
ਪੱਟੀ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਤਹਿਸੀਲ ਕਮੇਟੀ ਪੱਟੀ ਦੀ ਮੀਟਿੰਗ ਧਰਮ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਤਹਿਸੀਲ ਕਮੇਟੀ ਮੈਂਬਰਾਂ ਨੇ ਭਾਗ ਲਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ, ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਅੰਦਰ ਹੜ੍ਹਾਂ ਦੌਰਾਨ ਭਾਰੀ ਤਬਾਹੀ ਹੋਈ ਹੈ ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ ਉਹਦੇ ਨਾਲ ਹੀ ਲਗਾਤਾਰ ਹੋਈ ਬਰਸਾਤ ਦੇ ਨਾਲ ਮਜ਼ਦੂਰ ਵਰਗ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਮਜ਼ਦੂਰਾਂ ਦੇ ਕੋਠਿਆਂ ਦੀਆਂ ਛੱਤਾਂ ਡਿੱਗ ਪਈ ਹਨ ਤੇ ਕਈ ਮਜ਼ਦੂਰਾਂ ਦੇ ਘਰ ਵੀ ਢਹਿ ਗਏ ਹਨ ਤੇ ਕਈਆ ਦਾ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਡਿਗ ਚੁੱਕੇ ਘਰਾਂ ਨੂੰ ਬਣਾਉਣ ਲਈ ਪੱਚੀ ਲੱਖ ਦੀ ਗ੍ਰਾਂਟ ਦਿੱਤੀ ਜਾਵੇ, ਕੋਠਿਆਂ ਦੀਆਂ ਛੱਤਾਂ ਰਿਪੇਅਰ ਕਰਨ ਲਈ ਪੰਜ ਲੱਖ ਦੀ ਗ੍ਰਾਂਟ ਦਿੱਤੀ ਜਾਵੇ ਅਤੇ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਸੱਤਰ ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਦਿਤੇ ਜਾਣ ਤੇ ਮਜ਼ਦੂਰ ਵਰਗ ਨੂੰ ਇਕ ਏਕੜ ਦੇ ਹਿਸਾਬ ਨਾਲ ਦਸ ਹਜ਼ਾਰ ਰੁਪਏ ਪ੍ਰਤੀ ਪਰਿਵਾਰ ਨੂੰ ਦਿਤੇ ਜਾਣ।
ਆਗੂਆਂ ਨੇ ਕਿਹਾ ਕਿ ਜੇਕਰ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ 26 ਸਤੰਬਰ ਨੂੰ ਡੀਸੀ ਤਰਨਤਾਰਨ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ, ਜੋ ਇਨਸਾਫ ਲੈਣ ਤੱਕ ਜਾਰੀ ਰਹੇਗਾ।
ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਦਿਆਲਪੁਰਾ, ਸੱਤਪਾਲ ਸ਼ਰਮਾ ਪੱਟੀ, ਜਗਤਾਰ ਸਿੰਘ ਆਸਲ, ਹਰਜਿੰਦਰ ਸਿੰਘ ਚੂੰਘ, ਸੁਵਿੰਦਰ ਸਿੰਘ ਚੱਕ, ਲਾਜ਼ਰ ਲਾਖਣਾ, ਜਗੀਰ ਸਿੰਘ ਗੰਡੀਵਿੰਡ, ਹਰਭਜਨ ਸਿੰਘ ਚੂਸਲੇਵੜ, ਕੇਵਲ ਸਿੰਘ ਕੰਬੋਕੇ ਆਦਿ ਆਗੂ ਹਾਜ਼ਰ ਸਨ।