ਸੱਜ-ਪਿਛਾਖੜੀ ‘ਪੋਪੂਲਰ ਫੋਰਸ ਪਾਰਟੀ’ ਦੀ ਉਮੀਦਵਾਰ, ਕੀਕੋ ਫੂਜੀਮੋਰੀ ਨੂੰ ਹਰਾਕੇ ਜਿੱਤ ਹਾਸਲ ਕੀਤੀ ਹੈ। ਕੀਕੋ, ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਲਬਰਟੋ ਫੂਜੀਮੋਰੀ ਦੀ ਧੀ ਹੈ, ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਰਕੇ ਇਸ ਵੇਲੇ ਜੇਲ੍ਹ ਵਿਚ ਬੰਦ ਹੈ। ਕੀਕੋ ਫੂਜੀਮੋਰੀ ਆਪ ਵੀ ਪਿਛਲੇ ਸਾਲ ਹੀ ਜੇਲ੍ਹ ‘ਚੋਂ ਜਮਾਨਤ ‘ਤੇ ਆਈ ਹੈ ਕਿਉਂਕਿ ਉਸ ਵਿਰੁੱਧ ਭ੍ਰਿਸ਼ਟ
ਆਚਰਣ ਦਾ ਮਾਮਲਾ ਵਿਚਾਰਅਧੀਨ ਹੈ।
ਦੇਸ਼ ਦੇ ਚੋਣ ਕਮਿਸ਼ਨ ਮੁਤਾਬਕ ਪੈਡਰੋ ਕਾਸਟੀਲੋ ਨੂੰ ਕੁੱਲ ਪਈਆਂ ਵੋਟਾਂ ‘ਚੋਂ 50.17% ਤੇ ਕੀਕੋ ਫੂਜੀਮੋਰੀ ਨੂੰ 49.83% ਵੋਟਾਂ ਪ੍ਰਾਪਤ ਹੋਈਆਂ ਅਤੇ ਕਾਸਟੀਲੋ 60,000 ਵੋਟਾਂ ਦੇ ਅੰਤਰ ਨਾਲ ਜੇਤੂ ਰਹੇ ਹਨ। ਇੱਥੇ ਇਹ ਵਰਣਨਯੋਗ ਹੈ ਕਿ ਇਹ ਦੂਜੇ ਗੇੜ ਦੀਆਂ ਚੋਣਾਂ ਸਨ। ਰਾਸ਼ਟਰਪਤੀ ਦੇ ਅਹੁਦੇ ਲਈ ਪਹਿਲੇ ਗੇੜ ਦੀਆਂ ਚੋਣਾਂ ਇਸੇ ਸਾਲ 11 ਅਪ੍ਰੈਲ ਨੂੰ ਹੋਈਆਂ ਸਨ, ਜਿਨ੍ਹਾਂ ਵਿਚ 18 ਉਮੀਦਵਾਰ ਚੋਣ ਮੈਦਾਨ ਵਿਚ ਸਨ ਅਤੇ ਕਾਸਟੀਲੋ ਨੂੰ ਸਭ ਤੋਂ ਵੱਧ 18.95% ਵੋਟ ਮਿਲੇ ਸਨ ਜਦਕਿ ਕੀਕੋ ਫੂਜੀਮੋਰੀ 13.4% ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੀ ਸੀ। ਦੇਸ਼ ਦੇ ਕਾਨੂੰਨ ਅਨੁਸਾਰ ਪਹਿਲੇ ਗੇੜ ਦੀਆਂ ਚੋਣਾਂ ਵਿਚ ਜੇਤੂ ਉਮੀਦਵਾਰ ਨੂੰ 50% ਤੋਂ ਵੱਧ ਵੋਟਾਂ ਮਿਲਣੀਆਂ ਚਾਹੀਦੀਆਂ ਹਨ ਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਦੂਜੇ ਗੇੜ ਦੀਆਂ ਚੋਣਾਂ ਹੁੰਦੀਆਂ ਹਨ, ਜਿਨ੍ਹਾਂ ਵਿਚ ਪਹਿਲੀ ਤੇ ਦੂਜੀ ਥਾਂ ‘ਤੇ ਰਹਿਣ ਵਾਲੇ ਉਮੀਦਵਾਰਾਂ ਦਰਮਿਆਨ ਮੁਕਾਬਲਾ ਹੁੰਦਾ ਹੈ।
ਕੀਕੋ ਫੂਜੀਮੋਰੀ ਨੇ ਇਸ ਚੋਣ ਨਤੀਜੇ ਨੂੰ ਨਾਮੰਜ਼ੂਰ ਕਰਦੇ ਹੋਏ ਦੇਸ਼ ਦੀ ਚੋਣਾਂ ਬਾਰੇ ਕੌਮੀ ਜਿਊਰੀ (ਜੇ.ਐਨ.ਈ.) ਤੋਂ 802 ਪੋਲਿੰਗ ਬੂਥਾਂ ਦੀਆਂ ਚੋਣਾਂ ਰੱਦ ਕਰਨ ਦੀ ਮੰਗ ਕੀਤੀ ਹੈ। ਇੱਥੇ ਇਹ ਵਰਣਨਯੋਗ ਹੈ ਕਿ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਲੈ ਕੇ ਕਾਫੀ ਸਮੇਂ ਤੱਕ ਕੀਕੋ ਫੂਜੀਮੋਰੀ ਨੇ ਲੀਡ ਬਣਾਈ ਹੋਈ ਸੀ, ਕਿਉਂਕਿ ਉਸ ਸਮੇਂ ਤੱਕ ਰਾਜਧਾਨੀ ਲੀਮਾ ਤੇ ਨੇੜਲੇ ਸ਼ਹਿਰੀ ਖੇਤਰਾਂ ਦੇ ਵੋਟਾਂ ਦੀ ਗਿਣਤੀ ਹੋ ਰਹੀ ਸੀ। ਪਰ ਜਿਉਂ ਹੀ ਦਿਹਾਤੀ ਖੇਤਰਾਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਕੈਸਟੀਲੋ ਨੰਬਰ ਇਕ ‘ਤੇ ਪਹੁੰਚ ਗਏ। ਕੀਕੋ ਸਮਰਥਕ ਅੰਤ ਤੱਕ ਇਹ ਦਾਅਵਾ ਕਰਦੇ ਰਹੇ ਕਿ ਵਿਦੇਸ਼ਾਂ ਵਿਚ ਬੈਠੇ ਵੋਟਰਾਂ ਦੀਆਂ ਵੋਟਾਂ ਦੀ ਗਿਣਤੀ ਹੋਣ ‘ਤੇ ਉਹ ਜਿੱਤ ਜਾਵੇਗੀ। ਇਨ੍ਹਾਂ ਵੋਟਾਂ ਨਾਲ ਕੈਸਟੀਲੋ ਦੀ ਲੀਡ ਲਗਭਗ 11000 ਘਟੀ ਤਾਂ ਜ਼ਰੂਰ ਪਰ ੳਹ ਫੇਰ ਵੀ 60,000 ਵੋਟਾਂ ਦੀ ਬੜ੍ਹਤ ਹਾਸਲ ਕਰਨ ਵਿਚ ਸਫਲ ਰਹੇ। ਕੀਕੋ, 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਵੀ ਆਪਣੇ ਨੇੜਲੇ ਵਿਰੋਧੀ ਤੋਂ 0.24% ਵੋਟਾਂ ਦੇ ਅੰਤਰ ਨਾਲ ਹਾਰ ਗਈ ਸੀ। ਇਸ ਵਾਰ ਦੀ ਚੋਣ ਜਿੱਤਣ ਲਈ ਉਹ ਇਸ ਲਈ ਵੀ ਤਰਲੋਮੱਛੀ ਹੋ ਰਹੀ ਸੀ, ਕਿਉਂਕਿ ਉਹ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜਮਾਨਤ ‘ਤੇ ਹੈ। ਜੇਕਰ ਉਹ ਹਾਰ ਜਾਂਦੀ ਹੈ ਤਾਂ ਉਸਨੂੰ ਮੁੜ ਜੇਲ੍ਹ ਜਾਣਾ ਪਵੇਗਾ ਤੇ ਉਸਨੂੰ ਰਾਸ਼ਟਰਪਤੀ ਵਜੋਂ ਮਿਲਣ ਵਾਲੀ ਸਜ਼ਾ ਤੋਂ ਛੋਟ ਦੀ ਸਹੂਲਤ ਨਹੀਂ ਮਿਲੇਗੀ। ਇਸ ਦੌਰਾਨ ਅਮਰੀਕਾ ਪੱਖੀ ਸੰਸਥਾ ਓ.ਏ.ਐਸ. (ਆਰਗੇਨਾਈਜੇਸ਼ਨ ਆਫ ਅਮਰੀਕਨ ਸਟੇਟਸ) ਦੇ ਆਬਜ਼ਰਵਰਾਂ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਵਿਚ ਕੋਈ ਵੀ ਗੜਬੜ ਹੋਈ ਨਹੀਂ ਜਾਪਦੀ। ਚੇਤੇ ਰਹੇ ਇਹ ਉਹੋ ਹੀ ਸੰਸਥਾ ਹੈ ਜਿਸਨੇ 2020 ਵਿਚ ਬੋਲੀਵੀਆ ਵਿਚ ਹੋਈ ਸਾਥੀ ਈਵੋ ਮੋਰਾਲੇਜ ਦੀ ਚੋਣ ਨੂੰ ਗਲਤ ਕਰਾਰ ਦਿੱਤਾ ਸੀ।
51 ਸਾਲਾਂ ਪੈਡਰੋ ਕਾਸਟੀਲੋ, ਇਕ ਪ੍ਰਾਇਮਰੀ ਸਕੂਲ ਅਧਿਆਪਕ ਰਹੇ ਹਨ ਅਤੇ ਉਹ ਟਰੇਡ ਯੂਨੀਅਨ ਆਗੂ ਹੋਣ ਦੇ ਨਾਲ-ਨਾਲ ਕਿਸਾਨਾਂ ਤੇ ਮੂਲ ਨਿਵਾਸੀਆਂ ਨੂੰ ਜਥੇਬੰਦ ਕਰਨ ਵਿਚ ਵੀ ਆਗੂ ਭੂਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਦੀ ਪਾਰਟੀ ਨੇ ਕੁਦਰਤੀ ਵਸੀਲਿਆਂ ਦੀ ਰਾਖੀ ਦੇ ਅਹਿਦ ਤੋਂ ਇਲਾਵਾ ਮਾਇਨਿੰਗ, ਤੇਲ, ਪਣ-ਬਿਜਲੀ, ਗੈਸ ਤੇ ਦੂਰਸੰਚਾਰ ਵਰਗੀਆਂ ਮਹੱਤਵਪੂਰਨ ਸਨਅਤਾਂ ਦੇ ਕੌਮੀਕਰਨ ਦਾ ਵਾਅਦਾ ਕੀਤਾ ਹੈ ਤਾਂਕਿ ਕੌਮੀ ਸੰਪੱਤੀ ਦੀ ਸਮਾਨਤਾ ਦੇ ਅਧਾਰ ‘ਤੇ ਵੰਡ ਕੀਤੀ ਜਾ ਸਕੇ। ਉਨ੍ਹਾਂ ਦਾ ਇਕ ਹੋਰ ਬਹੁਤ ਹੀ ਮਹੱਤਵਪੂਰਨ ਵਾਅਦਾ, ਦੇਸ਼ ਦੇ ਸੰਵਿਧਾਨ ਨੂੰ ਮੁੜ ਸਿਰਜਣ ਦਾ ਵੀ ਹੈ। ਮੌਜੂਦਾ ਸੰਵਿਧਾਨ, ਭ੍ਰਿਸ਼ਟਾਚਾਰ ਕਰਕੇ ਸਜ਼ਾ ਭੁਗਤ ਰਹੇ, ਸਾਬਕਾ ਰਾਸ਼ਟਰਪਤੀ ਅਲਬਰਟੋ ਫੂਜੀਮੋਰੀ ਦੇ ਕਾਰਜਕਾਲ ਵਿਚ 1993 ਵਿਚ ਲਿਖਿਆ ਗਿਆ ਸੀ, ਜਿਹੜਾ ਕਿ ਸਾਮਰਾਜੀ ਹਿਤਾਂ ਦੀ ਰਖਵਾਲੀ ਲਈ ਘੜੀਆਂ ਗਈਆਂ ਨਵਉਦਾਰਵਾਦੀ ਆਰਥਕ ਤੇ ਸਮਾਜਕ ਨੀਤੀਆਂ ਦੀਆਂ ਲੋੜਾਂ ਅਨੁਸਾਰ ਮੇਚਵਾਂ ਹੈ।
ਪੈਡਰੋ ਕਾਸਟੀਲੋ ਨੇ ਵਾਅਦਾ ਕੀਤਾ ਹੈ ਕਿ ਉਹ ਸਭ ਤੋਂ ਪਹਿਲਾਂ ਇਕ ਰਾਏਸ਼ੁਮਾਰੀ ਕਰਵਾਉਣਗੇ, ਜਿਸ ਰਾਹੀਂ ਦੇਸ਼ ਦੇ ਨਾਗਰਿਕਾਂ ਤੋਂ ਨਵਾਂ ਸੰਵਿਧਾਨ ਸਿਰਜਣ ਦਾ ਫਤਵਾ ਲਿਆ ਜਾਵੇਗਾ। ਨਵਾਂ ਸੰਵਿਧਾਨ ਲਿਖਣ ਲਈ ਸੰਵਿਧਾਨ ਘੜਣੀ ਸਭਾ ਚੁਣੀ ਜਾਵੇਗੀ। ਨਵੇਂ ਸੰਵਿਧਾਨ ਵਿਚ ਨਾਗਰਿਕਾਂ ਨੂੰ ਸਿਹਤ, ਸਿੱਖਿਆ, ਭੋਜਨ, ਆਵਾਸ ਆਦਿ ਬੁਨਿਆਦੀ ਸੇਵਾਵਾਂ ਦੀ ਗਾਰੰਟੀ ਕੀਤੀ ਜਾਵੇਗੀ, ਮੂਲ ਨਿਵਾਸੀ ਲੋਕਾਂ ਦੀ ਭਾਸ਼ਾ ‘ਤੇ ਸੱਭਿਆਚਾਰ ਤੋਂ ਇਲਾਵਾ ਪੇਰੂ ਦੀ ਸਭਿਆਚਾਰਕ ਵੰਨ-ਸੁਵੰਨਤਾ ਨੂੰ ਮਾਨਤਾ ਪ੍ਰਾਪਤ ਹੋਵੇਗੀ, ਕੁਦਰਤ ਪ੍ਰਤੀ ਅਧਿਕਾਰ ਨੂੰ ਮਾਨਤਾ ਮਿਲੇਗੀ, ਪ੍ਰਸ਼ਾਸ਼ਕੀ ਕੰਮਕਾਰ ਵਿਚ ਪਾਰਦਰਸ਼ਤਾ ਤੇ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਕੇਂਦਰ ਵਿਚ ਰੱਖਿਆ ਜਾਵੇਗਾ, ਰਣਨੀਤਕ ਯੋਜਨਾਬੰਦੀ ਵਿਚ ਜਨਤਕ ਹਿੱਤ ਹਮੇਸ਼ਾ ਸਭ ਤੋਂ ਉਪਰ ਰਹਿਣਾ ਯਕੀਨੀ ਬਣਾਇਆ ਜਾਵੇਗਾ ਅਤੇ ਇੰਟਰਨੈਟ ਤੱਕ ਸਭਨਾਂ ਦੀ ਪਹੁੰਚ ਦੀ ਕਾਨੂੰਨੀ ਗਰੰਟੀ ਹੋਵੇਗੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਦੇਸ਼ ਦਾ ਅਰਥਚਾਰਾ ਪਿਛਲੇ 20 ਸਾਲਾਂ ਵਿਚ ਕਾਫੀ ਚੰਗੀ ਰਫਤਾਰ ਨਾਲ ਵਧਿਆ ਹੈ, ਪ੍ਰੰਤੂ ਇਸਦਾ ਲਾਭ ਦੇਸ਼ ਦੇ ਆਮ ਲੋਕਾਂ ਨੂੰ ਨਹੀਂ ਮਿਲਿਆ। ਦੇਸ਼ ਦੇ ਸਿਹਤ ਤੇ ਸਿੱਖਿਆ ਆਦਿ ਖੇਤਰਾਂ ਦਾ ਐਨਾ ਬੁਰਾ ਹਾਲ ਹੈ ਕਿ ਪੇਰੂ ਕੋਵਿਡ-19 ਮਹਾਮਾਰੀ ਦੇ ਸਭ ਤੋਂ ਵਧੇਰੇ ਸ਼ਿਕਾਰ ਦੇਸ਼ਾਂ ਵਿਚੋਂ ਇਕ ਹੈ ਅਤੇ ਇੱਥੋਂ ਦੀ 20 ਲੱਖ ਤੋਂ ਵਧੇਰੇ ਆਬਾਦੀ ਨੂੰ ਲਾਗ ਲੱਗੀ ਹੈ ਤੇ 1 ਲੱਖ 89 ਹਜ਼ਾਰ ਤੋਂ ਵੱਧ ਦੀਆਂ ਮੌਤਾਂ ਹੋਈਆਂ ਹਨ।
ਇਸਦੇ ਨਾਲ ਹੀ ‘ਫਰੀ ਪੇਰੂ’ ਪਾਰਟੀ ਤੇ ਇਸਦੇ ਆਗੂ ਪੈਡਰੋ ਕਾਸਟੀਲੋ ਨੇ ਵਾਅਦਾ ਕੀਤਾ ਹੈ ਕਿ ਅਮਰੀਕੀ ਫੌਜੀ ਅੱਡਿਆਂ ਤੇ ਯੂ.ਐਸ.ਏਡ ਨੂੰ ਵੀ ਦੇਸ਼ ਵਿਚੋਂ ਬਾਹਰ ਕਰ ਦਿੱਤਾ ਜਾਵੇਗਾ। ਅਮਰੀਕਾ ਪੱਖੀ ਓ.ਏ.ਐਸ. ਦੇ ਮੁਕਾਬਲੇ ਲਾਤੀਨੀ ਅਮਰੀਕੀ ਤੇ ਕੈਰੇਬੀਆਈ ਦੇਸ਼ਾਂ ਦੇ ਭਾਈਚਾਰੇ (ਸੀ.ਈ.ਐਲ.ਏ.ਸੀ.) ਤੇ ਦੱਖਣੀ ਅਮਰੀਕੀ ਦੇਸ਼ਾਂ ਦੇ ਸੰਗਠਨ (ਯੂ.ਐਨ.ਏ.ਐਸ.ਯੂ.ਆਰ.) ਨੂੰ ਮਜ਼ਬੂਤ ਕੀਤਾ ਜਾਵੇਗਾ। ਅਮਰੀਕੀ ਸਾਮਰਾਜ ਦੇ ਹਥਠੋਕੇ ਅਤੇ ਸਿਆਸੀ ਤਖਤਾਪਲਟਾਂ ਤੇ ਸੱਜ ਪਿਛਾਖੜੀ ਚਾਲਾਂ ਦੇ ਸੂਤਰਧਾਰ ਲੀਮਾ ਗਰੁੱਪ ‘ਚੋਂ ਪੇਰੂ ਬਾਹਰ ਹੋ ਜਾਵੇਗਾ।
ਦੇਸ਼ ਵਿਚ ਪ੍ਰਿੰਟ ਤੇ ਇਲੈਕਟਰਾਨਿਕ ਮੀਡੀਆ ਭਾਵ ਅਖਬਾਰਾਂ ਤੇ ਟੀ.ਵੀ.ਆਦਿ ਦੇ 80% ਹਿੱਸੇ ‘ਤੇ ਧਨਾਢਾਂ ਦਾ ਕਬਜ਼ਾ ਹੈ, ਇਸ ਲਈ ਪੈਡਰੋ ਕਾਸਟੀਲੋ ਵਿਰੁੱਧ ਡਟਕੇ ਦੁਸ਼ਪ੍ਰਚਾਰ ਕੀਤਾ ਜਾ ਰਿਹਾ ਸੀ। ਇਹ ਧੁੰਮਾਇਆ ਗਿਆ ਕਿ ਉਹ ਕਮਿਊਨਿਸਟ ਹੈ, ਉਹ ਸ਼ਾਇਨਿੰਗ ਪਾਥ ਗੁਰੀਲਾ ਗਰੁੱਪ, ਜਿਹੜਾ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੱਕ ਦੇਸ਼ ਦੇ ਹਾਕਮਾਂ ਵਿਰੁੱਧ ਗੁਰੀਲਾ ਯੁੱਧ ਲੜਦਾ ਰਿਹਾ ਹੈ, ਦਾ ਕਾਰਕੁੰਨ ਹੈ ਅਤੇ ਜੇਕਰ ਉਹ ਸੱਤਾ ਵਿਚ ਆ ਗਿਆ ਤਾਂ ਦੇਸ਼ ਦਾ ਆਰਥਿਕ ਤੇ ਸਮਾਜਕ ਤਾਣਾ-ਬਾਣਾ ਤਬਾਹ ਹੋ ਜਾਵੇਗਾ ਤੇ ਲੋਕ ਭੁੱਖੇ ਮਰ ਜਾਣਗੇ, ਸਨਅਤ ਤੇ ਵਪਾਰ ਬੰਦ ਹੋ ਜਾਣਗੇ ਆਦਿ-ਆਦਿ। ਜਦੋਂ ਕਿ ਦੂਜੇ ਪਾਸੇ ਕੀਕੋ ਫੂਜੀਮੋਰੀ ਦੇ ਵੱਡੇ-ਵੱਡੇ ਫੋਟੋ ਲਾ ਕੇ ਉਸਨੂੰ ਰੋਜ਼ਗਾਰ, ਭੋਜਨ, ਸਿਹਤ ਸੇਵਾਵਾਂ ਦੀ ਗਰੰਟੀ ਕਰਨ ਵਾਲੇ ਅਤੇ ਅਰਥਚਾਰੇ ਨੂੰ ਮਜ਼ਬੂਤ ਕਰਨ ਵਾਲੇ ਚਮਤਕਾਰੀ ਆਗੂ ਵਜੋਂ ਪੇਸ਼ ਕੀਤਾ ਜਾਂਦਾ ਰਿਹਾ। ਇੰਨਾ ਹੀ ਨਹੀਂ ਉਸਦੇ ਭ੍ਰਿਸ਼ਟਾਚਾਰ ਭਰੇ ਅਤੀਤ ਤੇ ਉਸਦੇ ਜੇਲ੍ਹ ਦੀ ਹਵਾ ਖਾ ਰਹੇ ਪਿਉ ਦੇ ਕਾਲੇ ਕਾਰਨਾਮਿਆਂ ਨੂੰ ਢੱਕਣ ਦਾ ਪੂਰਾ-ਪੂਰਾ ਯਤਨ ਕੀਤਾ ਗਿਆ। ਸਾਡੇ ਦੇਸ਼ ਦੇ ਗੋਦੀ ਮੀਡੀਆ ਵਾਂਗੂੰ, ਪੇਰੂ ਦੇ ਧਨਾਢਾਂ ਤੇ ਸਾਮਰਾਜੀਆਂ ਕੋਲ ਆਪਣੀ ਜ਼ਮੀਰ ਗਹਿਣੇ ਕਰ ਚੁੱਕੇ ਉਥੋਂ ਦੇ ਮੀਡੀਆ ਨੇ ਇਹ ਤੱਥ ਉਕਾ ਹੀ ਨਜ਼ਰਅੰਦਾਜ਼ ਕਰ ਦਿੱਤਾ ਕਿ ਕੀਕੋ ਨੇ ਚੋਣ ਮੁਹਿੰਮ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਜੇਕਰ ਉਹ ਰਾਸ਼ਟਰਪਤੀ ਬਣਦੀ ਹੈ ਤਾਂ ਉਹ ਆਪਣੇ ਪਿਤਾ, ਬੇਗੁਨਾਹਾਂ ਦੇ ਕਾਤਲ ਅਤੇ ਸਿਰੇ ਦੇ ਭ੍ਰਿਸ਼ਟ ਤਾਨਾਸ਼ਾਹ ਅਲਬਰਟੋ ਫੂਜੀਮੋਰੀ ਨੂੰ ਫੌਰੀ ਰਿਹਾ ਕਰ ਦੇਵੇਗੀ। ਐਪਰ ਇਹ ਤਸੱਲੀ ਦੀ ਗੱਲ ਹੈ ਕਿ ਪੇਰੂ ਦੇ ਵੋਟਰਾਂ ਨੇ ਜ਼ਮੀਰ ਫ਼ਰੋਸ਼ ਮੀਡੀਆ ਦੇ ਕੂੜ ਪ੍ਰਚਾਰ ‘ਤੇ ਕੰਨ ਨਹੀਂ ਧਰਿਆ।
ਇਸ ਖਿੱਤੇ ਦੇ ਵੱਡੇ ਖੱਬੇ ਪੱਖੀ ਆਗੂ ਤੇ ਬੋਲੀਵੀਆ ਦੇ
ਸਾਬਕਾ ਰਾਸ਼ਟਰਪਤੀ ਸਾਥੀ ਈਵੋ ਮੋਰਾਲੇਜ਼ ਨੇ ਪੈਡਰੋ ਕਾਸਟੀਲੋ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ, ”ਪੈਡਰੋ ਕਾਸਟੀਲੋ, ਮੇਰੇ ਯੁੱਧ ਸਾਥੀ ਤੇ ਜਿਗਰੀ ਭਰਾ, ਤੁਸੀਂ ਦੇਸ਼ ਭਗਤਕ, ਸਮਾਜਕ ਤੇ ਕਿੱਤਾਕਾਰੀ ਲਹਿਰਾਂ ਦਾ ਮਾਣ ਹੋ। ਜਿੱਤ ਦੀ ਤੁਹਾਨੂੰ ਬਹੁਤ ਬਹੁਤ ਵਧਾਈ, ਇਹ ਪੇਰੂ ਦੇ ਲੋਕਾਂ ਦੇ ਨਾਲ-ਨਾਲ ਲਾਤੀਨੀ ਅਮਰੀਕੀ ਲੋਕਾਂ ਦੀ ਵੀ ਜਿੱਤ ਹੈ ਜਿਹੜੇ ਸਮਾਜਕ ਨਿਆਂ ਨਾਲ ਜ਼ਿੰਦਗੀ ਜਿਉਣਾ ਚਾਹੁੰਦੇ ਹਨ।”
ਸਪੇਨ ਦੀ ਖੱਬੇ ਪੱਖੀ ਪਾਰਟੀ ਪੋਡੇਮਾਸ ਦੇ ਆਗੂ ਏਨਟੋਨ ਗੋਮੇਜ਼-ਰੀਈਨੋ ਨੇ ਅਪਣੇ ਸੁਨੇਹੇ ਵਿਚ ਕਿਹਾ ”ਅਸੀਂ ਪੇਰੂ ਵਿਚ ਜਿੱਤ ਲਈ ਪੈਡਰੋ ਕਾਸਟੀਲੋ ਨੂੰ ਵਧਾਈ ਦਿੰਦੇ ਹਾਂ। ਇਹ ਜਿੱਤ ਤਾਨਾਸ਼ਾਹ ਫੂਜੀਮੋਰੀ ਦੀ ਧੀ ਵਿਰੁੱਧ ਇਕ ਦਿਹਾਤੀ ਅਧਿਆਪਕ ਦੀ ਜਿੱਤ ਹੈ, ਜਿਹੜੀ ਕਿ ਕੌਮਾਂਤਰੀ ਪੱਧਰ ਦੀਆਂ ਸੱਜ ਪਿਛਾਖੜੀ ਸ਼ਕਤੀਆਂ ਦੀ ਇਕਜੁੱਟਤਾ ਨੂੰ ਭਾਂਜ ਦਿੰਦੇ ਹੋਏ ਲਾਤੀਨੀ ਅਮਰੀਕਾ ਵਿਚ ਪ੍ਰਗਤੀਸ਼ੀਲ ਸਰਕਾਰਾਂ ਦੀ ਸਥਾਪਨਾ ਦੀ ਨਵੀਂ ਲਹਿਰ ਦੀ ਪ੍ਰਤੀਕ ਹੈ।” ਇਸ ਖਿੱਤੇ ਦੇ ਹੋਰ ਵੀ ਕਈ ਖੱਬੇ ਪੱਖੀ ਆਗੂਆਂ ਨੇ ਇਸ ਜਿੱਤ ਲਈ ਵਧਾਈ ਸੁਨੇਹੇ ਭੇਜੇ ਹਨ।
ਕਾਸਟੀਲੋ ਦੀ ਜਿੱਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ 5 ਦਹਾਕਿਆਂ ਦੇ ਲੰਬੇ ਸਮੇਂ ਦੇ ਸੱਜ ਪਿਛਾਖੜੀ ਸ਼ਕਤੀਆਂ ਦੇ ਸ਼ਾਸਨ ਤੋਂ ਬਾਅਦ ਇਕ ਅਗਾਂਹਵਧੂ ਆਗੂ ਨੇ ਸੱਤਾ ਸੰਭਾਲੀ ਹੈ। ਸਿਰਫ 1968 ਤੋਂ 1975 ਨੂੰ ਛੱਡ ਕੇ, ਜਦੋਂ ਜੁਆਨ ਵੇਲਾਸਕੋ ਅਲਵਾਰਦੋ ਰਾਸ਼ਟਰਪਤੀ ਬਣੇ ਸਨ ਅਤੇ ਉਨ੍ਹਾਂ ਨੇ ਜ਼ਮੀਨੀ ਸੁਧਾਰਾਂ ਬਾਰੇ ਕਾਨੂੰਨ ਬਣਾਇਆ ਸੀ ਅਤੇ ਕਈ ਮਹੱਤਵਪੂਰਨ ਖੇਤਰਾਂ ਦਾ ਕੌਮੀਕਰਨ ਕੀਤਾ ਸੀ, ਇੱਥੇ ਲਗਾਤਾਰ ਪਿਛਾਂਹਖਿੱਚੂ ਸਰਕਾਰਾਂ ਹੀ ਬਣਦੀਆਂ ਰਹੀਆਂ ਹਨ।
ਪਿਛਲੇ ਮਹੀਨੇ ਚਿੱਲੀ ਵਿਚ ਹੋਈ ਸੰਵਿਧਾਨ ਸਭਾ ਦੀ ਚੋਣ ਵਿਚ ਖੱਬੇ ਪੱਖੀ ਸ਼ਕਤੀਆਂ ਦੀ ਜਿੱਤ ਤੋਂ ਬਾਅਦ ਪੇਰੂ ਵਿਚ ਰਾਸ਼ਟਰਪਤੀ ਦੀ ਚੋਣ ਵਿਚ ਮਿਲੀ ਇਸ ਜਿੱਤ ਨੇ ਇਸ ਮਹਾਂਦੀਪ ਵਿਚ ਖੱਬੇ ਪੱਖੀ ਸ਼ਕਤੀਆਂ ਦੇ ਅਗਾਂਹ ਵੱਧਦੇ ਕਾਫ਼ਿਲੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਇਹ ਵੀ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਨੇੜ ਭਵਿੱਖ ਵਿਚ ਕੋਲੰਬੀਆ ਤੇ ਬ੍ਰਾਜ਼ੀਲ ਵਿਚ ਹੋਣ ਵਾਲੀਆਂ ਚੋਣਾਂ ਵਿਚ ਜ਼ੋਰ ਅਜਮਾਈ ਕਰਨ ਵਾਲੀਆਂ ਖੱਬੀਆਂ ਸ਼ਕਤੀਆਂ ਲਈ ਵੀ ਇਹ ਫ਼ਤਿਹ ਯਕੀਨਨ ਹੀ ਸ਼ੁਭ ਸ਼ਗਨ ਸਾਬਤ ਹੋਵੇਗੀ।

ਬ੍ਰਾਜ਼ੀਲ ਵਿਚ ਸੱਜ-ਪਿਛਾਖੜੀ ਸਰਕਾਰ ਵਿਰੁੱਧ ਜਬਰਦਸਤ ਰੋਸ
ਅਮਰੀਕੀ ਮਹਾਂਦੀਪ ਦੇ ਦੱਖਣੀ ਭਾਗ, ਲਾਤੀਨੀ ਅਮਰੀਕਾ ਦੇ ਵੱਡੇ ਦੇਸ਼ ਬ੍ਰਾਜ਼ੀਲ ਵਿਚ ਦੇਸ਼ ਦੇ ਸੱਜ ਪਿਛਾਖੜੀ ਰਾਸ਼ਟਰਪਤੀ ਜੈਰ ਬੋਲਸੋਨਾਰੋ ਵਿਰੁੱਧ, 29 ਮਈ ਨੂੰ ਜਬਰਦਸਤ ਰੋਸ ਮੁਜ਼ਾਹਰੇ ਹੋਏ ਹਨ। ਇਹ ਰੋਸ ਮੁਜ਼ਾਹਰੇ ਉਸ ਵਲੋਂ ਕੋਵਿਡ-19 ਮਹਾਮਾਰੀ ਦੌਰਾਨ ਅਖ਼ਤਿਆਰ ਕੀਤੀ ਗਈ ਘੋਰ ਲੋਕ ਮਾਰੂ ਪਹੁੰਚ ਸਦਕਾ ਪੈਦਾ ਹੋਈ ਲੋਕ ਬੇਚੈਨੀ ਦਾ ਪ੍ਰਗਟਾਵਾ ਹਨ।
ਵਰਣਨਯੋਗ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਾਂਗੂੰ ਬੋਲਸੋਨਾਰੋ ਵੀ ਕੋਵਿਡ-19 ਮਹਾਮਾਰੀ ਦੇ ਘਾਤਕ ਖ਼ਤਰੇ ਨੂੰ ਨਕਾਰਦਾ ਹੀ ਰਿਹਾ ਹੈ। ਉਸਦੀ ਇਸੇ ਗੈਰ-ਵਿਗਿਆਨਕ ਪਹੁੰਚ ਕਰਕੇ ਅੱਜ ਤਕਰੀਬਨ 21 ਕਰੋੜ ਦੀ ਆਬਾਦੀ ਵਾਲਾ ਇਹ ਦੇਸ਼ ਕੋਵਿਡ-19 ਦੀ ਲਾਗ ਦੇ ਮਾਮਲੇ ਵਿਚ ਅਮਰੀਕਾ ਤੇ ਭਾਰਤ ਤੋਂ ਬਾਅਦ ਸੰਸਾਰ ਦਾ ਤੀਜਾ ਅਤੇ ਮੌਤਾਂ ਦੇ ਮਾਮਲੇ ਵਿਚ ਸੰਸਾਰ ਦਾ ਦੂਜਾ ਸਭ ਤੋਂ ਵੱਡਾ ਦੇਸ਼ ਬਣ ਚੁੱਕਾ ਹੈ। ਇੱਥੋਂ ਦੇ 1 ਕਰੋੜ 76 ਲੱਖ 29 ਹਜ਼ਾਰ 714 ਲੋਕ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ ਤੇ 4 ਲੱਖ 93 ਹਜ਼ਾਰ 837 ਨਾਗਰਿਕਾਂ ਦੀ ਮੌਤ ਹੋਈ ਹੈ।
ਇਹ ਪ੍ਰਚੰਡ ਰੋਸ ਮੁਜ਼ਾਹਰੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਵਲੋਂ ਆਪਣੇ ਸੱਜ ਪਿਛਾਖੜੀ ਸਮਰਥਕਾਂ ਨਾਲ ਰਲਕੇ ਦੇਸ਼ ਦੇ ਸ਼ਹਿਰ ਰਿਉ-ਡੀ-ਜੇਨਰੋ ਵਿਚ ਕੀਤੀ ਗਈ ਇਕ ਮੋਟਰ ਰੈਲੀ, ਜਿਸ ਵਿਚ ਕੋਵਿਡ-19 ਸਬੰਧੀ ਸਾਵਧਾਨੀਆਂ (ਐਸ.ਓ.ਪੀਜ਼) ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ ਸਨ, ਤੋਂ ਪੈਦਾ ਹੋਏ ਲੋਕਾਂ ਦੇ ਡੂੰਘੇ ਗੁੱਸੇ ਦਾ ਵੀ ਸਿੱਟਾ ਹਨ।
ਸਮੁੱਚੇ ਦੇਸ਼ ਦੇ 213 ਸ਼ਹਿਰਾਂ ਤੇ ਕਸਬਿਆਂ ਵਿਚ ਹੋਏ ਇਨ੍ਹਾਂ ਮੁਜ਼ਾਹਰਿਆਂ ਵਿਚ ਲੱਖਾਂ ਲੋਕਾਂ ਨੇ ਭਾਗ ਲਿਆ। ਦੇਸ਼ ਦੀ ਰਾਜਧਾਨੀ ਬ੍ਰਾਸੀਲੀਆ ਵਿਚ ਹਜ਼ਾਰਾਂ ਲੋਕਾਂ ਨੇ ਦੇਸ਼ ਦੀ ਸੰਸਦ ਵੱਲ ਮਾਰਚ ਕੀਤਾ ਅਤੇ ਬੋਲਸੋਨਾਰੋ ਵਿਰੁੱਧ ਫੌਰੀ ਰੂਪ ਵਿਚ ਮਹਾਂਦੋਸ਼ ਚਲਾਉਣ ਦੀ ਮੰਗ ਕੀਤੀ।
ਦੇਸ਼ ਦੇ ਵੱਡੇ ਸ਼ਹਿਰ ਰਿਓ-ਡੀ-ਜੇਨਰੋ ਵਿਚ ਕੀਤੇ ਗਏ ਮੁਜ਼ਾਹਰੇ ਵਿਚ ਸ਼ਾਮਲ ਹਜ਼ਾਰਾਂ ਲੋਕ ”ਬੋਲਸੋਨਾਰੋ ਨਰਸੰਹਾਰ ਦਾ ਅਪਰਾਧੀ ਹੈ”, ”ਬੋਲਸੋਵਾਈਰਸ ਨੂੰ ਦਫਾ ਕਰੋ”, ”ਬੋਲਸੋਨਾਰੋ ਗੱਦੀ ਛੱਡੋ”, ”ਬੋਲਸੋਨਾਰੋ ਵਿਰੁੱਧ ਫੌਰੀ ਰੂਪ ਵਿਚ ਮਹਾ-ਅਭਿਯੋਗ ਚਲਾਓ” ਵਰਗੇ ਨਾਅਰੇ ਲਗਾ ਰਹੇ ਸਨ ਤੇ ਕਹਿ ਰਹੇ ਸਨ ਕਿ ”ਹੁਣ ਪਾਣੀ ਸਿਰ ਤੋਂ ਲੰਘ ਚੁੱਕਾ ਹੈ, ਇਸ ਸਰਕਾਰ ਨੂੰ ਗੱਦੀ ਤੋਂ ਹਟਾਉਣਾ ਹੀ ਹੋਵੇਗਾ, ਬੋਲਸੋਨਾਰੋ ਕਾਤਲ ਹੈ, ਉਸ ਵਿਚ ਸੰਵੇਦਨਸ਼ੀਲਤਾ ਨਾਂਅ ਦੀ ਚੀਜ ਨਹੀਂ ਹੈ, ਉਹ ਕੋਵਿਡ-19 ਦੇ ਮਾਰੂ ਪ੍ਰਭਾਵਾਂ ‘ਚੋਂ ਉਪਜਨ ਵਾਲੀ ਤ੍ਰਾਸਦੀ ਨੂੰ ਸਮਝਣ ਦੇ ਯੋਗ ਹੀ ਨਹੀਂ ਹੈ ਆਦਿ-ਆਦਿ।”
ਦੇਸ਼ ਦੇ ਉਤਰ-ਪੂਰਬ ਵਿਚ ਸਥਿਤ ਕਸਬੇ ਪਰਨਾਮਬੂਕੋ ਵਿਚ ਹਜ਼ਾਰਾਂ ਮੁਜ਼ਾਹਰਾਕਾਰੀਆਂ ਦੀਆਂ ਪੁਲਸ ਨਾਲ ਝੜਪਾਂ ਹੋਈਆਂ, ਜਿਸ ਵਿਚ ਪੁਲਸ ਨੇ ਜ਼ਹਿਰੀਲੇ ਸਪਰੇਅ, ਗੈਸ ਬੰਬਾਂ ਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ।
ਦੇਸ਼ ਦੇ ਸ਼ਹਿਰ ਸਾਉ ਪਾਉਲੋ ਵਿਚ ਵੀ ਮੁਜ਼ਾਹਰੇ ਵਿਚ ਸ਼ਾਮਲ ਹਜ਼ਾਰਾਂ ਲੋਕਾਂ ਦੇ ਗੁੱਸੇ ਦਾ ਅਹਿਸਾਸ ਪੈਟਰੀਸ਼ੀਆ ਫਰੇਰਨਾ ਦੀਆਂ ਨਰਸਾਂ ਤੇ ਹੋਰਨਾਂ ਸਿਹਤ ਕਰਮੀਆਂ ਦੀਆਂ ਭਾਵਨਾਵਾਂ ਤੋਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ”ਬੋਲਸੋਨਾਰੋ ਵਾਇਰਸ ਨਾਲੋਂ ਵੀ ਭੈੜਾ ਹੈ, ਅਸੀਂ ਪੂਰੀ ਤਰ੍ਹਾਂ ਥਕ ਗਏ ਹਾਂ, ਸਾਡਾ ਸਿਹਤ ਢਾਂਚਾ ਢਹਿਢੇਰੀ ਹੋਣ ਦੇ ਕੰਢੇ ‘ਤੇ ਹੈ। ਉਸ ਵੇਲੇ ਤੱਕ ਇਸ ਮਹਾਮਾਰੀ ਦਾ ਟਾਕਰਾ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਬੋਲਸੋਨਾਰੋ ਗੱਦੀ ‘ਤੇ ਬੈਠਾ ਹੈ।”
ਵਿਦਿਆਰਥੀਆਂ, ਦਾ ਕਹਿਣਾ ਸੀ ਕਿ ”ਅਸੀਂ ਵੈਕਸੀਨ ਹਾਸਲ ਕਰਨ ਲਈ ਇਸ ਮੁਜ਼ਾਹਰੇ ਵਿਚ ਸ਼ਾਮਲ ਹੋਏ ਹਾਂ ਕਿਉਂਕਿ ਜੇਕਰ ਵੈਕਸੀਨ ਉਪਲੱਬਧ ਹੁੰਦਾ ਤਾਂ ਸਾਡੇ ਅਨੇਕਾਂ ਪਿਆਰੇ ਬਚਾਏ ਜਾ ਸਕਦੇ ਸਨ।”
ਵਰਣਨਯੋਗ ਹੈ ਕਿ ਦੇਸ਼ ਦੀ ਸੀਨੇਟ ਵਿਚ ਸਰਕਾਰ ਵਲੋਂ ਵੈਕਸੀਨ ਪ੍ਰਤੀ ਅਪਣਾਈ ਜਾ ਰਹੀ ਘੋਰ ਲਾਪਰਵਾਹੀ ਵਾਲੀ ਪਹੁੰਚ ਵਿਰੁੱਧ ਜਾਂਚ ਚਲ ਰਹੀ ਹੈ। ਇਸ ਜਾਂਚ ਦੀ ਅਗਵਾਈ ਕਰਨ ਵਾਲੇ ਸੀਨੇਟਰ ਦਾ ਕਹਿਣਾ ਹੈ ਕਿ ਬੋਲਸੋਨਾਰੋ ਦੇਸ਼ ਦੇ ਲੋਕਾਂ ਦਾ ਟੀਕਾਕਰਨ ਨਹੀਂ ਕਰਨਾ ਚਾਹੁੰਦਾ ਬਲਕਿ ਚਾਹੁੰਦਾ ਹੈ ਕਿ ‘ਹਰਡ ਇਮਉਨਿਟੀ’ (ਸਾਮੂਹਿਕ ਰੋਗ ਪ੍ਰਤੀਰੋਧਕਤਾ) ਕਾਇਮ ਹੋਣ ਨਾਲ ਹੀ ਕੋਵਿਡ-19 ਦੀ ਲਾਗ ਦੇ ਕੇਸਾਂ ਵਿਚ ਕਮੀ ਆਵੇ ਤੇ ਉਸਦੀ ਇਹੋ ਪਹੁੰਚ ਇੰਨੀਆਂ ਜ਼ਿਆਦਾ ਮੌਤਾਂ ਦਾ ਮੁੱਖ ਕਾਰਨ ਬਣੀ ਹੈ। ਫਾਇਜ਼ਰ ਕੰਪਨੀ, ਜਿਸਨੇ ਕੋਵਿਡ-19 ਵਿਰੁੱਧ ਵੈਕਸੀਨ ਦੀ ਖੋਜ ਕੀਤੀ ਹੈ ਅਤੇ ਵੱਡੇ ਪੱਧਰ ‘ਤੇ ਇਸ ਦਾ ਉਤਪਾਦਨ ਵੀ ਕਰ ਰਹੀ ਹੈ, ਦੇ ਪ੍ਰਤੀਨਿੱਧ ਦਾ ਕਹਿਣਾ ਹੈ ਕਿ ਬੋਲਸੋਨਾਰੋ ਨੇ ਵੈਕਸੀਨ ਉਪਲੱਬਧ ਕਰਵਾਉਣ ਦੀ ਕੰਪਨੀ ਦੀ ਪੇਸ਼ਕਸ਼ ਠੁਕਰਾ ਦਿੱਤੀ, ਜਿਸ ਕਰਕੇ ਹੁਣ ਤੱਕ ਦੇਸ਼ ਦੀ ਸਿਰਫ 10% ਆਬਾਦੀ ਨੂੰ ਹੀ ਟੀਕੇ ਲੱਗ ਸਕੇ ਹਨ।
ਬ੍ਰਿਟੇਨ ਦੀ ਬ੍ਰਾਉਨ ਯੂਨੀਵਰਸਿਟੀ ਦੇ ਪ੍ਰੋਫੈਸਰ ਪੈਟਰਿਕ ਹੈਲਰ ਨੇ ਆਪਣੇ ਵਲੋਂ ਕੀਤੇ ਇਕ ਅਧਿਐਨ ਵਿਚ ਬ੍ਰਾਜ਼ੀਲ ਦੇ ਮੁਖੀ ਬੋਲਸੋਨਾਰੋ ਨੂੰ ਦੁਨੀਆਂ ਦੇ ਉਨ੍ਹਾਂ 5 ਚੁਣੇ ਹੋਏ ਸੱਜ ਪਿਛਾਖੜੀ ਆਗੂਆਂ ਵਿਚ ਰੱਖਿਆ ਗਿਆ ਹੈ, ਜਿਨ੍ਹਾਂ ਨੇ ਸਮਾਜਕ ਧਰੁਵੀਕਰਣ, ਅਸੁਰੱਖਿਆ ਦੀ ਭਾਵਨਾ ਅਤੇ ਕੇਂਦਰੀਕਰਨ ਦੇ ਜ਼ਹਿਰੀਲੇ ਰਲੇਵੇਂ ਨਾਲ ਮਹਾਮਾਰੀ ਨੂੰ ਹੋਰ ਵੀ ਵਧੇਰੇ ਬਦਤਰ ਬਣਾ ਦਿੱਤਾ ਹੈ। ਇਨ੍ਹਾਂ ਵਿਚ ਬੋਲਸੋਨਾਰੋ ਤੋਂ ਇਲਾਵਾ ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਹੰਗਰੀ ਦਾ ਵਿਕਟਰ ਓਰਬਨ, ਫਿਲੀਪੀਨ ਦਾ ਦੁਤਾਰਤੋ ਅਤੇ ਬਦਕਿਸਮਤੀ ਨਾਲ ਭਾਰਤ ਦੇ ‘ਪ੍ਰਧਾਨ ਸੇਵਕ’ ਵੀ ਸ਼ਾਮਲ ਹਨ।

Scroll To Top