
ਫਿਲੌਰ, 21 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਅੱਜ ਸ਼ਹੀਦ ਡਾ. ਗੁਰਦਿਆਲ ਸਿੰਘ ਮੁਠੱਡਾ ਦੀ 34ਵੀਂ ਬਰਸੀ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਪਾਰਟੀ ਕਾਰਕੁਨਾ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨੀ ਅੰਦੋਲਨ ਨੇ ਅਡਾਨੀਆਂ ਅਬਾਨੀਆਂ ਅਤੇ ਹੋਰ ਕਾਰਪੋਰੇਟ ਘਰਾਣਿਆਂ ਦੇ ਕਿਰਦਾਰ ਨੂੰ ਨੰਗਾ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੀ ਸਿਰਫ਼ ਇਹੀ ਪ੍ਰਾਪਤੀ ਨਹੀਂ ਸਗੋਂ ਸ਼ਾਂਤਮਈ ਅਤੇ ਸਾਂਝੀਵਾਲਤਾ ਕਾਇਮ ਰੱਖ ਕੇ ਸੰਘਰਸ਼ ਨੂੰ ਕਿਵੇਂ ਲੜਿਆਂ ਜਾ ਸਕਦਾ ਹੈ, ਇਸ ਨੇ ਇਹ ਵੀ ਦੱਸ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੰਦੋਲਨ ਨੇ ਸਾਲਾਂ ਦਾ ਕੰਮ ਮਹੀਨਿਆਂ ‘ਚ ਮੁਕਾ ਦਿੱਤਾ ਹੈ ਅਤੇ ਇਹ ਅੰਦੋਲਨ ਜਿੱਤ ਤੱਕ ਜਾਰੀ ਰਹੇਗਾ ਕਿਉਂਕਿ ਇਸ ਦੀ ਅਗਵਾਈ ਕਰਨ ਵਾਲੇ ਆਗੂ ਤਜ਼ਰਬੇ ‘ਚੋਂ ਨਿਕਲੇ ਹੋਏ ਆਗੂ ਹਨ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਪਰਮਜੀਤ ਰੰਧਾਵਾ ਨੇ ਪਟਿਆਲਾ ਵਿਖੇ ਲੱਗਣ ਵਾਲੇ ਧਰਨੇ ਦੀ ਰੂਪ ਰੇਖਾ ਸਾਂਝੀ ਕੀਤੀ। ਜਮਹੂਰੀ ਕਿਸਾਨ ਸਭਾ ਦੇ ਸੂਬਾ ਖ਼ਜ਼ਾਨਚੀ ਜਸਵਿੰਦਰ ਸਿੰਘ ਢੇਸੀ ਨੇ ਵੱਖ-ਵੱਖ ਥਾਂਵਾਂ ਤੋਂ ਦਿੱਲੀ ਜਾ ਰਹੇ ਜਥਿਆਂ ਬਾਰੇ ਜਾਣਕਾਰੀ ਦਿੱਤੀ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਕਿਹਾ ਕਿ ਸਾਢੇ ਚਾਰ ਬੀਤ ਜਾਣ ਦੇ ਬਾਵਜੂਦ ਕਾਂਗਰਸ ਸਰਕਾਰ ਵਲੋਂ ਵਾਅਦੇ ਪੂਰੇ ਨਾ ਕਰਨ ਕਰਕੇ ਯਾਦ ਪੱਤਰ ਦਿੱਤੇ ਜਾ ਰਹੇ ਹਨ, ਜਿਸ ਤਹਿਤ ਫਿਲੌਰ ‘ਚ 31 ਜੁਲਾਈ ਨੂੰ ਯਾਦ ਪੱਤਰ ਦਿੱਤਾ ਜਾਵੇਗਾ।
ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕਾਮਰੇਡ ਦੇਵ ਫਿਲੌਰ ਅਤੇ ਜੀਤ ਸਿੰਘ ਔਜਲਾ ਨੇ ਕੀਤੀ। ਸ਼ਹੀਦ ਯਾਦਗਾਰ ‘ਤੇ ਝੰਡਾ ਲਹਿਰਾਉਣ ਦੀ ਰਸਮ ਮੰਗਤ ਰਾਮ ਪਾਸਲਾ ਨੇ ਅਦਾ ਕੀਤੀ। ਇਸ ਮੌਕੇ ਨੌਜਵਾਨ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੀਪ ਗੋਗੀ, ਸਕੱਤਰ ਮੱਖਣ ਸੰਗਰਾਮੀ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ ਤੇ ਸਕੱਤਰ ਮੇਜਰ ਫਿਲੌਰ, ਪਰਮਜੀਤ ਬੋਪਾਰਾਏ, ਸਰਪੰਚ ਰਾਮ ਲੁਭਾਇਆ, ਸਰਪੰਚ ਰਜਿੰਦਰ ਕੁਮਾਰ, ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਸੁਖ ਰਾਮ ਦੁਸਾਂਝ, ਭਰਪੂਰ ਸਿੰਘ ਭੂਰਾ ਆਦਿ ਵੀ ਹਾਜ਼ਰ ਸਨ। ਆਰੰਭ ‘ਚ ਕਿਸਾਨ ਅੰਦੋਲਨ ‘ਚ ਸ਼ਹੀਦ ਹੋਣ ਵਾਲਿਆਂ ਦੀ ਯਾਦ ‘ਚ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ।