ਸ੍ਰੀ ਮੁਕਤਸਰ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਰਿਹਾਇਸ਼ੀ ਪਲਾਟਾਂ ਦੀ ਪ੍ਰਾਪਤੀ ਲਈ ਨਿਆਂ ਸੰਗਤ ਸੰਘਰਸ਼ ਦੀ ਪੁਰਜ਼ੋਰ ਹਮਾਇਤ ਦਾ ਐਲਾਨ ਕਰ ਦਿੱਤਾ ਹੈ। ਇਹ ਦਾਅਵਾ ਪਾਰਟੀ ਦੀ ਇਕ ਰੈਲੀ ਦੌਰਾਨ ਪਿੰਡ ਬਲਮਗੜ੍ਹ ਵਿਚ ਕਿਰਤੀ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਕਿਸੇ ਵੀ ਹਕੂਮਤੀ ਜ਼ਿਆਦਤੀ ਮੂਹਰੇ ਮਜ਼ਦੂਰਾਂ ਦੇ ਹੱਕ ਵਿਚ ਚਟਾਨ ਵਾਂਗ ਡਟੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹੁਕੂਮਤ ਵਿਧਾਨ ਸਭਾ ਚੋਣਾਂ ਦੌਰਾਨ ਸਮਾਜ ਦੇ ਵੱਖੋ-ਵੱਖ ਵਰਗਾਂ ਨਾਲ ਕੀਤੇ ਸਾਰੇ ਚੋਣ ਵਾਅਦਿਆਂ ਤੋਂ ਭੱਜ ਚੁੱਕੀ ਹੈ, ਪਰ ਇਸ ਮਾਮਲੇ ਵਿੱਚ ਸਭ ਤੋਂ ਵੱਡੀ ਜ਼ਿਆਦਤੀ ਬੇਜ਼ਮੀਨੇ ਸਾਧਨਹੀਣ ਦਲਿਤ ਮਜ਼ਦੂਰਾਂ ਨਾਲ ਕੀਤੀ ਹੈ। ਉਨ੍ਹਾਂ ਯਾਦ ਦਿਵਾਇਆ ਕਿ ਕਾਂਗਰਸ ਨੇ ਚੋਣ ਮੈਨੀਫੈਸਟੋ ਵਿਚ ਇਨ੍ਹਾਂ ਗਰੀਬਾਂ ਨੂੰ ਪੰਜ-ਪੰਜ ਮਰਲੇ ਦੇ ਰਿਹਾਇਸ਼ੀ ਪਲਾਟ ਦੇਣ ਦੇ ਚੋਣ ਵਾਅਦੇ ਕੀਤੇ ਸਨ ਅਤੇ ਇਹ ਵਾਅਦਾ ਚੋਣਾਂ ਜਿੱਤਣ ਤੋਂ ਬਾਅਦ ਸਰਕਾਰ ਵੱਲੋਂ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ।
ਸਾਥੀ ਪਾਸਲਾ ਨੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂਆਂ ਅਤੇ ਪਲਾਟ ਪ੍ਰਾਪਤੀ ਦਾ ਹੱਕੀ ਸੰਗਰਾਮ ਲੜ ਰਹੇ ਮਜ਼ਦੂਰਾਂ ਉਪਰ ਥਾਣਾ ਸਦਰ ਮੁਕਤਸਰ ਅਤੇ ਥਾਣਾ ਲੱਖੇਵਾਲੀ ਵਿਚ ਦਰਜ ਨਿਰਅਧਾਰ ਮੁਕੱਦਮੇ ਤੁਰੰਤ ਰੱਦ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਬੇਜਮੀਨੇ ਸਾਧਨਹੀਣ ਦਲਿਤ ਮਜ਼ਦੂਰਾਂ ਦੇ ਰੋਜ਼ੀ ਰੋਟੀ ਦੇ ਮੁਦਿਆਂ ਦੇ ਹੱਲ ਅਤੇ ਹਜ਼ਾਰਾਂ ਸਾਲ ਤੋਂ ਚੱਲਦੇ ਆ ਰਹੇ ਅਣਮਨੁੱਖੀ ਜਾਤੀ ਪ੍ਰਬੰਧ ’ਚੋਂ ਪੈਦਾ ਹੋਣ ਵਾਲੇ ਜ਼ੁਲਮਾਂ ਤੇ ਵਿਤਕਰਿਆਂ ਦੇ ਖਾਤਮੇ ਦੀ ਮੁਦੱਈ ਹੈ ਅਤੇ ਭਵਿੱਖ ਦੀ ਸੰਗਰਾਮੀ ਵਿਉਂਤਬੰਦੀ ’ਚ ਇਨ੍ਹਾਂ ਮੁਦਿਆਂ ਨੂੰ ਹਮੇਸ਼ਾਂ ਪਹਿਲ ਦਿੱਤੀ ਜਾਵੇਗੀ। ਰੈਲੀ ਨੂੰ ਸੂਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਤੇ ਹੋਰਾਂ ਨੇ ਵੀ ਸੰਬੋਧਨ ਕੀਤਾ।