Now Reading
ਕੇਰਲ ਦੇ ਹੜ੍ਹ ਪੀੜਤਾਂ ਲਈ ਅੱਗੇ ਆਈ ਆਰਐਮਪੀਆਈ

ਕੇਰਲ ਦੇ ਹੜ੍ਹ ਪੀੜਤਾਂ ਲਈ ਅੱਗੇ ਆਈ ਆਰਐਮਪੀਆਈ

ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਕਾਰਕੁਨਾਂ ਵਲੋਂ ਅੱਜ ਪਠਾਨਕੋਟ, ਤਰਨਤਾਰਨ, ਬਾਬਾ ਬਕਾਲਾ, ਨਕੋਦਰ ਆਦਿ ਸ਼ਹਿਰਾਂ ਵਿਚ ਗਲੀ ਗਲੀ ਘੁੰਮ ਕੇ ਕੇਰਲ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ’ਚ ਯੋਗਦਾਨ ਪਾਉਣ ਲਈ ਫੰਡ ਇਕੱਠਾ ਕੀਤਾ ਗਿਆ। ਨਕੋਦਰ ਵਿਖੇ ਅੱਜ ਅਜਿਹੀ ਹੀ ਇਕ ਟੀਮ ਦੀ ਅਗਵਾਈ ਕਰਨ ਲਈ ਪਾਰਟੀ ਦੇ ਜਰਨਲ ਸਕੱਤਰ ਮੰਗਤ ਰਾਮ ਪਾਸਲਾ ਉਚੇਚੇ ਤੌਰ ’ਤੇ ਪੁੱਜੇ। ਸੂਬਾ ਕਮੇਟੀ ਦੇ ਮੈਂਬਰ ਦਰਸ਼ਨ ਨਾਹਰ, ਮਨੋਹਰ ਸਿੰਘ ਗਿੱਲ, ਰਾਮ ਸਿੰਘ ਕੈਮਵਾਲਾ ਵੀ ਉਨ੍ਹਾਂ ਦੇ ਨਾਲ ਸਨ। ਪਠਾਨਕੋਟ ਵਿਖੇ ਸਾਥੀ ਲਾਲ ਚੰਦ ਕਟਾਰੂਚੱਕ, ਤਰਨਤਾਰਨ ਵਿਖੇ ਸਾਥੀ ਪਰਗਟ ਸਿੰਘ ਜਾਮਾਰਾਏ, ਬਾਬਾ ਬਕਾਲਾ ਵਿਖੇ ਸਾਥੀ ਅਮਰੀਕ ਸਿੰਘ ਦਾਊਦ, ਬਲਦੇਵ ਸਿੰਘ ਸੈਦਪੁਰ ਆਦਿ ਸਾਥੀਆਂ ਨੇ ਜਨਤਕ ਉਗਰਾਹੀ ਕਰਨ ਵਾਲੀਆਂ ਟੀਮਾਂ ਦੀ ਅਗਵਾਈ ਕੀਤੀ। ਪਾਰਟੀ ਵਲੋਂ ਇਸੇ ਤਰ੍ਹਾਂ ਦੀ ਮੁਹਿੰਮ ਅੰਮ੍ਰਿਤਸਰ ਸ਼ਹਿਰ, ਫਿਲੌਰ, ਹੁਸ਼ਿਆਰਪੁਰ ਵਿਖੇ ਵੀ ਚਲਾਈ ਗਈ।
ਇਥੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਹਰਕੰਵਲ ਸਿੰਘ ਨੇ ਪਾਰਟੀ ਸਫਾਂ ਨੂੰ ਇਹ ਮੁਹਿੰਮ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਪੰਜਾਬ ਵਾਸੀਆਂ ਵੱਲੋਂ ਦਿਖਾਈ ਜਾ ਰਹੀ ਖੁੱਲ੍ਹਦਿਲੀ ਲਈ ਪਾਰਟੀ ਵਲੋਂ ਉਨ੍ਹਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਪੰਜਾਬੀਆਂ ਦਾ ਇਹ ਮਾਣਮੱਤਾ ਵਿਰਸਾ ਹੈ ਕਿ ਜਦ ਵੀ ਕਿਧਰੇ ਕੁਦਰਤੀ ਆਫ਼ਤ ਨੇ ਕਹਿਰ ਢਾਹਿਆ ਹੈ। ਉਨ੍ਹਾਂ ਮਾਨਵੀ ਕਦਰਾਂ-ਕੀਮਤਾਂ ਦਾ ਝੰਡਾ ਹੋਰ ਬੁਲੰਦ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪਾਰਟੀ ਵਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ’ਚ ਯੋਗਦਾਨ ਪਾਉਣ ਲਈ ਲੋਕ ਵੱਧ-ਚੜ੍ਹ ਕੇ ਅੱਗੇ ਆਉਣਗੇ।

Scroll To Top