Now Reading
ਕਿਸੇ ਵੀ ਜੰਗ ‘ਚ ਸਭ ਤੋਂ ਪਹਿਲਾਂ ਮਰਦੀ ਹੈ ਜਮਹੂਰੀਅਤ

ਕਿਸੇ ਵੀ ਜੰਗ ‘ਚ ਸਭ ਤੋਂ ਪਹਿਲਾਂ ਮਰਦੀ ਹੈ ਜਮਹੂਰੀਅਤ

ਇਰਫਾਨ ਇੰਜੀਨੀਅਰ
ਗੁਆਂਢੀ ਦੇਸ਼ਾਂ ਨਾਲ ਜੰਗ ਵਰਗੇ ਹਾਲਾਤ ਜਾਂ ਧਰਮ ਦੇ ਨਾਂਅ ‘ਤੇ ਅੰਦਰੂਨੀ ਵਿਵਾਦ, ਲਗਭਗ ਹਮੇਸ਼ਾ ਚੋਣਾਂ ਵਿਚ ਸੱਤਾਧਾਰੀ ਪਾਰਟੀ  ਦੀ ਮਦਦ ਕਰਦੇ ਹਨ, ਫੇਰ ਵੀ ਚਾਹੇ ਉਸਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਚੰਗੇਰਾ ਬਨਾਉਣ ਲਈ ਢੁਕਵੇਂ ਯਤਨ ਨਾ ਵੀ ਕੀਤੇ ਹੋਣ। ਸੀ.ਆਰ.ਪੀ.ਐਫ. ਦੇ ਕਾਫ਼ਲੇ ਉਤੇ 14 ਫਰਵਰੀ 2019 ਨੂੰ ਹੋਏ ਘਿਨਾਉਣੇ ਹਮਲੇ, ਜਿਸ ਵਿਚ ਇਸ ਨੀਮ ਫੌਜੀ ਬਲ ਦੇ 40 ਤੋਂ ਵੀ ਵੱਧ ਸਿਪਾਹੀ ਮਾਰੇ ਗਏ ਅਤੇ ਇਸ ਤੋਂ ਬਾਅਦ ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨ ਦੇ ਬਾਲਾਕੋਟ ਉਤੇ ਕੀਤੇ ਹਵਾਈ ਹਮਲੇ ਦੀ ਭਾਜਪਾ ਜ਼ੋਰਦਾਰ ਢੰਗ ਨਾਲ ਵਰਤੋਂ ਕਰ ਰਹੀ ਹੈ। ਉਸਨੂੰ ਆਸ ਹੈ ਕਿ ਇਸ ਨਾਲ ਚੋਣਾਂ ਵਿਚ ਉਸਨੂੰ ਲਾਭ ਪੁੱਜੇਗਾ। ਪੁਲਵਾਮਾ ਹਮਲੇ ਦੀ ਪੂਰੀ ਦੁਨੀਆਂ ਵਿਚ ਨਿਖੇਧੀ ਹੋਈ ਹੈ। ਪਾਕਿਸਤਾਨ ਦੇ ਇਸ ਦਾਅਵੇ ਵਿਚ ਕੋਈ ਦਮ ਨਹੀਂ ਹੈ ਕਿ ਉਸਦੀ ਜ਼ਮੀਨ ਦੀ ਵਰਤੋਂ, ਅੱਤਵਾਦੀਆਂ ਨੂੰ ਟਰੇਨਿੰਗ ਦੇਣ ਅਤੇ ਭਾਰਤ ਉਤੇ ਹਮਲੇ ਕਰਨ ਲਈ ਨਹੀਂ ਕੀਤੀ ਜਾ ਰਹੀ। ਭਾਰਤ-ਪਾਕਿਸਤਾਨ ਸਰਹੱਦ ‘ਤੇ ਤੈਨਾਤ ਪਾਕਿਸਤਾਨੀ ਸੁਰਖਿਆਕਰਮੀ ਭਾਰਤ ਵਿਚ ਅੱਤਵਾਦੀਆਂ ਦੀ ਘੁਸਪੈਠ ਕਰਨ ਵਿਚ ਮਦਦ ਕਰਦੇ ਹਨ। ਜੈਸ਼-ਏ-ਮੁਹੰਮਦ ਤੇ ਹੋਰ ਦਹਿਸ਼ਤਗਰਦ ਜਥੇਬੰਦੀਆਂ, ਪਾਕਿਸਤਾਨ ਦੀ ਫੌਜ ਦੇ ਮੋਹਰੇ ਹਨ ਅਤੇ ਉਥੇ ਦੀ ‘ਡੀਪ ਸਟੇਟ’ ਦਾ ਹਿੱਸਾ ਹਨ।
ਮੱਧ ਪ੍ਰਦੇਸ਼ ਦੇ ਉਮਰੀਆ ਵਿਚ ਭਾਜਪਾ ਦੀ ਵਿਜੇ ਸੰਕਲਪ ਬਾਈਕ ਰੈਲੀ ਨੂੰ ਸੰਬੋਧਨ ਕਰਦੇ ਹੋਏ, ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ”ਚੋਣਾਂ ਵਿਚ ਮੁੱਦਾ ਇਹ ਹੋਣਾ ਚਾਹੀਦਾ ਹੈ ਕਿ ਕਿਸਨੇ ਦੇਸ਼ ਤੇ ਉਸਦੇ ਅਰਥਚਾਰੇ ਨੂੰ ਮਜਬੂਤ ਬਣਾਇਆ… ਕਿਸਨੇ ਦੇਸ਼ ਦੇ ਗੌਰਵ ਨੂੰ ਅਸਮਾਨ ਦੀਆਂ ਉਚਾਈਆਂ ਤੱਕ ਪਹੁੰਚਾਇਆ… ਕਿਸਨੇ ਦੇਸ਼ ਨੂੰ ਵਧੇਰੇ ਸੁਰੱਖਿਅਤ ਬਣਾਇਆ ਅਤੇ ਕਿਸਨੇ ਪਾਕਿਸਤਾਨ ਨੂੰ ਮੂੰਹ ਤੋੜ ਜੁਆਬ ਦਿੱਤਾ।” ਉਨ੍ਹਾਂ ਨੇ ਇਹ ਵੀ ਕਿਹਾ ਕਿ ”ਤੁਹਾਡੇ ‘ਚ ਫੌਜੀਆਂ ਦੇ ਖੂਨ ਦਾ ਬਦਲਾ ਲੈਣ ਦੀ ਹਿੰਮਤ ਨਹੀਂ ਸੀ। ਮੋਦੀ ਜੀ ਨੇ ਇਹ ਹਿੰਮਤ ਦਿਖਾਈ।” ਭਾਜਪਾ, ਵਿਰੋਧੀ ਪਾਰਟੀਆਂ ‘ਤੇ ਆਰੋਪ ਲਗਾ ਰਹੀ ਹੈ ਕਿ ਉਹ ਭਾਰਤੀ ਹਵਾਈ ਫੌਜ ਦੇ ਹਵਾਈ ਹਮਲਿਆਂ ‘ਤੇ ਸਵਾਲ ਖੜ੍ਹੇ ਕਰਕੇ ਦੇਸ਼ ਨੂੰ ਕਮਜ਼ੋਰ ਕਰ ਰਹੀਆਂ ਹਨ ਅਤੇ ਫੌਜ ਦੇ ਮਨੋਬਲ ਨੂੰ ਡੇਗ ਰਹੀਆਂ ਹਨ। ਪਰ ਭਾਜਪਾ ਨੂੰ ਸਿਪਾਹੀਆਂ ਦੀਆਂ ਲਾਸ਼ਾਂ ‘ਤੇ ਰਾਜਨੀਤੀ ਕਰਨ ਤੋਂ ਕੋਈ ਗੁਰੇਜ਼ ਨਹੀਂ ਹੈ। ਕਰਨਾਟਕ ਦੇ ਸਾਬਕਾ ਮੁੱਖਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਬੀ.ਐਸ.ਯੇਦੀਯੁਰੱਪਾ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ‘ਤੇ ਹੋਏ ਹਵਾਈ ਹਮਲੇ, ਆਉਣ ਵਾਲੀਆਂ ਲੋਕਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਵਿਚ ‘ਫੈਸਲਾਕੁੰਨ’ ਭੂਮਿਕਾ ਅਦਾ ਕਰਨਗੇ। ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਭਾਜਪਾ ਕਰਨਾਟਕਾ ਦੀਆਂ 28 ਲੋਕ ਸਭਾ ਸੀਟਾਂ ਵਿਚੋਂ 22 ਜਿੱਤੇਗੀ। ਪ੍ਰਧਾਨ ਮੰਤਰੀ ਮੋਦੀ ਨੇ ਖ਼ੁਦ ਹਵਾਈ ਹਮਲਿਆਂ ਦਾ ਸਿਹਰਾ ਪੂਰਣ ਰੂਪ ਵਿਚ ਆਪਣੇ ਸਿਰ ਬੰਨ੍ਹਦੇ ਹੋਏ ਕਿਹਾ ਕਿ ਦੇਸ਼ ਉਨ੍ਹਾਂ ਦੇ ਹੱਥਾਂ ਵਿਚ ਸੁਰੱਖਿਅਤ ਹੈ। ਅਮਿਤ ਸ਼ਾਹ ਦਾ ਦਾਅਵਾ ਹੈ ਕਿ ਬਾਲਾਕੋਟ ਦੇ ਹਵਾਈ ਹਮਲੇ ਵਿਚ 250 ਤੋਂ ਵਧੇਰੇ ਦਹਿਸ਼ਤਗਰਦ ਮਾਰੇ ਗਏ ਹਨ। ਨਾ ਤਾਂ ਭਾਰਤੀ ਹਵਾਈ ਫੌਜ ਅਤੇ ਨਾ ਹੀ ਵਿਦੇਸ਼ ਵਜਾਰਤ ਨੇ ਹਮਲੇ ਵਿਚ ਮਾਰੇ ਗਏ ਦਹਿਸ਼ਤਗਰਦਾਂ ਦੀ ਕੋਈ ਗਿਣਤੀ ਦੱਸੀ ਹੈ। ਇਥੋਂ ਤੱਕ ਕਿ ਤਿੰਨਾਂ ਫੌਜਾਂ ਦੇ ਉਚ ਅਫਸਰਾਂ ਦੀ ਸਾਂਝੀ ਪ੍ਰੈਸ ਕਾਨਫਰੰਸ ਵਿਚ ਵੀ ਭਾਰਤੀ  ਹਵਾਈ ਫੌਜ ਨੇ ਮਾਰੇ ਗਏ ਦਹਿਸ਼ਤਗਰਦਾਂ ਦੇ ਸਬੰਧ ਵਿਚ ਕਿਸੇ ਤਰ੍ਹਾਂ ਦਾ ਅੰਕੜਾ ਦੇਣ ਤੋਂ ਇਨਕਾਰ ਕਰ ਦਿੱਤਾ। ਅਮਿਤ ਸ਼ਾਹ ਨੂੰ ਦੇਸ਼ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਹਮਲੇ ਵਿਚ 250 ਅੱਤਵਾਦੀ ਮਾਰੇ ਗਏ ਹਨ। ਮੀਡੀਆ, ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਗੈਰ ਸਰਕਾਰੀ ਰੂਪ ਵਿਚ ਇਹ ਐਲਾਨ ਕਰ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 300 ਤੋਂ ਲੈ ਕੇ 650 ਤੱਕ ਸੀ। ਅਜਿਹਾ ਲੱਗਦਾ ਹੈ ਕਿ ਜਾਂ ਤਾਂ ਸਰਕਾਰ ਵਿਚ ਉਚੇ ਅਹੁਦਿਆਂ ‘ਤੇ ਬੈਠਾ ਕੋਈ ਵਿਅਕਤੀ ਰਾਜਨੀਤਕ ਲਾਭ ਲਈ ਮੀਡੀਆ ਨੂੰ ਇਹ ਅੰਕੜੇ ਦੇ ਰਿਹਾ ਹੈ ਜਾਂ ਫਿਰ ਮੀਡੀਆ ਆਪਣੇ ਮਨ ਨਾਲ ਘੜੇ ਅੰਕੜੇ ਦੱਸ ਰਿਹਾ ਹੈ। ਜੋ ਵੀ ਹੋਵੇ, ਇਸ ਪ੍ਰਚਾਰ ਦਾ ਮੰਤਵ ਸਪੱਸ਼ਟ ਹੈ।
ਮਰਨ ਵਾਲੇ ਦਹਿਸ਼ਤਗਰਦਾਂ ਦੀ ਗਿਣਤੀ ਦੇ ਗੈਰ ਤਸਦੀਕ ਦਾਅਵੇ ਕਰਨ ਦਾ ਇਕੋ ਇਕ ਉਦੇਸ਼ ਹੈ, ਸਰਕਾਰ ਦੀ ਆਪਣੇ ਸੁਰੱਖਿਆਕਰਮੀਆਂ ਦੀ ਰੱਖਿਆ ਕਰਨ ਵਿਚ ਨਾਕਾਮੀ ਤੋਂ ਦੇਸ਼ ਦਾ ਧਿਆਨ ਪਾਸੇ ਕਰਨਾ। ਮੀਡੀਆ ਦਾ ਇਕ ਹਿੱਸਾ, ਸਰਕਾਰ ਨੂੰ ਪਰੇਸ਼ਾਨ ਕਰਨ ਵਾਲੇ ਕਈ ਸਵਾਲ ਖੜ੍ਹੇ ਕਰ ਰਿਹਾ ਸੀ। ਜਦੋਂ ਇਸ ਤਰ੍ਹਾਂ ਦੀਆਂ ਇੰਟੈਲੀਜੈਂਸ (ਖੁਫੀਆ) ਸੂਚਨਾਵਾਂ ਸਨ ਕਿ ਇਕ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ, ਤਾਂ ਕੀ ਕਾਰਨ ਸੀ ਕਿ ਸੀ.ਆਰ.ਪੀ.ਐਫ. ਦੇ ਐਡੇ ਵੱਡੇ ਕਾਫ਼ਲੇ ਨੂੰ ਸੜਕੀ ਰਸਤੇ ਰਾਹੀਂ ਜੰਮੂ ਤੋਂ ਕਸ਼ਮੀਰ ਜਾਣ ਦਿੱਤਾ ਗਿਆ। ਉਨ੍ਹਾਂ ਨੂੰ ਹਵਾਈ ਜਹਾਜ ਰਾਹੀਂ ਕਿਉਂ ਨਹੀਂ ਲਿਜਾਇਆ ਗਿਆ? ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਪ੍ਰਵਾਨ ਕੀਤਾ ਹੈ ਕਿ ਸਰਕਾਰ ਖ਼ੁਫੀਆ ਰਿਪੋਰਟਾਂ ‘ਤੇ ਢੁਕਵੀਂ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ। ਜਿਸ ਸੂਬੇ ਵਿਚ ਐਨੀ ਵੱਡੀ ਤਾਦਾਦ ਵਿਚ ਸੁਰੱਖਿਆਕਰਮੀ ਤੈਨਾਤ ਹਨ ਉਥੇ ਭਾਰੀ ਮਾਤਰਾ ਵਿਚ ਧਮਾਕਾਖੇਜ ਪਦਾਰਥ ਲਿਜਾ ਰਹੇ ਵਾਹਨ ਨੂੰ ਕਿਉਂ ਅਤੇ ਕਿਵੇਂ ਰੋਕਿਆ ਜਾਂ ਫੜਿਆ ਨਹੀਂ ਗਿਆ? ਜੰਮੂ-ਕਸ਼ਮੀਰ ਸਰਕਾਰ ਦਾ ਇਹ ਦਾਅਵਾ ਕਿ ਉਸਨੇ ਵੱਡੀ ਗਿਣਤੀ ਵਿਚ ਦਹਿਸ਼ਤਗਰਦਾਂ ਨੂੰ ਖਤਮ ਕਰ ਦਿੱਤਾ ਹੈ। ਫੇਰ, ਐਨੇ ਦਹਿਸ਼ਤਗਰਦ ਕਿਥੋਂ ਆ ਰਹੇ ਹਨ? ਕਸ਼ਮੀਰ ਦੇ ਸਥਾਨਕ ਨੌਜਵਾਨ, ਦਹਿਸ਼ਤਗਰਦ ਜਥੇਬੰਦੀਆਂ ਨਾਲ ਕਿਉਂ ਜੁੜ ਰਹੇ ਹਨ? ਕੀ ਇਸਦਾ ਕਾਰਨ ਇਹ ਹੈ ਕਿ ਕਸ਼ਮੀਰ ਸਮੱਸਿਆ ਨੂੰ ਸੁਲਝਾਉਣ ਲਈ ਰਾਜਨੀਤਕ ਪੱਧਰ ‘ਤੇ ਕੋਈ ਯਤਨ ਨਹੀਂ ਕੀਤੇ ਜਾ ਰਹੇ ਹਨ? ਕੀ ਪਾਕਿਸਤਾਨ ਨਾਲ ਗੱਲਬਾਤ ਨਾ ਕਰਨ ਦੀ ਨੀਤੀ ਦੇ ਕਾਰਨ ਕਸ਼ਮੀਰ ਵਿਚ ਦਹਿਸ਼ਤਗਰਦੀ ਤੇ ਅੱਤਵਾਦ ‘ਤੇ ਕੰਟਰੋਲ ਕਰਨ ਦੇ ਯਤਨ ਨਾਕਾਮ ਹੋ ਰਹੇ ਹਨ? ਸਪੱਸ਼ਟ ਹੈ ਕਿ ਸੱਤਾਧਾਰੀ ਪਾਰਟੀ ਇਨ੍ਹਾਂ ਮੁੱਦਿਆਂ ‘ਤੇ ਚਰਚਾ ਨਹੀਂ ਚਾਹੁੰਦੀ ਅਤੇ ਇਸ ਲਈ ਇਹ ਜ਼ਰੂਰੀ ਸੀ ਕਿ ਦੇਸ਼ ਦਾ ਧਿਆਨ ਕਿਸੇ ਹੋਰ ਪਾਸੇ ਵੱਲ ਮੋੜ ਦਿੱਤਾ ਜਾਵੇ। ਅਤੇ ਇਸੇ ਲਈ, ਹਵਾਈ ਹਮਲੇ ਵਿਚ ਵੱਡੀ ਤਾਦਾਦ ਵਿਚ ਦਹਿਸ਼ਤਗਰਦਾਂ ਦੇ ਮਾਰੇ ਜਾਣ ਦੀ ਚਰਚਾ ਸ਼ੁਰੂ ਕੀਤੀ ਗਈ। ‘ਸਰਕਾਰੀ’ ਸਰੋਤਾਂ ਦੇ ਹਵਾਲੇ ਨਾਲ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ, ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਹਮਲੇ ਵਿਚ 300 ਤੋਂ 650 ਦਰਮਿਆਨ ਦਹਿਸ਼ਤਗਰਦ ਮਾਰੇ ਗਏ। ਇਹ ਲੋਕਾਂ ਨੂੰ ਲੱਗੇ, ਜ਼ਖਮਾਂ ‘ਤੇ ਮਨੋਵਿਗਿਆਨਕ ਮਰਹਮ ਲਾਉਣ ਦਾ ਯਤਨ ਸੀ। ਪ੍ਰੰਤੂ ਕੀ ਇਸ ਨਾਲ ਭਾਰਤ ਦੇ ਲੋਕ ਖੂਨ ਦੇ ਪਿਆਸੇ ਨਹੀਂ ਬਣ ਜਾਣਗੇ? ਕੀ ਇਸ ਨਾਲ ਦੇਸ਼ ਦੀ ਅੰਦਰੂਨੀ ਸੁਰੱਖਿਆ ਚੰਗੇਰੀ ਹੋ ਸਕੇਗੀ? ਪਠਾਨਕੋਟ ਤੇ ਉੜੀ ਵਿਚ ਹੋਏ ਹਮਲਿਆਂ ਦੇ ਬਾਅਦ ਕੀਤੀ ਗਈ ਸਰਜੀਕਲ ਸਟਰਾਈਕ ਨੇ ਵੀ ਇਸ ਤਰ੍ਹਾਂ ਲੋਕਾਂ ਦੇ ਗੁੱਸੇ ਨੂੰ ਘੱਟ ਕੀਤਾ ਸੀ ਅਤੇ ਇਨ੍ਹਾਂ ਹਮਲਿਆਂ ਨੂੰ ਭੁੱਲ ਜਾਣ ਵਿਚ ਉਨ੍ਹਾਂ ਦੀ ਮਦਦ ਕੀਤੀ ਸੀ। ਪ੍ਰੰਤੂ ਕੀ ਇਸ ਨਾਲ ਪੁਲਵਾਮਾ ਰੁੱਕ ਸਕਿਆ? ਇਸ ਦੇ ਇਸ ਕੁਚੱਕਰ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਭਾਰਤੀ ਸੁਰੱਖਿਆਕਰਮੀਆਂ ਦੀ ਤਦਾਦ ਵੱਧਦੀ ਜਾ ਰਹੀ ਹੈ ਅਤੇ ਸੁਰਖਿਆ ਬਲਾਂ ਤੇ ਅੱਤਵਾਦੀਆਂ ਦੀ ਲੜਾਈ ਵਿਚ ਕਸ਼ਮੀਰ ਦੇ ਆਮ ਨਾਗਰਿਕ ਦਰੜੇ ਜਾ ਰਹੇ ਹਨ। ਕਸ਼ਮੀਰ ਵਿਚ ਦਹਿਸ਼ਤਗਰਦੀ ਬੇਰੋਕਟੋਕ ਜਾਰੀ ਹੈ। ਇਸ ਤੋਂ ਵੀ ਵੱਡਾ ਖਤਰਾ ਇਹ ਹੈ ਕਿ ਕਸ਼ਮੀਰ ਦੇ ਵੱਖਵਾਦੀ ਅੰਦੋਲਨ ਦਾ ਬਹਾਬੀਕਰਣ ਹੋ ਰਿਹਾ ਹੈ ਅਤੇ ਇਸ ਨਾਲ ਕਸ਼ਮੀਰ ਦਾ ਸਮਾਜਿਕ ਤਾਣਾਬਾਣਾ ਪੂਰੀ ਤਰ੍ਹਾਂ ਨਸ਼ਟ ਹੋ ਜਾਣ ਦਾ ਡਰ ਹੈ।
ਹਵਾਈ ਹਮਲਿਆਂ ਵਿਚ ਮਾਰੇ ਜਾਣ ਵਾਲੇ ਦਹਿਸ਼ਤਗਰਦਾਂ ਦੀ ਤਾਦਾਦ ਬਾਰੇ ਗੈਰ ਤਸਦੀਕ ਤੇ ਵੱਡੇ ਵੱਡੇ ਦਾਅਵੇ ਕਰਕੇ ਭਾਜਪਾ, ਹਵਾਈ ਫੌਜ ਵਲੋਂ ਕੀਤੀ ਗਈ ਇਸ ਕਾਰਵਾਈ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦਾ ਯਤਨ ਕਰ ਰਹੀ ਹੈ। ਸ਼ੁਰੂ ਸ਼ੁਰੂ ਵਿਚ ਸਰਕਾਰ ਨੇ ਕਿਹਾ ਸੀ ਕਿ ਉਸਨੇ ਫੌਜ ਨੂੰ ਢੁਕਵੇਂ ਸਮੇਂ ਤੇ ਸਥਾਨ ‘ਤੇ ਜੁਆਬੀ ਕਾਰਵਾਈ ਕਰਨ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਹਵਾਈ ਫੌਜ ਨੇ ਆਪਣੇ ਫਾਈਟਰ ਪਾਇਲਟਾਂ ਦੀ ਜ਼ਿੰਦਗੀ ਦਾਅ ‘ਤੇ ਲਾ ਕੇ ਇਹ ਕੀਤਾ। ਪ੍ਰੰਤੂ ਹਵਾਈ ਫੌਜ ਦੀ ਇਸ ਕਾਰਵਾਈ ਦਾ ਸਿਹਰਾ ਭਾਜਪਾ ਸਰਕਾਰ ਆਪਣੇ ਸਿਰ ਬੰਨ੍ਹ ਰਹੀ ਹੈ। ਜੇਕਰ ਹਵਾਈ ਹਮਲੇ ਵਿਚ ਮਾਰੇ ਗਏ ਲੋਕਾਂ ਤੀ ਤਾਦਾਦ ਦੇ ਸਬੰਧ ਵਿਚ ਦਾਅਵੇ ਨਹੀਂ ਕੀਤੇ ਜਾਂਦੇ ਤਾਂ ਭਾਜਪਾ ਇਸਦਾ ਸਿਹਰਾ ਆਪਣੇ ਸਿਰ ਨਾ ਬੰਨ੍ਹ ਪਾਉਂਦੀ। ਭਾਜਪਾ ਨੇ ਦੇਸ਼ ਭਰ ਵਿਚ ਵਿਜੇ ਸੰਕਲਪ ਬਾਈਕ ਰੈਲੀਆਂ ਕੀਤੀਆਂ ਅਤੇ ਅਜਿਹਾ ਮਾਹੌਲ ਬਣਾਇਆ ਜਿਵੇਂ ਇਸ ਹਮਲੇ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਅਮਲੀ ਜਾਮਾ ਪੁਆਉਣ ਦਾ ਕੰਮ ਭਾਜਪਾ ਨੇ ਹੀ ਕੀਤਾ ਹੈ। ਇਸ ਕਾਰਵਾਈ ਦਾ ਸਿਹਰਾ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਦੇ ਸਿਰ ਬੰਨ੍ਹ ਦਿੱਤਾ ਗਿਆ ਹੈ। ਸਿੱਟਾ ਇਹ ਨਿਕਲਿਆ ਹੈ ਕਿ ਜਿਹੜੇ ਲੋਕ ਸੀ.ਆਰ.ਪੀ.ਐਫ. ਦੇ 40 ਜਵਾਨਾਂ ਦੀ ਅਚਨਚੇਤ ਮੌਤ ਦੇ ਸੰਬੰਧ ‘ਚ ਮੁਸ਼ਕਲ ਸਵਾਲ ਪੁੱਛ ਰਹੇ ਸਨ ਉਹ ਚੁੱਪ ਹੋ ਗਏ। ਸੋਸ਼ਲ ਮੀਡੀਆ ‘ਤੇ ਮੋਦੀ ਭਗਤਾਂ ਦਾ ਰਾਜ ਹੈ। ਕਹਿਣ ਦੀ ਲੋੜ ਨਹੀਂ ਕਿ ਬਦਲਾ ਬਦਲਾ ਦਾ ਸੰਘ ਪਾੜਨ ਵਾਲੇ ਰਾਜਨੀਤਕ ਆਗੂ ਅਤੇ ਖੂਨ ਦਾ ਪਿਆਸਾ ਦੇਸ਼, ਫੌਜਾਂ ‘ਤੇ ਛੇਤੀ ਤੋਂ ਛੇਤੀ ਕੋਈ ਕਾਰਵਾਈ ਕਰਨ ਦਾ ਦਬਾਅ ਬਣਾਉਂਦਾ ਹੈ ਅਤੇ ਕਈ ਵਾਰ ਦਬਾਅ ਹੇਠ ਕੀਤੀ ਗਈ ਕਾਰਵਾਈ ਦੇ ਮਨੋਇੱਛਤ ਸਿੱਟੇ ਨਹੀਂ ਨਿਕਲਦੇ।
ਪਾਕਿਸਤਾਨ ਨੇ ਭਾਰਤੀ ਹਵਾਈ ਫੌਜ ਦੇ ਪਾਈਲਟ ਅਭਿਨੰਦਨ ਬਰਧਮਾਨ ਨੂੰ ਭਾਰਤ ਨੂੰ ਵਾਪਸ ਕਰ ਦਿੱਤਾ। ਬਰਧਮਾਨ ਨੇ ਆਪਣੇ ਮਿਗ-21 ਬਾਈਸਨ ਹਵਾਈ ਜਹਾਜ ਨਾਲ ਪਾਕਿਸਤਾਨ ਦੇ ਐਫ-16 ਫਾਈਟਰ ਜਹਾਜ ਨੂੰ ਮਾਰਕੇ ਡੇਗ ਦਿੱਤਾ ਸੀ। ਅਭਿਨੰਦਨ ਨੂੰ ਰਿਹਾ ਕਰਨ ਦਾ ਕਾਰਨ ਸੀ ਪਾਕਿਸਤਾਨ ਵਿਚ ਸ਼ਾਂਤੀ ਦੇ ਪੈਰੋਕਾਰਾਂ ਦਾ ਦਬਾਅ ਅਤੇ ਪੁਲਵਾਮਾ ਦੇ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਵਲੋਂ ਲਏ ਜਾਣ ਤੋਂ ਬਾਅਦ, ਕੌਮਾਂਤਰੀ ਪੱਧਰ ‘ਤੇ ਪਾਕਿਸਤਾਨ ਦੀ ਹੋਈ ਨਿੰਦਾ। ਪ੍ਰੰਤੂ ਭਾਜਪਾ ਇਸਦਾ ਸਿਹਰਾ ਵੀ ਆਪਣੇ ਸਿਰ ਬੰਨ੍ਹ ਰਹੀ ਹੈ। ਦੇਸ਼ ਵਿਚ ਜਿਹੜਾ ਕੁਝ ਵੀ ਚੰਗਾ ਜਾਂ ਸਕਾਰਾਤਮਕ ਹੁੰਦਾ ਹੈ, ਉਸਦਾ ਸਿਹਰਾ ਭਾਜਪਾ ਆਪਣੀ ਗੋਦੀ ਵਿਚ ਬੈਠੇ ਮੀਡੀਆ ਦੀ ਮਦਦ ਨਾਲ ਆਪਣੇ ਸਿਰ ਬੰਨ੍ਹ ਲੈਂਦੀ ਹੈ। ਅਸਾਮ ‘ਚ ਐਨ.ਆਰ.ਸੀ. (ਨਾਗਰਿਕਾਂ ਦਾ ਕੌਮੀ ਰਜਿਸਟਰ) ਨੂੰ ਅਪਡੇਟ ਕਰਨ ਦਾ ਕੰਮ ਸੁਪਰੀਮ ਕੋਰਟ ਦੇ ਵਾਰ ਵਾਰ ਨਿਰਦੇਸ਼ ਦਿੱਤੇ ਜਾਣ ਦੇ ਕਾਰਨ ਕੀਤਾ ਜਾ ਰਿਹਾ ਹੈ ਪ੍ਰੰਤੂ ਉਸਦਾ ਸਿਹਰਾ ਵੀ ਭਾਜਪਾ ਆਪਣੇ ਸਿਰ ਬੰਨ੍ਹ ਰਹੀ ਹੈ। ਦੂਜੇ ਪਾਸੇ, ਦੇਸ਼ ਵਿਚ ਜੇਕਰ ਕੁਝ ਵੀ ਗਲਤ ਹੁੰਦਾ ਹੈ ਤਾਂ ਉਸਦਾ ਦੋਸ਼ ਫੌਰੀ ਤੌਰ ‘ਤੇ ਕਾਂਗਰਸ ਜਾਂ ਯੂ.ਪੀ.ਏ. ਸਿਰ ਮੜ੍ਹ ਦਿੱਤਾ ਜਾਂਦਾ ਹੈ। ਜੇਕਰ ਵਿਜੇ ਮਾਲਿਆ, ਮੇਹੁਲ ਚੌਕਸੀ ਤੇ ਨੀਰਵ ਮੋਦੀ ਦੇਸ਼ ਦੇ ਬੈਂਕਾਂ ਦੇ ਅਰਬਾਂ ਰੁਪਏ ਲੁੱਟਕੇ ਵਿਦੇਸ਼ ਭੱਜ ਜਾਂਦੇ ਹਨ ਤਾਂ ਉਸ ਲਈ ਯੂ.ਪੀ.ਏ. ਜ਼ਿੰਮੇਵਾਰ ਹੈ, ਜੇਕਰ ਅਰਥਚਾਰਾ ਧੀਮੀ ਰਫਤਾਰ ਨਾਲ ਵੱਧ ਰਿਹਾ ਹੈ ਤਾਂ ਉਸਦਾ ਕਾਰਨ ਨੋਟਬੰਦੀ ਜਾਂ ਜੀ.ਐਸ.ਟੀ. ਨਹੀਂ ਬਲਕਿ ਯੂ.ਪੀ.ਏ. ਸਰਕਾਰ ਹੈ, ਜਿਸਦਾ ਸ਼ਾਸਨ ਅੱਜ ਤੋਂ 5 ਸਾਲ ਪਹਿਲਾਂ ਖਤਮ ਹੋ ਚੁੱਕਾ ਹੈ।
ਕੀ ਅੱਜ ਭਾਰਤ ਸਭ ਤੋਂ ਵਧੇਰੇ ਸੁਰੱਖਿਅਤ ਹੈ?
ਭਾਜਪਾ ਦਾਅਵਾ ਕਰ ਰਹੀ ਹੈ ਕਿ ਉਸਦੇ ਰਾਜ ਵਿਚ ਦੇਸ਼ ਵਧੇਰੇ ਸੁਰੱਖਿਅਤ ਹੈ ਅਤੇ ਪਾਕਿਸਤਾਨ ਤੇ ਦਹਿਸ਼ਤਗਰਦਾਂ ਨੂੰ ਮੂੰਹ ਤੋੜ ਜੁਆਬ ਦੇ ਦਿੱਤਾ ਗਿਆ ਹੈ। ਦਹਿਸ਼ਤਗਰਦ ਘਬਰਾ ਗਏ ਹਨ ਅਤੇ ਹੁਣ ਉਹ ਆਪਣਾ ਸਿਰ ਨਹੀਂ ਚੁੱਕਣਗੇ। ਪਾਰਟੀ ਦੇ ਮੁਤਾਬਕ ਦਹਿਸ਼ਤਗਰਦੀ ਵਿਰੁੱਧ ਲੜਾਈ ਹੁਣ ਆਪਣੇ ਅੰਤਮ ਪੜਾਅ ‘ਤੇ ਹੈ। ਪ੍ਰੰਤੂ ਤੱਥ ਇਹ ਹੈ ਕਿ ਹਵਾਈ ਹਮਲਿਆਂ ਦੇ ਬਾਅਦ ਵੀ ਕਸ਼ਮੀਰ ਵਿਚ ਦਹਿਸ਼ਤਗਰਦੀ ਨਾਲ ਲੜਦੇ ਹੋਏ ਸੁਰੱਖਿਆਕਰਮੀ ਆਪਣੀਆਂ ਜਾਨਾਂ ਗੁਆ ਰਹੇ ਹਨ। ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਜੈਸ਼-ਇ-ਮੁਹੰਮਦ, ਡਰੀ ਜਾਂ ਘਬਰਾਈ ਹੋਈ ਹੈ। ਕੁਪਵਾੜਾ ਵਿਚ 3 ਮਾਰਚ ਨੂੰ ਖਤਮ ਹੋਈ ਇਕ ਮੁਠਭੇੜ ਵਿਚ 5 ਸੁਰੱਖਿਆਕਰਮੀ ਤੇ ਇਕ ਨਾਗਰਿਕ ਮਾਰੇ ਗਏ ਹਨ। ਤੱਥ ਇਹ ਹੈ ਕਿ ਦਹਿਸ਼ਤਗਰਦ ਜਥੇਬੰਦੀਆਂ ਅੱਜ ਵੀ ਉਨੀਆਂ ਹੀ ਸਰਗਰਮ ਹਨ ਜਿੰਨੀਆਂ ਕਿ ਉਹ ਪਹਿਲਾਂ ਸਨ। ਉਹ ਅੱਜ ਵੀ ਰੰਗਰੂਟਾਂ ਦੀ ਭਰਤੀ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਟਰੇਨਿੰਗ ਦੇ ਰਹੀਆਂ ਹਨ ਅਤੇ ਪਾਕਿਸਤਾਨ ਦੀ ‘ਡੀਪ ਸਟੇਟ’ ਭਵਿੱਖ ਵਿਚ ਉਨ੍ਹਾਂ ਦੀ ਵਰਤੋਂ ਕਰ ਸਕਦੀ ਹੈ। ਭਾਜਪਾ, ਹਵਾਈ ਹਮਲਿਆਂ ਦੇ ਨਾਂਅ ‘ਤੇ ਦੇਸ਼ ਦੇ ਵਧੇਰੇ ਸੁਰੱਖਿਅਤ ਬਣ ਜਾਣ ਦੇ ਹਸੀਨ ਸੁਪਨੇ ਬੁਣ ਰਹੀ ਹੈ।
ਅਮਰੀਕਾ, ਭਾਰਤ ਦੇ ਮੁਕਾਬਲੇ ਫੌਜੀ ਨਜ਼ਰੀਏ ਤੋਂ ਕਿਤੇ ਵਧੇਰੇ ਸ਼ਕਤੀਸ਼ਾਲੀ ਹੈ ਅਤੇ ਉਸ ਕੋਲ ਆਧੁਨਿਕਤਮ ਹਥਿਆਰ ਹਨ। ਇਸਦੇ ਬਾਵਜੂਦ ਅਮਰੀਕਾ ਨੂੰ ਅਫਗਾਨਿਸਤਾਨ ਵਿਚ ਅੱਤਵਾਦ ਖਤਮ ਕਰਨ ਵਿਚ ਸਫਲਤਾ ਨਹੀਂ ਮਿਲ ਸਕੀ। ਉਲਟਾ, ਅੱਤਵਾਦੀਆਂ ਦੀ ਤਾਕਤ ਵਧੀ, ਇਸਲਾਮਕ ਸਟੇਟ ਹੋਂਦ ਵਿਚ ਆਈ ਅਤੇ ਲੱਖਾਂ ਲੋਕਾਂ ਨੇ ਇਸ ਜੰਗ ਵਿਚ ਆਪਣੀਆਂ ਜਾਨਾਂ ਗੁਆਈਆਂ। ਅਮਰੀਕਾ, ਅਫਗਾਨਿਸਤਾਨ ਵਿਚ ਦਹਿਸ਼ਤਗਰਦੀ ਨੂੰ ਖਤਮ ਕੀਤੇ ਬਿਨਾਂ ਹੀ ਉਥੋਂ ਆਪਣੀਆਂ ਫੌਜਾਂ ਵਾਪਸ ਬੁਲਾ ਰਿਹਾ ਹੈ ਅਤੇ ਇਥੋਂ ਤੱਕ ਕਿ ਉਹ ਤਾਲਿਬਾਨ ਨਾਲ ਗਲਬਾਤ ਵੀ ਕਰ ਰਿਹਾ ਹੈ। ਤਾਲਿਬਾਨ ਉਹ ਹੀ ਦਹਿਸ਼ਤਗਰਦ ਜਥੇਬੰਦੀ ਹੈ, ਜਿਸ ਵਿਰੁੱਧ ਅਮਰੀਕਾ ਨੇ ਜੰਗ ਦਾ ਐਲਾਨ ਕੀਤਾ ਸੀ।
ਹਵਾਈ ਹਮਲਿਆਂ ਨਾਲ ਦਹਿਸ਼ਤਗਰਦ ਨਾ ਖਤਮ ਹੋਣਗੇ ਅਤੇ ਨਾ ਹੀ ਕਮਜ਼ੋਰ। ਦਹਿਸ਼ਤਗਰਦੀ ਖਿਲਾਫ ਲੜਾਈ ਕਈ ਪੱਧਰਾਂ ‘ਤੇ ਲੜਨੀ ਹੋਵੇਗੀ। ਸਾਨੂੰ ਪਾਕਿਸਤਾਨ ਨੂੰ ਕੌਮਾਂਤਰੀ ਦਬਾਅ ਹੇਠ ਲਿਆਉਣਾ ਹੋਵੇਗਾ ਤਾਂਕਿ ਉਹ ਦਹਿਸ਼ਤਗਰਦ ਜਥੇਬੰਦੀਆਂ ਦੇ ਵਿਰੁੱਧ ਕਾਰਵਾਈ ਕਰੇ। ਕਸ਼ਮੀਰ ਵਿਚ ਦਹਿਸ਼ਤਗਰਦੀ ਨਾਲ ਲੜਨ ਲਈ ਸਭ ਤੋਂ  ਜ਼ਰੂਰੀ ਹੈ ਕਸ਼ਮੀਰ ਸਮੱਸਿਆ ਦਾ ਰਾਜਨੀਤਕ ਹਲ ਅਤੇ ਕਸ਼ਮੀਰ ਦੇ ਲੋਕਾਂ ਦਾ ਦਿਲ ਜਿੱਤਣਾ। ਜੇਕਰ ਪਾਕਿਸਤਾਨ ਨਾਲ ਦਹਿਸ਼ਤਗਰਦਾਂ ਦੀ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਵੇ ਤਾਂ ਵੀ ਕਸ਼ਮੀਰ ਵਿਚ ਦਹਿਸ਼ਤਗਰਦੀ ਦੀ ਸਮੱਸਿਆ ਸੁਲਝਣ ਵਾਲੀ ਨਹੀਂ ਹੈ। ਇਸ ਲਈ ਜ਼ਰੂਰੀ ਹੈ ਸਾਰੀਆਂ ਸਬੰਧਤ ਧਿਰਾਂ ਦੇ ਨਾਲ ਗੱਲਬਾਤ ਅਤੇ ਇਸ ਸਮੱਸਿਆ ਦਾ ਰਾਜਨੀਤਕ ਹੱਲ। ਲੰਬੀਆਂ ਚੌੜੀਆਂ ਗੱਲਾਂ ਕਰਨ ਅਤੇ ਕਸ਼ਮੀਰ ਦੇ ਲੋਕਾਂ ਵਿਰੁੱਧ ਪੈਲਟ ਗੰਨਾਂ ਦੀ ਵਰਤੋਂ ਕਰਨ ਨਾਲ ਨਾ ਤਾਂ ਦਹਿਸ਼ਤਗਰਦੀ ਰੁਕੀ ਹੈ ਅਤੇ ਨਾ ਹੀ ਰੁਕੇਗੀ, ਬਲਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾਲ ਉਥੋਂ ਦੇ ਲੋਕਾਂ ਵਿਚ ਵੱਖਵਾਦੀ ਭਾਵਨਾ ਪੈਦਾ ਹੋਵੇਗੀ ਤੇ ਉਸ ਵਿਚ ਵਾਧਾ ਹੋਵੇਗਾ ਅਤੇ ਕਸ਼ਮੀਰੀ ਨੌਜਵਾਨ ਦਹਿਸ਼ਤਗਰਦ ਜਥੇਬੰਦੀਆਂ ਵੱਲ ਖਿੱਚੇ ਜਾਣਗੇ। ਪਿਛਲੇ ਪੰਜਾਂ ਸਾਲਾਂ ਵਿਚ ਕਸ਼ਮੀਰ ਵਿਚ ਬੰਦੂਕ ਦੇ ਜ਼ੋਰ ਨਾਲ ਸ਼ਾਂਤੀ ਸਥਾਪਤ ਕਰਨ ਦੇ ਯਤਨਾਂ ਨਾਲ ਕੁੱਝ ਹਾਸਲ ਨਹੀਂ ਹੋਇਆ ਹੈ। ਹਾਂ, ਮਰਨ ਵਾਲੇ ਸੁਰੱਖਿਆਕਰਮੀਆਂ ਤੇ ਦਹਿਸ਼ਤਗਰਦਾਂ, ਦੋਹਾਂ ਦੀ ਤਾਦਾਦ ਵਿਚ ਵਾਧਾ ਜ਼ਰੂਰ ਹੋਇਆ ਹੈ। ਕਸ਼ਮੀਰ ਸਮੱਸਿਆ ਨੂੰ ਫੌਜ ਅਤੇ ਸੁਰੱਖਿਆ ਬਲ ਨਹੀਂ ਸੁਲਝਾ ਸਕਦੇ ਅਤੇ ਨਾ ਹੀ ਕੁਝ ਲੋਕਾਂ ਦੀਆਂ ਗਲਤੀਆਂ ਤੇ ਨਾਸਮਝੀਆਂ ਲਈ ਪੂਰੇ ਭਾਈਚਾਰੇ ਦਾ ਰਾਖਸ਼ਸੀਕਰਣ ਕਰਕੇ ਕੁਝ ਹਾਸਲ ਹੋਵੇਗਾ। ਆਪਣੀ ਛਾਤੀ ਖ਼ੁਦ ਹੀ ਠੋਕਣ ਅਤੇ ਹਰ ਕੰਮ ਦਾ ਸਿਹਰਾ ਆਪਣੇ ਸਿਰ ਹੀ ਬੰਨ੍ਹ ਲੈਣ ਨਾਲ ਅੱਤਵਾਦ ਵਿਰੁੱਧ ਜੰਗ ਵਿਚ ਸਫਲਤਾ ਨਹੀਂ ਮਿਲ ਸਕਦੀ।
ਜਮਹੂਰੀਅਤ ਨੂੰ ਖਤਰਾ
ਚੋਣ ਜਿੱਤਣ ਲਈ ਭਾਜਪਾ ਨੇ ਕਸ਼ਮੀਰ ਮੁੱਦੇ ‘ਤੇ ਬਹੁਤ ਹੀ ਹਮਲਾਵਰ ਰੁਖ ਅਖਤਿਆਰ ਕਰ ਲਿਆ ਹੈ। ਉਸਨੂੰ ਉਮੀਦ ਹੈ ਕਿ ਸਭ ਦੇਸ਼ਵਾਸੀ ਤੇ ਵਿਰੋਧੀ ਪਾਰਟੀਆਂ ਚੁਪਚਾਪ ਉਸਦੇ ਸਾਰੇ ਦਾਅਵਿਆਂ ਨੂੰ ਪ੍ਰਵਾਨ ਕਰ ਲੈਣਗੇ। ਜਿਹੜਾ ਵੀ ਭਾਜਪਾ ਦੇ ਥੋੜ੍ਹਾ ਵੀ ਵਿਰੁੱਧ ਕੁੱਝ ਕਹਿੰਦਾ ਹੈ, ਉਸਨੂੰ ਦੇਸ਼ਧਰੋਹੀ ਗਰਦਾਨ ਦਿੱਤਾ ਜਾਂਦਾ ਹੈ ਅਤੇ ਸੋਸ਼ਲ ਮੀਡੀਆ ਵਿਚ ਟਰੋਲ ਕੀਤਾ ਜਾਂਦਾ ਹੈ ਅਤੇ ਗੋਦੀ ਮੀਡੀਆ ਅਜਿਹੇ ਲੋਕਾਂ ਨੂੰ ਚੁਪ ਕਰਵਾਉਣ ਵਿਚ ਰੁੱਝ ਜਾਦਾ ਹੈ। ਭਾਜਪਾ ਜੋ ਕੁੱਝ ਵੀ ਕਹਿ ਰਹੀ ਹੈ ਉਸਦੇ ਵਿਰੁੱਧ ਆਪਣੇ ਵਿਚਾਰ ਪ੍ਰਗਟ ਕਰਨ ਵਾਲਿਆਂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਹ ਇਮਰਾਨ ਖਾਨ ਦੀ ਭਾਸ਼ਾ ਬੋਲ ਰਹੇ ਹਨ ਅਤੇ ਪਾਕਿਸਤਾਨ ਦੀ ਮਦਦ ਕਰ ਰਹੇ ਹਨ। ਪ੍ਰੰਤੂ ਇਨ੍ਹਾਂ ਸਾਰੀਆਂ ਧਮਕੀਆਂ ਤੇ ਪਰੇਸ਼ਾਨੀਆਂ ਦੇ ਬਾਵਜੂਦ ਕੁੱਝ ਮੀਡੀਆਕਰਮੀ ਤੇ ਬੁੱਧੀਜੀਵੀ, ਜਮਹੂਰੀਅਤ, ਜਵਾਬਦੇਹ ਸ਼ਾਸਨ ਤੇ ਕਾਨੂੰਨ ਦੇ ਰਾਜ ਦੇ ਪੱਖ ਵਿਚ ਗੱਲ ਕਰ ਰਹੇ ਹਨ। ਉਹ ਇਹ ਦੱਸਣ ਦਾ ਯਤਨ ਕਰ ਰਹੇ ਹਨ ਕਿ ਦਹਿਸ਼ਤਗਰਦੀ ਖਿਲਾਫ ਫੈਸਲਾਕੁੰਨ ਲੜਾਈ ਲੜਨ ਅਤੇ ਕਸ਼ਮੀਰ ਸਮੱਸਿਆ ਦਾ ਪੱਕਾ ਹੱਲ ਕੱਢਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ। ਸੰਨ 1947 ਵਿਚ ਜੇਕਰ ਜੰਮੂ-ਕਸ਼ਮੀਰ ਦੇ ਲੋਕਾਂ ਨੇ ਭਾਰਤ ਦਾ ਹਿੱਸਾ ਬਨਣਾ ਪ੍ਰਵਾਨ ਕੀਤਾ ਸੀ ਤਾਂ ਇਸਦਾ ਕਾਰਨ ਸੀ ਉਨ੍ਹਾਂ ਨੂੰ ਦਿੱਤਾ ਗਿਆ ਇਹ ਭਰੋਸਾ ਕਿ ਉਨ੍ਹਾਂ ਦੇ ਸੂਬੇ ਵਿਚ ਜਮਹੂਰੀਅਤ ਤੇ ਧਰਮ ਨਿਰਪੱਖਤਾ ਹੋਵੇਗੀ ਅਤੇ ਉਨ੍ਹਾਂ ਨੂੰ ਖੁਦਮੁਖਤਾਰੀ ਮਿਲੇਗੀ। ਪਾਕਿਸਤਾਨ ਇਨ੍ਹਾਂ ਵਿਚੋਂ ਕੋਈ ਵੀ ਗਾਰੰਟੀ ਦੇਣ ਲਈ ਤਿਆਰ ਨਹੀਂ ਸੀ।
ਅੱਜ ਭਾਜਪਾ ਭਾਰਤ ਦੇ ਸਭਿਆਚਾਰ ਤੇ ਧਾਰਮਕ ਬਹੁਲਤਾ, ਜਮਹੂਰੀਅਤ, ਧਰਮ ਨਿਰਪੱਖਤਾ ਤੇ ਕਾਨੂੰਨ ਦੇ ਰਾਜ ਨੂੰ ਕਮਜ਼ੋਰ ਕਰਨ ਦੇ ਯਤਨ ਕਰ ਰਹੀ ਹੈ। ਉਹ ਕਸ਼ਮੀਰ ਨੂੰ ਖ਼ੁਦ ਮੁਖਤਾਰੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਵੀ ਤਿਆਰ ਨਹੀਂ ਹੈ। ਭਾਰਤ ਨੂੰ ਇਕ ਅਜਿਹਾ ਏਕਾਧਿਕਾਰਵਾਦੀ ਰਾਜ ਬਨਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਵਿਚ ਲੋਕਾਂ ਨੂੰ ਇਹ ਚੁਣਨ ਦਾ ਵੀ ਅਧਿਕਾਰ ਨਾ ਹੋਵੇ ਕਿ ਉਹ ਕੀ ਖਾਣ ਅਤੇ ਕੀ ਪਹਿਨਣ ਅਤੇ ਉਨ੍ਹਾਂ ਨਾਲ ਧਰਮ ਦੇ ਆਧਾਰ ‘ਤੇ ਵਿਤਕਰਾ ਨਾ ਹੋਵੇ। ਇਸ ਨਾਲ ਕਸ਼ਮੀਰ ਵਿਚ ਅਲਿਹਦਗੀ ਦੀ ਭਾਵਨਾ ਪੈਦਾ ਹੋ ਰਹੀ ਹੈ। ਇਹ ਹੀ ਕਾਰਨ ਹੈ ਕਿ ਕਸ਼ਮੀਰ ਦੇ ਕੁੱਝ ਨੌਜਵਾਨ ਭਾਰਤੀ ਰਾਜ ਦੇ ਵਿਰੁੱਧ ਲੜਾਈ ਵਿਚ ਆਪਣੀ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਹਨ। ਭਾਜਪਾ ਦਹਿਸ਼ਤਗਰਦੀ ਦੇ ਮੁੱਦੇ ‘ਤੇ ਅੰਦਰੂਨੀ ਦੁਸ਼ਮਣ ਭਾਲ ਰਹੀ ਹੈ। ਅਤੇ ਇਹ ਅੰਦਰੂਨੀ ਦੁਸ਼ਮਣ ਹਨ ਬੁੱਧੀਜੀਵੀ, ਕਸ਼ਮੀਰੀ ਤੇ ਮੁਸਲਮਾਨ। ਅਜਾਦਾਨਾ ਵਿਚਾਰ ਰੱਖਣ ਵਾਲੇ ਬੁੱਧੀਜੀਵੀ, ਕਸ਼ਮੀਰੀ ਤੇ ਮੁਸਲਮਾਨ, ਭਾਜਪਾ ਲਈ ਸੋਫਟ ਟਾਰਗੇਟ (ਸੌਖੇ ਨਿਸ਼ਾਨੇ) ਹਨ। ਇਨ੍ਹਾਂ ਨੂੰ ਨਿਸ਼ਾਨਾ ਬਣਾਕੇ ਪਾਰਟੀ ਇਹ ਦਰਸਾਉਣ ਦਾ ਯਤਨ ਕਰ ਰਹੀ ਹੈ ਕਿ ਉਹ ਦਹਿਸ਼ਤਗਰਦੀ ਖਿਲਾਫ ਲੜਾਈ ਲੜ ਰਹੀ ਹੈ। ਪ੍ਰੰਤੂ ਇਸ ਨਾਲ ਦੇਸ਼ ਦਾ ਸਮਾਜਕ ਤਾਣਾਬਾਣਾ ਤੇ ਏਕਤਾ ਕਮਜ਼ੋਰ ਹੋਵੇਗੀ। ਦਹਿਸ਼ਤਗਰਦੀ ਖਿਲਾਫ਼ ਭਾਜਪਾ ਦੀ ਲੜਾਈ, ਜਮਹੂਰੀ ਅਦਾਰਿਆਂ ਦਾ ਗਲਾ ਘੁੱਟ ਰਹੀ ਹੈ। ਇਹ ਦੇਸ਼ ਲਈ ਚੰਗਾ ਨਹੀਂ ਹੈ।

Scroll To Top