
ਕਾਹਨੂੰਵਾਨ- ਜਨਵਾਦੀ ਇਸਤਰੀ ਸਭਾ ਪੰਜਾਬ ਦੀ ਮੀਟਿੰਗ ਭੈਣੀ ਮੀਆਂ ਖਾਂ ਵਿੱਚ ਹੋਈ, ਜਿਸ ਦੀ ਪ੍ਰਧਾਨਗੀ ਸੂਬਾ ਜਨਰਲ ਸਕੱਤਰ ਨੀਲਮ ਘੁਮਾਣ ਨੇ ਕੀਤੀ। ਇਸ ਮੀਟਿੰਗ ਵਿੱਚ ਹਾਜ਼ਰ ਔਰਤਾਂ ਤੇ ਮਜ਼ਦੂਰ ਵਰਗ ਨੇ ਪੰਜਾਬ ਸਰਕਾਰ ਖ਼ਿਲਾਫ਼ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਉਂਦਿਆ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਔਰਤਾਂ ਤੇ ਗ਼ਰੀਬ ਵਰਗ ਨੂੰ ਦਰਪੇਸ਼ ਮੁਸ਼ਕਲਾਂ ਦਾ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ। ਬੀਬੀ ਨੀਲਮ ਘੁਮਾਣ ਨੇ ਕਿਹਾ ਕਿ ਔਰਤਾਂ ਉੱਪਰ ਸਮਾਜਕ ਜਬਰ ਜਾਰੀ ਹੈ। ਦਲਿਤ ਔਰਤਾਂ ’ਤੇ ਜ਼ੁਲਮ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਗਾਂ ਨੂੰ ਇਨਸਾਫ਼ ਦਿਵਾਉਣ ਲਈ ਉਹ ਸੂਬਾ ਪੱਧਰ ’ਤੇ ਔਰਤਾਂ ਤੇ ਦਲਿਤਾਂ ਨੂੰ ਲਾਮਬੰਦ ਕਰਨਗੇ। ਹੋਰ ਭਰਾਤਰੀ ਜਥੇਬੰਦੀਆਂ ਨੂੰ ਵੀ ਨਾਲ ਲਿਆ ਜਾਵੇਗਾ। ਕੌਮਾਂਤਰੀ ਇਸਤਰੀ ਦਿਵਸ ’ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਮੌਕੇ ਕਾਮਰੇਡ ਗੁਰਦਿਆਲ ਸਿੰਘ, ਜੋਹਨ ਮਸੀਹ, ਰਾਜਨ ਸਹੋਤਰਾ, ਵਿਲੀਅਮ, ਹਜੂਰ, ਜੀਤਾ, ਮੋਨੂੰ, ਮੀਨੂੰ, ਪਰਮਜੀਤ, ਬਿੰਦੂ ਦਰਸ਼ਨਾ, ਰੀਟਾ, ਸੋਨੀਆਂ ਨੇ ਸੰਬੋਧਨ ਕੀਤਾ। ਔਰਤਾਂ ਨੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ।