
ਨਕੋਦਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.)-ਨਕੋਦਰ¸ਸਾਹਕੋਟ ਤਹਿਸੀਲਾਂ ਦੀ ਸਾਂਝੀ ਜਨਰਲ ਬਾਡੀ ਮੀਟਿੰਗ ਸਾਬੀ ਨਿਰਮਲ ਆਧੀ ਅਤੇ ਨਿਰਮਲ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਗਗਨ ਸੁਰਜੀਤ ਪਾਰਕ ਨਕੋਦਰ ਵਿਖੇ ਹੋਈ | ਦੋਹਾਂ ਤਹਿਸੀਲਾਂ ਵਿਚੋਂ ਵੱਡੀ ਗਿਣਤੀ ਵਿਚ ਹਾਜ਼ਰ ਸਰਗਰਮ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮੋਦੀ ਸਰਕਾਰ ਵਿਕਾਸ ਦਾ ਪ੍ਰਚਾਰ ਕਰ ਰਹੀ ਹੈ ਪਰ ਇਸ ਦੇ ਉਲਟ ਲੋਕਾਂ ਦਾ ਵਿਨਾਸ਼ ਹੋ ਰਿਹਾ ਹੈ | ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਲੁੱਟਾਂ ਕਰਨ ਦੀਆਂ ਖੁੱਲ੍ਹਾਂ ਦਿੱਤੀਆਂ ਹਨ | ਆਰ. ਐਸ. ਐਸ. ਦਾ ਭਗਵਾਂਕਰਨ ਦਾ ਅਜੰਡਾ ਲਾਗੂ ਕੀਤਾ ਜਾ ਰਿਹਾ ਹੈ | ਘੱਟ ਗਿਣਤੀਆਂ, ਔਰਤਾਂ ਅਤੇ ਦਲਿਤਾਂ ਉੱਪਰ ਹਮਲੇ ਵਧ ਰਹੇ ਹਨ | ਪੰਜਾਬ ਦੀ ਕੈਪਟਨ ਸਰਕਾਰ ਤੇ ਵਰ੍ਹਦਿਆਂ ਪਾਸਲਾ ਨੇ ਕਿਹਾ ਕਿ ਲੋਕਾਂ ਨੂੰ ਕਰਜ਼ਾ ਮੁਆਫ਼ੀ ਵਰਗੇ ਲਾਰੇ ਲਾ ਕੇ ਸਰਕਾਰ ਬਣਾਈ ਸੀ, ਪਰ ਹਰ ਵਰਗ ਦੇ ਪੱਲੇ ਨਿਰਾਸ਼ਾ ਹੀ ਪਈ ਹੈ ਤੇ ਕੀਤੇ ਵਾਅਦਿਆਂ ਨੂੰ ਪੂਰੇ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ | ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੋਧੀ 24 ਤੋਂ 31 ਮਾਰਚ ਤੱਕ ਜ਼ਿਲ੍ਹਾ ਹੈੱਡ ਕੁਆਰਟਰਾਂ ‘ਚ ਜਨਤਕ ਮੁਜ਼ਾਹਰੇ ਕੀਤੇ ਜਾਣਗੇ| ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਨਾਹਰ, ਮਨੋਹਰ ਸਿੰਘ, ਸਤਪਾਲ ਸਹੋਤਾ ਅਤੇ ਬਲਵਿੰਦਰ ਸਿੰਘ ਸਿੱਧੂ ਆਦਿ ਮੈਂਬਰਾਂ ਨੇ ਵੀ ਸੰਬੋਧਨ ਕੀਤਾ|