ਨਾਮ ਨਿਹਾਦ ਹਿੰਦੂ ਰਾਸ਼ਟਰ ਦੇ ਕਰੂਪ ਨਮੂਨੇ ਭਾਰਤ ਵਿੱਚ ਆਰਥਕ ਨਾਬਰਾਬਰੀ ਦੇ ਖਾਤਮੇ ਲਈ ਜੂਝ ਰਹੇ ਜਮਹੂਰੀ ਅਤੇ ਪ੍ਰਗਤੀਵਾਦੀ ਅੰਦੋਲਨ ਸਨਮੁੱਖ ਲਿੰਗ ਅਧਾਰਿਤ ਵਿਤਕਰੇ ਅਤੇ ਜਬਰ ਤੋਂ ਇਸਤਰੀ ਜਾਤੀ ਦੀ ਮੁਕਤੀ ਦਾ ਕਾਰਜ ਵੀ ਇੱਕ ਵੱਡੀ ਚੁਣੌਤੀ ਹੈ। ਪਰ ਦੇਸ਼ ਵਿੱਚ ਐਸੀਆਂ ਤਾਕਤਾਂ ਵੀ ਕਾਰਜਸ਼ੀਲ ਹਨ ਜੋ ਪਿੱਤਰਸੱਤਾ ਦਾ ਨਿਜ਼ਾਮ ਹਰ ਹੀਲੇ ਕਾਇਮ ਰੱਖਣਾ ਚਾਹੁੰਦੀਆਂ ਹਨ। ਇਨ੍ਹਾਂ ਤਾਕਤਾਂ ਦਾ ਸਰਗਨਾ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐਸਐਸ) ਹੈ। ਪਿਛਲੇ ਕੁੱਝ ਕੁ ਦਿਨਾਂ ਵਿੱਚ ਵਾਪਰੀਆਂ ਕਈ ਘਟਨਾਵਾਂ ਸਾਡੇ ਦਾਅਵੇ ਦੀ ਪੁਸ਼ਟੀ ਕਰਨ ਲਈ ਕਾਫੀ ਹਨ।
ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਨਾਲ ਜੁੜੇ ਹਿੰਦੂਤਵੀ ਸੰਗਠਨਾਂ ਦੇ ਖਰੂਦੀ ਕਾਰਕੁੰਨਾਂ ਵਲੋਂ, ਦਿੱਲੀ ਯੂਨੀਵਰਸਿਟੀ ਨਾਲ ਸਬੰਧਤ, ਨਵੀਂ ਦਿੱਲੀ ਸਥਿਤ ਗਾਰਗੀ ਕਾਲਜ ਦੀਆਂ ਵਿਦਿਆਰਥਣਾਂ ਅਤੇ ਇਸਤਰੀ ਅਧਿਆਪਕਾਵਾਂ ਨਾਲ, ਲੰਘੀ 6 ਫਰਵਰੀ ਨੂੰ ਕੀਤੀ ਗਈ ਬੁਰਛਾਗਰਦੀ ਸਮਾਜ-ਕੌਮ ਲਈ ਡਾਢੀ ਫਿਕਰਮੰਦੀ ਦਾ ਵਿਸ਼ਾ ਹੈ। ਇਨ੍ਹਾਂ ਬਦਇਖਲਾਕ ਗੁੰਡਿਆਂ ਨੇ ਕਾਲਜ ਦੇ ਸਾਲਾਨਾ ਸਭਿਆਚਾਰਕ ਸਮਾਗਮ (ਯੂਥ ਫੈਸਟੀਵਲ) ਦੇ ਆਖਰੀ ਦਿਨ, ਬਿਨਾਂ ਇਜਾਜ਼ਤ ਤੋਂ ਕਾਲਜ ਵਿੱਚ ਦਾਖਲ ਹੋ ਕੇ ਵਿਦਿਆਰਥਣਾਂ ਅਤੇ ਪ੍ਰੋਫੈਸਰਾਂ ਨਾਲ ਸਿਰੇ ਦੀਆਂ ਮਰਿਆਦਾ ਰਹਿਤ ਤੇ ਅਸ਼ਲੀਲ ਹਰਕਤਾਂ ਕੀਤੀਆਂ। ਇਹ ਸਮਾਜ ਵਿਰੋਧੀ, ਅਰਾਜਕਤਾਵਾਦੀ ਅਨਸਰ ਘਟੀਆਪਨ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਨਾਲੋ-ਨਾਲ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਾ ਰਹੇ ਸਨ। ਮੌਕੇ ’ਤੇ ਮੌਜੂਦ ਲੋਕਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਗੁੰਡਾਨੁਮਾ ਕਾਰਕੁੰਨ ਆਪਣੀ ਇਸ ‘ਰਾਸ਼ਟਰਵਾਦੀ ਸਰਗਰਮੀ’ ਤੋਂ ਪਹਿਲਾਂ, ਸ਼ਹਿਰ ਵਿੱਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਪੱਖ ਵਿੱਚ ਹੋਏ ਇੱਕ ‘ਸਰਕਾਰੀ ਪ੍ਰਦਰਸ਼ਨ’ ’ਚ ਸ਼ਾਮਲ ਹੋ ਕੇ ਆਏ ਸਨ ਅਤੇ ਨਸ਼ੇ ਦੀ ਹਾਲਤ ਵਿੱਚ ਸਨ।
ਇਨ੍ਹਾਂ ਦੇ ਅਸੱਭਿਅਕ ਵਿਹਾਰ ਅਤੇ ਜ਼ਿਆਦਤੀਆਂ ਦੀਆਂ ਸ਼ਿਕਾਰ ਧੀਆਂ ਅਤੇ ਮਹਿਲਾ ਪ੍ਰੋਫੈਸਰ ਇਸ ਘਟਨਾ ਤੋਂ ਇਸ ਕਦਰ ਖੌਫ ਅਤੇ ਸਦਮੇ ਵਿੱਚ ਸਨ ਕਿ ਕਈ ਦਿਨ ਇਹ ਗੱਲ ਦੇਸ਼ਵਾਸੀਆਂ ਨੂੰ ਪਤਾ ਹੀ ਨਹੀਂ ਲੱਗੀ। 9 ਫਰਵਰੀ ਨੂੰ ਪੀੜਤਾਂ ਦੇ ਇੱਕ ਗਰੁੱਪ ਨੇ ਹਿੰਮਤ ਜੁਟਾ ਕੇ ਆਪਣੇ ਨਾਲ ਹੋਈ-ਬੀਤੀ ਦੇ ਵੇਰਵੇ, ਗ਼ਮ ਅਤੇ ਗੁੱਸੇ ਦੀਆਂ ਮਿਲੀਆਂ-ਜੁਲੀਆਂ ਭਾਵਨਾਵਾਂ ਸਹਿਤ ਇੰਸਟਗਰਾਮ, ਵਹਾਟਸ ਐਪ ਆਦਿ ਸੋਸ਼ਲ ਸਾਈਟਸ ’ਤੇ ਅਤੇ ਅਖਬਾਰੀ ਤੇ ਬਿਜਲਈ ਮੀਡੀਆ ਸਾਹਮਣੇ ਬਿਆਨ ਕੀਤੇ ।
ਇਨ੍ਹਾਂ ਹੌਲਨਾਕ ਅਤੇ ਨਿਰਲੱਜ ਵੇਰਵਿਆਂ ਨੂੰ ਹੂਬਹੂ ਲਿਖਣਾ ਸਾਡੇ ਲਈ ਨਾ ਸੰਭਵ ਹੈ ਅਤੇ ਨਾ ਹੀ ਵਾਜਬ। ਮੋਦੀ ਸਰਕਾਰ, ਭਾਜਪਾ ਦੀਆਂ ਪ੍ਰਾਂਤਕ ਸਰਕਾਰਾਂ ਅਤੇ ਸੰਘ- ਭਾਜਪਾ ਦੇ ਥਾਪੜੇ ਤੇ ਪੁਸ਼ਤ ਪਨਾਹੀ ਸਦਕਾ ਇਨ੍ਹਾਂ ਨਾਮ ਨਿਹਾਦ ਰਾਸ਼ਟਰਵਾਦੀਆਂ ਨੂੰ ਇਨ੍ਹੀਂ ਦਿਨੀਂ ਪੁਲਸ-ਕਾਨੂੰਨ ਆਦਿ ਦਾ ਕੋਈ ਡਰ-ਖੌਫ਼ ਨਹੀਂ। ਇਨ੍ਹਾਂ ਗੁਨਾਹਗਾਰਾਂ ਨੂੰ ਵਿਦਿਆਰਥਣਾਂ ਦੇ ਸੰਘਰਸ਼ ਨੂੰ ਦੇਖਦਿਆਂ ਗਿ੍ਰਫਤਾਰ ਤਾਂ ਕਰ ਲਿਆ ਗਿਆ ਪਰ ਤੁਰਤ-ਫੁਰਤ ਇਹ ਜਮਾਨਤਾਂ ਕਰਵਾ ਕੇ ਹੋਰ ਨਵਾਂ ਚੰਦ ਚਾੜ੍ਹਣ ਲਈ ਬਾਹਰ ਆ ਗਏ। ਇਸੇ ਦਰਮਿਆਨ ਗੁਜਰਾਤ ਦੇ ਇੱਕ ਵਿੱਦਿਅਕ ਅਦਾਰੇ ਵਿੱਚ ਵਿਦਿਆਰਥਣਾਂ ਦੇ ਸੈਨੇਟਰੀ ਪੈਡਜ਼ ਲੁਹਾਏ ਜਾਣ ਦੀ ਸ਼ਰਮਨਾਕ ਘਟਣਾ ਵੀ ਵਾਪਰੀ।
ਬੀਤੇ ਦਿਨੀਂ ਇੱਕ ਮੱਠ ਦੇ ਮੁਖੀ ਨਾਮ ਨਿਹਾਦ ਸੁਆਮੀ ਵੱਲੋਂ ਇਹ ਟਿੱਪਣੀ ਵੀ ਕੀਤੀ ਗਈ ਕਿ ਜੇ ਕੋਈ ਔਰਤ ਮਾਹਵਾਰੀ ਦੀ ਅਵਸਥਾ ਵਿੱਚ ਭੋਜਨ ਪਕਾਉਂਦੀ ਹੈ ਅਤੇ ਅਗਲੇ ਜਨਮ ’ਚ ਉਹ ਕੁੱਤੀ ਦੀ ਜੂਨ ਪੈਂਦੀ ਹੈ।
ਮੋਦੀ ਸਰਕਾਰ ਦੇ ਦੇਸ਼ ਤੋੜੂ ਜਾਬਰ ਕਾਨੂੰਨਾਂ ਅਤੇ ਫੈਸਲਿਆਂ ਵਿਰੁੱਧ ਭਾਰਤ ਦੀਆਂ ਦਲੇਰ ਧੀਆਂ ਦਾ ਸ਼ਾਹੀਨ ਬਾਗ਼ ਤੋਂ ਸ਼ੁਰੂ ਹੋਇਆ ਸੁਭਾਗਾ ਅੰਦੋਲਨ, ਜੋ ਹੁਣ ਸਹੀ ਅਰਥਾਂ ਵਿੱਚ ਦੇਸ਼ ਵਿਆਪੀ ਬਣ ਚੁੱਕਾ ਹੈ, ਦੀ ਅਗਵਾਈ ਕਰ ਰਹੀਆਂ ਭਾਰਤ ਦੀਆਂ ਬੇਟੀਆਂ ਖਿਲਾਫ਼ ਸੰਘ ਨਾਲ ਜੁੜੇ ਹਿੰਦੂਤਵੀ ਸੰਗਠਨਾਂ ਦੇ ਬਦਇਖਲਾਕ ਆਗੂਆਂ ਵਲੋਂ ਕੀਤੀਆਂ ਗਈਆਂ ਅਤਿ ਨੀਵੇਂ ਦਰਜੇ ਦੀਆਂ ਟਿੱਪਣੀਆਂ ਤੋਂ ਹੁਣ ਸਭੇ ਦੇਸ਼ਵਾਸੀ ਜਾਣੂੰ ਹਨ। ਅਜਿਹੀਆਂ ਹੀ ਟਿੱਪਣੀਆਂ, ਜਾਮੀਆ ਮਿਲਿਆ ਇਸਲਾਮੀਆ, ਜੇ.ਐਨ.ਯੂ., ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਤੇ ਦੇਸ਼ ਦੇ ਹੋਰ ਵਿੱਦਿਅਕ ਅਦਾਰਿਆਂ ਦੀਆਂ ਜ਼ਹੀਨ ਵਿਦਿਆਰਥਣਾਂ ਵਿਰੁੱਧ ਵੀ ਕੀਤੀਆਂ।
ਸੰਘ-ਭਾਜਪਾ ਦੇ ਫਿਰਕੂ-ਫਾਸ਼ੀ, ਫੁੱਟ ਪਾਊ ਮਨਸੂਬਿਆਂ ਅਤੇ ਮੋਦੀ-ਸ਼ਾਹ ਸਰਕਾਰ ਦੇ ਲੋਕ ਮਾਰੂ, ਦੇਸ਼ ਵਿਰੋਧੀ ਕਦਮਾਂ ਦਾ ਵਿਰੋਧ ਕਰਨ ਵਾਲੀਆਂ ਹਰ ਖੇਤਰ ਦੀਆਂ ਕੱਦਾਵਰ ਇਸਤਰੀਆਂ ਵਿਰੁੱਧ ਸੰਘੀ ਕਾਰਕੁੰਨ ਸੋਸ਼ਲ ਮੀਡੀਆ ’ਤੇ ਅਤੇ ਆਮ ਬੋਲਚਾਲ ਵੇਲੇ ਸਿਰੇ ਦੀ ਅਭੱਦਰ ਭਾਸ਼ਾ ਬੋਲਦੇ ਹਨ। ਹਰ ਨਾਮਵਰ ਇਸਤਰੀ ਨੂੰ ਅਕਲ ਵਿਹੂਣੇ ਫਿਰਕੂ ‘ਰੰਡੀ’ ਤੇ ‘ਕੁਤੀਆ’ ਆਦਿ ਸੱਦਦੇ ਹਨ।
ਸਮੁੱਚੇ ਦੇਸ਼, ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਸੰਘ ਭਾਜਪਾ ਆਗੂਆਂ ਦੇ ਦੁਰਾਚਾਰ ਅਤੇ ਯੌਨ ਸ਼ੋਸ਼ਣ ਦੇ ਕਿੱਸੇ ਲੱਗਭੱਗ ਹਰ ਰੋਜ਼ ਹੀ ਅਖਬਾਰਾਂ ਵਿੱਚ ਉਜਾਗਰ ਹੁੰਦੇ ਹਨ। ਕੋਈ ਵੀ ਸਾਵੀਂ ਸੋਚਣੀ ਵਾਲਾ ਬੰਦਾ ਬਲਾਤਕਾਰ ਦੇ ਪੱਖ ਵਿੱਚ ਨਹੀਂ ਖਲੋ ਸਕਦਾ। ਪਰ ਅਖੌਤੀ ਹਿੰਦੂਤਵੀ ਆਗੂ ਆਪਣੇ ਪਿਛਲੱਗਾਂ ਨੂੰ ਵਿਰੋਧੀ ਫਿਰਕੇ ਦੀਆਂ ਗਰਭਵਤੀ ਇਸਤਰੀਆਂ ਨਾਲ ਬਲਾਤਕਾਰ ਕਰਨ ਲਈ ਉਕਸਾਉਂਦੇ ਹਨ। ਜੇ ਹਿੰਦੂਤਵੀ ਕਾਰਕੁੰਨਾਂ ਦੇ ਇਸ ਵਤੀਰੇ ਦਾ ਸਾਰ ਤੱਤ ਸਮਝਣਾ ਹੋਵੇ ਤਾਂ ਬੀਤੇ ਦਿਨੀਂ ਆਇਆ ਸੰਘ ਮੁਖੀ ਦਾ ਬਿਆਨ ਹੀ ਕਾਫੀ ਹੈ। ਹਿੰਦੂ ਹਿਤਾਂ ਦੇ ਆਪੂੰ ਸਜੇ ਠੇਕੇਦਾਰ ‘ਸ਼੍ਰੀ’ ਮੋਹਨ ਭਾਗਵਤ ਜੀ ਫੁਰਮਾਉਂਦੇ ਹਨ, ‘‘ਸਿੱਖਿਆ ਦੇ ਪਸਾਰ ਅਤੇ ਖੁਸ਼ਹਾਲੀ ਆਉਣ ਨਾਲ ਤਲਾਕ ਦੇ ਮਾਮਲੇ ਵਧ ਰਹੇ ਹਨ।’’
ਪਿਛਾਂਹ ਖਿੱਚੂ ਵਿਚਾਰਾਂ ਦੇ ਨਾਗਪੁਰੀ ਕਾਰਖਾਨੇ ਦੇ ਇਸ ਸੰਚਾਲਕ ਦਾ ਬਿਆਨ ਇਹ ਦੱਸਣ ਲਈ ਕਾਫੀ ਹੈ ਕਿ ਸੰਘ ਨੂੰ ਤਾਂ ਲੋਕਾਈ, ਵਿਸ਼ੇਸ਼ ਕਰਕੇ ਇਸਤਰੀਆਂ ਦਾ ਉਤਾਂਹ ਉਠਣਾ ਅਤੇ ਜ਼ੁਲਮ ਦਾ ਪ੍ਰਤੀਕਾਰ ਕਰਨਾ ਉੱਕਾ ਹੀ ਬਰਦਾਸ਼ਤ ਨਹੀਂ। ਜਿਹੋ ਜਿਹੀ ਕਿਸੇ ਸੰਸਥਾ ਦੀ ਇਸਤਰੀਆਂ ਪ੍ਰਤੀ ਸੋਚ ਸਮਝ ਹੋਵੇਗੀ ਉਹੋ ਜਿਹਾ ਹੀ ਉਸ ਸੰਸਥਾ ਦੇ ਹਰ ਪੱਧਰ ਦੇ ਆਗੂਆਂ ਦਾ ਵਤੀਰਾ ਹੋਵੇਗਾ। ਆਰਐੱਸਐੱਸ ਜਿਸ ‘ਮਾਫੀਵੀਰ’ ਵੀ.ਡੀ. ਸਾਵਰਕਰ ਨੂੰ ਆਪਣਾ ਆਦਰਸ਼ ਮੰਨਦਾ ਹੈ ਉਸ ਨੇ ਬਲਾਤਕਾਰ ਨੂੰ ਇੱਕ ਸਿਆਸੀ ਹਥਿਆਰ ਦੇ ਤੌਰ ’ਤੇ ਇਸਤੇਮਾਲ ਕਰਨ ਦੇ ਮਸ਼ਵਰੇ ਦਿੱਤੇ ਸਨ। ਸੰਗਠਤ ਬਲਾਤਕਾਰੀ ਕਿਸੇ ਖਾਸ ਧਰਮ ਦੀਆਂ ਔਰਤਾਂ ਨਾਲ ਹੀ ਜਬਰ ਜਿਨਾਹ ਕਰਨਗੇ ਇਹ ਭੁਲੇਖਾ ਸਭ ਨੂੰ ਦਿਲਾਂ ’ਚੋਂ ਕੱਢ ਦੇਣਾ ਚਾਹੀਦਾ ਹੈ।
ਅਸੀਂ ਬਿਨਾਂ ਕਿਸੇ ਲਾਗ ਲਪੇਟ ਤੋਂ ਕਹਿਣਾ ਚਾਹੁੰਦੇ ਹਾਂ ਕਿ ਸੰਘ ਵਰਗੀ ਹੀ ਪਿਛਾਖੜੀ ਪਹੁੰਚ ਹਰ ਧਰਮ ਦੇ ਕੱਟੜਪੰਥੀਆਂ ਦੀ ਹੁੰਦੀ ਹੈ। ਸਭਿਅਕ ਸਮਾਜ ਅਜਿਹੇ ਸੰਗਠਨਾਂ ਦੇ ਦਕਿਆਨੂਸੀ ਵਿਚਾਰਾਂ ਨੂੰ ਰੱਦ ਕੀਤੇ ਬਗੈਰ ਨਾ ਹੀ ਸੁਰੱਖਿਅਤ ਰਹਿ ਸਕਦਾ ਹੈ ਅਤੇ ਨਾ ਕਦੀ ਤਰੱਕੀ ਕਰ ਸਕਦਾ ਹੈ।
ਆਰ.ਐਸ.ਐਸ. ਦੀ ਪਿੱਤਰਸੱਤਾਮਕ ਸੋਚ ਸਮਾਜ ਲਈ ਘਾਤਕ
