ਸਤਨਾਮ ਚਾਨਾ
ਇਨ੍ਹੀ ਦਿਨੀ ਵਿਸ਼ਵ ਦੇ ਸਭ ਤੋਂ ਪੁਰਾਣੇ, ਸਫ਼ਲ ਅਤੇ ਉੱਤਮ ਮੰਨੇ ਗਏ ਅਮਰੀਕੀ ਲੋਕਤੰਤਰ ਦੀ ਖਿੱਲੀ ਉੱਡ ਰਹੀ ਹੈ । ਇਸ ਦਾ ਕਾਰਨ ਟਰੰਪ ਦੀਆਂ ਬੇਥਵੀਆਂ ਹਨ, ਜਿਸ ਨੂੰ ਲੱਗ ਰਿਹਾ ਹੈ ਕਿ ਅਮਰੀਕੀ ਨਗਰਿਕਾਂ ਨੇ ਉਸਨੂੰ ਹਮੇਸ਼ਾ ਲਈ ਪ੍ਰਧਾਨ ਚੁਣਿਆ ਸੀ । ਅਮਰੀਕੀ ਨਾਗਰਿਕਾਂ ਨੇ ਪ੍ਰਧਾਨਗੀ ਪਦ ਲਈ, ਜੋਅ ਬਿਡੇਨ ਦੇ ਹੱਕ ਵਿਚ ਫਤਵਾ ਦੇ ਦਿੱਤਾ ਹੈ ਅਤੇ ਭਾਰਤ ਸਮੇਤ ਵਿਸ਼ਵ ਦੀਆਂ ਅਨੇਕਾਂ ਸਰਕਾਰਾਂ ਨੇ ਉਸਨੂੰ ਵਧਾਈਆਂ ਵੀ ਦੇ ਦਿੱਤੀਆਂ ਹਨ, ਪਰ ਵੱਡੇ ਫਰਕ ਨਾਲ ਹਾਰਨ ਵਾਲੇ ਡੋਨਾਲਡ ਟਰੰਪ ਦੀ ਇੱਕੋ ਰੱਟ ਹੈ, ‘ਮੈਂ ਨਾ ਮਾਨੂੰ’ ਪਹਿਲੀ ਨਜ਼ਰੇ ਤਾਂ ਉਹ ਸਿਰ ਫਿਰਿਆ ਗੈਰ ਸਿਆਸੀ ਕੱਟੜਸ਼ਾਹ ਲੱਗ ਸਕਦਾ ਹੈ । ਪਰ ਉਸਦੀ ਇਹ ਜ਼ਿੱਦ ਜ਼ਾਤੀ ਹਿਮਾਕਤ ਨਹੀਂ ਹੈ ਸਗੋਂ ਰਾਜਨੀਤਕ ਭਿਆਨਕਤਾ ਵੱਲ ਵਧ ਰਹੇ ਭਵਿੱਖ ਦਾ ਸੰਕੇਤ ਹੈ ਜਿਸ ਦੀ ਸ਼ੁਰੂਆਤ ਪਹਿਲਾਂ ਹੀ ਹੋ ਚੁਕੀ ਹੈ । ਇਸ ਬਾਰ, ਬਿਨਾਂ ਸ਼ੱਕ ਟਰੰਪ ਦੇ ਯਤਨਾ ਨੂੰ ਸਫਲਤਾ ਮਿਲਣ ਦੀ ਉਮੀਦ ਤਾਂ ਨਜ਼ਰ ਨਹੀਂ ਆਉਂਦੀ ਪਰ ਇਸਨੇ ਸ਼ੰਕੇ ਜ਼ਰੂਰ ਪੱਕੇ ਕਰ ਦਿੱਤੇ ਹਨ ਕਿ ਵਿਸ਼ਵ ਵਿਚ ਪੈਦਾ ਹੋ ਚੁੱਕਾ ਤਾਨਾਸ਼ਾਹੀ ਰੁਝਾਨ ਕੋਈ ਵੀ ਪੁੱਠਾ ਸਿੱਧਾ ਧੱਕੇਸ਼ਾਹੀ ਤਰੀਕਾ ਅਪਨਾਉਣ ਤੱਕ ਜਾ ਸਕਦਾ ਹੈ । ਇਹ ਸਤਰਾਂ ਲਿਖੇ ਜਾਣ ਤੱਕ ਜੋਅ ਬਿਡੇਨ ਸੱਤਾ ਸੰਭਾਲਣ ਦੀ ਤਿਆਰੀ ਵਿਚ ਰੁੱਝਾ ਹੋਇਆ ਸੀ ਜਦੋਂ ਕਿ ਟਰੰਪ ਉਸਦੀ ਜਿੱਤ ਨੂੰ ਹਾਰ ਵਿਚ ਤਬਦੀਲ ਕਰਨ ਲਈ ਸਿਰ ਭਾਰ ਹੋਇਆ ਪਿਆ ਸੀ । ਟਰੰਪ ਹਰ ਸੰਭਵ ਹੀ ਨਹੀਂ ਸਗੋਂ ਹਰ ਅਸੰਭਵ ਕਦਮ ਉਠਾਉਣ ਤੋਂ ਵੀ ਨਹੀਂ ਝਿਜਕ ਰਿਹਾ । ਹਾਲਾਂ ਕਿ ਉਸਦੇ ਇਨ੍ਹਾਂ ਕਦਮਾਂ ਨੂੰ ਗੈਰ ਵਾਜਵ ਅਤੇ ਗੈਰ ਕਨੂੰਨੀ ਦੱਸਦਿਆਂ ਉਸਦੀ ਆਪਣੀ ਹੀ ਪਾਰਟੀ ਦੇ ਕਈ ਦਿੱਗਜਾਂ ਨੇ ਉਸਦਾ ਸਾਥ ਦੇਣ ਤੋਂ ਨਾਂਹ ਕਰ ਦਿੱਤੀ ਹੈ ਅਤੇ ਲੋਕ ਫਤਵੇ ਨੂੰ ਸਵੀਕਾਰ ਲੈਣ ਦਾ ਫੈਸਲਾ ਕੀਤਾ ਹੈ । ਟਰੰਪ ਦੇ ਬੁਖਲਾਹਟ ਭਰੇ ਯਤਨ ਅਮਰੀਕੀ ਲੋਕਤੰਤਰ ਦੇ ਸ਼ਾਂਤਮਈ ਸੱਤਾ ਪਰਿਵਰਤਨ ਦੇ ਸਿਧਾਂਤ ਨੂੰ ਮੰਨਣ ਤੋਂ ਇਨਕਾਰੀ ਹੋ ਗਏ ਜਾਪਦੇ ਹਨ । ਇਸ ਨੂੰ ਟਰੰਪ ਦੀ ਕਮ ਅਕਲੀ ਜ਼ਿੱਦ ਦਾ ਸਿੱਟਾ ਸਮਝਣਾ ਆਪਣੀ ਕੰਮ ਅਕਲੀ ਦਾ ਪ੍ਰਗਟਾਵਾ ਕਰਨਾ ਹੈ, ਕਿਉਂਕਿ ਅਮਰੀਕੀ ਲੋਕਤੰਤਰ ਨੂੰ ਇਸ ਦਿਸ਼ਾਂ ਵੱਲ ਧੱਕਣ ਦੀ ਇੱਛਾ ਕਰਨ ਵਾਲਾ ਟਰੰਪ ਇਕੱਲਾ ਵਿਅਕਤੀ ਨਹੀਂ ਹੈ, ਸਗੋਂ ਪੂਰੀ ਦੀ ਪੂਰੀ ਲਾਮਡੋਰੀ ਹੈ ਜਿਸਨੇ ਆਮ ਨਾਗਰਿਕਾਂ ਦੇ ਇਕ ਹਿੱਸੇ ਨੂੰ ਵੀ ਵਰਗਲਾ ਲਿਆ ਹੈ ਜਿਹੜਾ ਹਿੱਸਾ ਕਿ ਵਸ਼ਿੰਗਟਨ ਦੀਆਂ ਸੜਕਾਂ ਉੱਤੇ ਬਿਡੇਨ ਦੇ ਸਮੱਰਥਕਾਂ ਨਾਲ ਘਸੁੰਨ ਮੁੱਕੀ ਹੋਣ ਤੱਕ ਵੀ ਗਿਆ ਹੈ । ਵਿਸ਼ੇਸ਼ ਰੁਝਾਨ ਵਾਲੀ ਇਹ ਚੌਕੜੀ ਇਸ ਕਰਕੇ ਸੱਤਾ ਨੂੰ ਹਰ ਹਾਲਤ ਚੰਬੜੇ ਰਹਿਣਾ ਚਾਹੁੰਦੀ ਹੈ ਕਿ ਨੇੜ ਭਵਿੱਖ ਵਿਚ, ਅਮਰੀਕਾ ਅਤੇ ਵਿਸ਼ਵ ਨੂੰ ਮਨਮਰਜ਼ੀ ਦੀ ਦਿਸ਼ਾ ਵੱਲ ਘਸੀਟਣ ਦੇ ਉਨ੍ਹਾਂ ਦੇ ਮਨਸੂਬਿਆਂ ਵਿਚ ਵਿਘਨ ਨਾ ਪਵੇ।
ਅਜਿਹਾ ਅੰਦਾਜ਼ਾ ਲਾਉਂਦਿਆਂ, ਇੱਥੇ ਇਹ ਵੀ ਯਾਦ ਰੱਖ ਲਿਆ ਜਾਏ ਕਿ ਅਮਰੀਕਾ ਦਾ ਪ੍ਰਧਾਨਗੀ ਯੁੱਧ ਦੋ ਵੱਖ-ਵੱਖ ਸ਼੍ਰੇਣੀਆਂ ਦਾ ਸੱਤਾ ਯੁੱਧ ਨਹੀਂ ਹੈ ਸਗੋਂ (ਇੱਕੋ ਹੀ) ਬੁਰਜੁਆ ਸ਼ਰੇਣੀ ਦੇ ਧੜਿਆਂ ਦੀ ਮਰਨ-ਮਾਰਨ ਦੀ ਲੜਾਈ ਹੈ । ਕਾਰਪੋਰੇਟ ਬਰਜੁਆਜ਼ੀ ਦਾ ਬੇਕਿਰਕ ਧੜਾ, ਜਿਸਦਾ ਪਸਾਰ ਅਮਰੀਕਾ ਤੱਕ ਸੀਮਤ ਨਹੀਂ ਸਗੋਂ ਵਿਸ਼ਵੀ ਹੈ, ਰਾਜ ਕਰਨ ਦੇ ਲੋਕਤੰਤਰੀ ਤਰੀਕਿਆਂ ਤੋਂ ਸੰਤੁਸ਼ਟ ਨਹੀਂ ਹੈ ਅਤੇ ਉਸਨੇ ਇਨ੍ਹਾਂ ਵਿਚ ਗੈਰ ਲੋਕਤੰਤਰੀ ਪਰਿਵਰਤਨ ਲਿਆਉਣੇ ਪਹਿਲਾਂ ਹੀ ਅਰੰਭੇ ਹੋਏ ਹਨ, ਜਿਸਦੇ ਸਿੱਟੇ ਵਜੋਂ ਵਰਤਮਾਨ ਵਿਵਸਥਾਵਾਂ ਦੇ ਮੂਲ ਵਿਚ ਅੰਦਰ ਖਾਤੇ ਚੱਲ ਰਿਹਾ ਪਰਿਵਰਤਨ ਦਿਖਾਈ ਦੇਣ ਲੱਗਾ ਹੈ ।
ਪ੍ਰਤੀਤ ਹੁੰਦਾ ਹੈ ਕਿ ਘਟਨਾਵਾਂ, ਕਾਫੀ ਸਮਾਂ ਪਹਿਲਾਂ ਘੜੇ-ਘੜਾਏ ਫਾਰਮੂਲੇ ਤਿਆਗ ਚੁੱਕੀਆਂ ਸਨ । ਬਦਲੇ ਹਾਲਾਤ ਵਿਚ ਇਕ ਸ਼ਰੇਣੀ ਦੂਜੀ ਸ਼ਰੇਣੀ ਨੂੰ ਬਿਨਾ ਕਿਸੇ ਹੀਲ ਹੁਜਤ ਤੋਂ ਸੱਤਾ ਸੌਂਪਦੀ ਦਿਖਾਈ ਦਿੰਦੀ ਹੈ ਜਦੋਂ ਕਿ ਸੱਤਾ ਤੇ ਕਾਬਜ਼ ਵਿਅਕਤੀ ਆਸਾਨੀ ਨਾਲ ਸੱਤਾ ਨਹੀਂ ਤਿਆਗ ਰਹੇ । ਉਹ ਵਿਅਕਤੀ ਕਿਸੇ ਨਾ ਕਿਸੇ ਕੱਟੜ ਰੁਝਾਨ ਦੇ ਪ੍ਰਤੀਨਿੱਧ ਹਨ ਅਤੇ ਉਨ੍ਹਾਂ ਵਿਅਕਤੀਆਂ ਅੰਦਰ ਸਦੀਵੀ ਹਾਕਮ ਰਹਿਣ ਦੀ ਇੱਛਾ ਜ਼ੋਰ ਫੜ ਗਈ ਹੈ । ਅਮਰੀਕਾ ਦਾ ਪ੍ਰਧਾਨ ਡੋਨਲਡ ਟਰੰਪ ਭਾਵੇਂ ਵਿਸ਼ਵ ਇਤਿਹਾਸ ਦਾ ਪਹਿਲਾ ਵਿਅਕਤੀ ਨਹੀਂ ਜੋ ਹਾਰ ਜਾਣ ਦੇ ਬਾਵਜੂਦ ਰਾਜ ਨਾ ਛੱਡਣ ਲਈ ਅੱੜ ਗਿਆ ਹੈ ਪਰ ਮਹਾਂਸ਼ਕਤੀ ਦੇ ਕੱਟੜ ਗਰੋਹ ਦਾ ਪ੍ਰਤੀਨਿੱਧ ਹੋਣ ਕਰਕੇ ਉਸਨੇ ਇਸ ਰੁਝਾਨ ਨੂੰ ਡੂੰਘੇ ਅਰਥ ਦੇ ਦਿੱਤੇ ਹਨ । ਇਸ ਕਰਕੇ ਅਮਰੀਕੀ ਘਟਨਾਕ੍ਰਮ ਹੈਰਾਨਕੁੰਨ ਭਾਵੇਂ ਨਹੀਂ ਹੈ ਪਰ ਮਹਾਂ ਸ਼ਕਤੀ ਅੰਦਰੋਂ ਉੱਠਣ ਕਾਰਨ, ਵਿਸ਼ਵ ਅੰਦਰ ਵਾਪਰਨ ਵਾਲੀ ਸੰਭਾਵਤ ਧੱਕੇਸ਼ਾਹੀ ਦਾ ਸੰਕੇਤ ਪ੍ਰਤੀਤ ਹੁੰਦਾ ਹੈ । ਹਾਲ ਦੀ ਘੜੀ ਅਮਰੀਕੀ ਲੋਕਾਂ ਨੇ ਇਸ ਰੁਝਾਨ ਦੇ ਯਤਨਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ ਹਵਾ ਇਸਦੇ ਉਲਟ ਵਗਾਈ ਹੈ ।
ਵਰਤਮਾਨ ਘਟਨਾਕ੍ਰਮ ਉੱਤੇ ਸਰਸਰੀ ਨਜ਼ਰ ਮਾਰਦੇ ਹਾਂ । ਅਮਰੀਕਾ ਦਾ ਚੋਣ ਪ੍ਰਬੰਧ ਭਾਰਤ ਵਰਗਾ ਨਹੀਂ, ਸਗੋਂ ਕਾਫੀ ਟੇਢਾ-ਮੇਢਾ ਹੈ ਜੋ ਅਮਰੀਕੀ ਅਵਾਮ ਨੂੰ ਸਭ ਤੋਂ ਵਧੀਆ ਅਤੇ ਸਾਫ ਸੁਥਰਾ ਲੱਗਦਾ ਹੈ । ਇਸ ਚੋਣ ਦੰਗਲ ਵਿਚ ਜੋਅ ਬਿਡੇਨ ਨੇ ਟਰੰਪ ਨਾਲੋਂ 60 ਲੱਖ ਵੋਟ ਵਧੇਰੇ ਲਏ ਹਨ ਜਿਸ ਨੂੰ ਉਹ ਪਪੂਲਰ ਵੋਟ ਕਹਿੰਦੇ ਹਨ ਅਤੇ 306 ਪ੍ਰਾਂਤਕ ਚੋਣ ਕੋਲੇਜ ਜਿੱਤੇ ਹਨ ਜਦੋਂਕਿ ਉਸਨੂੰ 270 ਦੀ ਹੀ ਜ਼ਰੂਰਤ ਸੀ । ਉਸਦੇ ਮੁਕਾਬਲੇ ਡੋਨਲਡ ਟਰੰਪ ਕੇਵਲ 232 ਪ੍ਰਾਤਕ ਚੋਣ ਕੋਲੇਜ ਹੀ ਜਿੱਤ ਸਕਿਆ ਹੈ । ਇਕ ਪੜਾਅ ਉੱਤੇ ਟਰੰਪ ਨੇ ਸਵੀਕਾਰ ਤਾਂ ਕਰ ਲਿਆ ਸੀ ਕਿ ਬਿਡੇਨ ਜਿੱਤ ਗਿਆ ਹੈ ਪਰ ਨਾਲ ਹੀ ਇਹ ਘੁੰਤਰ ਵੀ ਛੱਡ ਦਿੱਤੀ ਕਿ ਉਸ ਨੇ ਵੋਟਾਂ ਵਿਚ ਘਪਲਾ ਕਰਕੇ ਚੋਣ ਜਿੱਤੀ ਹੈ । ਪ੍ਰੰਤੂ ਬਾਅਦ ਵਿਚ ਉਹ ਬਿਡੇਨ ਦੀ ਜਿੱਤ ਸਵੀਕਾਰ ਕਰਨ ਤੋਂ ਹੀ ਮੁੱਕਰ ਗਿਆ ਅਤੇ ਉਸਨੇ ਬਿਡੇਨ ਦੀ ਜਿੱਤ ਨੂੰ ਹਾਰ ਵਿਚ ਤਬਦੀਲ ਕਰਨ ਲਈ ਕਨੂੰਨੀ ਅਤੇ ਗੈਰ ਕਨੂੰਨੀ ਹਰ ਹੱਥਕੰਡਾ ਵਰਤਣਾ ਅਰੰਭ ਕਰ ਦਿੱਤਾ । ਟਰੰਪ ਨੇ ਮੀਡੀਆ ਉੱਪਰ ਵੀ ਜੰਮਕੇ ਹਮਲੇ ਕੀਤੇ ਕਿ ਉਹ ਬਿਡੇਨ ਨੂੰ ਧੱਕੇ ਨਾਲ ਹੀ ਜਿਤਾਈ ਜਾਂਦਾ ਹੈ । ਨਵੰਬਰ 3 ਨੂੰ ਜਦੋਂ ਚੋਣ ਸਿਲਸਿਲਾ ਮੁਕੰਮਲ ਹੋ ਗਿਆ ਤਾਂ ਉਸਦੇ ਰਿਪਬਲਿਕਨ ਸਾਥੀਆਂ, ਜਿਨ੍ਹਾਂ ਨੂੰ ‘ਕੈਂਮਪੇਨ’ ਕਿਹਾ ਜਾ ਰਿਹਾ ਹੈ, ਨੇ ਕਈ ਪ੍ਰਾਂਤਾਂ (ਪੇਨਸਲਵੇਨੀਆਂ, ਮਿਸ਼ੀਗਨ, ਵਿਸਕੋਨਸਨ, ਅਰੀਜ਼ੋਨਾ, ਜੌਰਜੀਆ ਅਤੇ ਨੇਵਾਦਾ) ਦੀਆਂ ਅਦਾਲਤਾਂ ਵਿਚ 30 ਤੋਂ ਵਧੇਰੇ ਮੁਕੱਦਮੇ ਦਰਜ਼ ਕਰ ਦਿੱਤੇ ਕਿ ਬਿਡੇਨ ਨੇ ਚੋਣਾ ਵਿਚ ਹੇਰਾ ਫੇਰੀ ਕੀਤੀ ਹੈ । ਇਹ ਵੈਸੇ ਹੀ ਹੈਰਾਨੀਜਨਕ ਵਰਤਾਰਾ ਸੀ ਕਿ ਹਾਕਮ ਧਿਰ ਕਿਸੇ ਵਿਰੋਧੀ ਧਿਰ ਉੱਪਰ ਚੋਣ ਹੇਰਾ ਫੇਰੀ ਦਾ ਦੋਸ਼ ਲਾਵੇ ਜਦੋਂ ਕਿ ਚੋਣ ਮਸ਼ੀਨ ਹਾਕਮ ਧਿਰ ਦੇ ਅਧੀਨ ਹੁੰਦੀ ਹੈ । ਡੈਮੋਕਰੈਟਿਕ ਉਮੀਦਵਾਰ ਜੋਅ ਬਿਡੇਨ ਨੇ ਇਸ ਨੂੰ ਸਿਰੇ ਦੀ ਗੈਰ ਜ਼ਿਮੇਂਵਰਾਨਾ ਹਰਕਤ ਦੱਸਿਆ ਅਤੇ ਪੁੱਛਿਆ ਕਿ ਸੰਸਾਰ ਕੀ ਸੋਚੇਗਾ ਕਿ ਅਸੀਂ ਕਿਹੋ ਜਿਹਾ ਦੇਸ਼ ਹਾਂ? ਉਸਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਟਰੰਪ ਕਿਹੋ ਜਿਹਾ ਬੰਦਾ ਹੈ! ਹਾਲਾਂ ਕਿ ਉਹ ਜਾਣਦਾ ਹੈ ਕਿ ਉਹ ਹਾਰ ਗਿਆ ਹੈ ਪਰ ਫੇਰ ਵੀ ਅਜਿਹੀ ਬਿਆਨਬਾਜ਼ੀ ਤੋਂ ਬਾਜ਼ ਨਹੀਂ ਆ ਰਿਹਾ।
ਟਰੰਪ ਅਤੇ ਉਸਦੇ ਹਮਾਇਤੀ ਅਦਾਲਤਾਂ ਵਿਚ ਇਹ ਸਾਬਤ ਨਾ ਕਰ ਪਾਏ ਕਿ ਚੋਣਾਂ ਵਿਚ ਘਪਲਾ ਹੋਇਆ ਹੈ। ਗੌਰਜੀਆ ਵਰਗੇ ਪ੍ਰਾਂਤ ਵਿਚ ਜਦੋਂ ਇਕੱਲੀ-ਇਕੱਲੀ ਪਰਚੀ ਦੀ ਦੁਬਾਰਾ ਗਿਣਤੀ ਕੀਤੀ ਗਈ ਤਾਂ ਵੀ ਟਰੰਪ ਨੂੰ ਕੋਈ ਰਾਹਤ ਨਾ ਮਿਲੀ। ਹੁਣ ਉਸਨੇ ਦੁਬਾਰਾ ਕੇਸ ਪਾ ਦਿੱਤਾ ਹੈ ਕਿ ਪਰਚੀਆਂ ਦੀ ਗਿਣਤੀ ਕਰਨ ਦੇ ਨਾਲ-ਨਾਲ ਵੋਟਰ ਦੇ ਦਸਤਖਤ ਵੀ ਮਿਲਾਏ ਜਾਣ। ਉੱਥੋਂ ਦੇ ਇਕ ਰਿਪਬਲਿਕਨ ਸੈਨੇਟਰ ਮਿੱਟ ਰੋਮਨੇ ਨੇ ਟਰੰਪ ਦੀ ਨਿੰਦਾ ਕਰਦਿਆਂ ਕਹਿ ਦਿੱਤਾ ਕਿ ਉਸਦੇ ਅਦਾਲਤੀ ਕੇਸ ਵਿਚ ਕੋਈ ਜਾਨ ਨਹੀਂ ਸੀ ਜਿਸ ਕਰਕੇ ਉਹ ਹੁਣ ਸਥਾਨਿਕ ਪ੍ਰਸ਼ਾਸਨਿਕ ਅਧਿਕਾਰੀਆਂ ਉੱਪਰ ਦਬਾਅ ਪਾ ਰਿਹਾ ਹੈ। ਮਿਸ਼ੀਗਨ ਤੋਂ ਛਪੀ ਰਿਪੋਰਟ ਅਨੁਸਰ ਟਰੰਪ ਨੇ ਉਸ ਪ੍ਰਾਂਤ ਦੇ ਰਿਪਬਲਿਕਨ ਸਾਂਸਦਾਂ ਨੂੰ ਵ੍ਹਾਈਟ ਹਾਊਸ ਬੁਲਾ ਕੇ ਕਿਹਾ ਕਿ ਉਹ ਵੋਟ ਗਿਣਤੀ ਦੇ ਨਤੀਜਿਆਂ ਉੱਤੇ ਦਸਤਖਤ ਨਾ ਕਰਨ, ਜਿੱਥੋਂ ਦੇ 16 ਚੋਣ ਕੋਲੇਜਾਂ ਵਿੱਚ ਉਹ ਡੇੜ ਲੱਖ ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ । ਇਹ ਸਭ ਤੋਂ ਵੱਡਾ ਪ੍ਰਾਂਤ ਹੈ ਅਤੇ ਕਾਲੇ ਲੋਕਾਂ ਨਾਲ ਭਰਿਆ ਪਿਆ ਹੈ। ਜਿਨ੍ਹਾਂ ਪ੍ਰਾਂਤਾਂ ਵਿਚ ਰਿਪਬਲਿਕਨਾ ਦਾ ਜ਼ੋਰ ਹੈ ਅਤੇ ਗਵਰਨਰ ਉਸ ਦੇ ਪ੍ਰਭਾਵ ਵਾਲੇ ਹਨ ਉੱਥੇ ਉਨ੍ਹਾਂ ਦੀਆਂ ਸ਼ਕਤੀਆਂ ਦੀ ਦੁਰ ਵਰਤੋਂ ਕਰਕੇ ਧੱਕੇ ਨਾਲ ਹੀ ਬਿਡੇਨ ਦੀ ਜਿੱਤ ਨੂੰ ਹਾਰ ਵਿੱਚ ਬਦਲਣਾ ਚਾਹੁੰਦਾ ਹੈ। ਟਰੰਪ ਨੇ ਅਨੇਕਾਂ ਸਥਾਨਿਕ ਚੋਣ ਅਧਿਕਾਰੀਆਂ ਨੂੰ ਸਿੱਧੇ ਫੋਨ ਵੀ ਕੀਤੇ ਕਿ ਉਹ ਬਿਡੇਨ ਨੂੰ ਜਿੱਤ ਦੇ ਸਰਟੀਫੀਕੇ ਜਾਰੀ ਨਾ ਕਰਨ। ਕੁਝ ਪ੍ਰਾਂਤਾਂ ਵਿਚ ਨਤੀਜਿਆਂ ਦੇ ਐਲਾਨ ਲਈ ਦੇਰੀ ਵੀ ਕੀਤੀ ਗਈ। ਅਜਿਹੀ ਰਿਪੋਰਟ ਮਿਸ਼ੀਗਨ ਦੀ ਇਕ ਕਾਉਂਟੀ ਬਾਰੇ ਛਪੀ ਹੈ। ਇਹ ਸਾਰਾ ਕੁਝ ਅੰਦਰ ਖਾਤੇ ਹੀ ਨਹੀਂ ਚੱਲਿਆ ਸਗੋਂ ਟਰੰਪ ਦੇ ਨਿੱਜੀ ਅਟਾਰਨੀ ਰੂਡੀ ਗ੍ਰਿਲਿਆਨੀ ਨੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਡੈਮੋਕਰੈਟਾਂ ਨੇ ਚੋਣ ਘਪਲਾ ਕੀਤਾ ਹੈ ਅਤੇ ਉਸਨੇ ਕਈ ਪ੍ਰਾਂਤਾਂ ਦੀਆਂ ਵੋਟ ਮਸ਼ੀਨਾ ਰਾਹੀਂ ਹੇਰਾ ਫੇਰੀ ਹੋਣ ਦਾ ਦੋਸ਼ ਲਾਇਆ ਪਰ ਉਸ ਕੋਲ ਇਸਦਾ ਸਬੂਤ ਕੋਈ ਨਹੀਂ ਸੀ। ਉਸਨੇ ਏਨਾ ਜ਼ਰੂਰ ਕਿਹਾ ਕਿ ਬਿਡੇਨ ਦੀ ਚੋਣ ਮੁਹਿੰਮ ਕਰਨ ਵਾਲੇ ਉਸਦੇ ਹਮਾਇਤੀ ਚੋਣ ਵਾਲੇ ਦਿਨ ਵੋਟਰਾਂ ਨੂੰ ਪ੍ਰਭਾਵਤ ਕਰ ਰਹੇ ਸਨ। ਹੁਣ ਫੈਡਰਲ ਕੋਰਟ ਨੇ ਟਰੰਪ ਦਾ ਕੇਸ ਡਿੱਸਮਿੱਸ ਕਰਦਿਆਂ ਉਸ ਨੂੰ ਝਾੜ ਪਾਈ ਹੈ ਕਿ ਉਸ ਦੇ ਕੇਸ ਵਿਚ ਕੋਈ ਮੈਰਿਟ ਨਹੀਂ। ਸਭ ਮਨੌਤਾਂ ਤੇ ਅਧਾਰਤ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇਹ ਫੈਡਰਲ ਜੱਜ ਰਿਪਬਲਿਕਨ ਪਾਰਟੀ ਨਾਲ ਹੀ ਸਬੰਧਤ ਹੈ ਜਿਸ ਦੀ ਨਿਯੁਕਤੀ ਉਸ ਸਮੇਂ ਦੇ ਪ੍ਰਧਾਨ ਉਬਾਮਾ ਨੇ ਕੀਤੀ ਸੀ। ਟਰੰਪ ਨੇ ਕਿਹਾ ਕਿ ਉਹ ਪਿੱਛੇ ਹਟਣ ਵਾਲਾ ਨਹੀਂ, ਸੁਪਰੀਮ ਕੋਰਟ ਜਾਏਗਾ।
ਟਰੰਪ ਨੇ ਧਮਕੀ ਦਿੱਤੀ ਹੈ ਕਿ ਉਹ ਹੋਰ ਵੀ ਦੂਰ ਤੱਕ ਜਾਏਗਾ ਕਿਉਂਕਿ ਚੋਣਾਂ ਵਿਚ ਘਪਲਾ ਹੋਇਆ ਹੀ ਹੈ ਇਸ ਕਰਕੇ ਉਹ ਆਪਣੀ ਹਾਰ ਸਵੀਕਾਰ ਨਹੀਂ ਕਰਦਾ। ਸਾਲ 2016 ਵਿਚ ਜਦੋਂ ਟਰੰਪ ਬਿਡੇਨ ਜਿੰਨੀਆਂ ਹੀ ਵੋਟਾਂ ਲੈ ਕੇ ਜਿੱਤਿਆ ਸੀ ਤਾਂ ਉਸਨੇ ਇਸਨੂੰ ਹੂੰਝਾ ਫੇਰੂ ਜਿੱਤ ਕਿਹਾ ਸੀ। ਹੁਣ ਉਸੇ ਹੀ ਜਿੱਤ ਨੂੰ ਫਰਾਡ ਕਹਿ ਰਿਹਾ ਹੈ। ਬਿਡੇਨ ਨੇ ਨਾ ਕੇਵਲ ਟਰੰਪ ਨੂੰ ਪ੍ਰਾਂਤਕ ਚੋਣ ਕੋਲੇਜ ਵਿਚ ਹੀ ਵੱਡੇ ਫਰਕ ਨਾਲ ਹਰਾਇਆ ਹੈ ਸਗੋਂ ਪੋਲ ਹੋਈਆਂ ਪਪੂਲਰ ਵੋਟਾਂ ਵਿਚੋਂ ਵੀ ਉਹ ਭਾਰੀ ਫਰਕ ਨਾਲ ਜਿੱਤਿਆ ਹੈ। ਟਰੰਪ ਨੇ ਲੜਾਈ ਦਾ ਬਹੁ ਦਿਸ਼ਾਵੀ ਫਰੰਟ ਖੋਲ੍ਹਿਆ ਹੋਇਆ ਹੈ ਉਸ ਨੇ ਨਾ ਕੇਵਲ ਚੋਣ ਹੇਰਾ ਫੇਰੀ ਦਾ ਮਾਮਲਾ ਅਦਾਲਤਾਂ ਵਿਚ ਹੀ ਉਠਾਇਆ, ਨਾ ਕੇਵਲ ਸਥਾਨਿਕ ਚੋਣ ਅਧਿਕਾਰੀਆਂ ਨੂੰ ਹੀ ਜ਼ੁਬਾਨੀ ਹੁਕਮ ਜਾਰੀ ਕਰਨ ਅਤੇ ਪ੍ਰਭਾਵਤ ਕਰਨ ਦਾ ਯਤਨ ਕੀਤਾ ਕਿ ਉਹ ਜਿੱਤ ਦੇ ਸਰਟੀਫਿਕੇਟ ਜਾਰੀ ਨਾ ਕਰਨ, ਸਗੋਂ ਸਰਕਾਰੀ ਏਜੰਸੀਆਂ ਨੂੰ ਵੀ ਰੋਕ ਦਿੱਤਾ ਕਿ ਉਹ ਅਗਲੇ ਚੁਣੇ ਗਏ ਪ੍ਰਧਾਨ ਨੂੰ ਕੋਈ ਸੂਚਨਾ ਨਾ ਦੇਣ ਅਤੇ ਉਸ ਨਾਲ ਸਹਿਯੋਗ ਕਰਨ ਤੋਂ ਸਖਤੀ ਨਾਲ ਗੁਰੇਜ਼ ਕਰਨ, ਜੋ ਕਿ ਉਨ੍ਹਾਂ ਏਜੰਸੀਆਂ ਦਾ ਸਰਕਾਰੀ ਫਰਜ਼ ਹੁੰਦਾ ਹੈ। ਜਿਸ ਦਾ ਅਰਥ ਹੈ ਕਿ ਟਰੰਪ ਲੋਕਾਂ ਦੇ ਫਤਵੇ ਵਿਰੁੱਧ ਬਗਾਵਤ ਕਰ ਗਿਆ ਹੈ ਅਤੇ ਸਰਕਾਰੀ ਪ੍ਰਸ਼ਾਸਨ ਨੂੰ ਨਿੱਜੀ ਪ੍ਰਸ਼ਾਸਨ ਸਮਝ ਰਿਹਾ ਹੈ। ਫਿਰ ਵੀ ਬਿਡੇਨ ਨੇ ਕਿਹਾ ਹੈ ਕਿ ਟਰੰਪ ਜੋ ਮਰਜ਼ੀ ਕਰ ਲਵੇ ਉਹ 20 ਜਨਵਰੀ ਨੂੰ ਅਮਰੀਕਾ ਦੇ ਪ੍ਰਧਾਨ ਵਜੋਂ ਸਹੁੰ ਚੁੱਕ ਰਿਹਾ ਹੈ।
ਜੋਅ ਬਿਡੇਨ ਬੜੀ ਸਾਵਧਾਨੀ ਨਾਲ ਆਪਣੀ ਅਗਲੀ ਟੀਮ ਦੀ ਚੋਣ ਕਰਦਾ ਪ੍ਰਤੀਤ ਹੋ ਰਿਹਾ ਹੈ । ਉਹ ਕਹਿੰਦਾ ਹੈ ਕਿ ਅਮਰੀਕਾ ਬੜੇ ਔਖੇ ਦਿਨਾਂ ਵਿੱਚੋਂ ਲੰਘ ਰਿਹਾ ਹੈ ਜਿਸ ਕਰਕੇ ਉਹ ਅਮਰੀਕੀ ਲੋਕਾਂ ਨੂੰ ਮੁੜ ਸੰਯੁਕਤ ਕਰਨ ਦਾ ਯਤਨ ਕਰੇਗਾ। ਉਸਨੇ ਆਪਣੇ ਸਭ ਤੋਂ ਭਰੋਸੇਯੋਗ ਅਤੇ ਦਸਾਂ ਸਾਲਾਂ ਦੇ ਅਜ਼ਮਾਏ ਹੋਏ ਅਧਿਕਾਰੀ ਰੋਨ ਕਲੇਨ ਨੂੰ ਆਪਣਾ ਚੀਫ ਆਫ ਸਟਾਫ ਨਿਯੁਕਤ ਕਰ ਦਿੱਤਾ ਹੈ ਅਤੇ ਹੋਰ ਕਈ ਉਦਾਰਵਾਦੀ ਵਿਅਕਤੀ ਉਸਦੀ ਲਿਸਟ ਵਿਚ ਦੱਸੇ ਜਾਂਦੇ ਹਨ। ਬਿਡੇਨ ਦਾ ਦਾਅਵਾ ਹੈ ਕਿ ਰੋਨ ਨੇ ਔਖੇ ਸਮਿਆਂ ਵਿਚ ਉਸਦਾ ਸਾਥ ਦਿੱਤਾ ਸੀ ਅਤੇ 2008 ਦੇ ਆਰਥਿਕ ਸੰਕਟ ਵਿੱਚੋਂ ਨਿਕਲਣ ਲਈ ਦੇਸ਼ ਦੀ ਵੱਡਮੁੱਲੀ ਸਹਾਇਤਾ ਕੀਤੀ ਸੀ । ਉਹ ਦੋਵੇਂ ਓਦੋਂ ਤੋਂ ਹੀ ਇਕ ਦੂਜੇ ਦੇ ਨੇੜੇ ਹਨ ਜਦੋਂ ਬਿਡੇਨ ਸੈਨੇਟਰ ਬਣਿਆ ਸੀ। ਉਹ ਆਪਣੇ ਮਿੱਤਰਾਂ ਅਤੇ ਸਹਿਯੋਗੀਆਂ ਨੂੰ ਭਰੋਸਾ ਦੁਆ ਰਿਹਾ ਹੈ ਕਿ ਉਹ ਹੁਣ ਕਾਫੀ ਲੰਬਾ ਸਮਾਂ ਇਕੱਠੇ ਰਹਿਣਗੇ। ਇੱਥੇ ਭਾਰਤ ਲਈ ਇਕ ਹੋਰ ਮਾਣ ਵਾਲੀ ਗੱਲ ਹੈ ਕਿ ਬਿਡੇਨ ਨੇ ਭਾਰਤੀ ਮੂਲ ਦੀ ਮਾਲਾ ਅਦਿਗਾ ਨੂੰ ਅਪਣੀ ਪਤਨੀ ਜਿੱਲ ਦੀ ਪਾਲਿਸੀ ਡਾਇਰੈਕਟਰ ਨਿਯੁਕਤ ਕਰ ਦਿੱਤਾ ਹੈ। ਉਹ ਬਿਡੇਨ ਦੀ ਚੋਣ ਮੁਹਿੰਮ ਵਿਚ ਸੀਨੀਅਰ ਨੀਤੀ ਸਲਾਹਕਾਰ ਵੀ ਸੀ।
ਯੂਐਨਓ ਦੇ ਸਕੱਤਰ ਜਨਰਲ ਅੰਟੋਨੀਓ ਗੁਟਰਸ ਨੇ ਬਿਡੇਨ ਨੂੰ ਜਿੱਤ ਦੀ ਵਧਾਈ ਦੇ ਕੇ, ਇਕ ਤਰ੍ਹਾਂ ਨਾਲ ਵਿਸ਼ਵੀ ਮਾਨਤਾ ਹੀ ਦੇ ਦਿੱਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਬਿਡੇਨ ਨੂੰ ਫੋਨ ਤੇ ਜਿੱਤ ਦੀ ਵਧਾਈ ਦਿੱਤੀ ਤਾਂ ਉਸਨੇ ਕਿਹਾ ਕਿ ਉਹ ਅਮਰੀਕਾ ਦੇ ਅੰਦਰ ਅਤੇ ਬਾਹਰ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗਾ। ਉਸ ਦੇ ਇਸ ਬਿਆਨ ਨੂੰ ਭਾਰਤ ਦੇ ਪ੍ਰਸੰਗ ਵਿਚ ਵਿਸ਼ੇਸ਼ ਮਹੱਤਤਾ ਦਿੱਤੀ ਜਾ ਰਹੀ ਹੈ।
ਅਮਰੀਕੀ ਚੋਣ ਦੀ ਵਿਸ਼ੇਸ਼ ਮਹੱਤਤਾ ਕੇਵਲ ਪ੍ਰਧਾਨ ਬਿਡੇਨ ਦੀ ਚੋਣ ਕਰਕੇ ਹੀ ਨਹੀਂ ਸਗੋਂ ਵਾਈਸ ਪ੍ਰਧਾਨ ਕਮਲਾ ਹੈਰਿਸ ਦੀ ਚੋਣ ਕਰਕੇ ਵੀ ਹੈ ਜਿਸਨੂੰ ਭਾਰਤੀ ਲੋਕ ਹੋਰ ਵੀ ਡੂੰਘੇ ਲਗਾਓ ਨਾਲ ਦੇਖਦੇ ਹਨ । ਕਮਲਾ ਹੈਰਿਸ ਇੱਕੋ ਸਮੇਂ ਦੱਖਣੀ ਏਸ਼ੀਆਈ ਅਤੇ ਅਫਰੀਕੀ ਸਭਿਆਚਾਰ ਦੀ ਨੁਮਾਇੰਦਾ ਹੈ। ਉਸਦਾ ਮਹੱਤਵ ਗੈਰ ਗੋਰੀ ਹੋਣ ਕਰਕੇ ਵੀ ਹੈ ਅਤੇ ਇਕ ਇਸਤਰੀ ਹੋਣ ਕਰਕੇ ਵੀ ਹੈ । ਉਹ ਪਹਿਲੀ ਇਸਤਰੀ ਹੈ ਜਿਸਨੇ ਇਸਤਰੀਆਂ ਦੇ ਮਾਣ ਲਈ ਕਈ ਪਹਿਲਾਂ ਕੀਤੀਆਂ ਹਨ ਅਤੇ ਅਮਰੀਕਾ ਦੀ ਵਾਈਸ ਪ੍ਰਧਾਨ ਬਣਨ ਵਾਲੀ ਵੀ ਉਹ ਪਹਿਲੀ ਹੀ ਹੈ। ਕਮਲਾ ਹੈਰਿਸ ਭਾਰਤੀ ਮਾਂ ਅਤੇ ਜਮਾਇਕਨ ਪਿਤਾ ਦਾ ਸਾਂਝਾ ਲਹੂ ਹੈ। ਉਸਦਾ ਪਤੀ ਗੋਰਾ ਹੈ। ਸਾਲ 2010 ਵਿਚ ਵੀ ਉਹ ਪਹਿਲੀ ਹੀ ਅਮਰੀਕੀ-ਭਾਰਤੀ-ਅਫਰੀਕੀ ਸੀ ਜਿਹੜੀ ਕੈਲੇਫੋਰਨੀਆ ਦੀ ਅਟਾਰਨੀ ਜਨਰਲ ਬਣੀ ਸੀ। ਕਮਲਾ ਹੈਰਿਸ ਬਿਡੇਨ ਦੀ ਪ੍ਰਸੰਸਕ ਹੈ। ਉਹ ਕਹਿੰਦੀ ਹੈ ਕਿ ਬਿਡੇਨ ਵਿਚ ਦੂਜਿਆਂ ਨੂੰ ਗਹੁ ਨਾਲ ਸੁਣਨ ਦਾ ਗੁਣ ਹੈ। ਇਥੇ ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਜੇ ਕਿਤੇ ਅਮਰੀਕੀ ਸਦਨ ਕਿਸੇ ਮੁੱਦੇ ਤੇ ਅੱਧਾ-ਅੱਧਾ ਵੰਡਿਆ ਜਾਂਦਾ ਹੈ ਤਾਂ ਕਮਲਾ ਹੈਰਿਸ ਪ੍ਰਧਾਨਗੀ ਕਰੇਗੀ ਅਤੇ ਉਸਦੀ ਵੋਟ ਕਾਸਟਿੰਗ ਵੋਟ ਹੋਵੇਗੀ। ਇਸ ਤਰ੍ਹਾਂ ਉਹ ਔਖੇ ਫੈਸਲੇ ਕਰਨ ਦੀ ਕੁੰਜੀ ਬਣ ਗਈ ਹੈ। ਹੈਰਿਸ ਨੇ ਬੀਤੇ ਸਮਿਆਂ ਵਿਚ ਭਾਰਤ ਅੰਦਰ ਬਣੇ ਕਈ ਕਨੂੰਨਾਂ ਬਾਰੇ ਆਪਣਾ ਲਗਾਓ ਪ੍ਰਗਟ ਕੀਤਾ ਸੀ ਜਿਸਦਾ ਉਸ ਸਮੇਂ ਚੰਗਾ ਨਹੀਂ ਮਨਾਇਆ ਗਿਆ ਸੀ। ਪਰ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਭਾਰਤ ਅਮਰੀਕੀ ਸਬੰਧਾਂ ਨੂੰ ਪੀਡਾ ਕਰਨ ਵਿਚ ਭੂਮਿਕਾ ਨਿਭਾਏਗੀ । ਉਸਨੂੰ ਭਾਰਤ ਦੀ ਧੀਅ ਕਿਹਾ ਜਾ ਰਿਹਾ ਹੈ।
ਬਿਡੇਨ ਦੀ ਜਿੱਤ ਨੂੰ ਵਿਸ਼ਵੀ ਰਿਸ਼ਤਿਆਂ ਦੇ ਪ੍ਰਸੰਗ ਵਿਚ ਵੀ ਦੇਖਣ ਦੇ ਯਤਨ ਹੋ ਰਹੇ ਹਨ । ਆਮ ਪ੍ਰਭਾਵ ਇਹ ਹੈ ਕਿ ਉਸਦੇ ਅਮਰੀਕੀ ਪ੍ਰਧਾਨ ਬਣਨ ਨਾਲ ਕੋਈ ਬੁਨਿਆਦੀ ਫਰਕ ਪੈਣ ਦੀ ਉਮੀਦ ਨਜ਼ਰ ਨਹੀਂ ਆਉਂਦੀ ਭਾਵੇਂ ਕਿ ਤਣਾਓ ਵਿੱਚ ਕੁਝ ਨਾ ਕੁਝ ਢਿੱਲ ਆਉਣ ਦੀ ਉਮੀਦ ਹੈ । ਪਰ ਟਰੰਪ ਵਰਗੇ ਕੱਟੜ ਅਤੇ ਅੱਖੜ ਲੀਡਰ ਤੋਂ ਵਿਸ਼ਵ ਨੂੰ ਛੁੱਟਕਾਰਾ ਮਿਲ ਗਿਆ ਹੈ।