
ਗੁਰਾਇਆ: ਅੱਜ ਜਮਹੂਰੀ ਕਿਸਾਨ ਸਭਾ ਵਲੋਂ ਖੇਤੀ ਸੈਕਟਰ ਵਾਸਤੇ 8 ਘੰਟੇ ਅਤੇ ਘਰੇਲੂ ਬਿਜਲੀ ਦੀ ਸਪਲਾਈ 24 ਘੰਟੇ ਦੀ ਮੰਗ ਨੂੰ ਲੈ ਕੇ ਪਾਵਰਕੌਮ ਦੀ ਸਬ ਡਵੀਜਨ ਰੁੜਕਾ ਕਲਾਂ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਆਪ ਸਰਕਾਰ ਬਿਜਲੀ ਸਪਲਾਈ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਦੇ ਨਿਸ਼ਾਨੇ ਤੇ ਹੈ। ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਕਿਸਾਨ ਵੱਖ ਵੱਖ ਸਬ ਡਿਵੀਜ਼ਨਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ ਜਿਸ ਦੀ ਕੜੀ ਵਜੋਂ ਅੱਜ ਰੁੜਕਾ ਕਲਾਂ ਸਬ ਡਵੀਜਨ ਅੱਗੇ ਵੀ ਧਰਨਾ ਦੇ ਕੇ ਐਸਡੀਓ ਅਸ਼ੋਕ ਕੁਮਾਰ ਨੂੰ ਘੱਟ ਰਹੀ ਖੇਤੀ ਸੈਕਟਰ ਦੀ ਬਿਜਲੀ ਸਪਲਾਈ ਅਤੇ ਇਲਾਕੇ ਦੀਆਂ ਸਮੱਸਿਆਵਾਂ ਤੋ ਜਾਣੂ ਕਰਵਾਇਆ ਗਿਆ। ਉਹਨਾਂ ਵਲੋਂ ਇਲਾਕੇ ਦੀਆਂ ਸਮੱਸਿਆਵਾਂ ਨੂੰ ਜਲਦ ਸੁਲਝਾਉਣ ਦੇ ਵਾਅਦੇ ਮਗਰੋਂ ਧਰਨਾ ਸਮਾਪਤ ਕੀਤਾ ਗਿਆ।
ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਕਿਸਾਨ ਜਿਸਨੇ ਕੁੱਲ ਭਾਰਤ ਦੇ ਅੰਨ੍ਹ ਭੰਡਾਰ ਭਰੇ ਹਨ,ਅੱਜ ਕੇਂਦਰ ਦੀ ਸਰਕਾਰ ਗੰਨੇ ਅਤੇ ਚੌਲ ਤੋਂ ਈਥਾਨੋਲ ਪੈਦਾ ਕਰਨਾ ਚਾਹੁੰਦੀ ਹੈ ਜਿਸ ਦਾ ਮੁੱਖ ਮੰਤਵ ਕਾਰਪੋਰੇਟ ਨੂੰ ਮੁਨਾਫਾ ਦੇਣਾ ਹੈ ਪਰ ਪੰਜਾਬ ਦੇ ਕਿਸਾਨ ਇਹ ਅੰਨ ਦੀ ਪੈਦਾਵਾਰ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਸਤੇ ਕਰਦੇ ਹਨ।
ਇਸ ਮੌਕੇ ਅਮਰੀਕ ਰੁੜਕਾ, ਸੁਰਿੰਦਰ ਰੁੜਕੀ, ਮੇਜਰ ਸਿੰਘ ਸਾਬਕਾ ਸਰਪੰਚ ਘੁੜਕਾ, ਜੀਤਾ ਮਹਿਸਮਪੁਰ, ਮਨਜਿੰਦਰ ਬੰਸੀਆਂ, ਰਾਣਾ, ਲੱਬੂ ਰੁੜਕੀ, ਬਿੱਲਾ ਭਲਵਾਨ, ਵਿੱਕੀ ਢੇਸੀ, ਕੁਲਵਿੰਦਰ ਦਾਲੀ ਤੋ ਇਲਾਵਾ ਵੱਡੀ ਗਿਣਤੀ ਕਿਸਾਨ ਸ਼ਾਮਲ ਹੋਏ।