Now Reading
ਸੂਹਾ ਝੰਡਾ ਪਾ ਕੇ ਇਨਕਲਾਬੀ ਰਵਾਇਤਾਂ ਨਾਲ ਦਿੱਤੀ ਡਾ. ਬਲਵਿੰਦਰ ਸਿੰਘ ਛੇਹਰਟਾ ਨੂੰ ਅੰਤਮ ਵਿਦਾਇਗੀ

ਸੂਹਾ ਝੰਡਾ ਪਾ ਕੇ ਇਨਕਲਾਬੀ ਰਵਾਇਤਾਂ ਨਾਲ ਦਿੱਤੀ ਡਾ. ਬਲਵਿੰਦਰ ਸਿੰਘ ਛੇਹਰਟਾ ਨੂੰ ਅੰਤਮ ਵਿਦਾਇਗੀ


ਅੰਮ੍ਰਿਤਸਰ: ਕਿਰਤੀ ਸ਼੍ਰੇਣੀ ਦੀ ਲੁੱਟ-ਖਸੁੱਟ, ਜਬਰ-ਵਿਤਕਰੇ ਤੋਂ ਮੁਕਤੀ ਲਈ ਤਾਉਮਰ ਜੂਝਣ ਵਾਲੇ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਸਿਰਕੱਢ ਆਗੂ ਕਾਮਰੇਡ ਡਾ. ਬਲਵਿੰਦਰ ਸਿੰਘ ਛੇਹਰਟਾ ਬੀਤੇ ਕਲ੍ਹ ਸਦੀਵੀ ਵਿਛੋੜਾ ਦੇ ਗਏ ਸਨ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਆਪਣੇ ਇਸ ਸਮਰਪਤ, ਦਲੇਰ ਤੇ ਅਨੁਸ਼ਾਸ਼ਿਤ ਸਾਥੀ ਦੀਆਂ ਘਾਲਣਾਵਾਂ ਅੱਗੇ ਮਾਣ ਨਾਲ ਸਿਰ ਝੁਕਾਉਂਦਿਆਂ ਉਨ੍ਹਾਂ ਦੀ ਪਤਨੀ ਗੁਰਚਰਨ ਕੌਰ, ਪੁੱਤਰਾਂ ਤੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਮਰਹੂਮ ਸਾਥੀ ਬਲਵਿੰਦਰ ਸਿੰਘ ਛੇਹਰਟਾ ਦਾ ਅੰਤਮ ਸੰਸਕਾਰ ਨਾਰਾਇਣਗੜ੍ਹ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਕਾਮਰੇਡ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਸੂਬਾ ਸਕੱਤਰੇਤ ਦੇ ਮੈਂਬਰਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਸ਼ਿਵ ਕੁਮਾਰ ਪਠਾਨਕੋਟ, ਸੂਬਾ ਕਮੇਟੀ ਦੇ ਮੈਂਬਰਾਨ ਸਾਥੀ ਬਲਦੇਵ ਸਿੰਘ ਪੰਡੋਰੀ, ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ ਨੇ ਯੁੱਧ ਸਾਥੀਆਂ ਦੇ ਜੋਸ਼ੀਲੇ ਨਾਅਰਿਆਂ ਦੀ ਗੂੰਜ ਦਰਮਿਆਨ ਵਿਛੜੇ ਸਾਥੀ ਦੀ ਮ੍ਰਿਤਕ ਦੇਹ ‘ਤੇ ਸਨਮਾਨ ਵਜੋਂ ਪਾਰਟੀ ਦਾ ਸੂਹਾ ਝੰਡਾ ਪਾ ਕੇ ਅੰਤਮ ਯਾਤਰਾ ਲਈ ਰਵਾਨਾ ਕੀਤਾ।
ਸੀਪੀਆਈ (ਐਮ) ਦੀ ਸੂਬਾ ਕਮੇਟੀ ਦੇ ਮੈਂਬਰ ਸਾਥੀ ਸੁੱਚਾ ਸਿੰਘ ਅਜਨਾਲਾ ਤੇ ਬਜ਼ੁਰਗ ਆਗੂ ਸਾਥੀ ਨਰਿੰਦਰ ਸਿੰਘ ਧੰਜਲ, ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਸੀਨੀਅਰ ਆਗੂ ਸਾਥੀ ਨਰਿੰਦਰ ਲਾਡੀ ਤੇੜਾ, ਸੀਪੀਆਈ ਦੇ ਆਗੂ ਸਾਥੀ ਗੁਰਲਾਲ ਸਿੰਘ ਲਾਲੀ, ‘ਆਮ ਆਦਮੀ ਪਾਰਟੀ’ ਦੇ ਆਗੂ ਵਰੁਣ ਰਾਣਾ ਤੇ ਬਲਵਿੰਦਰ ਸਿੰਘ ਕਾਲਾ, ਪਸਸਫ ਦੇ ਸੂਬਾਈ ਆਗੂ ਸਾਥੀ ਮੰਗਲ ਸਿੰਘ ਟਾਂਡਾ ਤੇ ਗੁਰਦੀਪ ਸਿੰਘ ਬਾਜਵਾ, ਸੀਟੀਯੂ ਪੰਜਾਬ ਦੇ ਸੂਬਾਈ ਆਗੂ ਸਾਥੀ ਕਿਰਪਾਲ ਸਿੰਘ ਗਿੱਲ ਤੇ ਜਗਤਾਰ ਸਿੰਘ ਕਰਮ ਪੁਰਾ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਵਿੱਤ ਸਕੱਤਰ ਸਾਥੀ ਹਰਪ੍ਰੀਤ ਸਿੰਘ ਬੁਟਾਰੀ ਤੇ ਜ਼ਿਲ੍ਹੇ ਦੇ ਆਗੂ ਨਿਰਮਲ ਸਿੰਘ ਭਿੰਡਰ ਨੇ ਵੀ ਆਪੋ-ਆਪਣੀ ਜਥੇਬੰਦੀ ਵਲੋਂ ਝੰਡਾ ਪਾਇਆ। ਇਸ ਮੌਕੇ ਸੁਖਦੇਵ ਰਾਜ ਕਾਲੀਆ, ਕਮਲ ਸ਼ਰਮਾ, ਹੀਰਾ ਸਿੰਘ ਭੱਟੀ, ਧਰਮ ਸਿੰਘ ਪੱਟੀ, ਮਾਸਟਰ ਨਿਰਮਲ ਸਿੰਘ, ਪ੍ਰਤਾਪ ਸਿੰਘ ਕਠਾਣੀਆਂ ਤੋਂ ਇਲਾਵਾ ਪਾਰਟੀ ਤੇ ਖੱਬੀਆਂ ਧਿਰਾਂ ਦੇ ਅਨੇਕਾਂ ਆਗੂ ਤੇ ਕਾਰਕੁੰਨ ਮੌਜੂਦ ਸਨ। ਪਾਰਟੀ ਤੇ ਜਨ ਸੰਗਠਨਾਂ ਦੇ ਆਗੂਆਂ, ਜਿਨ੍ਹਾਂ ਦੇ ਹੱਥੀਂ ਲਾਲ ਫੁਰੇਰੇ ਫੜ੍ਹੇ ਹੋਏ ਸਨ, ਵੱਡੇ ਕਾਫਿਲੇ ਦੀ ਸ਼ਕਲ ‘ਚ ਬੁਲੰਦ ਆਵਾਜ਼ ‘ਚ ਨਾਅਰੇ ਮਾਰਦਾ ਹੋਏ, ਉਨ੍ਹਾਂ ਦਾ ਮ੍ਰਿਤਕ ਸ਼ਰੀਰ ਸ਼ਮਸ਼ਾਨ ਘਾਟ ਤੱਕ ਲੈ ਕੇ ਪੁੱਜੇ।
ਸਾਥੀ ਡਾਕਟਰ ਬਲਵਿੰਦਰ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਸਰਬਜੀਤ ਸਿੰਘ ਹੈਰੀ, ਹਰਮਿੰਦਰ ਸਿੰਘ ਪਾਲਾ, ਭੁਪਿੰਦਰ ਸਿੰਘ ਭਿੰਦਾ ਤੇ ਛੋਟੇ ਭਰਾਤਾ ਲਖਵਿੰਦਰ ਸਿੰਘ ਨੇ ਦਿਖਾਈ।
ਸਾਥੀ ਬਲਵਿੰਦਰ ਸਿੰਘ ਛੇਹਰਟਾ ਨਮਿੱਤ ਸ਼ਰਧਾਂਜਲੀ ਸਮਾਗਮ 23 ਨਵੰਬਰ ਨੂੰ ਸ਼੍ਰੀ ਕ੍ਰਿਸ਼ਨਾ ਮੰਦਰ ਨਾਰਾਇਣਗੜ੍ਹ ਵਿਖੇ ਹੋਵੇਗਾ।

Scroll To Top