Now Reading
ਕੁਸੱਚ ਦੇ ਵਿਰੋਧ ਦੀ ਪਿਰਤ

ਕੁਸੱਚ ਦੇ ਵਿਰੋਧ ਦੀ ਪਿਰਤ

ਲੜਕੀ ਦੇ ਵਿਆਹ ਦੀ ਖੁਸ਼ੀ ਦੇ ਪ੍ਰਸੰਗ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਰਤਨ ਹੋ ਰਿਹਾ ਸੀ। ਰਾਗਾਂ ਦੀਆਂ ਬੰਧਸ਼ਾਂ ਵਿਚ ਰਚੀ ਬਾਣੀ ਦਾ ਗਾਇਨ ਸ਼ਾਇਦ ਕੀਰਤਨ ਕਰਨ ਵਾਲੇ ਸੱਜਣਾਂ ਦੀ ਪਹੁੰਚ ਤੋਂ ਬਾਹਰ ਸੀ। ਇਸੇ ਲਈ ਮਨਮਰਜ਼ੀ ਦੀਆਂ ਤੁਕਾਂ ਜੋੜ ਕੇ ਬੁੱਤਾ ਸਾਰੀ ਜਾ ਰਿਹਾ ਸੀ, ਗੁਰਮੁਖ ਪਿਆਰਾ! ਆਪਣੇ ਪ੍ਰਚਾਰ ਵਿਚ ਉਹ ਅਰਥਾਂ ਦੇ ਅਨਰਥ ਵੀ ਕਰਨ ਲੱਗਾ ਹੋਇਆ ਸੀ। ਕਹਿ ਰਿਹਾ ਸੀ ਗੁਰੂ ਜੀ ਨੇ ਵਿਆਹਾਂ ਵਿਚ ਡੀ.ਜੇ. ਦੀ ਮਨਾਹੀ ਕੀਤੀ ਹੋਈ ਆ! ਉਂਝ ਪਹਿਲੀ ਰਾਤ ਵੀ ਉਸ ਘਰ ਵਿਚ ਗੌਣ ਪਾਣੀ ਹੋਇਆ ਸੀ, ਤੇ ਅਗਲੀ ਤਿਆਰੀ ਵੀ ਅਰੰਭੀ ਹੋਈ ਸੀ। ਇੰਜ ਜਾਪ ਰਿਹਾ ਸੀ ਕਿ ਕੀਰਤਨ ਕਰਨ ਦੇ ਬਹਾਨੇ ਉਹ ਸਾਨੂੰ ਗਿਆਨ ਵਿਹੂਣੇ ਤੇ ਤਰਕਹੀਣ ਬਣਾਉਣ ਦਾ ਯਤਨ ਕਰ ਰਹੇ ਸਨ। ਖ਼ੈਰ! ਮਜ਼ਬੂਰੀ ਵੱਸ ਆ ਰਹੀ ਸੰਗਤ ਸਰਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕੀ ਜਾ ਰਹੀ ਸੀ ਤੇ ‘ਕੀਰਤਨੀਏ’ ਦੇ ਅੱਗੇ ਵੀ ਨੋਟਾਂ ਦੇ ਢੇਰ ਲਾਈ ਜਾਂਦੀ ਸੀ। ਇਹ ਸਾਰਾ ਕੁੱਝ ਤੱਕ ਕੇ ‘ਰਾਗੀ ਸੱਜਣਾਂ’ ਦੀ ਅਵਾਜ਼ ਵਿਚ ਵਧੇਰੇ ਕੜਕ ਪੈਦਾ ਹੋ ਰਹੀ ਸੀ।
ਪਤਾ ਨਹੀਂ ਕੁਦਰਤ ਨੂੰੂ ਕੀ ਸੁੱਝਾ, ਦੋ ਛੋਟੇ ਬੱਚੇ ਹੌਲੀ ਹੌਲੀ ਕੀਰਤਨੀਏ ਸਿੰਘਾਂ ਮੋਹਰੇ ਲੱਗੇ ਨੋਟਾਂ ਦੇ ਢੇਰ ਵੱਲ ਨੂੰ ਅੱਗੇ ਵੱਧਦੇ ਆ ਰਹੇ ਸਨ। ਚੋਰ ਅੱਖਾਂ ਨਾਲ ਦੇਖਦੇ ਹੋਏ ਦੋਨਾਂ ਨੇ ਦਸਾਂ ਦਸਾਂ ਦੇ ਨੋਟ ਚੁੱਕੇ ਤੇ ਪਿਛਾਂਹ ਵੱਲ ਨੂੰ ਭੱਜ ਉਠੇ। ਕੋਲ ਬੈਠੇ ਇਕ ਵਿਅਕਤੀ ਨੇ ਜਦੋਂ ਉਠ ਕੇ ਉਨ੍ਹਾਂ ਬਾਲਾਂ ਤੋਂ ਇਹ ਪੈਸੇ ਖੋਹੇ, ਤਾਂ ਕਾਹਲੀ ਤੇ ਡਰ ਨਾਲ ਭੱਜਾ ਜਾਂਦਾ ਇਕ ਬੱਚਾ ਕੋਲ ਪਈ ਖਾਲੀ ਬਾਲਟੀ ਵਿਚ ਵੀ ਵੱਜਾ। ਪ੍ਰੰਤੂ ਬੇਪਰਵਾਹ ਹੋ ਕੇ ਉਹ ਭੱਜ ਗਿਆ। ਇਹ ਸਭ ਦੇਖਕੇ ਸਾਰੀ ਸੰਗਤ ਹੱਸ ਰਹੀ ਸੀ। ਜਾਪਦਾ ਸੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਸਾਹਮਣੇ ਕੰਧ ਨਾਲ ਲੱਗੀ ਫੋਟੋ ਵੀ ਬੱਚਿਆਂ ਨੂੰ ਮੁਸਕਰਾ ਕੇ ਸਾਬਾਸ਼ ਦੇ ਰਹੀ ਹੋਵੇ। ਗੁਰੂ ਜੀ ਖੁਸ਼ ਸਨ, ਸ਼ਾਇਦ ਇਹ ਮਹਿਸੂਸ ਕਰਕੇ ਕਿ ਉਹ ਬਾਲ ਵਿਹਲੜ ਮਸੰਦਾਂ ਕੋਲੋਂ ਕਿਰਤੀ ਲੋਕਾਂ ਦੇ ਖੂਨ ਪਸੀਨੇ ਨਾਲ ਕਮਾਏ ਧਨ ਨੂੰ ਵਾਪਸ ਲੈ ਰਹੇ ਸਨ।
ਮੈਨੂੰ ਬਾਲਟੀ ਦਾ ਉਲਟਣਾ ਵੀ ਕੋਈ ਕੁਸ਼ਗਨ ਨਹੀਂ ਲੱਗਾ, ਬਲਕਿ ਬਾਲਾਂ ਵਲੋਂ ਸਰਬੰਸ ਦਾਨੀ ਗੁਰੂ ਜੀ ਵਲੋਂ ਪਾਈ ਕੁਸੱਚ ਦੇ ‘ਵਿਰੋਧ’ ਦੀ ਪ੍ਰਿਤ ਨੂੰ ਅੱਗੇ ਤੋਰਨ ਵਾਲੀ ਕਾਰਵਾਈ ਜਾਪੀ। ਪੋਹ ਦੇ ਮਹੀਨੇ ਗੋਬਿੰਦ ਜੀ ਦੇ ਸ਼ਹੀਦ ਬਾਲਾਂ ਨੂੰ ਇੰਝ ਵੀ ਯਾਦ ਕੀਤਾ ਜਾ ਸਕਦਾ ਹੈ।
– ਰਾਹਗੀਰ

Scroll To Top