Now Reading
ਔਰਤਾਂ ਦੇ ਬੇਰਹਿਮ ਬਲਾਤਕਾਰਾਂ ਤੇ ਅੱਤਿਆਚਾਰਾਂ ਦੀ ਦਰਦਨਾਕ ਦਾਸਤਾਨ

ਔਰਤਾਂ ਦੇ ਬੇਰਹਿਮ ਬਲਾਤਕਾਰਾਂ ਤੇ ਅੱਤਿਆਚਾਰਾਂ ਦੀ ਦਰਦਨਾਕ ਦਾਸਤਾਨ

ਪ੍ਰੋ. ਜੈਪਾਲ ਸਿੰਘ

ਇਕ ਵੀਡਿਓ, ਜਿਸ ਵਿਚ ਇਕ ਬੇਵਸ ਬਾਪ, ਜੋ ਆਪਣੀ 15 ਸਾਲ ਦੀ ਮਾਸੂਮ ਬੇਟੀ ਨੂੰ ਆਪਣੀ ਪਿੱਠ ’ਤੇ ਚੁੱਕ ਕੇ ਲਿਆ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਗੁਆਂਢ ’ਚ ਰਹਿੰਦੇ 19 ਸਾਲਾਂ ਲੜਕੇ ਨੇ ਉਸਦਾ ਬਲਾਤਕਾਰ ਕੀਤਾ ਤੇ ਵਿਰੋਧ ਕਰਨ ਕਰਕੇ ਉਸ ਦੀ ਇਕ ਲੱਤ ਟੂੱਟ ਗਈ ਸੀ, ਜਦੋਂ ਦੀ ਲੋਕਾਂ ਨੇ ਦੇਖੀ ਹੈ ਤਾਂ ਸਾਰਿਆਂ ਦੀ ਨੀਂਦ-ਚੈਨ ਉਡ ਗਈ ਹੈ। ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਹਿਤਾਂ ਮੁਤਾਬਕ ਕਿਸੇ ਵੀ ਬਲਾਤਕਾਰ ਪੀੜਤ ਦਾ ਨਾਂਅ ਜੱਗ ਜਾਹਰ ਕਰਨਾ ਗੈਰ ਕਾਨੂੰਨੀ ਹੈ। ਇਸ ਲਈ ਅਜਿਹਾ ਕੋਈ ਵੀ ਨਾਂਅ ਇਸ ਲੇਖ ’ਚ ਨਹੀਂ ਲਿਖਿਆ ਜਾਵੇਗਾ ਸਿਵਾਏ ਉਨ੍ਹਾਂ ਨਾਵਾਂ ਦੇ ਜੋ ਪਹਿਲਾਂ ਹੀ ਆਮ ਪਬਲਿਕ ’ਚ ਜਾ ਚੁੱਕੇ ਹਨ।
ਭਾਰਤ ਦਾ ਔਰਤਾਂ ਖਿਲਾਫ਼ ਹੌਲਨਾਕ ਅਪਰਾਧਾਂ ਦੀ ਗਿਣਤੀ ਪੱਖੋਂ ਰਿਕਾਰਡ ਬਹੁਤ ‘ਉਚਾ’ (102ਵਾਂ) ਹੈ। ਬਲਾਤਕਾਰ ਦੇ ਮਸਲਿਆਂ ’ਚ ਤਾਂ ਇਹ ਰਿਕਾਰਡ ਹੋਰ ਵੀ ਖਰਾਬ ਹੈ। ਸੰਨ 2017 ’ਚ ਔਰਤਾਂ ਵਿਰੁੱਧ ਅੱਡ-ਅੱਡ ਜ਼ੁਰਮ ਅਧੀਨ 3 ਲੱਖ, 59 ਹਜ਼ਾਰ 849 ਮਾਮਲੇ ਅੱਡ-ਅੱਡ ਥਾਣਿਆਂ ’ਚ ਦਰਜ ਹੋਏ, ਜੋ ਦਰਜ ਨਹੀਂ ਹੋਏ ਉਨ੍ਹਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੈ। ਇਨ੍ਹਾਂ ਕੇਸਾਂ ਮੁਤਾਬਕ ਔਸਤ 986 ਮਾਮਲੇ ਹਰ ਰੋਜ਼ ਦਰਜ ਹੋਏ ਜਿਨ੍ਹਾਂ ਵਿਚ ਔਰਤਾਂ ਦੇ ਕਤਲ, ਤੇਜਾਬੀ ਹਮਲੇ, ਘਰੇਲੂ ਹਿੰਸਾ, ਦਾਜ ਦੇ ਮਾਮਲੇ, ਉਨ੍ਹਾਂ ਦੀ ਅਸਮਤ ’ਤੇ ਹਮਲੇ ਅਗਵਾ ਕਰਨ ਤੇ ਬਲਾਤਕਾਰ ਦੇ ਮਾਮਲੇ ਸ਼ਾਮਲ ਹਨ। ਉਸ ਸਾਲ 32,559 ਬਲਾਤਕਾਰ ਦੇ ਕੇਸ ਦਰਜ ਹੋਏ ਯਾਨਿ 90 ਬਲਾਤਕਾਰ ਹਰ ਰੋਜ਼ ਤੇ ਲਗਭਗ ਹਰ ਘੰਟੇ 4 ਬਲਾਤਕਾਰ। ਇਹ ਮਹਿਜ ਅੰਕੜੇ ਨਹੀਂ ਸਗੋਂ ਲਾਚਾਰ ਬੱਚੀਆਂ, ਨੌਜਵਾਨ ਭੈਣਾਂ, ਇੱਥੋਂ ਤੱਕ 70-70 ਸਾਲ ਦੀਆਂ ਬੁੱਢੀਆਂ ਔਰਤਾਂ ਦੀਆਂ ਚੀਕਾਂ ਤੇ ਸਿਸਕੀਆਂ ਦਾ ਲੇਖਾ ਹੈ। ਅਪਰਾਧਾਂ ਦਾ ਰਿਕਾਰਡ ਰੱਖਣ ਵਾਲੇ ਕੌਮੀ ਬਿਊਰੋ (32) ਦੇ ਹਰ ਸਾਲ ਦੇ ਅੰਕੜੇ ਦਰਸਾਉਂਦੇ ਹਨ ਕਿ ਔਰਤਾਂ ਨਾਲ ਹੁੰਦੇ ਬਲਾਤਕਾਰ ਸਮੇਤ ਜ਼ੁਲਮਾਂ ’ਚੋਂ ਲਗਭਗ 95% ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰਾਂ, ਗੁਆਂਢੀਆਂ, ਜਾਣ ਪਛਾਣ ਵਾਲਿਆਂ ਵਲੋਂ ਕੀਤੇ ਜਾਂਦੇ ਹਨ ਅਤੇ ਬਲਾਤਕਾਰ ਪੀੜਤਾਂ ਵਿਚ 40% ਨਾਬਾਲਗ ਤੇ ਛੋਟੀਆਂ ਬੱਚੀਆਂ ਸ਼ਾਮਲ ਹੁੰਦੀਆਂ ਹਨ। ਹੋਰ ਵੀ ਮਾੜੀ ਗੱਲ ਇਹ ਹੈ ਕਿ ਦਰਜ ਹੋਏ ਕੇਸਾਂ ’ਚੋਂ 75% ਗੁਨਾਹਗਾਰ ਬਰੀ ਹੋ ਜਾਂਦੇ ਹਨ ਤੇ ਸਿਰਫ 25% ਨੂੰ ਹੀ ਸਜ਼ਾ ਸੁਣਾਈ ਜਾਂਦੀ ਹੈ। 22 ਦਸੰਬਰ 2019 ਦੇ ‘ਦ ਟਿ੍ਰਬਿਊਨ’ ਅਖਬਾਰ ’ਚ ਛਪੀ, ਸੂਚਨਾ ਅਧਿਕਾਰ ਕਾਨੂੰਨ ਤਹਿਤ ਲਈ ਜਾਣਕਾਰੀ ’ਤੇ ਆਧਾਰਤ ਖਬਰ ਅਨੁਸਾਰ ਹਰਿਆਣਾ ਵਿਚ ਪਿਛਲੇ 4 ਸਾਲਾਂ ਦੌਰਾਨ ਦਰਜ ਹੋਏ ਮੁਕੱਦਮਿਆਂ ’ਚੋਂ ਤੀਜੇ ਹਿੱਸੇ ਤੋਂ ਵੱਧ ਕੇਸਾਂ ’ਚ ਸਮਝੌਤਾ ਹੀ ਹੋ ਗਿਆ। ਯਾਨਿ ਆਮ ਸਾਧਾਰਨ ਗਰੀਬ ਪਰਿਵਾਰ ਮੁਕੱਦਮਿਆਂ ਦੀ ਮਹਿੰਗੀ ਤੇ ਲੰਬੀ ਪ੍ਰਕਿਰਿਆ ਤੋਂ ਹੀ ਹੱਥ ਖੜ੍ਹੇ ਕਰ ਗਏ ਤੇ ਬਾਕੀ ਕੇਸਾਂ ’ਚੋਂ ਸਿਰਫ 35% ਨੂੰ ਹੀ ਸਜ਼ਾ ਹੋਈ ਮਤਲਬ 10 ਕੇਸਾਂ ’ਚੋਂ ਸਿਰਫ 2 ਨੂੰ ਹੀ ਸਜ਼ਾ ਮਿਲੀ ਯਾਨਿ ਕੁੱਲ ਦੇ ਕੇਵਲ 20% ਨੂੰ।
16 ਦਸੰਬਰ 2012 ਨੂੰ ਰਾਤ ਵੇਲੇ ਦਿੱਲੀ ਵਿਚ ਜਿਸ ਲੜਕੀ ਦਾ ਬੜੇ ਜ਼ਾਲਮਾਨਾ ਤਰੀਕੇ ਨਾਲ ਬਲਾਤਕਾਰ ਹੋਇਆ ਤੇ ਜਿਸਦੀ ਬਾਅਦ ਵਿਚ ਮੌਤ ਹੋ ਗਈ ਦਾ ਫਰਜ਼ੀ ਨਾਂਅ ‘ਨਿਰਭੈਆ’ ਰੱਖਿਆ ਗਿਆ ਤੇ ਉਸ ਨੂੰ ਇਨਸਾਫ ਦਿਵਾਉਣ ਲਈ ਪਹਿਲਾਂ ਦਿੱਲੀ ਦੀਆਂ ਸੜਕਾਂ ’ਤੇ ਵਿਦਿਆਰਥੀ, ਫੇਰ ਆਮ ਲੋਕ ਮੁਜ਼ਾਹਰੇ ਕਰਨ, ਮੋਮਬੱਤੀ ਮਾਰਚ ਕਰਨ ਲੱਗੇ ਤੇ ਇਹ ਰੋਸ ਮੁਜ਼ਾਹਰੇ ਸਾਰੇ ਦੇਸ਼ ’ਚ ਫੈਲ ਗਏ ਅਤੇ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ ਭਾਰਤ ਦੀ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਜੇ.ਐਸ.ਵਰਮਾ ਦੀ ਅਗਵਾਈ ’ਚ 3 ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸਨੇ ਆਪਣੀਆਂ ਸਿਫਾਰਸ਼ਾਂ ਦਿੱਤੀਆਂ ਤੇ ਉਨ੍ਹਾਂ ’ਚੋਂ ਕੁਝ ਸਿਫਾਰਸ਼ਾਂ ਤੇ ਅਮਲ ਕਰਦਿਆਂ ਲੋੜੀਂਦੀਆਂ ਕਾਨੂੰਨੀ ਸੋਧਾਂ ਵੀ ਕੀਤੀਆਂ ਗਈਆਂ। ਪ੍ਰੰਤੂ ਇਸ ਦੇ ਬਾਵਜੂਦ ਵੀ ਨਿਰਭੈਆ ਅਤੇ ਉਸ ਵਰਗੀਆਂ ਲੱਖਾਂ ਬੇਟੀਆਂ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ 7 ਸਾਲ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਦੇ ਬਾਵਜੂਦ ਵੀ ਫਾਂਸੀ ਨਹੀਂ ਦਿੱਤੀ ਜਾ ਸਕੀ ਕਿਉਂਕਿ ਕਾਨੂੰਨੀ ਪ੍ਰਕਿਰਿਆ ਬਹੁਤ ਹੀ ਕੀੜੀ ਦਾ ਚਾਲ ਤੁਰਦੀ ਹੈ। 18 ਦਸੰਬਰ ਨੂੰ ਨਿਰਭੈਅ ਦੀ ਮਾਂ ਆਸ਼ਾ ਕੁਮਾਰੀ ਨੇ ਅੱਕ-ਪੱਕ ਕੇ ਦਿੱਲੀ ਦੀ ਅਦਾਲਤ ਨੂੰ ਪੁੱਛਿਆ ਕਿ ‘‘ਸਾਡੇ ਕੋਈ ਅਧਿਕਾਰ ਨਹੀਂ’’ ਸਿਰਫ ਬਲਾਤਕਾਰੀਆਂ ਦੇ ਹੀ ਅਧਿਕਾਰ ਹਨ। ਉਹ ਅਦਾਲਤ ਦੇ ਵਿਚ ਹੀ ਰੋੋਣ ਲੱਗ ਪਈ।
ਜੰਮੂ ਕਸ਼ਮੀਰ ਦੇ ਕਠੂਆ ’ਚ 8 ਸਾਲ ਦੀ ਬੱਚੀ ਦਾ ਸਮੂਹਿਕ ਬਲਾਤਕਾਰ ਕਰਨ ਉਪਰੰਤ ਕਤਲ ਕਰ ਦਿੱਤਾ ਗਿਆ। ਸਾਰੇ ਦੇਸ਼ ’ਚ ਗੁੱਸੇ ਦੀ ਲਹਿਰ ਦੌੜ ਗਈ ਤੇ ਰੋਸ ਮੁਜ਼ਾਹਰੇ, ਮੋਮਬੱਤੀ ਮਾਰਚ ਹੋਏ। ਬੀ.ਜੇ.ਪੀ. ਦੇ ਮੰਤਰੀ ਬਲਾਤਕਾਰੀਆਂ ਦੀ ਪਿੱਠ ’ਤੇ ਖੜ ਗਏ ਤੇ ਮੋਦੀ ਸਰਕਾਰ ਨੇ ਆਪਣੀ ਕਿਰਕਿਰੀ ਹੁੰਦੀ ਦੇਖ ਕੇ ਕਾਨੂੰਨ ’ਚ ਇੰਨੀ ਸੋਧ ਕਰ ਦਿੱਤੀ ਕਿ 12 ਸਾਲ ਤੋਂ ਛੋਟੀਆਂ ਬੱਚੀਆਂ ਦੇ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਤਾਂ ਵੀ ਅਦਾਲਤ ਨੇ ਬਲਾਤਕਾਰੀਆਂ ਨੂੰ ਸਿਰਫ ਉਮਰ ਕੈਦ ਦੀ ਸਜ਼ਾ ਹੀ ਦਿੱਤੀ ਹੈ। ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਸਿੰਘ, ਬਾਪੂ ਆਸਾ ਰਾਮ ਨੂੰ ਸਜ਼ਾ ਉਪਰੰਤ ਵੀ ਅਜਿਹੇ ‘ਧਾਰਮਿਕ ਗੁੁਰੂਆਂ’ ਵਲੋਂ ਆਪਣੇ ਕੁਕਰਮ ਬਾਦਸਤੂਰ ਜਾਰੀ ਹਨ। ਇਸ ਸੰਦਰਭ ’ਚ ਬੀ.ਜੇ.ਪੀ. ਦੇ ਸਾਬਕਾ ਐਮ.ਪੀ. ਸਵਾਮੀ ਚਿਨਮਿਆਨੰਦ ਦਾ ਕੇਸ ਬਿਲਕੁਲ ਹੀ ਨਿਰਾਲਾ ਹੈ। ਇਸ ਬਲਾਤਕਾਰੀ ਤੇ ਮਾਮਲਾ ਸੁਪਰੀਮ ਕੋਰਟ ਦੇ ਧਿਆਨ ’ਚ ਹੋਣ ਦੇ ਬਾਵਜੂਦ ਵੀ ਛੋਟੇ-ਮੋਟੇ ਕੇਸ ਹੀ ਦਰਜ ਕੀਤੇ ਗਏ ਹਨ, ਬਾਕਾਇਦਾ ਬਲਾਤਕਾਰ ਦੀ ਧਾਰਾ 376 ਨਹੀਂ ਲਗਾਈ ਗਈ ਜਦੋਂ ਕਿ ਪੀੜਤ ਲੜਕੀ ਵਿਰੁੱਧ ਕੇਸ ਦਰਜ ਕੀਤੇ ਗਏ ਹਨ ਅਤੇ ਉਹ ਕਈ ਮਹੀਨੇ ਜੇਲ੍ਹ ’ਚ ਰਹੀ ਹੈ। ਹੈਦਰਾਬਾਦ ਨੇੜੇ ਵੈਟਰਨਰੀ ਡਾਕਟਰ ਦੇ ਹੋਏ ਬਲਾਤਕਾਰ ਤੇ ਕਤਲ ਦੇ ਮਾਮਲੇ ’ਚ ਉਠੀ ਗੁੱਸੇ ਦੀ ਲਹਿਰ ਉਪਰੰਤ ਤਿਲੰਗਾਨਾ ਪੁਲਿਸ ਵਲੋਂ ਬਲਾਤਕਾਰੀਆਂ ਦਾ ਝੂਠਾ ਮੁਕਾਬਲਾ ਬਣਾ ਕੇ ਉਨ੍ਹਾਂ ਨੂੰੂ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬਹੁਤ ਸਾਰੇ ਲੋਕਾਂ ਵਲੋਂ ਇਸਦਾ ਸਵਾਗਤ ਕਰਦਿਆਂ ਇਸ ਨੂੰ ਬਲਾਤਕਾਰ ਦੀ ਸ਼ਿਕਾਰ ਲੜਕੀ ਨੂੰ ਇਨਸਾਫ ਮਿਲਣ ਦਾ ਦਾਅਵਾ ਕੀਤਾ ਗਿਆ ਕਿਉਂਕਿ ਸਾਡੀ ਕਾਨੂੰਨੀ ਪ੍ਰਕਿਰਿਆ ਇੰਨੀ ਸੁਸਤ, ਮਹਿੰਗੀ ਤੇ ਅਕਾਊ ਕਿਸਮ ਦੀ ਹੈ ਤੇ ਆਮ ਲੋਕਾਂ ਦਾ ਇਸਤੋਂ ਭਰੋਸਾ ਉਠਣਾ ਸੁਭਾਵਕ ਹੈ, ਪਰ ਅਜਿਹਾ ਤੁਰਤ ਫੁਰਤ ‘ਇਨਸਾਫ’ ਕੋਈ ਇਨਸਾਫ ਹੀ ਨਹੀਂ। ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ ਕਿ ਬੇਗੁਨਾਹਾਂ ਦੇ ਝੂਠੇ ਮੁਕਾਬਲੇ ਬਣਾਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਪੁਲਿਸ ਕੋਲ ਅਜਿਹੇ ਅਧਿਕਾਰਾਂ ਦਾ ਹੋਣਾ ਵੱਡੀ ਪੱਧਰ ’ਤੇ ਦੁਰਵਰਤੋਂ ਦੀਆਂ ਸੰਭਾਵਨਾਵਾਂ ਪੈਦਾ ਕਰਦਾ ਹੈ। ਕਾਨੂੰਨੀ ਪ੍ਰਕਿਰਿਆ ਸੌਖੀ, ਸਮਾਂਬੱਧ ਹੋਣੀ ਚਾਹੀਦੀ ਹੈ। ਬੀ.ਜੇ.ਪੀ. ਦੇ ਐਮ.ਐਲ.ਏ. ਕੁਲਦੀਪ ਸੇਂਗਰ ਵਲੋਂ ਨਾਬਾਲਗ ਲੜਕੀ ਨਾਲ ਕੀਤਾ ਗਿਆ ਬਲਾਤਕਾਰ ਸਾਰੇ ਹੱਦਾਂ ਬੰਨੇ ਤੋੜ ਗਿਆ। ਪੀੜਤ ਲੜਕੀ ਤੇ ਉਸਦੇ ਪਰਿਵਾਰ ’ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ। ਯੂ.ਪੀ. ਦੀ ਯੋਗੀ ਅਦਿਤਿਆਨੰਦ ਦੀ ਸਰਕਾਰ ਨੇ ਆਪਣੇ ਗੁੰਡੇ ਬਲਾਤਕਾਰੀ ਐਮ.ਐਲ.ਏ. ਦੀ ਪੂਰੀ ਪਿੱਠ ਠੋਕੀ। ਦੇਸ਼ ਪੱਧਰ ਦੇ ਜਬਰਦਸਤ ਲੋਕ ਦਬਾਅ ਅਧੀਨ ਬੇਹੱਦ ਨੁਕਸਾਨ ਹੋਣ ਉਪਰੰਤ ਹੁਣ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਨਾਓ ਦੀ ਹੀ ਇਕ ਹੋਰ ਲੜਕੀ ਸੀ ਜਿਸਦਾ ਪਿਛਲੇ ਸਾਲ ਬਲਾਤਕਾਰ ਕੀਤਾ ਗਿਆ ਸੀ। ਦੋਸ਼ੀ ਫੜੇ ਗਏ ਸਨ ਤੇ ਜਮਾਨਤ ’ਤੇ ਬਾਹਰ ਆਏ ਸਨ। ਉਸ ਲੜਕੀ ’ਤੇ ਉਦੋਂ ਤੇਲ ਪਾ ਕੇ ਅੱਗ ਲਾ ਦਿੱਤੀ ਗਈ ਜਦੋਂ ਉਹ ਅਦਾਲਤ ’ਚ ਪੇਸ਼ੀ ਲਈ ਜਾ ਰਹੀ ਸੀ ਤੇ ਉਹ ਵਿਚਾਰੀ ਅੱਗ ਲੱਗੀ ਸਮੇਤ ਇਕ ਕਿਲੋਮੀਟਰ ਦੌੜੀ। ਚਾਹੇ ਉਸਦੀ ਮੌਤ ਹਸਪਤਾਲ ’ਚ ਹੋ ਗਈ ਪਰ ਉਹ ਦੋਸ਼ੀਆਂ ਵਿਰੁੱਧ ਬਿਆਨ ਦੇ ਗਈ ਤੇ ਨਾਲ ਹੀ ਯੂ.ਪੀ. ਸਰਕਾਰ ’ਤੇ ਉਸਦੀ ਸੁਰੱਖਿਆ ਨਾ ਕਰਨ ਦਾ ਅਤੇ ਬਲਾਤਕਾਰੀਆਂ ਦੇ ਹੱਕ ’ਚ ਖੜ੍ਹਨ ਦਾ ਕਲੰਕ ਵੀ ਲਾ ਗਈ।
ਬਲਾਤਕਾਰ ਤੋਂ ਇਲਾਵਾ ਔਰਤਾਂ ’ਤੇ ਹੁੰਦੇ ਹੋਰ ਜ਼ੁਲਮ ਜਿਵੇਂ ਜਿਨਸੀ ਛੇੜਛਾੜ ਦੇ ਮਾਮਲੇ ਵੀ ਆਮ ਹਨ। ਸਾਡੇ ਪੰਜਾਬ ਦੇ ਫਰੀਦਕੋਟ ’ਚ ਇਕ ਡਾਕਟਰ ਨਾਲ ਹੋਏ ਅਜਿਹੇ ਮਾਮਲੇ ’ਚ ਵੱਡੇ ਧਰਨੇ ਮੁਜ਼ਾਹਰਿਆਂ ਉਪਰੰਤ ਵੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਉਲਟਾ ਪੀੜਤ ਡਾਕਟਰ ਅਤੇ ਉਸਦੇ ਹੱਕ ’ਚ ਨਿੱਤਰੇ ਲੋਕਾਂ ਨੂੰ ਹੀ ਪ੍ਰੇਸ਼ਾਨ ਕਰ ਰਹੇ ਹਨ। ਇਸੇ ਤਰ੍ਹਾਂ ਘਰੇਲੂ ਹਿੰਸਾ, ਦਾਜ ਵਗੈਰਾ ਦੇ ਕੇਸ ਸਾਲਾਂ ਬੱਧੀ ਕੋਰਟਾਂ ’ਚ ਪੀੜਤਾਂ ਦੀ ਹੋਰ ਵੀ ਖੱਜਲ ਖੁਆਰੀ ਕਰਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ 2012 ’ਚ ਨਿਰਭੈਆ ਕਾਂਡ ਵਿਰੁੱਧ ਉਠੇ ਲੋਕ ਰੋਹ ਉਪਰੰਤ ਚੁੱਕੇ ਗਏ ਕਦਮਾਂ ਉਪਰੰਤ ਅਤੇ ਕਠੂਆ ਕਾਂਡ ਤੋਂ ਬਾਅਦ ਦੇ ਜਨ ਉਭਾਰ ਉਪਰੰਤ ਸਰਕਾਰ ਵਲੋਂ 12 ਸਾਲ ਤੋਂ ਛੋਟੀਆਂ ਬੱਚੀਆਂ ਦੇ ਬਲਾਤਕਾਰੀਆਂ ਲਈ ਮੌਤ ਦੀ ਸਜ਼ਾ ਦਾ ਕਾਨੂੰਨੀ ਪ੍ਰਬੰਧ ਕਰਨ ਉਪਰੰਤ ਵੀ ਇਹ ਘਟਨਾਵਾਂ ਲਗਾਤਾਰ ਵੱਧ ਕਿਉਂ ਰਹੀਆਂ ਹਨ? ਇੰਟਰਨੈਟ ਸਾਈਟ ਸਕੂਪਵੂਪ ’ਤੇ ਮੀਨੂੰ ਕਟਾਰੀਆ ਵਲੋਂ ਅਖਬਾਰੀ ਖਬਰਾਂ ਦੇ ਲਿੰਕ ਦੇ ਕੇ ਸਿਰਫ 2019 ਦੀਆਂ 50 ਬਹੁਤ ਹੀ ਖ਼ੌਫਨਾਕ ਬਲਾਤਕਾਰ ਦੀਆਂ ਘਟਨਾਵਾਂ ਦੇ ਵੇਰਵੇ ਦਿੰਦਿਆਂ ਦੱਸਿਆ ਹੈ ਕਿ ਇਹ ਬੁਰਾਈ ਜੰਗਲ ਦੀ ਅੱਗ ਵਾਂਗ ਫੈਲਦੀ ਜਾ ਰਹੀ ਹੈ। ਇਨ੍ਹਾਂ ਘਟਨਾਵਾਂ ’ਚ ਅਲੀਗੜ੍ਹ ਦੀ 4 ਸਾਲਾਂ ਬੱਚੀ ਦੇ ਦਰਦਨਾਕ ਬਲਾਤਕਾਰ ਤੇ ਆਜਮਗੜ੍ਹ ’ਚ ਇਕ ਦਰਿੰਦੇ ਵਲੋਂ ਇਕੋ ਘਰ ’ਚ ਆਦਮੀ, ਉਸਦੇ ਛੋਟੇ ਬੱਚੇ ਦਾ ਕਤਲ ਅਤੇ ਪਹਿਲਾਂ ਜਿਉਂਦੀ ਔਰਤ ਨਾਲ ਤੇ ਫੇਰ ਉਸ ਨੂੰ ਮਾਰਨ ਉਪਰੰਤ ਵੀ ਉਸ ਨਾਲ ਬਲਾਤਕਾਰ ਕੀਤਾ ਗਿਆ। ਕਈ ਪੀੜਤ 3-4 ਸਾਲ ਦੀਆਂ ਬੱਚੀਆਂ ਹਨ। ਹੈਦਰਾਬਾਦ ’ਚ ਪੁਲਿਸ ਮੁਕਾਬਲੇ ’ਚ ਦੋਸ਼ੀਆਂ ਦੇ ਮਾਰੇ ਜਾਣ ਉਪਰੰਤ ਵੀ ਇਹ ਦਿਲ ਕੰਬਾਊ ਘਟਨਾਵਾਂ ਰੁਕੀਆਂ ਨਹੀਂ।
ਅਸੀਂ ਦੇਖਦੇ ਹਾਂ ਕਿ ਸਕੂਲ, ਕਾਲਜ, ਯੂਨੀਵਰਸਿਟੀਆਂ ਹਸਪਤਾਲ, ਰੇਲਵੇ ਸਟੇਸ਼ਨ, ਬਸ ਸਟੈਂਡ ਇਥੋਂ ਤੱਕ ਕਿ ਘਰ ਵੀ ਔਰਤਾਂ ਤੇ ਬੱਚੀਆਂ ਲਈ ਸੁਰੱਖਿਅਤ ਥਾਵਾਂ ਨਹੀਂ ਹਨ। ਇਨ੍ਹਾਂ ਵਾਰਦਾਤਾਂ ਪਿੱਛੇ ਔਰਤ ਵਿਰੋਧੀ ਮਨੂੰਵਾਦੀ ਵਿਚਾਰਧਾਰਾ ਦਾ ਬਹੁਤ ਵੱਡਾ ਹੱਥ ਹੈ। ਮਨੂੰ ਸਿਮਰਤੀ ਜਿਸਦੇ 12 ਚੈਪਟਰਾਂ ’ਚ ਕੁਲ 2690 ਸਲੋਕ ਹਨ, ਵਿਚ ਜਿੱਥੇ ਵਰਣ ਵਿਵਸਥਾ ਨੂੰ ਪੱਕਾ ਕੀਤਾ ਗਿਆ ਹੈ ਉਥੇ ਹੀ ਬਹੁਤ ਕੁਝ ਔਰਤ ਵਿਰੋਧੀ ਵੀ ਹੈ। ਸਿ੍ਰਸ਼ਟੀ ਗੋਸਵਾਮੀ ਨੇ ਆਪਣੇ ਇਕ ਲੇਖ ‘ਜਾਤਪਾਤ’ ਸੈਕਸਿਜ਼ਮ, ਪਿੱਤਰਸੱਤਾ ਅਤੇ ਔਰਤਾਂ ਦਾ ਸਸ਼ਕਤੀਕਰਨ’ ਲਿਖਿਆ ਹੈ। ਉਹ ਲਿਖਦੇ ਹਨ-‘‘ਚਾਹੇ ਸ਼ਰਾਬ ਦੀ ਬੋਤਲ ਤੇ ਲਿਖੀ ਚੇਤਾਵਨੀ ਵਾਂਗ ਕਿ ਪੀਣੀ ਸਿਹਤ ਲਈ ਹਾਨੀਕਾਰਕ ਹੈ, ਮਨੂੰ ਨੇ ਔਰਤਾਂ ਬਾਰੇ ਸਿਰਫ ਇਕ ਲਾਈਨ ਚੰਗੀ ਲਿਖ ਦਿੱਤੀ। ‘ਧੜ ਨਾਰੀ ਮਾਸ ਤੋਂ ਪੂਜਿ ਅੰਤੇ, ਅੰਤੇਥ ਤੜ੍ਹ ਦੇਵਤਾ’ ਜਿੱਥੇ ਔਰਤਾਂ ਦਾ ਸਨਮਾਨ ਹੁੰਦਾ ਹੈ, ਉਥੇ ਦੇਵਤੇ ਨਿਵਾਸ ਕਰਦੇ ਹਨ। ਮਨੂੰਵਾਦੀ ਸਿਰਫ਼ ਇਸ ਲਾਈਨ ਸਦਕਾ ਉਸਦੇ ਔਰਤਾਂ ਵਿਰੁੱਧ ਕੀਤੇ ਬਕਵਾਸ ਵਿਰੁੱਧ ਬਚਾਅ ਕਰਦੇ ਹਨ। ਬਾਕੀ ਮਨੂੰ ਨੇ ਢੇਰਾਂ ਦੇ ਢੇਰ ਸ਼ਲੋਕ ਔਰਤਾਂ ਵਿਰੁੱਧ ਲਿਖੇ ਹਨ। ਜਿਨ੍ਹਾਂ ’ਚੋਂ ਸਿਰਫ ਕੁੱੱਝ ਕੁ ਦਾ ਅਰਥ ਹੀ ਇੱਥੇ ਦਿੱਤਾ ਜਾ ਰਿਹਾ। ਉਹ ਬਕਵਾਸ ਕਰਦਾ ਹੈ ਕਿ ‘ਔਰਤਾਂ ਆਪਣੇ ਸੁਭਾਅ ਅਨੁਸਾਰ ਮਰਦਾਂ ਨੂੰ ਭਟਕਾਅ ਸਕਦੀਆਂ ਹਨ ਨਾ ਸਿਰਫ ਮੂਰਖਾਂ ਨੂੰ ਹੀ ਬਲਕਿ ਸਿਆਣੇ ਤੇ ਪੜ੍ਹੇ ਲਿਖਿਆਂ ਨੂੰ ਵੀ।’ ਇਸੇ ਆਧਾਰ ’ਤੇ ਹੀ ਬਹੁਤ ਵੱਡੇ-ਵੱਡੇ ਨੇਤਾ ਬਲਾਤਕਾਰ ਪੀੜਤ ਦੀ ਬਜਾਏ, ਉਸਤੇ ਹੋਏ ਜ਼ੁਲਮ ਦਾ ਖੁਦ ਨੂੰ ਹੀ ਕਾਰਨ ਦੱਸ ਕੇ ਬੇਹੂਦਾ ਬਿਆਨ ਦਾਗਦੇ ਹਨ ਤੇ ਇਨ੍ਹਾਂ ਵਿਚ ਆਰ.ਐਸ.ਐਸ. ਨਾਲ ਸੰਬੰਧਤ ਨੇਤਾ ਜ਼ਿਆਦਾ ਗਿਣਤੀ ’ਚ ਹੁੰਦੇ ਹਨ।’’
ਇਕ ਹੋਰ ਥਾਂ ਮਨੂੰ ਲਿਖਦਾ ਹੈ ਕਿ ‘‘ਸ਼ਰਾਬ ਉਪਰੰਤ ਬ੍ਰਾਹਮਣ ਨੂੰ ਪਰੋਸੇ ਗਏ ਖਾਣੇ ਨੂੰ ਕਿਸੇ ਵੀ ਚੰਡਾਲ ਜਿਵੇਂ ਸੂਰ, ਮੁਰਗਾ, ਕੁੱਤੇ ਜਾਂ ਮਾਂਹਵਾਰੀ ਵਾਲੀ ਔਰਤ ਨੇ ਨਾ ਦੇਖਿਆ ਹੋਵੇ।’’ ਦੂਰ ਫਿਟੇ ਮੂੰਹ ਅਜਿਹੇ ਮਨੂੰ ਦੇ ਜੋ ਇਸ ਧਰਤੀ ਦੀ ਉਤਮ ਰਚਨਾ ਦੇ ਰੂਪ ’ਚ ਬੱਚੇ ਨੂੰ ਜਨਮ ਦੇਣ ਵਾਲੀ ਮਾਂਹਵਾਰੀ ਵਾਲੀ ਔਰਤ ਨੂੰ ਕੁੱਤੇ ਤੇ ਸੂਰਾਂ ਵਰਗੀ ਚੰਡਾਲ ਗਰਦਾਨਦਾ ਹੈ। ਇਸੇ ਤਰ੍ਹਾਂ ਕਿੰਨੀਆਂ ਹੀ ਕਿਸਮ ਦੀਆਂ ਔਰਤਾਂ ਨੂੰ ਜਿਵੇਂ ਵਿਧਵਾ, ਜਨਮ ਦੇਣ ਉਪਰੰਤ ਮਾਵਾਂ ਆਦਿ ਨੂੰ ਬੇਸ਼ਗਨੀਆਂ ਗਰਦਾਨਿਆ ਗਿਆ ਹੈ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ‘ਭੰਡਿ ਜੰਮੀਐ’ ਆਦਿ ਸ਼ਲੋਕਾਂ ਨਾਲ ਇਸਦਾ ਖੰਡਨ ਕੀਤਾ ਹੈ। ਪਰ ਤਾਂ ਵੀ ਇਹ ਕੁਲਹਿਣੀਆਂ ਰਸਮਾਂ ਸਮਾਜ ’ਚ ਬਾਦਸਤੂਰ ਜਾਰੀ ਹਨ। ਇਸੇ ਤਰ੍ਹਾਂ ਮਨੂੰ ਨੇ ਨਿਰਦੇਸ਼ ਦਿੱਤਾ ਹੈ ਕਿ ਚਾਹੇ ਛੋਟੀ ਬੱਚੀ ਹੋਵੇ, ਨੌਜਵਾਨ ਮੁਟਿਆਰ ਹੋਵੇ ਤੇ ਚਾਹੇ ਬੁੱਢੀ ਔਰਤ ਹੋਵੇ, ਕੋਈ ਵੀ ਆਜ਼ਾਦਾਨਾ ਤੌਰ ’ਤੇ ਇੱਥੋਂ ਤੱਕ ਕਿ ਆਪਣੇ ਘਰ ਵਿਚ ਵੀ ਕੋਈ ਕਾਰੋਬਾਰ ਨਾ ਕਰੇ, ਅਜਿਹਾ ਕਰਨ ਵਾਲੀ ਔਰਤ ਨੂੰ ਤਿ੍ਰਸਕਾਰ ਦੀ ਭਾਵਨਾ ਨਾਲ ਦੇਖਿਆ ਜਾਂਦਾ ਰਿਹਾ ਹੈ। ਮਨੂੰ ਤਾਂ ਇਹ ਵੀ ਕਹਿੰਦਾ ਹੈ ਕਿ ਲੜਕੀ ਪਹਿਲਾਂ ਪਿਤਾ ਦੀ, ਵਿਆਹ ਉਪਰੰਤ ਪਤੀ ਦੀ ਤੇ ਵਿਧਵਾ ਹੋਣ ’ਤੇ ਪੁੱਤਰ ਦੀ ਨਿਗਰਾਨੀ ਹੇਠ ਰਹੇ। ਲੱਗਦਾ ਹੈ ਕਿ ਉਹ ਕੋਈ ਇਨਸਾਨ ਨਾ ਹੋ ਕੇ ਕੋਈ ਵਸਤੂ ਹੋਵੇ ਜਿਸਦੀ ਨੁਮਾਇਸ਼ ਵੀ ਲਗਾਈ ਜਾ ਸਕਦੀ ਹੈ। ਉਹ ਹੋਰ ਬਕਵਾਸ ਕਰਦਾ ਲਿਖਦਾ ਹੈ ਕਿ ਔਰਤਾਂ ਨੂੰ ਲਗਾਤਾਰ ਆਪਣੇ ਪਤੀਆਂ ਦੀ ਸੇਵਾ ਤੇ ਪੂਜਾ ਕਰਦੇ ਰਹਿਣਾ ਚਾਹੀਦਾ ਹੈ, ਭਾਵੇਂ ਪਤੀਆਂ ’ਚ ਕੋਈ ਵੀ ਗੁਣ ਨਾ ਹੋਵੇ, ਚਾਹੇ ਉਹ ਇੱਧਰ ਉਧਰ ਮੂੰਹ ਮਾਰਦੇ ਫਿਰਦੇ ਤੇ ਗੈਰ ਇਖਲਾਕੀ ਹੋਣ।’’
ਮਨੂੰਵਾਦ ਦੀ ਸਭ ਤੋਂ ਵੱਡੀ ਝੰਡਾ ਬਰਦਾਰ ਜਥੇਬੰਦੀ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਨੇ ਪਿਛੇ ਜਿਹੇ ਬਿਆਨ ਦਾਗਿਆ ਕਿ ‘‘ਔਰਤਾਂ ਦਾ ਕੰਮ ਸਿਰਫ ਘਰੇਲੂ ਕੰਮ ਧੰਦੇ ਕਰਨਾ ਹੀ ਹੈ ਤੇ ਮਰਦਾਂ ਦਾ ਕੰਮ ਉਨ੍ਹਾਂ ਨੂੰ ਸੁਰੱਖਿਆ ਦੇਣਾ ਹੈ। ਉਹ ਹੋਰ ਵੀ ਕਹਿੰਦਾ ਹੈ ਕਿ ਪੇਂਡੂ ਔਰਤਾਂ ਨਾਲ ਕੋਈ ਅਜਿਹਾ ਕੁੱਝ ਨਹੀਂ ਹੁੰਦਾ।’’ ਜਦਕਿ ਬਹੁਤੇ ਗੁਨਾਹ ਘਰਾਂ ਅੰਦਰ ਹੀ ਹੁੰਦੇ ਹਨ ਤੇ 2-4 ਸਾਲ ਦੀਆਂ ਬੱਚੀਆਂ ’ਤੇ ਹੁੰਦੇ ਜ਼ੁਲਮਾਂ ਦਾ ਭਗਵਤ ਕੋਲ ਕੀ ਜਵਾਬ ਹੈ? ਹੋਰ ਸੁਣੋ ਜੋ ਔਰਤਾਂ 8 ਸਾਲ ਬਾਅਦ ਬੱਚਾ ਪੈਦਾ ਨਾ ਕਰਨ ਜਾਂ ਜਿਸਦੇ ਬੱਚੇ ਮਰਦੇ ਹੋਣ ਉਸ ਨੂੰ 10 ਸਾਲ ਬਾਅਦ ਜਾਂ ਉਹ ਔਰਤਾਂ ਜੋ ਸਿਰਫ ਕੁੜੀਆਂ ਹੀ ਪੈਦਾ ਕਰਦੀਆਂ ਹੋਣ ਉਨ੍ਹਾਂ ਨੂੰ ਵਿਆਹ ਤੋਂ 11 ਸਾਲ ਬਾਅਦ ਛੱਡ ਦਿੱਤਾ ਜਾਣਾ ਚਾਹੀਦਾ ਹੈ। ਹੋਰ ਫਰਮਾਨ ਹੈ ਕਿ ਜੇਕਰ ਧਾਰਮਿਕ ਰਸਮਾਂ ਨਿਭਾਉਣ ’ਚ ਦਿੱਕਤ ਆਵੇ ਤਾਂ 24 ਤੋਂ 30 ਸਾਲ ਦੇ ਮਰਦ 8 ਤੋਂ 12 ਸਾਲ ਦੀਆਂ ਕੁੜੀਆਂ ਨਾਲ ਵਿਆਹ ਕਰਵਾਉਣ। ਅਜਿਹੀਆਂ ਹੀ ਹੋਰ ਕਿੰਨੀਆਂ ਬੇਹੁਦਾ ਗੱਲਾਂ ਜੋ ਸਾਡਾ ਸਮਾਜ ਰੀਤੀ ਰਿਵਾਜਾਂ ਰਾਹੀਂ ਮੰਨਦਾ ਆ ਰਿਹਾ ਹੈ ਤੇ ਬੀਜੇਪੀ ਦੀ ਮੋਦੀ ਸਰਕਾਰ ਜੋ ਹਿੰਦੂ ਰਾਸ਼ਟਰ ਬਨਾਉਣ ਲਈ ਉਤਾਰੂ ਹੈ, ਉਹ ਮਨੂੰਵਾਦ ਨੂੰ ਦੇਸ਼ ਦਾ ਸੰਵਿਧਾਨ ਬਨਾਉਣਾ ਚਾਹੁੰਦੀ ਹੈ ਜਿਥੇ ਭਰੀ ਪੰਚਾਇਤ ’ਚ ਦਰੋਪਦੀ ਵਾਂਗ ਉਸਦੇ ਕੱਪੜੇ ਉਤਾਰਨ ਤੋਂ ਕੋਈ ਨਹੀਂ ਰੋਕਦਾ। ਸਾਡੀ ਮਾਨਸਿਕਤਾ ਵਿਚ ਬੱਚੀਆਂ ਤੇ ਔਰਤਾਂ ਬਾਰੇ ਇਹ ਵਿਚਾਰ ਚਾਹੇ ਬਹੁਤ ਸਮੇਂ ਤੋਂ ਹਨ ਪਰ 2014 ਤੋਂ ਮੋਦੀ ਸਰਕਾਰ ਦੇ ਬਨਣ ਉਪਰੰਤ ਔਰਤ ਵਿਰੋਧੀ ਮਾਨਸਿਕਤਾ ਨੂੰ ਬਲ ਮਿਲਿਆ ਹੈ।
ਸੰਘ ਦਾ ਇਕ ਹੋਰ ਚਹੇਤਾ ਹੈ ਜਿਸਦੀ ਵੀਰਤਾ ਤਾਂ ਸਿਰਫ ਐਨੀ ਹੈ ਕਿ ਉਹ ਅੰਗਰੇਜ਼ਾਂ ਤੋਂ ਮਾਫੀ ਮੰਗ ਕੇ ਜੇਲ੍ਹ ’ਚੋਂ ਬਾਹਰ ਆਇਆ ਤੇ ਭਾਰਤ ਵਿਚ ਹਿੰਦੂ ਤੇ ਮੁਸਲਿਮ ਦੋ ਕੌਮਾਂ ਦਾ ਸਿਧਾਂਤ ਉਸਨੇ ਸਭ ਤੋਂ ਪਹਿਲਾਂ 1923 ’ਚ ਦਿੱਤਾ ਅਤੇ ਜਿਸ ਆਧਾਰ ’ਤੇ ਭਾਰਤ ਦੀ ਵੰਡ ਹੋਈ, ਉਸਦਾ ਨਾਮ ਵੀਰ ਦਾਮੋਦਰ ਸ਼ਾਵਰਕਰ ਹੈ, ਉਸਨੇ 1966 ’ਚ ਆਪਣੀ ਮੌਤ ਤੋਂ ਪਹਿਲਾਂ ਇਕ ਕਿਤਾਬ ਲਿਖੀ ਹੈ ਜਿਸ ਦਾ ਨਾਂਅ ਹੈ ‘‘ਭਾਰਤੀ ਇਤਿਹਾਸ ਦੇ ਛੇ ਸੁਨਹਿਰੇ ਯੁੱਗ।’’ ਇਸ ਕਿਤਾਬ ’ਚ ਮਰਾਠਿਆਂ ਦੇ ਨਾਇਕ ਸ਼ਿਵਾਜੀ ਮਹਾਰਾਜ, ਜਿਸਨੇ ਜਾਤਪਾਤ ’ਤੇ ਆਧਾਰਤ ਵਿਤਕਰੇ ਤੋਂ ਉਪਰ ਉਠ ਕੇ ਦੱਬੇ ਕੁਚਲੇ ਲੋਕਾਂ ਨੂੰ ਨਾਲ ਲੈ ਕੇ ਰਾਜ ਕੀਤਾ ਤੇ ਆਪਣੇ ਇਕ ਜਰਨੈਲ ਨੂੰ ਸਿਰਫ ਇਸ ਲਈ ਬਰਤਰਫ ਕਰ ਦਿੱਤਾ ਕਿ ਉਸਨੇ ਕਿਲੇ ਦੀ ਰਾਖੀ ਕਰਦੀ ਮੁਸਲਿਮ ਔਰਤ ਦੀ ਬੇਇੱਜ਼ਤੀ ਕੀਤੀ ਸੀ ਅਤੇ ਕਲਿਆਣ ਦੇ ਮੁਸਲਿਮ ਗਵਰਨਰ ਦੀ ਅਤੀ ਸੁੰਦਰ ਨੂੰਹ ਨੂੰ ਆਪਣੀ ਮਾਂ ਵਰਗੀ ਸੋਹਣੀ ਦੱਸ ਕੇ ਉਸਨੂੰ ਵਾਪਸ ਭੇਜ ਦਿੱਤਾ ਸੀ। ਹਿੰਦੂਤਵ ਦਾ ਇਹ ਜ਼ਹਿਰੀਲਾ ਸੱਪ ਸਾਵਰਕਰ ਉਸ ਸ਼ਿਵਾਜੀ ਦੀ ਇੰਨ੍ਹਾ ਗੱਲਾਂ ਕਰਕੇ ਆਲੋਚਨਾ ਕਰਦਾ ਲਿਖਦਾ ਹੈ ਕਿ ਅਜਿਹੇ ਬਲਾਤਕਾਰ ਨੂੰ ਇਕ ਰਾਜਸੀ ਹਥਿਆਰ ਵਜੋਂ ਵਰਤਣਾ ਚਾਹੀਦਾ ਹੈ। ਸ਼ਾਇਦ ਕਠੂਆ ਕਾਂਡ ਉਪਰੰਤ ਸੰਘ-ਬੀਜੇਪੀ ਦਾ ਵਰਤਾਉ ਸਾਵਰਕਰ ਦੇ ਇਸ ਹਥਿਆਰ ਨਾਲ ਮੇਲ ਖਾਂਦਾ ਹੈ।
ਅਜਿਹੇ ਸਮੇਂ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਔਰਤਾਂ ਨੂੰ ਕੋਈ ਭੋਗ ਵਿਲਾਸ ਦੀ ਵਸਤ ਨਾ ਸਮਝ ਕੇ ਕੋਈ ਸਾਹ-ਸਤਹੀਣ ਅਬਲਾ ਨਾਰੀ ਨਾ ਸਮਝ, ਸਮਾਜ ਦੀ ਮਰਦ ਬਰਾਬਰ ਹਿੱਸਾ ਸਮਝ ਕੇ ਚੱਲਿਆ ਜਾਵੇ। ਔਰਤਾਂ ਦਾ ਹਰ ਖੇਤਰ ’ਚ ਅੱਗੇ ਆਉਣਾ ਲਾਜ਼ਮੀ ਹੈ ਤੇ ਹੁਣ ਤੱਕ ਅਸੀਂ ਸਿਰਫ ਛੋਟੀਆਂ ਧੀਆਂ ਨੂੰ ਜਿੰਮੇਵਾਰੀ ਦੇ ਪਾਠ ਪੜ੍ਹਾਏ ਹਨ। ਹੁਣ ਆਪਣੇ ਪਿਆਰੇ ਪੁੱਤਰਾਂ ਨੂੰ ਵੀ ਇਹ ਪਾਠ ਪੜ੍ਹਾਈਏ ਤੇ ਵਿਗਿਆਨਕ ਸੋਚ ਅਪਣਾਉਂਦੇ ਹੋਏ ਬਲਾਤਕਾਰੀ ਬਾਬਿਆਂ ਤੋਂ ਖਹਿੜਾ ਛੁਡਾਈਏ ਤੇ ਰਾਜਨੀਤਕ ਬਲਾਤਕਾਰੀਆਂ ਵਿਰੁੱਧ ਸਮਾਜਿਕ ਰਾਜਨੀਤਕ ਮੁਹਿੰਮ ਚਲਾਈਏ ਤੇ ਸੋਹਣਾ ਸਮਾਜ ਸਿਰਜਣ ਦੇ ਰਾਹ ਪਈਏ। ਆਓ ਕੁੱਝ ਕੁ ਹੌਸਲਾ ਵਧਾਊ ਕਥਨ ਦੇਖੀਏ :
ਸਮਾਜ ਨੂੰ ਸਭ ਤੋਂ ਤੇਜ਼ੀ ਨਾਲ ਬਦਲਣ ਲਈ, ਆਓ ਔਰਤਾਂ ਨੂੰ ਸਰਗਰਮ ਕਰੀਏ-ਚਾਰਲਸ
ਜਦੋਂ ਤੱਕ ਔਰਤਾਂ ਨੂੰ ਹਰ ਤਰ੍ਹਾਂ ਦੇ ਦਾਬੇ ਤੋਂ ਮੁਕਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਪੂਰੀ ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦੀਆਂ-ਨੈਲਸਨ ਮੰਡੇਲਾ
ਮੈਡਲੀਨ ਐਲਬਰਾਈਟ ਔਰਤਾਂ ਨੂੰ ਇਕ ਦੂਜੇ ਮਦਦ ਦਾ ਹੋਕਾ ਦਿੰਦਿਆਂ ਕਹਿੰਦੀ ਹੈ ਕਿ ‘ਨਰਕ’ ’ਚ ਉਨ੍ਹਾਂ ਔਰਤਾਂ ਲਈ ਖਾਸ ਜਗਾਹ ਹੈ, ਜੋ ਦੂਜੀਆਂ ਔਰਤਾਂ ਦੀ ਮਦਦ ਨਹੀਂ ਕਰਦੀਆਂ।
ਆਓ ਔਰਤਾਂ ਦੀ ਸ਼ਕਤੀਸ਼ਾਲੀ ਲਹਿਰ ਉਸਾਰੀਏ ਤਾਂ ਕਿ ਔਰਤਾਂ ਅਬਲਾ ਤੋਂ ਸਬਲਾ ਤੱਕ ਦਾ ਸਫਰ ਤਹਿ ਕਰ ਸਕਣ ਤੇ ਸਮੁੱਚੀ ਜਮਹੂਰੀ ਲਹਿਰ ਇਸ ਦੇ ਸਮਰਥਨ ’ਚ ਖਲੋਵੇ।

Scroll To Top