ਡਾ. ਕਰਮਜੀਤ ਸਿੰਘ
22 ਮਈ ਨੂੰ ਪੋਸਟ ਗਰੈਜੂਏਟ ਮੈਡੀਕਲ ਦੀ ਵਿਦਿਆਰਥਣ ਡਾ. ਪਾਇਲ ਤਾੜਵੀ ਨੇ ਖੁਦਕੁਸ਼ੀ ਕਰ ਲਈ। ਉਹ ਮੁੰਬਈ ਵਿਖੇ ਟੀ.ਐਨ. ਟੋਪੀਵਾਲਾ ਨੈਸ਼ਨਲ ਮੈਡੀਕਲ ਕਾਲਜ ਦੀ ਵਿਦਿਆਰਥਣ ਸੀ। ਡਾ. ਤਾੜਵੀ ਆਦਿਵਾਸੀ ਤਾੜਵੀ ਭੀਲ ਭਾਈਚਾਰੇ ਵਿਚੋਂ ਸੀ ਜੋ ਸ਼ਡਿਊਲਡ ਟਰਾਈਬ (ਅਨੁਸੂਚਿਤ ਜਨਜਾਤੀ) ਵਿਚ ਗਿਣਿਆ ਜਾਂਦਾ ਹੈ। ਇਕੋ ਵੇਲੇ ਉਹ ਕਬੀਲੇ ਸਮਾਜ ਵਿਚੋਂ ਵੀ ਹੈ ਤੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਵਿਚੋਂ ਵੀ। ਉਪਰਲੀਆਂ ਜਾਤਾਂ ਦੀਆਂ ਸੀਨੀਅਰ ਔਰਤ ਡਾਕਟਰਾਂ ਹੱਥੋਂ ਉਹ ਬੇਇੱਜ਼ਤ ਹੁੰਦੀ ਰਹੀ ਤੇ ਉਸਨੂੰ ਸਾਰਿਆਂ ਸਾਹਮਣੇ ਜਾਤ ਦੇ ਆਧਾਰ ਉਤੇ ਕਈ ਮਹੀਨੇ ਜਲੀਲ ਵੀ ਕੀਤਾ ਜਾਂਦਾ ਰਿਹਾ। ਤੱਥਾਂ ਦਾ ਤੱਥ : ਊਚੀ ਜਾਤ ਦੀਆਂ ਔਰਤਾਂ ਅਕਸਰ ਆਪਣੇ ਘਰਾਂ ਵਿਚ ਮਨੂੰੂਵਾਦੀ ਸੋਚ ਦੀਆਂ ਸ਼ਿਕਾਰ ਹੁੰਦੀਆਂ ਹਨ, ਪਰ ਬਾਹਰ ਉਹ ਹੇਠਲੀ ਜਾਤ ਦੀਆਂ ਔਰਤਾਂ ਨੂੰ ਔਰਤਾਂ ਨਹੀਂ ਸਮਝਦੀਆਂ ਸਗੋਂ ਉਨ੍ਹਾਂ ਨੂੰ ਬੇਇੱਜ਼ਤ ਕਰਨਾ ਤੇ ਆਪਣੇ ਤੋਂ ਹੀਣਾ ਸਮਝਣਾ ਆਪਣਾ ਅਧਿਕਾਰ ਮੰਨਦੀਆਂ ਹਨ। ਅਜਿਹੀਆਂ ਤਿੰਨ ਡਾਕਟਰਾਂ ਡਾ. ਹੇਮਾ ਅਹੂਜਾ, ਡਾ. ਅੰਕਿਤਾ ਖੰਡੇਲਵਾਲ ਅਤੇ ਡਾ. ਭਕਤੀ ਮਹਾਰੇ ਹਨ, ਜਿਨ੍ਹਾਂ ਨੇ ਪਾਇਲ ਤਾੜਵੀ ਨਾਲ ਅਣਮਨੁੱਖੀ ਵਤੀਰਾ ਕੀਤਾ। ਇਹ ਤਿੰਨੋਂ ਗਾਇਨੀ ਵਿਭਾਗ ਵਿਚ ਹਨ ਤੇ ਖੁੱਲ੍ਹੇ ਰੂਪ ਵਿਚ ਪਾਇਲ ਤਾੜਵੀ ਦੇ ਵਿਰੋਧ ਵਿਚ ਸਨ, ਵਿਭਾਗ ਦਾ ਮੁਖੀ ਵੀ ਇਨ੍ਹਾਂ ਨਾਲ ਮਿਲਿਆ ਹੋਇਆ ਸੀ। ਪਾਇਲ ਤਾੜਵੀ ਦਾ ਇਕੋ ਇਕ ਕਸੂਰ ਸੀ ਕਿ ਉਹ ਰਿਜ਼ਰਵ ਕੋਟੇ ਵਿਚੋਂ ਆਈ ਸੀ। ਇਹ ਤਿੰਨੋਂ ਡਾਕਟਰ ਔਰਤਾਂ, ਮਰੀਜਾਂ ਅਤੇ ਮੈਡੀਕਲ ਅਮਲੇ ਦੇ ਸਾਹਮਣੇ ਹੀ ਡਾ. ਤਾੜਵੀ ਪ੍ਰਤੀ ਗਾਲਾਂ ਤੇ ਉਤਰ ਆਉਂਦੀਆਂ ਤੇ ਉਸਨੂੰ ਜਾਤੀ ਸੂਚਕ ਅਪਸ਼ਬਦ ਬੋਲਦੀਆਂ, ਉਸਨੂੰ ਉਪਰੇਸ਼ਨ ਥੀਏਟਰ ਵਿਚ ਸਿੱਖਣ ਲਈ ਓਪਰੇਸ਼ਨ ਵੀ ਨਹੀਂ ਸੀ ਕਰਨ ਦਿੱਤਾ ਜਾਂਦਾ।
ਸ਼ੁਰੂ-ਸ਼ੁਰੂ ਵਿਚ, ਪੰਦਰਾਂ ਦਿਨਾਂ ਲਈ, ਤਾੜਵੀ ਨੂੰ ਇਨ੍ਹਾਂ ਡਾਕਟਰਾਂ ਦੇ ਕਮਰੇ ਵਿਚ ਰਹਿਣਾ ਪਿਆ ਤਾਂ ਉਸਦੀ ਰੈਗਿੰਗ ਕਰਨ ਸਮੇਂ ਵੀ ਉਸ ਉਪਰ ਜਾਤ ਦਾ ਨਾਂਅ ਲੈ ਕੇ ਤਨਜ਼ ਕੱਸੇ ਗਏ। ਪਾਇਲ ਨੇ ਆਪਣੇ ਪਤੀ ਡਾ. ਸਲਮਾਨ ਤਾੜਵੀ ਤੇ ਮਾਂ-ਬਾਪ ਨਾਲ ਆਪਣੇ ਅਜਿਹੇ ਭੈੜੇ ਅਨੁਭਵ ਸਾਂਝੇ ਕੀਤੇ। ਪਰ ਅਤਿ ਹੋਣ ‘ਤੇ ਪਾਇਲ ਦੇ ਪਤੀ ਨੇ 3 ਮਈ ਨੂੰ ਵਿਭਾਗ ਦੇ ਮੁਖੀ ਨੂੰ ਜ਼ੁਬਾਨੀ ਸ਼ਿਕਾਇਤ ਕੀਤੀ। ਸੁਧਾਰ ਹੋਣ ਦੀ ਬਜਾਏ ਸਥਿਤੀ ਹੋਰ ਵੀ ਭਿਆਨਕ ਹੋ ਗਈ। ਉਸਨੂੰ ਧਮਕੀ ਦਿੱਤੀ ਗਈ ਕਿ ਉਸਦਾ ਕੋਰਸ ਪੂਰਾ ਨਹੀਂ ਕਰਨ ਦਿੱਤਾ ਜਾਵੇਗਾ ਤੇ ਲਗਾਤਾਰ ਉਸਨੂੰ ਨੀਵਾਂ ਦਿਖਾਉਣ ਵਿਚ ਕੋਈ ਕਸਰ ਨਹੀਂ ਛੱਡੀ ਗਈ। ਖੁਦਕੁਸ਼ੀ ਕਰਨ ਵਾਲੇ ਦਿਨ ਵੀ ਸਾਰਿਆਂ ਸਾਹਮਣੇ ਉਸਨੂੰ ਜਲੀਲ ਕੀਤਾ ਗਿਆ ਤੇ ਉਹ ਰੌਂਦੀ ਹੋਈ ਆਪਣੇ ਕਮਰੇ ਵਿਚ ਪਹੁੰਚੀ।
ਡਾ. ਪਾਇਲ ਤਾੜਵੀ ਤਿਹਰੇ ਵਿਤਕਰੇ ਦਾ ਸ਼ਿਕਾਰ ਹੋਈ, ਪਹਿਲਾਂ ਉਹ ਭੀਲ ਭਾਈਚਾਰੇ ਵਿਚੋਂ ਸੀ, ਦੂਸਰਾ ਉਹ ਮੁਸਲਿਮ ਸੀ ਤੇ ਤੀਸਰਾ ਉਹ ਔਰਤ ਸੀ। ਕੋਟਾ ਸੀਟ ਮਿਲਣ ‘ਤੇ, ਇਕ ਹੱਦ ਤੱਕ, ਉਹ ਦੂਸਰਿਆਂ ਦੇ ਬਰਾਬਰ ਆ ਜਾਂਦੀ ਹੈ। ਕਮਜ਼ੋਰ ਕਾਨੂੰਨਾਂ ਵਿਚ ਛੇਦ ਹੋਣ ਕਰਕੇ ਭਾਈਚਾਰੇ ਦੀਆਂ ਹੇਠਲੀਆਂ ਜਮਾਤਾਂ ਉਪਰ ਜ਼ਿਆਦਤੀਆਂ ਘਟਦੀਆਂ ਨਹੀਂ। ਇਸੇ ਅਨਿਆਂ ਦਾ ਸ਼ਿਕਾਰ ਪਾਇਲ ਤਾੜਵੀ ਨੂੰ ਹੋਣਾ ਪਿਆ। ਇਸਤੋਂ ਇਹ ਵੀ ਪਤਾ ਚਲ ਜਾਂਦਾ ਹੈ ਕਿ ਅਸੀਂ ਕਿੰਨੇ ਕੁ ਸਭਿਅਕ ਹਾਂ ਤੇ ਸਮਾਜ ਦੀਆਂ ਸਮੱਸਿਆਵਾਂ ਪ੍ਰਤੀ ਕਿੰਨੇ ਕੁ ਗੰਭੀਰ ਹਾਂ। ਡਾ. ਪਾਇਲ ਤਾੜਵੀ ਪਹਿਲਾਂ ਹੀ ਪਰਿਵਾਰ ਨੂੰ ਦੱਸ ਚੁੱਕੀ ਸੀ ਕਿ ਸ਼ਾਇਦ ਉਸਨੂੰ ਆਤਮ ਹੱਤਿਆ ਕਰਨੀ ਪਵੇ। ਉਹ ਇਹ ਵੀ ਦੱਸਦੀ ਸੀ ਕਿ ਉਸਨੂੰ ਕੋਟਾ ਸੀਟ ਛੱਡਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ, ਇਸ ਲਈ ਉਹ ਘਰ ਦਿਆਂ ਨੂੰ 20 ਲੱਖ ਰੁਪਏ ਦਾ ਇੰਤਜ਼ਾਮ ਕਰਨ ਲਈ ਵੀ ਕਹਿੰਦੀ ਹੈ। ਪੁਲਿਸ ਐਂਟੀ-ਰੈਗਿੰਗ ਕਮੇਟੀ ਸਾਹਮਣੇ ਅਤੇ ਅਖਬਾਰਾਂ ਨੂੰ ਦਿੱਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਹੋਰ ਵੀ ਬਹੁਤ ਕੁਝ ਸਾਹਮਣੇ ਲਿਆਉਂਦੇ ਹਨ, ਜਿਵੇਂ ਉਸਨੂੰ ਐਮ.ਡੀ. ਦੀ ਦੂਜੇ ਵਰ੍ਹੇ ਦੀ ਵਿਦਿਆਰਥਣ ਹੋਣ ਦੇ ਬਾਵਜੂਦ ਛੋਟੇ ਕੰਮ ਦਿੱਤੇ ਜਾਂਦੇ ਜਾਂ ਉਸ ਤੋਂ ਜੂਨੀਅਰ ਵਿਦਿਆਰਥੀਆਂ ਨੂੰ ਉਸਦੀ ਥਾਂ ਤਰਜੀਹ ਦਿੱਤੀ ਜਾਂਦੀ। ਬਾਕੀ ਲੋਕਾਂ ਵਾਂਗ ਉਸਨੂੰ ਵੀ ਇਹ ਤਾਅਨੇ ਦਿੱਤੇ ਜਾਂਦੇ : ”ਕਿ ਇਨ੍ਹਾਂ ਲੋਕਾਂ ਨੂੰ ਕੁਝ ਵੀ ਪਤਾ ਨਹੀਂ, ਇਹ ਤਾਂ ਰਿਜ਼ਰਵੇਸ਼ਨ ਕਰਕੇ ਸਾਡੇ ਸਿਰ ਤੇ ਆ ਚੜ੍ਹੇ” ਵਗੈਰਾ-ਵਗੈਰਾ। ਪਾਇਲ ਦੇ ਪਤੀ ਨੇ ਦੱਸਿਆ ਕਿ ਉਹ ਇਹਨਾਂ ਨੂੰ ਹਊ ਪਰੇ ਕਰਦੇ ਰਹੇ, ਪਰ ਇਹ ਉਨ੍ਹਾਂ ਦੀ ਗਲਤੀ ਸੀ।
ਇਥੇ ਇਹ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਇਹ ਵਰਤਾਰਾ ਉਚੇਰੀ ਸਿੱਖਿਆ ਦੀਆਂ ਸੰਸਥਾਵਾਂ ਤੱਕ ਸੀਮਤ ਨਹੀਂ ਸਗੋਂ ਹਜ਼ਾਰਾਂ ਸਾਲਾਂ ਤੋਂ ਚਲਿਆ ਆ ਰਿਹਾ ਮਨੂੰਵਾਦੀ ਜਾਤੀਵਾਦੀ ਸਮਾਜਿਕ ਵਰਤਾਰਾ ਹੈ, ਜੋ ਪਹਿਲਾਂ ਘਰ, ਪਿੰਡ, ਸ਼ਹਿਰ, ਪ੍ਰਾਇਮਰੀ ਸਕੂਲ ਤੋਂ ਹੁੰਦਾ ਹੋਇਆ ਇੱਥੇ ਤੱਕ ਪਹੁੰਚਦਾ ਹੈ। ਜਿੰਨਾ ਚਿਰ ਸਮਾਜਿਕ, ਰਾਜਨੀਤਕ, ਸਭਿਆਚਾਰਕ ਤੇ ਧਾਰਮਿਕ ਆਦਿ ਪੱਖਾਂ ਤੋਂ ਅਜਿਹੀ ਵਿਵਸਥਾ ਉਪਰ ਭਰਵੀਂ ਸੱਟ ਨਹੀਂ ਮਾਰੀ ਜਾਂਦੀ ਓਨਾ ਚਿਰ ਇਸ ਤਰ੍ਹਾਂ ਦੀ ਅਪ੍ਰਸੰਕਤਾ ਵਿਚ ਬਦਲਾਓ ਆਉਣਾ ਸੰਭਵ ਹੀ ਨਹੀਂ। ਭਾਰਤ ਦੀ ਬਦਕਿਸਮਤੀ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਬਹੱਤਰ ਸਾਲਾਂ ਵਿਚ ਇਨ੍ਹਾਂ ਮਸਲਿਆਂ ਉਤੇ ਮੂੰਹ ਜ਼ੁਬਾਨੀ ਜਮ੍ਹਾ ਖਰਚ ਹੁੰਦਾ ਆ ਰਿਹਾ ਹੈ। ਹੁਣ ਜਦ ਕਿ ਘੱਟ ਗਿਣਤੀਆਂ ਤੇ ਦਲਿਤਾਂ ਉਪਰ ਹਮਲੇ ਤੇਜ਼ ਹੋ ਰਹੇ ਹਨ ਤਾਂ ਇਹ ਪਿਛਾਖੜੀ ਖਤਰਾ ਹੋਰ ਵੀ ਵੱਧ ਗਿਆ ਹੈ।
ਪਾਇਲ ਤਾੜਵੀ ਦੀ ਜਾਤੀ ਵਿਵਸਥਾ ਤੋਂ ਤੰਗ ਆ ਕੇ ਕੀਤੀ ਗਈ ਅਜਿਹੀ ਆਤਮ ਹੱਤਿਆ ਨਾ ਪਹਿਲੀ ਹੈ ਤੇ ਨਾ ਹੀ ਅੰਤਿਮ। ਇਸ ਤੋਂ ਪਹਿਲਾਂ ਰੋਹਿਤ ਵੇਮੂਲਾ ਵਲੋਂ ਹੈਦਰਾਬਾਦ ਯੂਨੀਵਰਸਿਟੀ ਵਿਖੇ 17 ਜਨਵਰੀ 2016 ਨੂੰ ਇਸ ਲਈ ਆਤਮ ਹੱਤਿਆ ਕਰ ਲਈ ਗਈ ਕਿ ਉਸਨੂੰ ‘ਜਾਤੀਵਾਦੀ’ ਅਤੇ ਦੇਸ਼ ਦ੍ਰੋਹੀ ਕਹਿ ਕੇ ਉਸਦੇ ਸਾਥੀਆਂ ਸਮੇਤ ਯੂਨੀਵਰਸਿਟੀ ਵਿਚੋਂ ਕੱਢ ਦਿੱਤਾ ਗਿਆ ਤੇ ਹੋਸਟਲ ਵੀ ਖਾਲੀ ਕਰਵਾ ਲਿਆ ਗਿਆ। ਰੋਹਿਤ ਵੈਮੂਲਾ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਦਾ ਮੈਂਬਰ ਵੀ ਸੀ। ਵੈਮੂਲਾ ਨੂੰ ਆਤਮ ਹੱਤਿਆ ਤੱਕ ਪਹੁੰਚਾਉਣ ਲਈ ਐਮ.ਪੀ. ਦੱਤਾਤ੍ਰੇਅ, ਵਾਈਸ ਚਾਂਸਲਰ ਪੀ. ਅੱਪਾਰਾਉ ਅਤੇ ਉਸਦੇ ਸਮੇਂ ਦੀ ਐਚ.ਆਰ.ਡੀ. ਮੰਤਰੀ ਸਮ੍ਰਿਤੀ ਇਰਾਨੀ ਵੀ ਜ਼ਿੰਮੇਵਾਰ ਸਨ। ਆਪਣੇ ਸੁਸਾਇਡ ਨੋਟ ਵਿਚ ਵੈਮੂਲਾ ਬੜੇ ਭਾਵਪੂਰਤ ਸ਼ਬਦਾਂ ਵਿਚ ਜਿੱਥੇ ਆਪਣੇ ਸਾਥੀਆਂ ਦੀ ਮਦਦ ਨੂੰ ਯਾਦ ਕਰਦਾ ਹੈ, ਉਥੇ ਉਹ ਆਪਣੀ ਮੌਤ ਲਈ ਸਿਸਟਮ ਨੂੰ ਜ਼ੁੰਮੇਵਾਰ ਠਹਿਰਾਉਂਦਾ ਹੈ। ਉਹ ਲਿਖਦਾ ਹੈ : ਮਨੁੱਖ਼ ਦੀ ਪਛਾਣ ਵੋਟ ਜਾਂ ਨੰਬਰ ਤੱਕ ਸਿਮਟ ਕੇ ਰਹਿ ਗਈ ਹੈ। ਮਨੁੱਖ ਨੂੰ ਉਸਦੀ ਸਮੁਚੀ ਸ਼ਖਸ਼ੀਅਤ ਵਜੋਂ ਨਹੀਂ ਪਛਾਣਿਆ ਗਿਆ।’ ਛੇ ਸਫਿਆਂ ਦੇ ਇਸ ਖਤ ਵਿਚ ਜਿਹੋ ਜਿਹੇ ਵੈਮੂਲੇ ਦੇ ਦਰਸ਼ਨ ਹੁੰਦੇ ਹਨ ਉਹ ਇਹ ਸਮਝਣ ਲਈ ਕਾਫੀ ਹੈ ਕਿ ਜੇ ਉਹ ਜਿਉਂਦਾ ਰਹਿੰਦਾ ਤਾਂ ਸਮਾਜ ਨੂੰ ਬਹੁਤ ਕੁਝ ਦੇ ਕੇ ਜਾਂਦਾ। ਪਰ ਮਨੂੰਵਾਦੀ ਵਿਵਸਥਾ ਨੇ ਪੁੰਗਰਦੀ ਸ਼ਖ਼ਸ਼ੀਅਤ ਨੂੰ ਮਰਨ ਲਈ ਮਜ਼ਬੂਰ ਕਰ ਦਿੱਤਾ। ਅਸਲ ਵਿਚ ਹਜ਼ਾਰਾਂ ਸਾਲਾਂ ਤੋਂ ਹੀ ਉਪਰਲੀਆਂ ਜਾਤਾਂ/ਜਮਾਤਾਂ ਹੇਠਲੀਆਂ ਜਾਤਾਂ-ਜਮਾਤਾਂ ਨੂੰ ਵਿਕਸਿਤ ਹੁੰਦਿਆਂ ਨਹੀਂ ਦੇਖਣਾ ਚਾਹੁੰਦੀਆਂ, ਉਹ ਇਨ੍ਹਾਂ ਨੂੰ ਬੀਤੇ ਹਜ਼ਾਰਾਂ ਸਾਲਾਂ ਵਾਂਗ ਅੱਜ ਵੀ ਆਪਣੀ ਸੇਵਾ ਵਿਚ ਲਾਈ ਰੱਖਣਾ ਚਾਹੁੰਦੀਆਂ ਹਨ। ਇਸ ਲਈ ਇਨ੍ਹਾਂ ਦਾ ਰਾਜਨੀਤਕ, ਸਮਾਜਿਕ ਬੌਧਿਕ ਵਿਕਾਸ ਉਹਨਾਂ ਨੂੰ ਰਾਸ ਨਹੀਂ ਆਉਂਦਾ। ਵਿਸ਼ੇਸ਼ ਤੌਰ ‘ਤੇ ਉਦੋਂ ਜਦੋਂ ਹੇਠਲੀਆਂ ਜਾਤਾਂ/ਜਮਾਤਾਂ ਸਦੀਆਂ ਦੇ ਜ਼ੁਲਮਾਂ ਖ਼ਿਲਾਫ਼ ਬੋਲਣਾ ਸ਼ੁਰੂ ਕਰਦੀਆਂ ਹਨ। ਵੈਮੂਲਾ (ਐਸ.ਸੀ.) ਅਤੇ ਪਾਇਲ ਤਾੜਵੀ (ਐਸ.ਟੀ.) ਦੀ ਪ੍ਰਤੀਨਿੱਧਤਾ ਕਰਦੇ ਹਨ, ਜਿਨ੍ਹਾਂ ਨੂੰ ਭੰਗ ਦੇ ਭਾੜੇ ਜਾਣ ਦਿੱਤਾ ਗਿਆ। ਇਨ੍ਹਾਂ ਦੀਆਂ ਆਤਮ ਹੱਤਿਆਵਾਂ ਨੇ ਇਸੇ ਲਈ ਹੇਠਲੀਆਂ ਜਾਤਾਂ/ਜਮਾਤਾਂ ਵਿਚ ਖਲਬਲੀ ਮਚਾ ਦਿੱਤੀ ਹੈ ਤੇ ਇਹ ਵਿਦਰੋਹ ਕਰਨ ਉਪਰ ਵੀ ਅਮਾਦਾ ਹੋ ਰਹੀਆਂ ਹਨ। ਅਜਿਹੇ ”ਸੰਸਥਾਗਤ ਕਤਲਾਂ” ਦੇ ਖਿਲਾਫ਼ ਵਿਦਰੋਹ ਹੋਣਾ ਸੁਭਾਵਿਕ ਹੈ। ਇਸ ਵਿਦਰੋਹ ਵਿਚ ਸਾਰੀਆਂ ਖੱਬੀਆਂ ਧਿਰਾਂ ਇਨ੍ਹਾਂ ਦੇ ਨਾਲ ਹਨ। ਇਸੇ ਲਈ, ਇਕ ਹੱਦ ਤੱਕ, ਪਿਛਾਖੜੀ ਫੈਸਲੇ ਮੁੜਵਾਉਣ ਤੇ ਅਪਰਾਧੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਪੱਖੋਂ ਸਫਲਤਾ ਵੀ ਮਿਲ ਰਹੀ ਹੈ।
ਵੈਸੇ ਤਾਂ ਅਜਿਹੇ ਸੰਸਥਾਗਤ ਕਤਲ ਲਗਾਤਾਰ ਹੁੰਦੇ ਰਹੇ ਹਨ; ਕੁਝ ਜਾਗਰੂਕ ਯੂਨੀਅਨਾਂ ਕਾਰਨ ਦਰਜ ਹੁੰਦੇ ਹਨ, ਬਹੁਤ ਸਾਰਿਆਂ ਬਾਰੇ ਜਾਣਕਾਰੀ ਤੱਕ ਨਹੀਂ ਦਿੱਤੀ ਜਾਂਦੀ। 2007-2011 ਤੱਕ ਦੇ ਚਾਰ ਸਾਲਾਂ ਵਿਚ ਉਚੀਆਂ ਵਿਦਿਅਕ ਸੰਸਥਾਵਾਂ ਵਿਚ ਅਠਾਰਾਂ ਆਤਮ ਹੱਤਿਆ ਦੇ ਮਾਮਲੇ ਸਾਹਮਣੇ ਆਏ ਜੋ ਇਤਿਹਾਸ ਦੇ ਪੰਨਿਆਂ ‘ਤੇ ਅੰਕਿਤ ਹਨ। ਇਹ ਹਨ-ਐਮ. ਸ਼੍ਰੀਕਾਂਤ (ਬੀ.ਟੈਕ. ਫਾਈਨਲ ਆਈ.ਆਈ.ਟੀ. ਬਾਂਬੇ), ਅਜੈ ਸੀ. ਚੰਦਰਾ (ਪੀਐਚਡੀ, ਆਈ.ਆਈ. ਸਾਇੰਸਜ਼ ਬੰਗਲੌਰ), ਜਸਪ੍ਰੀਤ ਸਿੰਘ (ਐਮ.ਬੀ.ਬੀ.ਐਸ. ਫਾਈਨਲ ਜੀ.ਐਚ.ਸੀ. ਚੰਡੀਗੜ੍ਹ), ਸੇਂਠਿਲ ਕੁਮਾਰ (ਹੈਦਰਾਬਾਦ), ਪ੍ਰਸ਼ਾਂਤ ਕੁਰੀਲ (ਕਾਨਪੁਰ), ਜੀ.ਸੁਮਨ (ਕਾਨਪੁਰ), ਅੰਕਿਤਾ ਵੇਧੜਾ (ਅਹਿਮਦਾਬਾਦ), ਡੀ. ਸਿਆਮ ਕੁਮਾਰ (ਵਿਜੈਵਾੜਾ), ਐਸ.ਅਮਰਾਵਤੀ (ਹੈਦਰਾਬਾਦ), ਬਾਂਦੀ ਅਨੁਸ਼ਾ (ਹੈਦਰਾਬਾਦ), ਪੁਸ਼ਪਾਂਜਲੀ ਪੂਰਤੀ (ਬੈਂਗਲੌਰ), ਸੁਸ਼ੀਲ ਕੁਮਾਰ ਚੌਧਰੀ (ਲਖਨਊ), ਬਾਲਮੁਕੰਦ ਭਾਰਤੀ (ਨਵੀਂ ਦਿੱਲੀ), ਜੇ ਕੇ ਰਮੇਸ਼ (ਬੰਗਲੌਰ), ਮਾਧੂਰੀ ਸਾਲੇ (ਕਾਨਪੁਰ), ਜੀ.ਵਰਾਲਕਸ਼ਮੀ (ਹੈਦਰਾਬਾਦ), ਮੁਨੀਸ਼ ਕੁਮਾਰ (ਰੁੜਕੀ) ਅਤੇ ਲਿਕੇਸ਼ ਮੋਹਨ ਗਾਵਲੇ (ਨਵੀਂ ਦਿੱਲੀ)।
Çੲਸ ਲਿਸਟ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਦਲਿਤਾਂ ਦੁਆਰਾ ਕੀਤੀਆਂ ਜਾਂਦੀਆਂ ਆਤਮ ਹੱਤਿਆਵਾਂ ਦਾ ਵਰਤਾਰਾ ਰਾਸ਼ਟਰੀ ਹੈ। ਦੂਜੀ ਗੱਲ ਸਪੱਸ਼ਟ ਇਹ ਹੈ ਕਿ ਇਨ੍ਹਾਂ ਆਤਮ ਹੱਤਿਆਵਾਂ ਪ੍ਰਤੀ ਸਮਾਜ ਤੇ ਸਰਕਾਰਾਂ ਦਾ ਰਵੱਈਆ ਬੜਾ ਅਣਮਨੁੱਖੀ, ਕਠੋਰ ਅਤੇ ਜਜ਼ਬਾਤ-ਰਹਿਤ ਹੈ। ਇਨ੍ਹਾਂ ਆਤਮ ਹੱਤਿਆਵਾਂ ਦੀਆਂ ਪ੍ਰਸਥਿਤੀਆਂ ਨੂੰ ਜਾਣਨ ਲਈ ਅਤੇ ਇਸ ਦੇ ਇਲਾਜ ਸੁਝਾਉਣ ਲਈ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ 2007 ਵਿਚ ਥੋਰਾਟ ਕਮੇਟੀ ਬਣਾਈ ਸੀ ਜਿਸਨੇ ਅਧਿਐਨ ਤੋਂ ਬਾਅਦ ਕੁਝ ਸਿਫਾਰਸ਼ਾਂ ਵੀ ਕੀਤੀਆਂ, ਜਿਨ੍ਹਾਂ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ। ਇਸ ਕਮੇਟੀ ਨੇ ਇਨ੍ਹਾਂ ਆਤਮਹੱਤਿਆਵਾਂ ਦੇ ਜੋ ਕਾਰਨ ਲੱਭੇ ਉਨ੍ਹਾਂ ਦਾ ਇਥੇ ਜ਼ਿਕਰ ਕਰਨਾ ਬਹੁਤ ਹੀ ਜ਼ਰੂਰੀ ਹੈ। ਥੋਰਾਟ ਕਮੇਟੀ ਦਾ ਖੇਤਰ ਏਮਜ਼ (AIIMS) ਹੈ ਪਰ ਇਸਨੂੰ ਸਾਰੀਆਂ ਸੰਸਥਾਵਾਂ ਉਪਰ ਲਾਗੂ ਕੀਤਾ ਜਾ ਸਕਦਾ ਹੈ। ਥੋਰਾਟ ਕਮੇਟੀ ਦਾ ਪਹਿਲਾ ਨੁਕਤਾ ਹੈ ਕਿ ਐਸ.ਸੀ./ਐਸਟੀ ਵਿਦਿਆਰਥੀਆਂ ਲਈ ਭਾਸ਼ਾ ਦੀ ਜੋ ਸਮੱਸਿਆ ਆਉਂਦੀ ਹੈ ਉਸਨੂੰ ਦੂਰ ਕਰਨ ਲਈ ਕੋਈ ਯਤਨ ਨਹੀਂ ਕੀਤਾ ਜਾਂਦਾ। ਵਿਦਿਆਰਥੀਆਂ ਲਈ ਅਸੈਸਮੈਂਟ ਦੇ ਨੰਬਰ ਰੱਖੇ ਗਏ ਹਨ ਜੋ ਬਹੁਗਿਣਤੀ ਉਪਰਲੀਆਂ ਜਾਤਾਂ ਦੇ ਅਧਿਆਪਕਾਂ ਦੇ ਹੱਥਾਂ ਵਿਚ ਹਨ। ਦਲਿਤ ਵਰਗ ਦੇ ਵਿਦਿਆਰਥੀਆਂ ਨੂੰ ਸ਼ਿਕਾਇਤ ਹੈ ਕਿ ਉਨ੍ਹਾਂ ਦੀ ਅਸੈਸਮੈਂਟ ਘੱਟ ਲਾਈ ਜਾਂਦੀ ਹੈ। ਇਹ ਅਧਿਆਪਕ ਦਲਿਤ ਵਿਦਿਆਰਥੀਆਂ ਨੂੰ ਪ੍ਰਸਪਰ ਆਦਾਨ ਪ੍ਰਦਾਨ ਦੇ ਬਹੁਤੇ ਮੌਕੇ ਨਹੀਂ ਦਿੰਦੇ, ਉਚੀਆਂ ਜਾਤੀਆਂ ਦੇ ਮੁਕਾਬਲੇ ਘਟ ਮੌਕੇ ਇਨ੍ਹਾਂ ਵਿਦਿਆਰਥੀਆਂ ਨੂੰ ਮਿਲਦੇ ਹਨ। ਪੜ੍ਹਾਉਣ ਸਮੇਂ ਇਹ ਵਿਤਕਰਾ ਜਾਰੀ ਰਹਿੰਦਾ ਹੈ, ਇਥੋਂ ਤੱਕ ਕਿ ਇਨ੍ਹਾਂ ਵਿਦਿਆਰਥੀਆਂ ਦੇ ਕੋਟੇ ਤੇ ਜਾਤ ਵੀ ਨਿਸ਼ਾਨਾ ਬਣਦੇ ਹਨ। ਪੇਪਰ ਚੈਕ ਕਰਨ ਸਮੇਂ ਥਿਊਰੀ ਤੇ ਪ੍ਰੈਕਟੀਕਲ ਦੇ ਨੰਬਰ ਲਾਉਣ ਵਿਚ ਵਿਤਕਰਾ ਕੀਤਾ ਜਾਂਦਾ ਹੈ। ਜਮਾਤ ਦੇ ਪ੍ਰਤੀਨਿੱਧ ਚੁਣਨ ਸਮੇਂ ਵੀ ਵਿਤਕਰਾ ਜਾਰੀ ਰਹਿੰਦਾ ਹੈ। ਹੋਸਟਲਾਂ ਵਿਚ ਦਲਿਤਾਂ ਨੂੰ ਹੋਰਨਾਂ ਵਿਦਿਆਰਥੀਆਂ ਤੋਂ ਕੱਟ ਕੇ ਰਹਿਣਾ ਪੈਂਦਾ ਹੈ। ਉਨ੍ਹਾਂ ਨੂੰ ਉਪਰਲੀਆਂ ਮੰਜ਼ਿਲਾਂ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ। ਹੋਸਟਲ, ਮੈਸ ਤੇ ਖਾਣੇ ਦੀ ਮੇਜ਼ ਤੇ ਇਨ੍ਹਾਂ ਵਿਦਿਆਰਥੀਆਂ ਨਾਲ ਦੂਸਰਿਆਂ ਦਾ ਆਦਾਨ ਪ੍ਰਦਾਨ ਘੱਟ ਹੁੰਦਾ ਹੈ। ਖੇਡਾਂ ਤੇ ਸਭਿਆਚਾਰਕ ਸਮਾਗਮਾਂ ਵਿਚ ਇਨ੍ਹਾਂ ਨਾਲ ਭਿੰਨ ਭੇਦ ਹੁੰਦਾ ਹੈ। ਇਨ੍ਹਾਂ ਸਮਾਗਮਾਂ ਵਿਚ ਜਾਣ ਲਈ ਇਨ੍ਹਾਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ। ਰੈਗਿੰਗ ਸਮੇਂ ਦਲਿਤ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਜਾਤ ਦੇ ਆਧਾਰ ‘ਤੇ ਮਾਨਸਿਕ ਕਲੇਸ਼ ਸਹਿਣਾ ਪੈਂਦਾ ਹੈ। ਸੀਨੀਅਰ ਤੇ ਜੂਨੀਅਰ ਰੈਜ਼ੀਡੈਂਟ ਦਲਿਤ ਡਾਕਟਰਾਂ ਦੀਆਂ ਆਪਣੀਆਂ ਸਮੱਸਿਆਵਾਂ ਹਨ। ਇਨ੍ਹਾਂ ਸੰਸਥਾਵਾਂ ਵਿਚ ਪੜ੍ਹਾਉਂਦੇ ਅਧਿਆਪਕਾਂ ਨਾਲ ਵਿਭਾਗ ਮੁਖੀਆਂ ਦੀਆਂ ਜ਼ਿਆਦਤੀਆਂ ਵੀ ਸਾਹਮਣੇ ਆਉਂਦੀਆਂ ਹਨ। ਇਨ੍ਹਾਂ ਨੂੰ ਰਿਸਰਚ ਵਿਦਿਆਰਥੀ ਨਹੀਂ ਮਿਲਣਗੇ ਤਾਂ ਇਨ੍ਹਾਂ ਨੂੰ ਖੋਜ ਦਾ ਤਜ਼ਰਬਾ ਹੋਣਾ ਸੰਭਵ ਨਹੀਂ। ਥੋਰਾਟ ਕਮੇਟੀ ਨੇ ਜੋ ਸੁਝਾਅ ਦਿੱਤੇ ਜਿਨ੍ਹਾਂ ਨੂੰ ਚਾਲੀ ਤੋਂ ਉਪਰ ਕੇਂਦਰੀ ਯੂਨੀਵਰਸਿਟੀਆਂ ਤੇ ਸਰਕਾਰੀ ਅਦਾਰਿਆਂ ਨੇ ਆਤਮਸਾਤ ਨਹੀਂ ਕੀਤਾ। ਇਸੇ ਲਈ ਪਾਇਲ ਤਾੜਵੀ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਪਾਇਲ ਤਾੜਵੀ ਦੀ ਖੁਦਕੁਸ਼ੀ ਨੇ ਇਕ ਵਾਰ ਫਿਰ ਇਸ ਗੱਲ ਨੂੰ ਰੇਖਾਂਕਿਤ ਕੀਤਾ ਹੈ ਕਿ ਸਮਾਜ ਵਿਚ ਪਸਰੀ ਮਨੂੰਵਾਦੀ ਸੋਚ ਨੂੰ ਸਮਾਪਤ ਕਰਨ ਲਈ ਪੂਰੇ ਸਮਾਜ ਨੂੰ ਇਕਜੁੱਟ ਹੋਣਾ ਪਵੇਗਾ। ਦਲਿਤ ਪਹਿਲਾਂ ਨਾਲੋਂ ਵਧੇਰੇ ਸੰਗਠਿਤ ਹੋ ਰਹੇ ਹਨ, ਸੁਚੇਤ ਹੋ ਰਹੇ ਹਨ ਪਰ ਉਨ੍ਹਾਂ ਦੀ ਇਹ ਥੜੇਬੰਦੀ ਇੱੱਛਤ ਸਿੱਟੇ ਨਹੀਂ ਕੱਢਣ ਦੇ ਰਹੀ। ਕਈ ਮੌਕਾਪ੍ਰਸਤ ਦਲਿਤ ਲੀਡਰ ਇਕ ਜਾਂ ਦੂਜੀ ਸਰਕਾਰ ਵਿਚ ਅਹੁਦੇ ਲੈਣ ਤੱਕ ਸੀਮਤ ਹਨ। ਪਾਰਲੀਮੈਂਟ ਵਿਚ ਜਾ ਕੇ ਇਹ ਲੀਡਰਸ਼ਿਪ ਦਲਿਤਾਂ ਦੀਆਂ ਵੋਟਾਂ ਦੀ ਕੀਮਤ ਵਸੂਲਦੀ ਹੈ। ਇਸ ਲਈ, ਇੱਥੇ ਖੱਬੀਆਂ ਤੇ ਜਮਹੂਰੀ ਤਾਕਤਾਂ, ਜਿੰਨੀਆਂ ਵੀ ਹਨ, ਉਨ੍ਹਾਂ ਦੇ ਮੋਢਿਆਂ ‘ਤੇ ਸਾਰਾ ਭਾਰ ਆ ਜਾਂਦਾ ਹੈ। ਦਲਿਤ ਵਿਦਿਆਰਥੀਆਂ ਨੂੰ ਆਪਣੇ ਜਾਤ-ਅਧਾਰਤ ਗਠਬੰਧਨਾਂ ਤੱਕ ਸਿਮਟਣ ਦੀ ਥਾਂ ਸਮਾਜ ਦੇ ਵਿਸ਼ਾਲ ਅਗਰਗਾਮੀ ਹਿੱਸੇ ਨਾਲ, ਜੋ ਉਨ੍ਹਾਂ ਬਾਰੇ ਵੀ ਸੋਚਦਾ ਤੇ ਸੰਘਰਸ਼ਰਤ ਹੈ, ਨਾਲ ਏਕਤਾ ਬਣਾਉਣੀ ਪਵੇਗੀ। ਸਦੀਆਂ ਤੋਂ ਲੋਕਾਈ ਦੇ ਇਸ ਹਿੱਸੇ ਨੂੰ ਜਿਸ ਹੀਣ ਭਾਵਨਾ ਦੀ ਸਥਿਤੀ ਵਿਚ ਪੁਚਾ ਦਿੱਤਾ ਗਿਆ ਉਸ ਵਿਚੋਂ ਕੱਢਣ ਲਈ ਬਹੁਤ ਲੰਮੇ ਸੰਘਰਸ਼ ਤੇ ਤਾਕਤ ਦੀ ਲੋੜ ਹੈ। ਇਸ ਲੋੜ ਨੂੰ ਕੁਲ ਖੱਬੀਆਂ ਤਾਕਤਾਂ ਦਾ ਸ਼ਕਤੀਸ਼ਾਲੀ ਏਕਾ ਹੀ ਪੂਰਾ ਕਰ ਸਕਦਾ ਹੈ। ਨਹੀਂ ਤਾਂ ਮਨੂੰਵਾਦ ਦੇ ਦਰੋਣਾਚਾਰੀਆ ਪਤਾ ਨਹੀਂ ਦਕਸ਼ਣਾ ਵਿਚ ਹੋਰ ਕਿੰਨੇ ਵਿਦਿਆਰਥੀਆਂ ਤੇ ਲੋਕਾਂ ਦੀ ਜਾਨ ਲੈਣਗੇ।