Now Reading
ਕੈਬਨਿਟ ਮੰਤਰੀ ਦੇ ਮੌਲ ਅੱਗੇ ਪ੍ਰਦਰਸ਼ਨ ਕੀਤਾ

ਕੈਬਨਿਟ ਮੰਤਰੀ ਦੇ ਮੌਲ ਅੱਗੇ ਪ੍ਰਦਰਸ਼ਨ ਕੀਤਾ

ਤਰਨ ਤਾਰਨ, 5 ਜੂਨ (ਸੰਗਰਾਮੀ ਲਹਿਰ ਬਿਊਰੋ)- ਦਿੱਲੀ ਦੀਆਂ ਸੜਕਾਂ ਜਾਮ ਕਰੀ ਪਿਛਲੇ ਛੇ ਮਹੀਨਿਆਂ ਤੋਂ ਬੈਠੇ ਕਿਸਾਨਾਂ, ਮਜ਼ਦੂਰਾਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਸਰਕਾਰ ਦੇ ਕਿਸਾਨ, ਮਜ਼ਦੂਰ ਵਿਰੋਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਭਾਰਤੀ ਜਨਤਾ ਪਾਰਟੀ ਦੇ ਕੈਬਨਿਟ ਮੰਤਰੀ ਦੇ ਮੌਲ ਅੱਗੇ ਸਾੜ ਕੇ ਆਪਣਾ ਰੋਸ ਜ਼ਾਹਰ ਕੀਤਾ। ਇਸ ਦੀ ਅਗਵਾਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਆਲ ਇੰਡੀਆ ਕਿਸਾਨ ਸਭਾ ਵੱਲੋਂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਜਮਹੂਰੀ ਕਿਸਾਨ ਸਭਾ ਵੱਲੋਂ ਜਸਪਾਲ ਸਿੰਘ ਝਬਾਲ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਨਿਰਵੈਲ ਸਿੰਘ ਡਾਲੇਕੇ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਪਲਵਿੰਦਰ ਸਿੰਘ ਨੌਸ਼ਹਿਰਾ ਪੰਨੂਆ ਨੇ ਕੀਤੀ। ਪਹਿਲਾ ਕਿਸਾਨ ਗਾਂਧੀ ਪਾਰਕ ਤਰਨਤਾਰਨ ਵਿਖੇ ਇਕੱਠੇ ਹੋਏ। ਇਸ ਮੌਕੇ ਵੱਖ ਬੁਲਾਰਿਆ ਨੇ ਬੋਲਦਿਆ ਕਿਹਾ ਕਿ ਜਿੰਨਾ ਚਿਰ ਤਕ ਮੋਦੀ ਦੀ ਸਰਕਾਰ ਕਿਸਾਨ ਵਿਰੋਧੀ ਕਾਨੂੰਨ ਰੱਦ ਨਹੀਂ ਕਰਦੀ ਓਨਾ ਚਿਰ ਤਕ ਸੰਘਰਸ਼ ਚੱਲਦਾ ਰਹੇਗਾ। ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਭਰ ‘ਚੋਂ ਹਜ਼ਾਰਾਂ ਕਿਸਾਨ, ਮਜ਼ਦੂਰ, ਔਰਤਾਂ ਦਿੱਲੀ ਦੇ ਬਾਰਡਰ ‘ਤੇ ਚੱਲ ਰਹੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਅਤੇ ਮੋਦੀ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣ। ਉਂਝ ਮੋਦੀ ਸਰਕਾਰ ਅੰਦਰੋਂ ਹਿੱਲੀ ਪਈ ਹੈ ਪਰ ਆਪਣੀ ਜਿੱਦ ਨਹੀਂ ਛੱਡ ਰਹੀ। ਕਿਸਾਨਾਂ ਦੇ ਵਿਰੋਧ ਕਾਰਨ ਮੋਦੀ ਦੀ ਪੱਛਮੀ ਬੰਗਾਲ ਵਿੱਚੋਂ ਬੁਰੀ ਤਰਾਂ ਹਾਰ ਹੋਈ ਹੈ। ਜੇ ਇਸੇ ਤਰਾਂ ਕਿਸਾਨ ਸੰਘਰਸ਼ ਚਲਦਾ ਰਿਹਾ ਤਾਂ ਅਗਲੇ ਸਾਲ ਜੋ ਯੂਪੀ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਉਸ ਵਿੱਚ ਬੀਜੇਪੀ ਦੀ ਯੋਗੀ ਸਰਕਾਰ ਦਾ ਬਿਸਤਰਾ ਗੋਲ ਹੋ ਜਾਵੇਗਾ। ਹਕੀਕਤ ਇਹ ਹੈ ਕਿ ਕਿਸਾਨ ਸੰਘਰਸ਼ ਮੋਦੀ ਦੀ ਫਾਸ਼ਵਾਦੀ ਸਰਕਾਰ ਤਬਾਹ ਕਰ ਦੇਵੇਗਾ। ਹਾਲਾਤ ਇਹ ਬਣ ਗਏ ਹਨ ਕਿ ਹਰਿਆਣਾ ਦੀ ਬੀਜੇਪੀ ਸਰਕਾਰ ਕਿਸਾਨਾਂ ਦੇ ਵਿਰੋਧ ਕਰਕੇ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਜਿਸ ਤਰਾਂ ਕਿਸਾਨਾਂ ਦਾ ਉਤਸ਼ਾਹ ਹੈ ਉਹ ਇਹ ਹੀ ਦੱਸਦਾ ਹੈ ਕਿ ਕਿਸਾਨਾਂ ਦੀ ਜਿੱਤ ਬਹੁਤ ਨਜ਼ਦੀਕ ਆ ਚੁੱਕੀ ਹੈ। ਇਸ ਮੌਕੇ ਦਵਿੰਦਰ ਸੋਹਲ, ਹਰਦੀਪ ਸਿੰਘ ਰਸੂਲਪੁਰ, ਬਲਦੇਵ ਸਿੰਘ ਪੰਡੋਰੀ, ਭੂਪਿੰਦਰ ਸਿੰਘ ਤਖਤ ਮੱਲ, ਗੁਰਬਚਨ ਸਿੰਘ ਘੜਕਾ, ਪਵਨ ਕੁਮਾਰ ਭਿੱਖੀਵਿੰਡ, ਡਾਕਟਰ ਸਤਨਾਮ ਸਿੰਘ ਦੇਓ, ਬਲਜਿੰਦਰ ਕੌਰ ਡਿਆਲ, ਸੁੱਚਾ ਸਿੰਘ ਰਮਾਣਾ, ਬਲਵਿੰਦਰ ਦਰਗਾਪੁਰ ਨੇ ਵੀ ਸੰਬੋਧਨ ਕੀਤਾ।

Scroll To Top