Now Reading
ਐੱਸਪੀ ਹੈੱਡਕੁਆਟਰ ਵਲੋਂ ਧਰਨਾਕਾਰੀਆਂ ਨੂੰ ਯਕੀਨ ਦਵਾਉਣ ‘ਤੇ ਧਰਨਾ ਕੀਤਾ ਸਮਾਪਤ

ਐੱਸਪੀ ਹੈੱਡਕੁਆਟਰ ਵਲੋਂ ਧਰਨਾਕਾਰੀਆਂ ਨੂੰ ਯਕੀਨ ਦਵਾਉਣ ‘ਤੇ ਧਰਨਾ ਕੀਤਾ ਸਮਾਪਤ


ਅਜਨਾਲਾ: ਜਨਤਕ ਜਥੇਬੰਦੀਆਂ ਵੱਲੋਂ ਵਿਰਸਾ ਸਿੰਘ ਟਪਿਆਲਾ ਤੇ ਦੇਸਾਂ ਸਿੰਘ ਭਿੰਡੀ ਔਲਖ ਸੀਨੀਅਰ ਆਗੂ ਜਮਹੂਰੀ ਕਿਸਾਨ ਸਭਾ ਪੰਜਾਬ, ਔਰਤ ਮੁਕਤੀ ਮੋਰਚਾ ਦੀ ਪ੍ਰਧਾਨ ਅਜੀਤ ਕੌਰ ਕੋਟ ਰਜ਼ਾਦਾ, ਜੱਗਾ ਸਿੰਘ ਡੱਲਾ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਕਾਲਾ ਸਿੰਘ ਆਗੂ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ‘ਚ ਅਜਨਾਲਾ ਪੁਲਿਸ ਪ੍ਰਸ਼ਾਸਨ ਦੀਆਂ ਧੱਕੇਸ਼ਾਹੀਆ ਤੇ ਬੇਇਨਸਾਫ਼ੀਆਂ ਵਿਰੁੱਧ ਸ਼ਹਿਰ ਦੇ ਬਜ਼ਾਰਾਂ ਵਿੱਚ ਲੋਕ ਸਮਰਥਨ ਪ੍ਰਾਪਤ ਕਰਨ ਲਈ ਰੋਹ ਭਰਿਆ ਪ੍ਰਦਰਸ਼ਨ ਕਰਨ ਉਪਰੰਤ ਡੀਐੱਸਪੀ ਅਜਨਾਲਾ ਦੇ ਦਫਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਤੇ ਮੁਜ਼ਾਹਰਾ ਕੀਤਾ, ਜਿਸ ਵਿੱਚ ਪੁਲਿਸ ਪ੍ਰਸ਼ਾਸਨ ਦੇ ਸਤਾਏ ਹੋਏ ਸੈਂਕੜੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ ਤੇ ਹੋਰ ਮਿਹਨਤਕਸ਼ ਲੋਕਾਂ ਨੇ ਹੱਥਾਂ ਵਿਚ ਆਪਣੀ ਜੱਥੇਬੰਦੀਆਂ ਦੇ ਝੰਡੇ ਚੁੱਕ ਕੇ ਸਮੂਲੀਅਤ ਕੀਤੀ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂਨੰਗਲ ਨੇ ਦੱਸਿਆ ਕਿ ਅਜਨਾਲਾ ਇਲਾਕੇ ਵਿੱਚ ਅਮਨ – ਕਨੂੰਨ ਦੀ ਸਥਿਤੀ ਲਗਾਤਾਰ ਖਰਾਬ ਹੋ ਰਹੀ ਹੈ। ਕਾਤਲ, ਗੈਂਗਸਟਰ, ਬਲਾਤਕਾਰੀਆਂ ਤੇ ਲੱਠਮਾਰਾਂ ਲਈ ਆਮ ਲੋਕਾਂ ਦਾ ਜਿਊਣਾ – ਰਹਿਣਾ ਮੁਸ਼ਕਲ ਕੀਤਾ ਹੋਇਆ ਹੈ। ਇਹਨਾਂ ਆਗੂਆਂ ਨੇ ਦੱਸਿਆ ਕਿ ਅਜਿਹਾ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਤੋਂ ਬਗੈਰ ਨਹੀਂ ਹੋ ਸਕਦਾ, ਜਿਸ ਕਾਰਨ ਪੁਲੀਸ ਅਧਿਕਾਰੀਆਂ ਵਿਰੁੱਧ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ ਹੈ।
ਉੱਕਤ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਜੱਗਾ ਸਿੰਘ ਨੂੰ ਜਾਨੋਂ ਮਾਰਨ ਦੇ ਪੱਕੇ ਇਰਾਦੇ ਨਾਲ ਇਸ ਦੇ ਸਿਰ ਚ ਗੰਭੀਰ ਸੱਟਾਂ ਲਾਉਣ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਅਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਉਸਦਾ ਖੋਇਆ ਮੋਟਰਸਾਈਕਲ ਤੇ ਹੋਰ ਸਮਾਨ ਬਰਾਮਦ ਕਰਕੇ ਇਸ ਐਫਆਈਆਰ 105/ 2025 ਚ ਤੋੜੀ ਗਈ ਧਾਰਾ 303 ਮੁੜ ਬਹਾਲ ਕੀਤੀ ਜਾਵੇ।
ਇਸ ਤਰ੍ਹਾਂ ਐਫ ਆਈ ਆਰ ਨੰਬਰ 128/ 2025 ਚ ਨਾਮਜ਼ਦ ਬਲਾਤਕਾਰੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਰੜੀਆਂ ਤੋਂ ਕਰੜੀਆਂ ਸਜ਼ਾਵਾਂ ਦਿੱਤੀਆਂ ਜਾਣ।
ਹੋਰਨਾਂ ਤੋਂ ਇਲਾਵਾ ਸਤਵਿੰਦਰ ਸਿੰਘ ਉਠੀਆਂ, ਬਲਕਾਰ ਸਿੰਘ ਜੋਸ਼ ਨੇ ਧਰਨੇ ਵਿੱਚ ਪੁਲਿਸ ਵਿਰੁੱਧ ਗੁੱਸਾ ਜ਼ਾਹਿਰ ਕਰਦਿਆਂ ਪੁਰਜ਼ੋਰ ਮੰਗ ਕੀਤੀ ਕਿ ਪਿੰਡ ਜੋਸ਼ ਦੇ ਜੱਗਜੀਤ ਸਿੰਘ ਤੇ ਹੋਰਨਾਂ ਵਿਰੁੱਧ ਬਣਾਇਆ ਸਰਾਸਰ ਝੂਠਾ ਮੁਕੱਦਮਾ ਨੰਬਰ 2/ 2023 ਝੂਠੇ ਕੇਸ ਨੂੰ ਰੱਦ ਕੀਤਾ ਜਾਵੇ ਅਤੇ ਭੌਂ ਤੇ ਰੇਤ ਮਾਫੀਆ ਚ ਮੁਕੱਦਮਾ ਨੰਬਰ 71/ 25 ਥਾਣਾ ਰਮਦਾਸ ਦੇ ਨਾਮਜ਼ਦ ਮੁਲਜ਼ਮਾਂ ਜਸਕਰਨ ਸਿੰਘ ਤੇ ਗੁਰਸ਼ਰਨ ਸਿੰਘ ਵਾਸੀ ਕਮੀਰਪੁਰ ਤੇ ਸੁਖਦੇਵ ਸਿੰਘ ਉਰਫ ਵੇਹਰੂ ਤੇ ਅਣਪਛਾਤਿਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ।
ਇੱਥੇ ਜ਼ਿਕਰਯੋਗ ਹੈ ਕਿ ਇਹਨਾਂ ਦੇ ਵਿਰੁੱਧ ਪਹਿਲਾਂ ਵੀ ਥਾਣਾ ਰਮਦਾਸ ਵਿਖੇ ਐਫ ਆਈ ਆਰ 67/ 25 ਦਰਜ਼ ਹੈ। ਆਗੂਆਂ ਨੇ ਅੱਗੇ ਦੱਸਿਆ ਕਿ ਇਹ ਮੁਲਜ਼ਮ ਜ਼ੱਦੀਪੁਸ਼ਤੀ ਵਾਰਦਾਤਾਂ ਕਰਦੇ ਹਨ ਅਤੇ ਗ਼ਰੀਬਾਂ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕਰਦੇ ਹਨ, ਪੁਲਿਸ ਦੀ ਮਿਲੀਭੁਗਤ ਹੋਣ ਕਾਰਨ ਇਹਨਾਂ ਨੂੰ ਕੋਈ ਫੜਦਾ ਨਹੀਂ।
ਧਰਨੇ ਵਿੱਚ ਸ਼ਾਮਿਲ ਸਮੂਹ ਆਗੂਆਂ ਨੇ ਅੱਗੇ ਦੱਸਿਆ ਕਿ ਪੀੜਿਤ ਲੜਕੀ ਹਰਮੇਸ਼ ਕੌਰ ਵਾਸੀ ਫੱਤੇਵਾਲ ਦੇ ਬਲਾਤਕਾਰੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਧਰਨੇ ਦੌਰਾਨ ਐਸਪੀ ਹੈਡਕੁਆਰਟਰ ਅਜੀਤਪਾਲ ਸਿੰਘ ਉਚੇਚੇ ਤੌਰ ਤੇ ਧਰਨਾ ਸਥਾਨ ਵਿੱਚ ਪਹੁੰਚੇ ਅਤੇ ਉਹਨਾਂ ਨੇ ਧਰਨਾਕਾਰੀ ਆਗੂਆਂ ਡਾ. ਸਤਨਾਮ ਸਿੰਘ ਅਜਨਾਲਾ, ਕੁਲਵੰਤ ਸਿੰਘ ਮੱਲੂਨੰਗਲ, ਜੱਗਾ ਸਿੰਘ ਡੱਲਾ, ਕਾਲਾ ਸਿੰਘ ਤੇ ਸ਼ਮਸ਼ੇਰ ਸਿੰਘ ਡੱਲਾ ਨਾਲ ਲੰਬੀ ਗੱਲਬਾਤ ਕਰਨ ਸਮੇਂ ਉਹਨਾਂ ਨੂੰ ਯਾਦ ਪੱਤਰ ਦੇ ਸਾਰੇ 13 ਕੇਸਾਂ ਉੱਪਰ ਵਿਸਥਾਰ ਪੂਰਵਕ ਬਹਿਸ ਕਰਦਿਆਂ ਬਹੁਤਿਆਂ ਕੇਸਾਂ ਨਾਲ ਸਬੰਧਤ ਐਸਐਚਓ ਹਰਚੰਦ ਸਿੰਘ ਨੂੰ ਅਦੇਸ਼ ਦਿੱਤੇ ਕਿ ਜੱਗਾ ਸਿੰਘ ਡੱਲਾ ਦੇ ਕੇਸ ਵਿੱਚ ਨਾਮਜ਼ਦ ਦੋਸ਼ੀਆਂ, ਬਲਾਤਕਾਰੀਆਂ ਤੇ ਹੋਰ ਸੰਗੀਨ ਜ਼ੁਰਮਾਂ ਵਿਚ ਲੋੜੀਂਦੇ ਮੁਜ਼ਰਮਾ ਨੂੰ ਤੁਰੰਤ ਗਿਰਫ਼ਤਾਰ ਕੀਤਾ ਜਾਵੇ। ਐਸਪੀ ਹੈਡਕੁਆਰਟਰ ਅਜੀਤਪਾਲ ਸਿੰਘ ਨੇ ਬਾਕੀ ਕੇਸਾਂ ਵਿੱਚ ਵੀ ਆਗੂਆਂ ਨੂੰ ਪੂਰਾ ਪੂਰਾ ਯਕੀਨ ਦਿਵਾਇਆ ਕਿ ਸਬੰਧਿਤ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ ਛੇਤੀ ਤੋਂ ਛੇਤੀ ਇਨਸਾਫ ਦਿਵਾਇਆ ਜਾਵੇਗਾ।
ਬਾਬਾ ਗੱਮ ਚੁੱਕ ਗੁਰਦੁਆਰਾ ਬੱਲੜ੍ਹਵਾਲ ਵਿਖੇ ਪਿਛਲੇ ਸਮੇਂ ਹੋਏ ਨੌਜਵਾਨ ਦੇ ਕਾਤਲ ਵਿਚ ਬਾਕੀ ਰਹਿੰਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇਗਾ। ਸਮੂਹ ਆਗੂਆਂ ਨੇ ਬਾਹਰ ਧਰਨਾ ਵਿੱਚ ਆਕੇ ਧਰਨਾਕਾਰੀਆਂ ਨੂੰ ਸਾਰੀ ਹੋਈ ਗੱਲਬਾਤ ਤੋਂ ਜਾਣੂ ਕਰਵਾਕੇ ਵਿਸ਼ਵਾਸ ਲਿਆ ਅਤੇ ਐਸਪੀ ਹੈਡਕੁਆਰਟਰ ਅਜੀਤਪਾਲ ਸਿੰਘ ਨੇ ਵੀ ਧਰਨੇ ਵਿੱਚ ਪਹੁੰਚ ਕੇ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਕਿ ਜੱਗਾ ਸਿੰਘ ਡੱਲਾ ਦੇ ਕੇਸ ਦੇ ਦੋਸ਼ੀਆਂ ਹੋਰ ਸੰਗੀਨ ਦੋਸ਼ੀਆਂ ਨੂੰ ਤੁਰੰਤ ਗਿਰਫ਼ਤਾਰ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ । ਐਸਪੀ ਹੈਡਕੁਆਰਟਰ ਦੇ ਵਿਸ਼ਵਾਸ ਦਿਵਾਉਣ ਉਪਰੰਤ ਨਾਅਰਿਆਂ ਦੀ ਗੂੰਜ ਵਿੱਚ ਧਰਨਾ ਸਮਾਪਤ ਕੀਤਾ ਗਿਆ।

Scroll To Top