/* SC_TH_END:4.3.24:fc0ffc30 */ ਹਮੇਸ਼ਾ ਜ਼ੁਲਮੀਆਂ-ਜਾਬਰਾਂ ਨਾਲ ਹੀ ਖੜ੍ਹਦਾ ਹੈ ਆਰਐੱਸਐੱਸ – Sangrami Lehar
Now Reading
ਹਮੇਸ਼ਾ ਜ਼ੁਲਮੀਆਂ-ਜਾਬਰਾਂ ਨਾਲ ਹੀ ਖੜ੍ਹਦਾ ਹੈ ਆਰਐੱਸਐੱਸ

ਹਮੇਸ਼ਾ ਜ਼ੁਲਮੀਆਂ-ਜਾਬਰਾਂ ਨਾਲ ਹੀ ਖੜ੍ਹਦਾ ਹੈ ਆਰਐੱਸਐੱਸ


ਆਦਿੱਤਿਆ ਨਿਗਮ
ਭਾਰਤ ਸਰਕਾਰ ਨੇ ਹਾਲਾਂਕਿ, ਅਧਿਕਾਰਤ ਤੌਰ ’ਤੇ ਪ੍ਰਧਾਨ ਮੰਤਰੀ ਵੱਲੋਂ ਇਜ਼ਰਾਈਲ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸ਼ਾਨ ’ਚ ‘ਨੱਚਣ-ਗਾਉਣ’ ਦੇ ਦੋਸ਼ਾਂ ਦਾ ‘ਇੱਕ ਸਜ਼ਾ ਯਾਫਤਾ ਅਪਰਾਧੀ ਦੀ ਕੂੜ ਕਲਪਨਾ’ ਕਹਿ ਕੇ ਖੰਡਨ ਕੀਤਾ ਹੈ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਪੁਸ਼ਟੀ ਜਰੂਰ ਕੀਤੀ ਹੈ ਕਿ ਜੁਲਾਈ 2017 ’ਚ ਪ੍ਰਧਾਨ ਮੰਤਰੀ ਦਾ ਇਜ਼ਰਾਈਲ ਫੇਰੀ ‘ਇੱਕ ਅਧਿਕਾਰਤ ਦੌਰਾ’ ਸੀ। ਐਪਸਟੀਨ ਫਾਈਲਾਂ ’ਚ ਐਮਈਏ ਦੇ ਬਿਆਨਾਂ ਦੇ ਹਵਾਲੇ ਨਾਲ ‘ਅਪਰਾਧੀ ਠਹਿਰਾਏ ਗਏ’ ਜੈਫਰੀ ਐਪਸਟਾਈਨ ਨੇ ਇਹ ਦੋਸ਼ ਖੁਦ ਲਾਏ ਸਨ। ਅਲੰਕਾਰਿਕ ‘ਨੱਚਣ-ਗਾਉਣ’ ਤੋਂ ਇਲਾਵਾ, ਇਹ ਪ੍ਰਧਾਨ ਮੰਤਰੀ ਦੀ ਇਜ਼ਰਾਈਲ ਫੇਰੀ ਤੇ ਇਸ ‘ਸਜ਼ਾ ਯਾਫਤਾ ਅਪਰਾਧੀ’ ਦੇ ਬਾਲ ਸੈਕਸ ਦੇ ਦੋਸ਼ੀ ਬਾਲਗਾਂ ਦੇ ਟੋਲੇ ਨਾਲ ਉਨ੍ਹਾਂ ਦੇ ‘ਸਬੰਧ’ ਉਜਾਗਰ ਕਰਦੀ ਰਿਪੋਰਟ ਨਾਲ ਜੁੜਿਆ ਤੱਥ ਹੈ, ਜੋ ਇੱਥੇ ਸਾਨੂੰ ਹਕੀਕੀ ਰੂਪ ’ਚ ਚਿੰਤਾਤੁਰ ਕਰਦਾ ਹੈ। ਇਹ ਇਸ ਲਈ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਕੇਵਲ ਬਾਲ ਸੈਕਸ ਦੇ ਦੋਸ਼ੀ ਬਾਲਗਾਂ ਦੇ ਉਸ ਟੋਲੇ, ਜਿਸ ਦੀ ਅਸੀਂ ਇੱਥੇ ਗੱਲ ਕਰ ਰਹੇ ਹਾਂ, ਦਾ ਇੱਕ ਨਿੱਜੀ ਗ੍ਰੋਹ ਨਹੀਂ, ਸਗੋਂ ਇੱਕ ਅਜਿਹਾ ਨਾਪਾਕ ਗੁੱਟ ਹੈ ਜੋ ਅਜੋਕੇ ਸਮੇਂ ਦੁਨੀਆ ’ਤੇ ਰਾਜ ਕਰਦੇ ਸਾਮਰਾਜੀ-ਬਸਤੀਵਾਦੀ ਤਾਕਤਾਂ ਦੇ ਗਠਜੋੜ ਨਾਲ ਇਸ ਟੋਲੇ ਦੇ ਡੂੰਘੇ ਸਬੰਧਾਂ ਚੋਂ ਕਾਇਮ ਕੀਤਾ ਗਿਆ ਹੈ।
ਹਾਲਾਂਕਿ ਇਸ ਗ੍ਰੋਹ ਦੇ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਨਾਲ ਜੁੜੇ ਹੋਣ ਦਾ ਸ਼ੱਕ ਲੰਬੇ ਸਮੇਂ ਤੋਂ ਸੀ, ਪ੍ਰੰਤੂ ਹੁਣ ਹੋਰ ਠੋਸ ਸਬੂਤ ਮਿਲੇ ਹਨ ਕਿ ਐਪਸਟੀਨ ਨੂੰ ਨਾ ਕੇਵਲ ਮੋਸਾਦ ਨੇ ਸਿਖਲਾਈ ਦਿੱਤੀ ਸੀ, ਬਲਕਿ ਹਾਲ ਹੀ ’ਚ ਜਾਰੀ ਕੀਤੀਆਂ ਗਈਆਂ ਐਫ.ਬੀ.ਆਈ. ਦੀਆਂ ਫਾਈਲਾਂ ਅਨੁਸਾਰ ਇਸਦੇ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਖੁਫੀਆ ਓਪਰੇਸ਼ਨਾਂ’ ਨਾਲ ਵੀ ਸਬੰਧ ਸਨ।
‘ਨੋਵਾਰਾ ਮੀਡੀਆ’ ਅਨੁਸਾਰ, ‘ਐਫਬੀਆਈ ਦੇ ਦਸਤਾਵੇਜ਼ ਦਰਸਾਉਂਦੇ ਹਨ ਕਿ ਐਪਸਟੀਨ ਨੇ ਇਜ਼ਰਾਈਲੀ ਫੌਜ ਨਾਲ ਜੁੜੇ ਸੰਗਠਨ, ਜਿਨ੍ਹਾਂ ’ਚ ਇਜ਼ਰਾਇਲ ਦੇ ਮੌਜੂਦਾ ਤੇ ਸੇਵਾਮੁਕਤ ਫੌਜੀਆਂ ਦੀ ਇਮਦਾਦ ਲਈ ਫੰਡ ਜੁਟਾਉਣ ਵਾਲਾ ‘ਫਰੈਂਡਜ਼ ਆਫ਼ ਇਜ਼ਰਾਈਲ ਡਿਫੈਂਸ ਫੋਰਸਿਜ਼’ ਤੇ ਯਹੂਦੀ ਕੌਮੀ ਫੰਡ (ਜੇਐਨਐਫ) ਵੀ ਸ਼ਾਮਲ ਹਨ ਨੂੰ ਫੰਡ ਦਿੱਤੇ ਹਨ।
‘ਅਲ ਜਜ਼ੀਰਾ’ (2 ਫਰਵਰੀ, 2026) ਅਨਿਲ ਅੰਬਾਨੀ ਤੇ ਐਪਸਟੀਨ ਦਰਮਿਆਨ ਈ-ਮੇਲ ਰਾਹੀਂ ਹੋਏ ਪੱਤਰ ਵਿਹਾਰ ਦੇ ਆਧਾਰ ’ਤੇ ਰਿਪੋਰਟ ਕਰਦਾ ਹੈ ਕਿ ਅੰਬਾਨੀ ਕਥਿਤ ਵਿਚੋਲੇ ਵਜੋਂ ਕੰਮ ਕਰ ਰਿਹਾ ਸੀ।
“ਦੋ ਹਫ਼ਤਿਆਂ ਪਿੱਛੋਂ, 29 ਮਾਰਚ ਨੂੰ ਇੱਕ ਹੋਰ ਆਈ ਸੰਦੇਸ਼ (ਆਈਮੈਸੇਜ) ਰਾਹੀਂ ਹੋਏ ਆਦਾਨ ਪ੍ਰਦਾਨ ’ਚ ਐਪਸਟਾਈਨ, ਅੰਬਾਨੀ ਨੂੰ ਲਿਖਦਾ ਹੈ, ‘ਮੋਦੀ ਤਾਰੀਖਾਂ ’ਤੇ ਹਾਵੀ ਹੋਣ ਵਾਲੀ ਇਜ਼ਰਾਈਲ ਦੀ ਰਣਨੀਤੀ ਬਾਰੇ ਚਰਚਾ।’
ਦੋ ਦਿਨਾਂ ਪਿੱਛੋਂ, ਅੰਬਾਨੀ ਨੇ ਐਪਸਟੀਨ ਨੂੰ ਦੱਸਿਆ ਕਿ ਮੋਦੀ ਜੁਲਾਈ ’ਚ ਇਜ਼ਰਾਈਲ ਦਾ ਦੌਰਾ ਕਰੇਗਾ ਤੇ ਬਦਨਾਮ ਫਾਈਨੈਂਸਰ ਨੂੰ ਪੁੱਛਿਆ : ‘ਤੁਸੀਂ ਟਰੈਕ 2 ਬਾਰੇ ਕਿਸਨੂੰ ਜਾਣਦੇ ਹੋ?’
ਈ-ਮੇਲ ਰਾਹੀਂ ਆਦਾਨ-ਪ੍ਰਦਾਨ ਦੀ ਇਹ ਲੜੀ ਦਰਸਾਉਂਦੀ ਹੈ ਕਿ ਐਪਸਟਾਈਨ ਨੇ ਅਨਿਲ ਅੰਬਾਨੀ ਰਾਹੀਂ, ਨਰਿੰਦਰ ਮੋਦੀ ਦੇ ਡੋਨਾਲਡ ਟਰੰਪ ਕੈਂਪ ਨਾਲ ਸਬੰਧ ਕਾਇਮ ਕਰਨ ਦੇ ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਇਜ਼ਰਾਈਲ ਦੀ ਉਨ੍ਹਾਂ ਦੀ ਫੇਰੀ ਨੂੰ ‘ਸਹੂਲਤ’ ਦੇਣ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਜ਼ਰਾਈਲ ਦਾ ਇਹ ਪਹਿਲਾ ਦੌਰਾ ਸੀ। ਮਹੱਤਵਪੂਰਨ ਤੱਥ ਇਹ ਹੈ ਕਿ ਉਸ ਨੇ ਫ਼ਲਸਤੀਨ ਦਾ ਦੌਰਾ ਵੀ ਨਹੀਂ ਸੀ ਕੀਤਾ। ਅਤੇ ਜਿਵੇਂ ਅਲ ਜਜ਼ੀਰਾ ਦੀ ਰਿਪੋਰਟ ਪਹਿਲਾਂ ਹੀ ਦੱਸਦੀ ਹੈ, ‘ਬੜੀ ਦਿਲਚਸਪ ਗੱਲ ਇਹ ਹੈ ਕਿ ਭਾਰਤ ਉਸ ਵਰ੍ਹੇ ਇਜ਼ਰਾਈਲੀ ਹਥਿਆਰ, ਜਿਨ੍ਹਾਂ ਦੀ ਕੀਮਤ 715 ਮਿਲੀਅਨ ਅਮਰੀਕਨ ਡਾਲਰ ਸੀ, ਦਾ ਸਭ ਤੋਂ ਵੱਡਾ ਖਰੀਦਦਾਰ ਬਣ ਗਿਆ ਸੀ। ਇਜ਼ਰਾਈਲ ਵਲੋਂ ਗਾਜ਼ਾ ’ਚ ਫ਼ਲਸਤੀਨੀਆਂ ਦੀ ਨਸਲਕੁਸ਼ੀ ਲਈ ਵਿੱਢੀ ਜੰਗ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਕਾਰ ਇਹ ਰੱਖਿਆ ਸਾਂਝੇਦਾਰੀ ਅੱਜ ਵੀ ਬਾਦਸਤੂਰ ਜਾਰੀ ਹੈ।’ ਹਾਲਾਂਕਿ ਇਹ ਗੱਲ ਡਾਢੀ ਝਟਕਾ ਦੇਣ ਵਾਲੀ ਭਾਵੇਂ ਹੈਰਾਨ ਕਰਨ ਵਾਲੀ ਉੱਕਾ ਹੀ ਨਹੀਂ ਹੈ।
ਦੇਸ਼ ’ਚ ਵਾਪਸ ਜਾ ਕੇ ਲਾਏ ਜਾਂਦੇ ਬਸਤੀਵਾਦ ਤੋਂ ਮੁਕਤੀ ਦੇ ਬੁਲੰਦ ਬਾਂਗ ਨਾਅਰਿਆਂ ਦੇ ਬਾਵਜੂਦ ਜੇਕਰ ਆਰ.ਐਸ.ਐਸ. ਤੇ ਹਿੰਦੂਤਵ ਦੀਆਂ ਵਫ਼ਾਦਾਰੀਆਂ ਤੇ ਗਠਜੋੜਾਂ ਦਾ ਨਕਸ਼ਾ ਤਿਆਰ ਕੀਤਾ ਜਾਵੇ ਤਾਂ ਇਸ ਗੱਲ ’ਤੇ ਘੱਟ ਹੀ ਸੰਦੇਹ ਰਹਿੰਦਾ ਹੈ ਕਿ ਉਹ ਹਮੇਸ਼ਾ ਉਪਨਿਵੇਸ਼ਵਾਦੀ ਤਾਕਤਾਂ ਤੇ ਦਬਾਉਣ ਵਾਲਿਆਂ ਦੇ ਨਾਲ ਹੀ ਖੜ੍ਹਦੇ ਰਹੇ ਹਨ। ਦੂਜੇ ਸ਼ਬਦਾਂ ’ਚ ਉਹ ਕਦੇ ਵੀ ਦੱਬੇ-ਕੁਚਲੇ ਲੋਕਾਂ ਦੇ ਨਾਲ ਨਹੀਂ ਖੜ੍ਹੇ।
ਇਸ ਲਈ ਇਹ ਵੀ ਉਚਿਤ ਹੀ ਲੱਗਦਾ ਹੈ ਕਿ ਇਸ ਮਾਮਲੇ ’ਚ ਵੀ ਉਹ ਉਨ੍ਹਾਂ ਹੀ ਕਬਜ਼ਾਕਾਰੀ ਬਸਤੀਵਾਦੀਆਂ ਨਾਲ ਖੜ੍ਹੇ ਨਜ਼ਰ ਆਉਂਦੇ ਹਨ, ਜਿਨ੍ਹਾਂ ਨੇ ਉਸੇ ਬਸਤੀਵਾਦੀ ਤਾਕਤ ਦੀ ਛਤਰ ਛਾਇਆ ਫ਼ਲਸਤਿਨ ’ਤੇ ਕਬਜ਼ਾ ਹੇਠ ਕੀਤਾ ਸੀ ਜੋ ‘ਬੈਲਫੋਰ ਘੋਸ਼ਣਾ’ (1917) ਅਤੇ ‘ਫ਼ਲਸਤਿਨ ਲਈ ਬ੍ਰਿਟਿਸ਼ ਫਤਵਾ’ (1920–48) ਦੇ ਸਮੇਂ ਭਾਰਤ ’ਤੇ ਰਾਜ ਕਰ ਰਹੀ ਸੀ।
ਇਹ ਆਮ ਜਾਣਕਾਰੀ ਹੈ ਕਿ ਆਰ.ਐਸ.ਐਸ. ਭਾਰਤ ਵਿਚਲੇ ਬਸਤੀਵਾਦ ਵਿਰੋਧੀ ਘੋਲ ਦੌਰਾਨ ਆਰਐਸਐਸ ਨਾ ਕੇਵਲ ਆਜ਼ਾਦੀ ਸੰਗਰਾਮ ਤੋਂ ਦੂਰ ਰਿਹਾ ਸੀ, ਸਗੋਂ ਇਸਦੇ ਆਗੂਆਂ ਨੇ ਵੱਖੋ-ਵੱਖ ਮੌਕਿਆਂ ’ਤੇ, ਬਸਤੀਵਾਦੀ ਬਰਤਾਨਵੀ ਤਾਕਤ ਦੇ ਸਹਿਯੋਗੀ ਵਜੋਂ ਵੀ ਸੇਵਾ ਨਿਭਾਈ ਸੀ।
ਸੰਘ ਦੇ ਨੇਤਾਵਾਂ ਨੇ ਖੁੱਲ੍ਹੇ ਆਮ ਇਹ ਐਲਾਨ ਕੀਤਾ ਕਿ ਆਜ਼ਾਦੀ ਦੀ ਲੜਾਈ, ਜਿਸਨੂੰ ਉਹ “ਬਰਤਾਨਵੀ ਵਿਰੋਧੀ”ਕਹਿੰਦੇ ਸਨ, ਨੂੰ ਉਹ ਇਸ ਲਈ ਨਕਾਰਦੇ ਸਨ ਕਿਉਂਕਿ ਇਹ ਆਜ਼ਾਦੀ ਲਈ ਲੜਨ ਵਾਲੇ ਸਭ ਲੋਕਾਂ, ਬਿਨਾਂ ਸ਼ੱਕ ਮੁਸਲਮਾਨਾਂ ਸਮੇਤ, ਨੂੰ ਕੌਮਵਾਦ ਦੇ ਘੇਰੇ ’ਚ ਸ਼ਾਮਲ ਕਰ ਲੈਂਦਾ ਸੀ।
ਅਤੇ ਹੁਣ ਉਹ, ਅਤੇ ਪ੍ਰਧਾਨ ਮੰਤਰੀ ਟਰੰਪ ਤੇ ਅਮਰੀਕਾ ਦੇ ‘ਨੀਲੀਆਂ ਅੱਖਾਂ ਵਾਲੇ ਮੁੰਡੇ’ (ਲਾਡਲੇ, ਚਹੇਤੇ ਤੇ ਵਫ਼ਾਦਾਰ) ਬਣਨਾ ਲੋਚਦੇ ਹਨ। ਇਹ ਵੱਖਰੀ ਗੱਲ ਹੈ ਕਿ ਫੌਰੀ ਭੂ-ਰਾਜਸੀ ਤੇ ਵਪਾਰਕ ਹਿੱਤਾਂ ਤੋਂ ਪਰ੍ਹੇ, ਟਰੰਪ ਤੇ ਉਸਦੇ ‘ਮਾਗਾ’ ਅਧਾਰ ਦੀ ਆਰਐਸਐਸ ਜਾਂ ਮੋਦੀ ’ਚ ਕੋਈ ਦਿਲਚਸਪੀ ਨਹੀਂ। ਦੂਜੇ ਪਾਸੇ ਆਰਐਸਐਸ ਦੀ ਤਰਫੋਂ, ਬਰਤਾਨਵੀ ਸਾਮਰਾਜ ਦਾ ਸੂਰਜ ਡੁੱਬਣ ਤੋਂ ਪਿੱਛੋਂ, ਸਾਡੇ ਦੌਰ ਦੀ ਸਭ ਤੋਂ ਵੱਡੀ ਬਸਤੀਵਾਦੀ ਤਾਕਤ ਨਾਲ ਗੱਠਜੋੜ ਕਾਇਮ ਕਰਨ ਦਾ ਇਹ ਇੱਕ ਹੋਰ ਯਤਨ ਹੈ।
ਆਰਐਸਐਸ, ਹਮੇਸ਼ਾ ਗੋਰੀ ਨਸਲ ਨੂੰ ਸਰਬ ਉੱਚ ਸਮਝਣ ਵਾਲੇ ਬਸਤੀਵਾਦੀਆਂ ਨਾਲ ਕਿਵੇਂ ਖੜ੍ਹਦਾ ਹੈ, ਇਸ ਦੀ ਇੱਕ ਹੋਰ ਮਿਸਾਲ ਦੇਖੀਏ। ਆਓ, ਲੰਘੇ ਕੁਝ ਸਾਲਾਂ ਚ ਆਰਐਸਐਸ ਦੇ ਪ੍ਰਮੁੱਖ ਮੋਹਨ ਭਾਗਵਤ ਦੇ ਵਿਜੇ ਦਸ਼ਮੀ ਮੌਕੇ ਦਿੱਤੇ ਗਏ ਭਾਸ਼ਣਾਂ ਵੱਲ ਪਰਤੀਏ। ਉਸ ਦੇ ਸਾਲ 2023 ਦੇ ਦੁਸ਼ਹਿਰਾ ਭਾਸ਼ਣ ’ਚ ਵੈਰੀਆਂ ਦੀ ਕਤਾਰ ’ਚ ਖੜ੍ਹੇ ਕੀਤੇ ਜਾਣ ਵਾਲਿਆਂ ਲਈ ਦੋ ਨਵੇਂ ਸ਼ਬਦ- ‘ਸੱਭਿਆਚਾਰਕ ਮਾਰਕਸਵਾਦ’ ਤੇ ‘ਜਾਗਰੂਕਤਾਵਾਦ’ ਵਰਤੇ ਗਏ ਸਨ। ਇਹ ਸ਼ਬਦ, ਆਰਐਸਐਸ ਦੇ ਯੂਰਪ ਵਿਚਲੇ ਗੋਰੀ ਨਸਲ ਨੂੰ ਸਰਵਉੱਚ ਸਮਝਣ ਵਾਲੇ ਈਸਾਈ ਸੱਜ ਪਿਖਾਖੜੀਆਂ ਨਾਲ ਸਿਰਫ਼ ਵਿਚਾਰਕ ਸਾਂਝ ਤੋਂ ਅਗਾਂਹ ਸਬੰਧ ਵਿਕਸਤ ਕਰਨ ਦੇ ਯਤਨਾਂ ਨੂੰ ਰੂਪਮਾਨ ਕਰਦੇ ਸਨ।
ਸੱਚਾਈ ਤਾਂ ਇਹ ਹੈ ਕਿ ‘ਸੱਭਿਆਚਾਰਕ ਮਾਰਕਸਵਾਦ’ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ – ਇਹ ਸ਼ਬਦ ਸੱਜ-ਪਿਛਾਖੜ ਦੀ ਇੱਕ ਨਵੀਂ ਕਾਢ ਹੈ। ਇਹ ਅਸਲ ’ਚ ਸੱਜੇ-ਪਛਾਖੜ ਦਾ ਇੱਕ ਸਾਜ਼ਿਸ਼ੀ ਸਿਧਾਂਤ ਹੈ ਜੋ ਨਾਰੀਵਾਦ, ਆਲੋਚਨਾਤਮਕ ਨਸਲ ਸਿਧਾਂਤ ਅਤੇ ਸਮਲਿੰਗੀ ਰਾਜਨੀਤੀ ਵਰਗੀਆਂ ਧਾਰਾਵਾਂ ਦੁਆਰਾ ਅੱਜ ਕੀਤੇ ਜਾ ਰਹੇ ਸਾਰੇ ਵੱਖੋ-ਵੱਖ ਦਾਅਵਿਆਂ ਨੂੰ ‘ਰਵਾਇਤੀ ਪਰਿਵਾਰਕ ਕਦਰਾਂ-ਕੀਮਤਾਂ’ ਪਿਤਾ-ਪੁਰਖੀ) ਅਤੇ ਗੋਰਿਆਂ ਦੇ ‘ਰਵਾਇਤੀ ਰਹਿਣ-ਸਹਿਣ ਦੇ ਤਰੀਕਿਆਂ’ ਲਈ ਖ਼ਤਰਾ ਦੱਸਦਾ ਹੈ।
‘ਰਹਿਣ-ਸਹਿਣ ਦੇ ਉਨ੍ਹਾਂ ਦੇ ਰਵਾਇਤੀ ਤਰੀਕਿਆਂ’, ਜਿਵੇਂ ਦਾਅਵਾ ਕੀਤਾ ਜਾਂਦਾ ਹੈ, ਨੂੰ ਵੱਖੋ-ਵੱਖ ਹਲਕਿਆਂ ਦੀਆਂ ਸਮਾਨਤਾਵਾਦ ਤੇ ਬਹੁ-ਸੱਭਿਆਚਾਰਵਾਦ ਦੀਆਂ ਵੱਧਦੀਆਂ ਮੰਗਾਂ ਤੋਂ ਖ਼ਤਰੇ ਹੈ।
‘ਨਾਰਵੇ ਦੇ ਰਹਿਣ ਵਾਲੇ ਇਕ ਸੱਜ-ਪਿਛਾਖੜੀ ਅੱਤਵਾਦੀ ਐਂਡਰਸ ਬ੍ਰੀਵਿਕ, ਜਿਸਨੇ 2011 ਚ ਇੱਕ ਕਾਰ ਬੰਬ ਧਮਾਕਾ ਕਰਕੇ ਸੱਤਰ ਤੋਂ ਵੱਧ ਮਾਸੂਮ ਬੱਚੇ ’ਤੇ ਸਮੂਹਿਕ ਗੋਲੀਬਾਰੀ ਰਾਹੀਂ ਕਈ ਲੋਕ ਮਾਰ ਦਿੱਤੇ ਸਨ, ਨੇ ’ਆਪਣੇ ਹਜ਼ਾਰਾਂ ਪੰਨਿਆਂ ਦੇ ਵਿਸ਼ਵਾਸ ਦੇ ਬਿਆਨ’ ’ਚ ਦੁਨੀਆ ਸਾਹਵੇਂ ਸਭ ਤੋਂ ਪਹਿਲਾਂ ‘ਸੱਭਿਆਚਾਰਕ ਮਾਰਕਸਵਾਦ’ ਸ਼ਬਦ ਲਿਆਂਦਾ ਸੀ। ਇਸ ਸ਼ਬਦ ਦੇ ਇਤਿਹਾਸ ਦੀ ਪੜਚੋਲ ਕਰਨ ਵਾਲੀ ਜੋਨ ਬ੍ਰੌਊਨੇ ਕਹਿੰਦੀ ਹੈ, ‘ਇਹ ਲਗਭਗ ਪੂਰੀ ਤਰ੍ਹਾਂ ਨਾਲ ਸੰਕਲਪ ’ਤੇ ਕੇਂਦ੍ਰਿਤ ਸੀ।’
ਜਿੱਥੋਂ ਤੱਕ ‘ਜਾਗਰੂਕਤਾ’ ਤੇ ‘ਜਾਗਰੂਕਤਾਵਾਦ’ ਸ਼ਬਦਾਂ ਦੀ ਗੱਲ ਹੈ ਤਾਂ ਇਹ ਸਭ ਜਾਣਦੇ ਹਨ ਕਿ ਇਨ੍ਹਾਂ ਦੀਆਂ ਜੜ੍ਹਾਂ ਅਮਰੀਕਾ ਦੀ ਕਾਲੀ ਰਾਜਨੀਤੀ ’ਚ ਹਨ ਅਤੇ ਇਹ ਸ਼ਬਦ ਹਮੇਸ਼ਾ ਹਾਂ-ਪੱਖੀ ਅਰਥਾਂ ’ਚ ਵਰਤੇ ਜਾਂਦੇ ਸਨ। ਮੋਹਨ ਭਾਗਵਤ ਨੇ ਜਿਸ ਖਾਸ ਨਾਂਹਪੱਖੀ ਅਰਥ ’ਚ ਇਹ ਸ਼ਬਦ ਵਰਤਿਆ ਹੈ, ਉਹ ਨਵੇਂ ਸੱਜ ਪਿਛਾਖੜ ਵਲੋਂ ਇੱਕ ਵਾਰ ਫਿਰ ਇਸ ਸ਼ਬਦ ਦੀ ਗਾਲ੍ਹ ਵਜੋਂ ਵਰਤੋਂ ’ਚੋਂ ਨਿਕਲਿਆ ਹੈ।
ਅਤੇ ਜੇਕਰ ਇਹ ਆਰਐਸਐਸ ਦੀ ਵਫ਼ਾਦਾਰੀ ਨੂੰ ਅਜੇ ਵੀ ਬਹੁਤਾ ਸਪੱਸ਼ਟ ਨਹੀਂ ਕਰਦੇ ਤਾਂ ਯਾਦ ਕਰੋ ਬਲਾਤਕਾਰੀ, ਕਾਤਲ, ਹਜ਼ੂਮੀ ਕਤਲਾਂ ਦੇ ਦੋਸ਼ੀ,ਆਰਐਸਐਸ ਤੇ ਇਸਦੀ ਸਿਆਸੀ ਸ਼ਾਖਾ ਭਾਜਪਾ ਦੇ ਸਮਰਥਕਾਂ ਵਲੋਂ ਜਨਤਕ ਮੰਚਾਂ ਤੋਂ ਕਿਵੇਂ ਸਨਮਾਨਿਤ ਕੀਤੇ ਜਾਂਦੇ ਹਨ। ਬਿਲਕੀਸ ਬਾਨੋ ਦੇ ਬਲਾਤਕਾਰੀਆਂ ਦੀ ਰਿਹਾਈ ਅਤੇ ਉਨ੍ਹਾਂ ਦਾ ਜਨਤਕ ਸਨਮਾਨ ਇਸ ਵਫ਼ਾਦਾਰੀ ਨੂੰ ਦਰਸਾਉਂਦੀ ਅਜਿਹੀਆਂ ਘਟਨਾਵਾਂ ਦੀ ਇੱਕ ਪੂਰੀ ਲੜੀ ’ਚੋਂ ਸਿਰਫ ਇੱਕ ਘਟਨਾ ਸੀ।
ਜਨਵਰੀ 2018 ’ਚ ਕਸ਼ਮੀਰ ਦੇ ਕਠੂਆ ’ਚ ਇੱਕ ਖਾਨਾਬਦੋਸ਼ ਮੁਸਲਿਮ ਭਾਈਚਾਰੇ ਦੀ ਅੱਠ ਸਾਲ ਦੀ ਬੱਚੀ ਨਾਲ ਇੱਕ ਮੰਦਰ ਦੇ ਅੰਦਰ ਕਈ ਦਿਨਾਂ ਤੱਕ ਬਲਾਤਕਾਰ ਤੇ ਅੰਤ ’ਚ ਉਸਦਾ ਕਤਲ ਕੀਤੇ ਜਾਣ ਦੀ ਘਟਨਾ ਨੂੰ ਯਾਦ ਕਰੋ। ਇਹ ਘਟਨਾ ਰਾਜ ਤੋਂ ਬਾਹਰ ਲੋਕਾਂ ਦੇ ਧਿਆਨ ’ਚ ਉਦੋਂ ਆਈ ਸੀ ਜਦੋਂ ਹਿੰਦੂਤਵ ਨਾਲ ਜੁੜੇ ਸਮੂਹਾਂ ਨੇ ਬਲਾਤਕਾਰੀਆਂ ਤੇ ਕਾਤਲਾਂ ਦੇ ਸਮਰਥਨ ਚ ਰੈਲੀ ਕੀਤੀ ਸੀ।
ਬੀਬੀਸੀ ਦੀ ਇੱਕ ਰਿਪੋਰਟ ਕਹਿੰਦੀ ਹੈ, “ਭਾਰਤ ਦੀ ਸੱਤਾਧਾਰੀ ਹਿੰਦੂ ਕੌਮਵਾਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦੋ ਮੰਤਰੀਆਂ, ਉਹ ਦੋਸ਼ੀ ਜਿਨ੍ਹਾਂ ਦੇ ਭਾਈਚਾਰੇ ਦਾ ਉਸ ਕੁੜੀ ਦੇ ਖਾਨਾਬਦੋਸ਼ ਕਬੀਲੇ ਨਾਲ ਜ਼ਮੀਨੀ ਵਿਵਾਦ ਚਲਦਾ ਸੀ, ਦੇ ਸਮਰਥਨ ’ਚ ਹੋਈ ਇੱਕ ਰੈਲੀ ’ਚ ਸ਼ਾਮਲ ਹੋਣ ਪਿਛੋਂ ਲੋਕਾਂ ’ਚ ਗੁੱਸਾ ਵਧ ਗਿਆ ਸੀ।’
ਇਸ ਤੋਂ ਥੋੜ੍ਹੀ ਦੇਰ ਪਿਛੋਂ 2020 ਵਿੱਚ ਹਾਥਰਸ ਜ਼ਿਲ੍ਹੇ ’ਚ 19 ਸਾਲਾਂ ਦੀ ਇੱਕ ਦਲਿਤ ਕੁੜੀ ਨਾਲ ਬਲਾਤਕਾਰ ਤੇ ਉਸਦਾ ਕਤਲ ਹੋਇਆ ਸੀ। ਜਿਵੇਂ ਇਸ ਸਾਰੀ ਘਟਨਾ ਨਾਲ ਨਜਿੱਠਿਆ ਗਿਆ, ਉਸ ਨੇ ਦੇਸ਼ ਭਰ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਪੁਲਿਸ ਤੇ ਉੱਚ ਜਾਤੀ ਦੇ ਅਪਰਾਧੀਆਂ ਨੇ ਮਿਲ ਕੇ ਸਿਆਸੀ ਨੇਤਾਵਾਂ ਸਮੇਤ ਕਿਸੇ ਨੂੰ ਵੀ ਕੁੜੀ ਦੇ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਨਹੀਂ ਸੀ ਦਿੱਤੀ।
‘ਅਲ ਜਜ਼ੀਰਾ’ ਨੇ ਰਿਪੋਰਟ ਕੀਤੀ, ‘ਭਾਰਤ ’ਚ ਅਤੀਤ ’ਚ ਅਛੂਤ ਵਜੋਂ ਜਾਣੇ ਜਾਂਦੇ ਕਿਸੇ ਦਲਿਤ ਪਰਿਵਾਰ ਦੀ ਇਕ ਕੁੜੀ, ਜਿਸਦੀ ਸਮੂਹਿਕ ਬਲਾਤਕਾਰ ਪਿੱਛੋਂ ਮੌਤ ਹੋ ਗਈ ਸੀ, ਦੇ ਪਰਿਵਾਰ ਨੇ ਅਧਿਕਾਰੀਆਂ ’ਤੇ ਦੋਸ਼ ਲਾਇਆ ਹੈ ਉਨ੍ਹਾਂ ਨੇ ਮ੍ਰਿਤਕ ਦੀ ਲਾਸ਼ ਦਾ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਅੱਧੀ ਰਾਤ ਨੂੰ ਜ਼ਬਰਦਸਤੀ ਸਸਕਾਰ ਕਰ ਦਿੱਤਾ ਹੈ।’
ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਤੋਂ ਸਿਰਫ਼ 124 ਮੀਲ (200 ਕਿਲੋਮੀਟਰ) ਦੂਰ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਇੱਕ ਪਿੰਡ ਦੀ 19 ਸਾਲਾਂ ਦੀ ਲੜਕੀ ਨਾਲ 14 ਸਤੰਬਰ ਨੂੰ ਹਿੰਦੂ ਧਰਮ ਦੀ ਦਰਜਾਬੰਦੀ ’ਚ ਉੱਚ ਜਾਤੀ ਦੇ ਚਾਰ ਸ਼ੱਕੀਆਂ ਨੇ ਉਸਦੇ ਘਰ ਦੇ ਨੇੜੇ ਇੱਕ ਖੇਤ ਵਿੱਚ ਬਲਾਤਕਾਰ ਕੀਤਾ ਸੀ।
ਅਤੇ, ਤਿੰਨ ਸਾਲ ਪਹਿਲਾਂ ਮਨੀਪੁਰ ’ਚ ਕੁਕੀ-ਜ਼ੋ ਆਦਿਵਾਸੀ ਕਬਾਇਲੀ ਭਾਈਚਾਰੇ ਦੀਆਂ ਉਨ੍ਹਾਂ ਦੋ ਮਨੀਪੁਰੀ ਔਰਤਾਂ, ਜਿਨ੍ਹਾਂ ਨੂੰ ਸ਼ਰ੍ਹੇ ਮੰਜ਼ਰ ਨੰਗਾ ਕਰਕੇ ਪਿਛੋਂ ਉਨ੍ਹਾਂ ਦਾ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ, ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ ਕੌਣ ਭੁਲਾ ਸਕਦਾ ਹੈ? ਪ੍ਰਧਾਨ ਮੰਤਰੀ ਸੂਬੇ ’ਚ ਹੋਈ ਹਿੰਸਾ ਦੌਰਾਨ ਚੁੱਪ ਰਹੇ, ਜਦੋਂ ਕਿ ਇੰਫਾਲ ’ਚ ਭਾਜਪਾ ਦੀ ਸਰਕਾਰ ਸੱਤਾ ’ਚ ਸੀ।
ਹਾਲ ਹੀ ’ਚ ਵੱਡੀ ਗਿਣਤੀ ’ਚ ਸਾਹਮਣੇ ਆਏ ਅਜਿਹੇ ਅਨੇਕਾਂ ਮਾਮਲਿਆਂ ਚੋਂ ਇਹ ਸਿਰਫ਼ ਤਿੰਨ ਮਿਸਾਲਾਂ ਹਨ ਜੋ ਇਹ ਦਰਸਾਉਂਦੀਆਂ ਹਨ ਕਿ ਜ਼ੋਰਾਵਰ, ਦੱਬੇ-ਕੁਚਲੇ ਭਾਈਚਾਰਿਆਂ ਦੀਆਂ ਔਰਤਾਂ ਦੇ ਕਿੰਨੀ ਬੇਰਹਿਮੀ ਨਾਲ ਬਲਾਤਕਾਰ ਤੇ ਕਤਲ ਕਰਦੇ ਹਨ। ਅਜਿਹੇ ਸਾਰੇ ਕੇਸਾਂ ’ਚ, ਸਰਕਾਰ ਨੇ ਸੋਚੀ-ਸਮਝੀ ਚੁੱਪ ਧਾਰੀ ਰੱਖੀ ਹੈ ਜਦੋਂ ਕਿ ਕੁਝ ਮਾਮਲਿਆਂ ’ਚ, ਸੱਤਾਧਾਰੀ ਪਾਰਟੀ ਖੁੱਲ੍ਹੇਆਮ ਬਲਾਤਕਾਰੀਆਂ ਦੇ ਨਾਲ ਖੜ੍ਹੀ ਹੈ। ਅਜਿਹੇ ਮਾਮਲਿਆਂ ਦੀ ਸੂਚੀ ਹੀ ਬਹੁਤ ਲੰਮੀ ਹੋ ਸਕਦੀ ਹੈ, ਇਸ ਲਈ ਇਨ੍ਹਾਂ ਤਿੰਨ ਮਿਸਾਲਾਂ ਨੂੰ ਕਾਫ਼ੀ ਮੰਨ ਲਓ।
ਸੱਤਾਧਾਰੀ ਭਾਜਪਾ ਅਸਲ ’ਚ, ਸਾਡੀਆਂ ਵਿਸ਼ਵ ਜੇਤੂ ਮਹਿਲਾ ਪਹਿਲਵਾਨ ਕੁੜੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ, ਬਾਹੂਬਲੀ ਨੇਤਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਬਚਾਉਣਾ ਜਾਰੀ ਰੱਖ ਰਹੀ ਹੈ। ਇਨ੍ਹਾਂ ਕੁੜੀਆਂ ਨੇ ਇੱਕ ਲੰਮਾ, ਸ਼ਾਂਤਮਈ ਅੰਦੋਲਨ ਚਲਾਇਆ। ਪੁਲਿਸ ਵਲੋਂ ਇਨ੍ਹਾਂ ਨੂੰ ਕੁੱਟਿਆ ਗਿਆ ਤੇ ਹਿਰਾਸਤ ਵਿੱਚ ਲਿਆ ਗਿਆ। ਪਰ ਦਿੱਲੀ ਵਿਚਲੇ ਭਾਜਪਾ ਸ਼ਾਸਨ ਨੂੰ ਕੁਝ ਵੀ ਨਾ ਹਿਲਾ ਸਕਿਆ।
ਇਉਂ ਹੀ, ਭਾਜਪਾ ਕਾਰਕੁੰਨ ਜਾਂ ਇਸ ਦੀ ਮਨੂੰਵਾਦੀ ਵਿਚਾਰਧਾਰਾ ਨਾਲ ਜੁੜੇ ਬੰਦਿਆਂ ਖਿਲਾਫ ਅਕਸਰ ਮੁਸਲਮਾਨਾਂ, ਆਦਿਵਾਸੀਆਂ ਦਲਿਤਾਂ ਵਿਰੁੱਧ ਹਿੰਸਾ ਤੇ ਇਨ੍ਹਾਂ ਦਾ ਅਪਮਾਨ ਕਰਨ ਦੀਆਂ ਰਿਪੋਰਟ ਕੀਤੀਆਂ ਜਾਂਦੀਆਂ ਹਨ। ਕੁਝ ਸਾਲ ਪਹਿਲਾਂ ਮੱਧ ਪ੍ਰਦੇਸ਼ ’ਚ ਇੱਕ ਬੰਦਾ, ਜੋ ਕਥਿਤ ਤੌਰ ’ਤੇ ਸੱਤਾਧਾਰੀ ਪਾਰਟੀ ਨਾਲ ਜੁੜਿਆ ਹੋਇਆ ਸੀ, ਨੇ ਇੱਕ ਆਦਿਵਾਸੀ ਮੁੰਡੇ ’ਤੇ ਪਿਸ਼ਾਬ ਕਰਨ ਜਾਂ ਊਨਾ ’ਚ ਇੱਕ ਪੁਲਿਸ ਸਟੇਸ਼ਨ ਦੇ ਅੰਦਰ ਹਿੰਦੂਤਵ ਕਾਰਕੁੰਨਾਂ ਵਲੋਂ ਚਾਰ ਦਲਿਤ ਨੌਜਵਾਨਾਂ ਨੂੰ ਕੋੜੇ ਮਾਰਨ ਵਰਗੀਆਂ ਸ਼ਰਮਨਾਕ ਰਿਪੋਰਟਾਂ ਹੁਣ ਆਮ ਹੋ ਗਈਆਂ ਹਨ। ਇਹ ਵੀ ਕੋਈ ਹਾਦਸਾ ਨਹੀਂ ਹੈ।
‘ਮਨੂਵਾਦੀ’ ਸ਼ਬਦ ਉਨ੍ਹਾਂ ਲੋਕਾਂ ਨੂੰ ਲਈ ਵਰਤਿਆ ਜਾਂਦਾ ਹੈ ਜੋ ਮਨੂੰਸਮ੍ਰਿਤੀ -ਧਰਮ ਸ਼ਾਸਤਰ ਜਿਸ ਨਾਲ ਉਹ ਭਾਰਤੀ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਹਨ, ਨੂੰ ਸਮਰਥਕ ਹਨ। ਆਰਐਸਐਸ, ਜੋ ਭਾਰਤ ਦਾ ਸੰਵਿਧਾਨ ਅਪਣਾਏ ਜਾਣ ਵੇਲੇ ਤੋਂ ਹੀ ਇਸਦਾ ਵਿਰੋਧ ਕਰਦਾ ਆਇਆ ਹੈ, ਹੁਣ ਖੁੱਲ੍ਹ ਕੇ ਕਹਿ ਰਿਹੇ ਹੈ ਕਿ ਇਸਦਾ ਸੰਵਿਧਾਨ ਤਾਂ ‘ਮਨੁਸਮ੍ਰਿਤੀ’ ਹੈ।
ਸਭ ਜਾਣਦੇ ਹਨ ਕਿ ਇਹ ਇੱਕ ਅਜਿਹਾ ਪਾਠ ਹੈ ਜੋ ਔਰਤਾਂ ਤੇ ਨੀਵੀਆਂ ਜਾਤਾਂ ਨੂੰ ਇਨਸਾਨ ਹੀ ਨਹੀਂ ਸਮਝਦਾ ਅਤੇ ਕੀਤੇ ਗਏ ਅਪਰਾਧ ਲਈ ਨਹੀਂ, ਸਗੋਂ ਅਪਰਾਧੀ ਦੀ ਜਾਤੀ ਤੇ ਲਿੰਗਕ ਅਧਾਰ ’ਤੇ ਬੇਰਹਿਮ ਸਜ਼ਾਵਾਂ ਦਿੱਤੇ ਜਾਣ ਦਾ ਹੁਕਮ ਦਿੰਦਾ ਹੈ।
ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਨੇ 25 ਦਸੰਬਰ 1927 ਨੂੰ ਜਦੋਂ ਮਨੂੰ ਸਿਮਰਤੀ ਨੂੰ ਅਗਨ ਭੇਂਟ ਚੜ੍ਹਾ ਕੀਤਾ ਸੀ ਤਾਂ ਇਹ ਕੋਈ ਵਿਅਰਥ ਕਵਾਇਦ ਨਹੀਂ ਸੀ। ਉਨ੍ਹਾਂ ਨੇ ਸਹੀ ਤੌਰ ’ਤੇ ਇਸਨੂੰ ਉਹ ਲਿਖਤ ਮੰਨਿਆ ਜੋ ‘ਹਿੰਦੂ ਧਰਮ’ ਦੀ ਪਾਲਨਾ ਵਜੋਂ ਜਾਣੇ ਜਾਂਦੇ ਜ਼ੁਲਮਾਂ ਅਤੇ ਡੂੰਘੀਆਂ ਅਸਮਾਨਤਾਵਾਂ ਨੂੰ ਸੰਸਥਾਗਤ ਬਣਾਉਂਦੀ ਹੈ।
ਆਰਐੱਸਐੱਸ ਦੀ ਵਿਚਾਰਧਾਰਾ, ਮੂਲ ਰੂਪ ਚ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਇੱਕ ਮਿਲਗੋਭਾ ਹੈ, ਜਿਸਦਾ ਪ੍ਰਗਟਾਵਾ ਮਨੂੰਸਿਮ?ਰਤੀ ਵਰਗੇ ਗ੍ਰੰਥਾਂ ’ਚ ਹੁੰਦਾ ਹੈ। ਆਧੁਨਿਕ ਬਸਤੀਵਾਦ, ਜੋ ਸਾਮਰਾਜੀ ਕੌਮਵਾਦ ਅਤੇ ਕੌਮੀ ਰਾਜ ਦੀ ਧਾਰਣਾ ਹੈ, ਦੇ ਹਕੂਮਤੀ ਤਰਕ ਦਾ ਪ੍ਰਗਟਾਵਾ ਵੀ ਦਾਬੇ ਅਤੇ ਫੌਜੀ ਤਾਕਤ ਰਾਹੀਂ ਹੁੰਦਾ ਹੈ। ਇਹ ਵਿਚਾਰਧਾਰਾ ਬ੍ਰਿਟਿਸ਼ ਬਸਤੀਵਾਦ ਦੀ ਬਹੁਤ ਵੱਡੀ ਕਰਜ਼ਈ ਹੈ, ਕਿਉਂਕਿ ਇਸ ਨੇ ਇੱਕ “ਹਿੰਦੂ ਪਰੰਪਰਾ” ਦੀ ਘਾੜਤ ਨੂੰ ਸੰਭਵ ਬਣਾਇਆ, ਜਿਸ ਨੇ ਬ੍ਰਾਹਮਣਾਂ ਅਤੇ ਉੱਚ ਜਾਤੀਆਂ ਦੇ ਦਬਦਬੇ ਨੂੰ ਮਜ਼ਬੂਤ ਕੀਤਾ। ‘ਪਰੰਪਰਾ’ ਨੂੰ ਲਿਖਤੀ ਰੂਪ ਦੇ ਕੇ ਇਸ ਦੀ ਇਸ ਤਰ੍ਹਾਂ ਸੰਰਚਨਿ ਕੀਤੀ ਗਈ ਕਿ ਨੀਵੇਂ ਵਰਗਾਂ ਅਤੇ ਦੱਬੇ-ਕੁਚਲੇ ਸਮੂਹਾਂ ਦੀਆਂ ਕਥਿਤ ‘ਵਿਚਲਿਤ’ ਰੀਤਾਂ ਨੂੰ ਕਾਬੂ ਹੇਠ ਲਿਆਂਦਾ ਗਿਆ ਜਾਂ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।
ਬ੍ਰਾਹਮਣਵਾਦ, ਜਿਵੇਂ ਅੰਬੇਡਕਰ ਨੇ ਰੇਖਾਂਕਿਤ ਕੀਤਾ ਸੀ, ਸਿਰਫ਼ ਬ੍ਰਾਹਮਣਾਂ ਦੀ ਵਿਸ਼ੇਸ਼ਤਾ ਨਹੀਂ ਹੈ; ਇਹ ’ਸਾਰੇ ਵਰਗਾਂ’ ਤੇ ਜਾਤਾਂ ’ਚ ਫੈਲਿਆ ਹੋਇਆ ਹੈ। ਦੂਜੇ ਸ਼ਬਦਾਂ ’ਚ, ਇਹ ਅਜਿਹੀ ਵਿਚਾਰਧਾਰਾ ਹੈ ਜੋ ਸਾਰੀਆਂ ਜਾਤਾਂ ਚੋਂ ਏਜੰਟ ’ਭਰਤੀ ਕਰਦੀ’ ਹੈ ਪਰ ਇਸਦਾ ਕੇਂਦਰੀ ਸਿਧਾਂਤ ਚਾਰ ਵਰਣਾਂ; ਬ੍ਰਾਹਮਣ, ਖੱਤਰੀ, ਵੈਸ਼ਯ ਅਤੇ ਸ਼ੂਦਰਾਂ ਦੀ ਉਪਰ ਤੋਂ ਹੇਠਾਂ ਨੂੰ ਦਰਜਾਬੰਦੀ, ਯਾਨਿ ਵਰਣ ਆਸ਼ਰਮ ਧਰਮ ’ਚ ਵਿਸ਼ਵਾਸ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵਰਗੀਕਰਨ ’ਚ ਪੰਜਵੇਂ ਵਰਗ (ਅਵਰਣ ਜਾਂ ਗੈਰ-ਅਵਰਣ) , ਜਿਸਨੂੰ ਤਮਿਲਨਾਡੂ ਵਿੱਚ “ਪੰਚਮਾ” ਕਿਹਾ ਜਾਂਦਾ ਹੈ, ਦਾ ਕੋਈ ਜ਼ਿਕਰ ਨਹੀਂ ਹੁੰਦਾ। ਇਨ੍ਹਾਂ ਨੂੰ ਅਤਿ ਸ਼ੂਦਰ ਵੀ ਕਿਹਾ ਜਾਂਦਾ ਹੈ ਅਤੇ ਇਹ ਉਹ ਜਾਤਾਂ ਹਨ ਜੋ ਅਜੋਕੇ ਸਮੇਂ ਦਲਿਤਾਂ ਦੀ ਸਿਆਸੀ ਪਛਾਣ ਬਣਾਉਂਦੀਆਂ ਹਨ। ਵਰਣ ਆਧਾਰਿਤ ਦਰਜਾਬੰਦੀ ਦੇ ਹੋਂਦ ਕਾਇਮ ਰੱਖਣ ਲਈ ਪੰਚਮਾ ਬੜਾ ਮਹੱਤਵਪੂਰਨ ਹੈ ਪ੍ਰੰਤੂ ਇਸਦੀ ਹੋਂਦ ਗ੍ਰੰਥਾਂ ’ਚ ਕਦੇ ਵੀ ਸਵੀਕਾਰੀ ਨਹੀਂ ਜਾਂਦੀ। ਬ੍ਰਾਹਮਣਵਾਦ, ਜੇਕਰ ਆਰਐਸਐਸ ਦੀ ਵਿਚਾਰਧਾਰਾ ਨੂੰ ਸੱਭਿਆਚਾਰਕ ਅਧਾਰ ਪ੍ਰਦਾਨ ਕਰਦਾ ਹੈ, ਤਾਂ ਇਕ ਬਲਸ਼ਾਲੀ ਅਤੇ ਫੌਜੀ ਕੌਮਵਾਦ ਦਾ ਵਿਚਾਰ ਇਸਨੂੰ ਸਿਆਸੀ ਚੌਖਟਾ ਪ੍ਰਦਾਨ ਕਰਦਾ ਹੈ।
ਪਿਛੋਂ ਜਾ ਕੇ ਜਦੋਂ ਸੰਘ ਦੀ ਇਸ ਗਲੋਂ ਵਿਆਪਕ ਆਲੋਚਨਾ ਹੋਈ ਕਿ ਵਿਚਾਰਧਾਰਾ ਪੱਛਮ ਤੋਂ ਆਯਾਤ ਕੀਤੀ ਗਈ ਹੈ ਤਾਂ ਭਾਗਵਤ ਨੇ ‘ਰਾਸ਼ਟਰ’ ਸ਼ਬਦ ਨੂੰ ਇਸ ਦਾਅਵੇ ਰਾਹੀਂ ਖਾਰਜ ਕਰਨ ਦਾ ਯਤਨ ਕੀਤਾ ਕਿ ‘ਰਾਸ਼ਟਰ’ ਪ੍ਰਤੀ ਸਾਡੀ ਵਚਨਬੱਧਤਾ ਪੱਛਮੀ ਵਿਚਾਰ ਤੋਂ ਬਹੁਤ ਵੱਖਰੀ ਹੈ। ਭਾਵੇਂ ਉਹ ਇਹ ਨਹੀਂ ਦੱਸ ਸਕਿਆ ਕਿ ਇਹ ਕਿਵੇਂ ਵੱਖਰਾ ਸੀ ਜਾਂ ਹੈ। ਕੇਵਲ ‘ਨੇਸ਼ਨ’ ਸ਼ਬਦ ਨੂੰ ‘ਰਾਸ਼ਟਰ’ ਨਾਲ ਬਦਲ ਲੈਣ ਨਾਲ ਸੰਘ ਦੀਆਂ ਅਖੰਡ ਭਾਰਤ ਦੀ ਸਾਮਰਾਜੀ ਮਨੋ ਕਲਪਨਾ, ਜੋ ਅਸਲ ’ਚ ਇੱਕ ਬਸਤੀਵਾਦੀ ਕਲਪਨਾ ਹੈ, ਨੂੰ ਕੋਈ ਫ਼ਰਕ ਨਹੀਂ ਪੈਂਦਾ।
ਸ਼ੁਰੂਆਤੀ ਦੌਰ ਚ ਸੰਘ ਦੀਆਂ ਵਚਨਬੱਧਤਾਵਾਂ ਯੂਰਪੀ ਸਮਰੂਪਤਾ (ਹੋਮੋਜੀਨੀਟੀ) ਅਤੇ ਫਰਕਾਂ ਦੇ ਖਾਤਮੇ ਦੇ ਮਾਡਲ ਦੀ ਨਕਲ ਕਰਦੀਆਂ ਦਿਖਾਈ ਦਿੰਦੀਆਂ ਹਨ। ਇਹ ਉਹੀ ਕੌਮਵਾਦੀ ਮਾਡਲ ਹੈ ਜਿਸ ਨੇ ਬੇਨੀਟੋ ਮੁਸੋਲਿਨੀ ਤੇ ਐਡੋਲਫ ਹਿਟਲਰ ਦੇ ਦੌਰ ’ਚ ਆਪਣੀ ਚਰਮ ਸੀਮਾ ਹਾਸਲ ਕੀਤੀ ਸੀ।
ਸੰਘ ਦੀਆਂ ਵਚਨਬੱਧਤਾਵਾਂ, ਅੰਦਰੂਨੀ ਤੌਰ ’ਤੇ ਵੀ ਯੂਰਪੀਨ ਮਾਡਲ ਦੀ ਸਮਾਨਤਾ ਅਤੇ ਅੰਤਰ ਨੂੰ ਮਿਟਾਉਣ ਦੀ ਨਕਲ ਕਰਦੀਆਂ ਹਨ, ਜੋ ਕਿ ਕੌਮਵਾਦ ਦਾ ਮਾਡਲ ਹੈ ਤੇ ਜੋ ਬੇਨੀਟੋ ਮੁਸੋਲਿਨੀ ਅਤੇ ਅਡੌਲਫ ਹਿਟਲਰ ਦੇ ਰੂਪ ’ਚ ਆਪਣੇ ਸਿਖਰ ’ਤੇ ਪਹੁੰਚਿਆ ਸੀ। ਇਹ ਇੱਕ ਚੰਗੀ ਤਰ੍ਹਾਂ ਦਰਜ ਤੱਥ ਹੈ ਕਿ ਆਰਐਸਐਸ ਦੇ ਬੀਐਸ ਮੂੰਜੇ ਤੇ ਗੁਰੂ ਗੋਲਵਲਕਰ ਵਰਗੇ ਨੇਤਾ ਮੁਸੋਲਿਨੀ ਤੇ ਹਿਟਲਰ ਦੇ ਮੁਖਰ ਪ੍ਰਸ਼ੰਸਕ ਸਨ। ਗੋਲਵਲਕਰ ਨੇ ਤਾਂ ਯਹੂਦੀਆਂ ਵਿਰੁੱਧ ਹਿਟਲਰ ਦੀ ਹਿੰਸਕ ਤੇ ਵਿਨਾਸ਼ਕਾਰੀ ਮੁਹਿੰਮ ਦੀ ਸ਼ਲਾਘਾ ਵੀ ਕੀਤੀ ਹੈ। ਗੋਲਵਲਕਰ ਨੇ ਹਿਟਲਰ ਦੇ ‘ਅੰਤਮ ਹੱਲ’ ਨੂੰ ਭਾਰਤ ’ਚ ਆਰਐਸਐਸ ਦੇ ਮਾਡਲ ਵਜੋਂ ਲਿਆ ਹੈ।
ਮੋਹਨ ਭਾਗਵਤ, ਆਰ.ਐੱਸ.ਐੱਸ. ਦੇ ਅੰਦਾਜ਼ ’ਚ ਸਿਰਫ਼ ਦੇਸੀ ਸ਼ਬਦ ਵਰਤ ਕੇ ਇਸਨੂੰ ਵੱਖਰੇਪਣ ਦੀ ਨਿਸ਼ਾਨੀ ਵਜੋਂ ਪੇਸ਼ ਕਰਦਾ ਹੋਇਆ, ਅਕਸਰ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰਦਾ ਹੈ।
‘ਸੰਘ’ ਦੇ ਤੇ ਹੋਰ ਆਧੁਨਿਕ ਹਿੰਦੂਆਂ ਦੇ ਸਾਰੇ ਦਾਅਵਿਆਂ ਕਿ ਉਹ ਇਕ ਸਹਿਣਸ਼ੀਲ ਧਰਮ ਹੈ, ਦੇ ਬਾਵਜੂਦ ਇਹ ਯੂਰਪੀਨ ਫਾਸ਼ੀਵਾਦੀ ਮਾਡਲ ਦੀ ਤਰਸਯੋਗ ਨਕਲ ਹੈ, ਜਿਸਦੀ ਗਵਾਹੀ ਭਾਰਤ ’ਚ ਸੰਘੀਆਂ ਦੇ ਸ਼ਾਸਨ ਦੇ ਲੰਘੇ 12 ਸਾਲ ਭਰਦੇ ਹਨ।
ਇਉਂ ਘ੍ਰਿਣਾ ਦੀ ਸਿਆਸਤ ਆਰਐਸਐਸ ਦੀ ਵਿਚਾਰਧਾਰਾ ਦਾ ਧੁਰਾ ਹੈ ਅਤੇ ਮੁਸਲਮਾਨਾਂ ਤੇ ਈਸਾਈਆਂ ਵਿਰੁੱਧ ਹਿੰਸਕ ਮੁਹਿੰਮਾਂ ਇਸਦੇ ਇਸ ਧੁਰੇ ਦਾ ਪ੍ਰਤੀਬਿੰਬ ਹਨ।
ਸਮਕਾਲੀ ਭਾਰਤ ’ਚ ਅਸਹਿਮਤੀ ਨੂੰ ਦਬਾਉਣ ਤੇ ਹਰ ਵੱਖਰੀ ਰਾਏ ਨੂੰ ‘ਕੌਮ ਵਿਰੋਧੀ’ ਵਜੋਂ ਪੇਸ਼ ਕਰਨ ਤੋਂ ਇਸਦਾ ਫਾਸ਼ੀਵਾਦੀ ਝੁਕਾਅ ਬਹੁਤ ਸਪੱਸ਼ਟ ਤੌਰ ’ਤੇ ਪ੍ਰਗਟ ਹੁੰਦਾ ਹੈ। ‘ਕੌਮ ਵਿਰੋਧੀ ਗਰਦਾਨ ਕੇ ਸਾਰੇ ਵਿਰੋਧਾਂ ਦੇ ਬੇਰਹਿਮੀ ਨਾਲ ਸਫਾਇਆ ਕੀਤਾ ਜਾਣਾ ਚਾਹੀਦਾ ਹੈ।’
‘ਨੇਸ਼ਨ’ ਦਾ ਸਿਰਫ਼ ਸੰਸਕ੍ਰਿਤ ’ਚ ‘ਰਾਸ਼ਟਰ’ ਵਜੋਂ ਅਨੁਵਾਦ ਕਰਨ ਨਾਲ ਸ਼੍ਰੀ ਭਾਗਵਤ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਫਾਸ਼ੀਵਾਦ ਆਰਐਸਐਸ ਦੀ ਵਿਚਾਰਧਾਰਾ ’ਚ ਹੀ ਨਿਹਿਤ ਹੈ। ਅਤੇ ਹਾਂ, ਜਦੋਂ ਅਸੀਂ ਇਸ ਗੱਲ ਦੀ ਚਰਚਾ ਕਰ ਹੀ ਰਹੇ ਹਾਂ, ਤਾਂ ਇਹ ਵੀ ਸਪੱਸ਼ਟ ਕਰ ਦੇਈਏ ਕਿ ਸੰਸਕ੍ਰਿਤ ਸ਼ਬਦ ‘ਰਾਸ਼ਟਰ’ ਰਵਾਇਤੀ ਤੌਰ ’ਤੇ ‘ਸਟੇਟ’ ਲਈ ਵਰਤਿਆ ਜਾਂਦਾ ਹੈ, ਨਾ ਕਿ ‘ਨੇਸ਼ਨ’ ਲਈ—ਭਾਵੇਂ ਇਸ ਦੀ ਵਿਆਖਿਆ ਭਾਗਵਤੀਆ ਸਰੋਤਾਂ ਤੋਂ ਹੀ ਕਿਉਂ ਨਾ ਕੀਤੀ ਜਾਵੇ।
ਇਸੇ ਕਰਕੇ ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਜਿਵੇਂ ਬੰਗਲਾ ਜਾਂ ਮਲਿਆਲਮ ਵਰਗੀਆਂ ’ਚ, ‘ਰਾਸ਼ਟਰ’ ਦਾ ਅਰਥ ਅੱਜ ਵੀ ਰਾਜ ਤੇ ਸਿਆਸਤ ਹੈ।

  • ਲੰਬੇ ਸਮੇਂ ਤੋਂ ਖੱਬੀ ਲਹਿਰ ਨਾਲ ਜੁੜੇ ਪ੍ਰੋਫੈਸਰ ਆਦਿੱਤਿਆ ਨਿਗਮ ਇੱਕ ਰਾਜਸੀ ਸਿਧਾਂਤਕਾਰ ਹਨ। ਉਹ ਸੈਂਟਰ ਫਾਰ ਦ ਸਟੱਡੀ ਆਫ਼ ਡਿਵੈਲਪਿੰਗ ਸੋਸਾਇਟੀਜ਼ (3S4S), ਦਿੱਲੀ ਨਾਲ ਜੁੜੇ ਰਹੇ ਹੋਣ ਕਰਕੇ, ਸਮਾਜਿਕ-ਸਿਆਸੀ ਲਹਿਰਾਂ ਤੇ ਸਮਾਜਿਕ ਪਰਿਵਰਤਨ ਨਾਲ ਜੁੜੇ ਸਿਧਾਂਤਕ-ਦਾਰਸ਼ਨਿਕ ਸਵਾਲਾਂ ’ਚ ਉਨ੍ਹਾਂ ਦੀ ਸਥਾਈ ਦਿਲਚਸਪੀ ਰਹੀ ਹੈ। ਉਨ੍ਹਾਂ ਦਾ ਹਾਲੀਆ ਕੰਮ ਸਮਾਜਿਕ-ਸਿਆਸੀ ਸਿਧਾਂਤ ਦੇ ਡੀਕਲੋਨੀਲਾਈਜ਼ੇਸ਼ਨ ਨਾਲ ਸਬੰਧਤ ਰਿਹਾ ਹੈ।
Scroll To Top