Now Reading
ਛੇਵੀਂ ਕਾਨਫ਼ਰੰਸ ਦੌਰਾਨ ਮਨਜਿੰਦਰ ਸਿੰਘ ਢੇਸੀ ਪ੍ਰਧਾਨ, ਧਰਮਿੰਦਰ ਮੁਕੇਰੀਆਂ ਜਨਰਲ ਸਕੱਤਰ ਅਤੇ ਐਡਵੋਕੇਟ ਅਜੈ ਫਿਲੌਰ ਖ਼ਜ਼ਾਨਚੀ ਚੁਣੇ

ਛੇਵੀਂ ਕਾਨਫ਼ਰੰਸ ਦੌਰਾਨ ਮਨਜਿੰਦਰ ਸਿੰਘ ਢੇਸੀ ਪ੍ਰਧਾਨ, ਧਰਮਿੰਦਰ ਮੁਕੇਰੀਆਂ ਜਨਰਲ ਸਕੱਤਰ ਅਤੇ ਐਡਵੋਕੇਟ ਅਜੈ ਫਿਲੌਰ ਖ਼ਜ਼ਾਨਚੀ ਚੁਣੇ

ਪੰਡਿਤ ਕਿਸ਼ੋਰੀ ਲਾਲ ਨਗਰ (ਤਲਵਾੜਾ): ਪੰਜਾਬ ਦੀ ਜਵਾਨੀ ਦਾ ਹੀ ਇਹ ਸੰਕਟ ਨਹੀਂ ਸਗੋਂ ਇਹ ਅੰਤਰਰਾਸ਼ਟਰੀ ਸੰਕਟ ਹੈ ਜਦੋਂ ਵਿਸ਼ਵ ਸਾਮਰਾਜ ਵਲੋਂ ਨੌਜਵਾਨਾਂ ਦੀ ਸੋਚ ਨੂੰ ਖੂੰਢਾ ਕਰਨ ਲਈ ਨਸ਼ਿਆਂ ਸਮੇਤ ਹੋਰ ਹਰਬੇ ਵਰਤ ਕੇ ਜਵਾਨੀ ਨੂੰ ਕੁਰਾਹੇ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸਾਮਰਾਜ ਜਵਾਨੀ ਨੂੰ ਸਿਆਣੇ ਕਰਨ ਲਈ ਕੰਮ ਨਹੀਂ ਕਰਦਾ ਸਗੋਂ ਖਪਤਵਾਦੀ ਸਭਿਆਚਾਰ ਨੂੰ ਹੀ ਉਤਸ਼ਾਹਿਤ ਕਰਦਾ ਹੋਇਆ ਮੁਨਾਫ਼ੇ ਲਈ ਹੀ ਕੰਮ ਕਰਦਾ ਹੈ। ਇਹ ਸ਼ਬਦ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਇਜਲਾਸ ਦੇ ਦੂਜੇ ਦਿਨ ਸੰਬੋਧਨ ਕਰਦਿਆਂ ਸਭਾ ਦੇ ਫਾਊਡਰ ਖ਼ਜ਼ਾਨਚੀ ਡਾ. ਸਰਬਜੀਤ ਮੁਠੱਡਾ ਨੇ ਕਹੇ। ਮੁਠੱਡਾ ਨੇ ਕਿਹਾ ਕਿ ਸਭਾ ਦੀ ਨਵੀਂ ਟੀਮ ਲਾਜ਼ਮੀ ਤੌਰ ‘ਤੇ ਸ਼ਹੀਦ ਭਗਤ ਸਿੰਘ ਦੇ ਰਾਹਾਂ ‘ਤੇ ਚਲਦਿਆਂ ਨੌਜਵਾਨਾਂ ਲਈ ਬਿਹਤਰ ਕੰਮ ਕਰੇਗੀ।
ਅੱਜ ਸਰਬਸੰਮਤੀ ਨਾਲ 21 ਮੈਂਬਰੀ ਸੂਬਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ‘ਚ ਮਨਜਿੰਦਰ ਸਿੰਘ ਢੇਸੀ ਨੂੰ ਪ੍ਰਧਾਨ, ਧਰਮਿੰਦਰ ਸਿੰਘ ਮੁਕੇਰੀਆਂ ਨੂੰ ਜਨਰਲ ਸਕੱਤਰ, ਜਤਿੰਦਰ ਫਰੀਦਕੋਟ ਅਤੇ ਲਾਜਰ ਲਾਖਣਾ ਨੂੰ ਮੀਤ ਪ੍ਰਧਾਨ, ਰਵਿੰਦਰ ਲੋਹਗੜ ਨੂੰ ਪ੍ਰੈੱਸ ਸਕੱਤਰ, ਨਵਦੀਪ ਕੋਟਕਪੂਰਾ ਸਕੱਤਰ ਅਤੇ ਐਡਵੋਕੇਟ ਅਜੈ ਫਿਲੌਰ ਨੂੰ ਖ਼ਜ਼ਾਨਚੀ ਚੁਣਿਆ ਗਿਆ।
ਇਸ ਕਾਨਫ਼ਰੰਸ ਦੌਰਾਨ ਕੰਮ ਜਾਂ ਬੇਰੁਜ਼ਗਾਰੀ ਭੱਤੇ ਬਾਰੇ, ਸਿਹਤ ਸਹੂਲਤਾਂ ਬਾਰੇ, ਨਸ਼ੇ ਰੋਕਣ ਬਾਰੇ, ਪੰਜਾਬ ਦੇ ਭਵਿੱਖ ਬਾਰੇ, ਖੇਡਾਂ ਬਾਰੇ, ਇੱਕਸਾਰ ਅਤੇ ਲਾਜ਼ਮੀ ਵਿੱਦਿਆ ਦੇਣ ਬਾਰੇ, ਔਰਤਾਂ ਅਤੇ ਘੱਟ ਗਿਣਤੀਆਂ ‘ਤੇ ਹਮਲੇ ਬਾਰੇ, ਭ੍ਰਿਸ਼ਟਾਚਾਰ ਬਾਰੇ, ਸ਼ਹੀਦਾਂ ਦੀਆਂ ਵਿਰਾਸਤਾਂ ਸਾਂਭਣ ਦੀ ਮੰਗ ਨੂੰ ਲੈ ਕੇ, ਝੂਠੇ ਪੁਲੀਸ ਮੁਕਾਬਲੇ ਰੋਕਣ ਬਾਰੇ ਮਤੇ ਪਾਸ ਕੀਤੇ ਗਏ।
ਇਸ ਅਜਲਾਸ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਪੰਜਾਬ ਨਿਰਮਾਣ ਯੂਨੀਅਨ ਦੇ ਆਗੂ ਗੰਗਾ ਪ੍ਰਸ਼ਾਦ, ਜਮਹੂਰੀ ਕਿਸਾਨ ਸਭਾ ਦੇ ਸੂਬਾ ਖ਼ਜ਼ਾਨਚੀ ਹਰਪ੍ਰੀਤ ਬੁਟਾਰੀ ਨੇ ਭਰਾਤਰੀ ਸੰਦੇਸ਼ ਦਿੰਦਿਆ ਵਿਸ਼ਵਾਸ਼ ਦਵਾਇਆ ਕਿ ਉਹ ਸਭਾ ਨਾਲ ਹਰ ਸੰਭਵ ਮਦਦ ਕੀਤੀ ਜਾਏਗੀ।
ਉਕਤ ਅਹੁਦੇਦਾਰਾਂ ਤੋਂ ਇਲਾਵਾ ਜੱਗਾ ਅਜਨਾਲਾ, ਸਤਵਿੰਦਰ ਹੋਠੀਆਂ, ਗੁਰਜੰਟ ਮੁੱਛਲ, ਕੈਪਟਨ ਕਾਹਲਵਾਂ, ਬੌਬੀ ਗੋਇੰਦਵਾਲ, ਮੱਖਣ ਸੰਗਰਾਮੀ, ਵਿਕਰਮ ਮੰਡਿਆਲਾ, ਅਕਸ਼ੈ ਕੁਮਾਰ, ਅਜੈ ਲੁਧਿਆਣਾ, ਸੁਖਮੰਦਰ ਗਿੱਲ, ਗਗਨ ਮਾਨਸਾ, ਮਨਪ੍ਰੀਤ ਸਰਦੂਲਗੜ ਸੂਬਾ ਕਮੇਟੀ ਮੈਂਬਰ ਚੁਣੇ ਗਏ।
ਅੰਤ ‘ਚ ਨਵੀਂ ਕਮੇਟੀ ਨੇ ਤਲਵਾੜਾ ਵਾਸੀਆਂ ਦਾ ਅਤੇ ਪ੍ਰਬੰਧਕਾਂ ਦਾ ਉਚੇਚੇ ਰੂਪ ‘ਚ ਧੰਨਵਾਦ ਕੀਤਾ। ਮੁਲਾਜ਼ਮਾਂ ਦੇ ਆਗੂ ਸਤੀਸ਼ ਰਾਣਾ ਨੇ ਆਏ ਡੈਲੀਗੇਟਾਂ ਦਾ ਅਤੇ ਸਭਾ ਦਾ ਧੰਨਵਾਦ ਕੀਤਾ।

Scroll To Top