
ਤਲਵਾੜਾ: ਦੂਜੀ ਜੰਗ ਦਾ ਸੰਤਾਪ ਹਾਲੇ ਤੱਕ ਵੀ ਲੋਕ ਭੋਗ ਰਹੇ ਹਨ। ਫਿਰ ਵੀ ਕਈ ਗੁਣਾ ਹਥਿਆਰ ਬਣਾ ਲਏ ਗਏ, ਪਰ ਤਜ਼ਰਬੇ ‘ਚੋਂ ਕਿਸੇ ਨੇ ਕੁੱਝ ਨਹੀਂ ਸਿੱਖਿਆ। ਇਹ ਸ਼ਬਦ ਉੱਘੇ ਟਰੇਡ ਯੂਨੀਅਨ ਦੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਅੱਜ ਇਥੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਇਸ ਜੰਗ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਦੁਨੀਆ ਦੇ ਅਮਨ ਨੂੰ ਖਤਰਾ ਪੈਦਾ ਹੋ ਗਿਆ ਹੈ, ਇਸ ਨਾਲ ਤੇਲ ਦਾ ਸੰਕਟ ਵਧੇਗਾ। ਜੰਗ ਨਾਲ ਮਹਿੰਗਾਈ ਵੀ ਵਧੇਗੀ।
ਪਾਸਲਾ ਨੇ ਅੱਗੇ ਕਿਹਾ ਕਿ ਭਾਰਤ ਨੇ ਇਰਾਨ ਦੇ ਮੁਖੀ ਦੇ ਕਤਲ ਦਾ ਹਾਲੇ ਤੱਕ ਵੀ ਅਫ਼ਸੋਸ ਜ਼ਾਹਿਰ ਨਹੀਂ ਕੀਤਾ। ਰੂਸ ਤੋਂ ਤੇਲ ਲੈਣ ਦਾ ਫ਼ੈਸਲਾ ਵੀ ਅਮਰੀਕਨ ਸਾਮਰਾਜ ਕਰ ਰਿਹਾ ਹੈ। ਛਪੱਜਾ ਇੰਚ ਵਾਲਾ ਪ੍ਰਧਾਨ ਮੰਤਰੀ ਤੇਲ ਦੀ ਖਰੀਦ ਦੇ ਮੁਦੇ ‘ਤੇ ਚੁੱਪ ਹੈ।
ਪਾਸਲਾ ਨੇ ਕਿਹਾ ਕਿ ਦੇਸ਼ ਦੇ ਅੰਦਰ ਜਿਸ ਢੰਗ ਨਾਲ ਮੌਜੂਦਾ ਹਾਕਮਾਂ ਵਲੋਂ ਧਰਮ ਦੇ ਨਾਂ ਹੇਠ ਸਿਆਸਤ ਕੀਤੀ ਜਾ ਰਹੀਂ ਹੈ, ਜਿਸ ਨਾਲ ਵੰਡ ਵੇਲੇ ਨਾਲੋਂ ਵੀ ਬਦਤਰ ਹਲਾਤ ਬਣ ਸਕਦੇ ਹਨ।
ਪਾਸਲਾ ਨੇ ਕਿਹਾ ਕਿ ਦੇਸ਼ ਦੇ ਅੰਦਰ ਅੰਗਰੇਜ਼ਾਂ ਵੇਲੇ ਤੋਂ ਬਣੀ ਰੇਲਵੇ ਸਮੇਤ ਦੇਸ਼ ਦੇ ਸਾਧਨਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਸ ਨਾਲ ਬੇਰੁਜ਼ਗਾਰੀ ਵਧੇਗੀ, ਭਰਾਮਾਰੂ ਜੰਗ ਵਧੇਗੀ।
ਸਾਥੀ ਪਾਸਲਾ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ‘ਤੇ ਅੱਜ ਇਥੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਪਾਸਲਾ ਨੇ ਖਾਸ ਕਰ ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਸੰਕਟ ਭਰਪੂਰ ਰਹੇਗਾ। ਜਿਸ ਨੂੰ ਸਿੱਧਾ ਗੇੜ ਦੇਣ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਸਵਰਨ ਸਿੰਘ ਨੇ ਕਿਸਾਨ ਸਭਾ ਦੀ ਮਹਾਨ ਵਿਰਾਸਤ ਦਾ ਜ਼ਿਕਰ ਕਰਦਿਆਂ ਸੰਘਰਸ਼ਾਂ ‘ਚ ਕੁੱਦਣ ਦੀ ਅਪੀਲ ਕੀਤੀ। ਨਰੇਗਾ ਵਰਕਰਜ਼ ਯੂਨੀਅਨ ਦੇ ਸੂਬਾ ਕਨਵੀਨਰ ਦੀਪਕ ਤਲਵਾੜਾ ਨੇ ਵੀ ਇਸ ਮੌਕੇ ਸੰਬੋਧਨ ਕੀਤਾ।
ਇਸ ਮੌਕੇ ਮੰਚ ‘ਤੇ ਗਿਆਨ ਸਿੰਘ ਗੁਪਤਾ, ਅਮਰਜੀਤ ਕਾਨੂੰਗੋ, ਤਰਲੋਕ ਸਿੰਘ, ਖੁਸ਼ੀ ਰਾਮ, ਮਨਜਿੰਦਰ ਢੇਸੀ ਸ਼ੋਸ਼ਭਤ ਸਨ।
ਆਖਰ ‘ਚ ਸਾਥੀ ਸ਼ਿਵ ਕੁਮਾਰ ਅਮਰੋਹੀ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਨਰੇਗਾ ਵਰਕਰ ਵੀ ਹਾਜ਼ਰ ਸਨ।