Now Reading
ਅਜੋਕੇ ਮਲਕ ਭਾਗੋਆਂ; ਸਾਮਰਾਜੀ ਧਾੜਵੀਆਂ, ਕਾਰਪੋਰੇਟ ਲੋਟੂਆਂ ਤੇ ਸੱਜ ਪਿਛਾਖੜ ਦਾ ਫਸਤਾ ਵੱਢੋ!

ਅਜੋਕੇ ਮਲਕ ਭਾਗੋਆਂ; ਸਾਮਰਾਜੀ ਧਾੜਵੀਆਂ, ਕਾਰਪੋਰੇਟ ਲੋਟੂਆਂ ਤੇ ਸੱਜ ਪਿਛਾਖੜ ਦਾ ਫਸਤਾ ਵੱਢੋ!


ਮੰਗਤ ਰਾਮ ਪਾਸਲਾ
ਸੁਤੰਤਰਤਾ ਸੰਗਰਾਮ ਦੌਰਾਨ ਅਤੇ ਪਿਛੋਂ ਦੇਸ਼ ਦਾ ਬਿਹਤਰੀਨ ਭਵਿੱਖ ਘੜਣ ਤੇ ਪ੍ਰਾਂਤ ਦੀ ਰਾਜਨੀਤੀ ਦੀ ਦਿਸ਼ਾ ਨਿਰਧਾਰਤ ਕਰਨ ਪੱਖੋਂ ਪੰਜਾਬੀਆਂ, ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਨੇ ਬੜੀ ਅਹਿਮ ਭੂਮਿਕਾ ਨਿਭਾਈ ਹੈ। ਆਜ਼ਾਦੀ ਸੰਗਰਾਮ ਦੌਰਾਨ ਵੀ ਫਾਂਸੀਆਂ ਦੇ ਰੱਸੇ ਚੁੰਮਣ ਵਾਲਿਆਂ ਅਤੇ ਉਮਰ ਕੈਦਾਂ ਕੱਟਣ ਸਮੇਤ ਹਰ ਤਰ੍ਹਾਂ ਦੇ ਤਸੀਹੇ ਸਹਿੰਦਿਆਂ ਸਾਂਝੀਵਾਲਤਾ ਦੀ ਜੰਗ ਲੜਨ ਵਾਲਿਆਂ ‘ਚ ਪੰਜਾਬੀ ਹਮੇਸ਼ਾ ਮੂਹਰਲੀਆਂ ਸਫਾਂ ‘ਚ ਰਹੇ ਸਨ। ਕੌਮੀ ਮੁਕਤੀ ਦੀ ਇਸ ਜੰਗ ‘ਚ ਆਪਾਵਾਰੂ ਜਜਬੇ ਨਾਲ ਭਾਗ ਲੈਣ ਵਾਲੇ ਵੱਡੀ ਗਿਣਤੀ ਪੰਜਾਬੀ ਬੇਸ਼ੱਕ ਸਿੱਖੀ ਸਰੂਪ ਵਾਲੇ ਸਨ, ਪ੍ਰੰਤੂ ਉਨ੍ਹਾਂ ਧਰਮ ’ਤੇ ਅਧਾਰਤ ਕੱਟੜਪੁਣੇ, ਸੰਕੀਰਨਤਾ ਜਾਂ ਵਿਤਕਰੇ ਭਰੇ ਵਿਹਾਰ ਦਾ ਪ੍ਰਗਟਾਵਾ ਕਦੀ ਨਹੀਂ ਸੀ ਕੀਤਾ। ਸੁਤੰਤਰਤਾ ਸੰਗਰਾਮ ‘ਚ ਮਾਣਮੱਤੀ ਭਾਗੀਦਾਰੀ ਨਿਭਾਉਣ ਵਾਲੀ ਗ਼ਦਰ ਪਾਰਟੀ ‘ਚ ਵੀ ਭਾਵੇਂ ਬਹੁ ਗਿਣਤੀ ਆਗੂ ਸਿੱਖ ਭਾਈਚਾਰੇ ਨਾਲ ਸਬੰਧਤ ਸਨ, ਪਰ ‘ਗ਼ਦਰੀ ਬਾਬਿਆਂ’ ਨੇ ਮੁੱਢ ‘ਚ ਹੀ ਇਹ ਸ਼ਾਨਦਾਰ ਨਿਰਣਾ ਕਰ ਲਿਆ ਸੀ ਕਿ ਪਾਰਟੀ ਅੰਦਰ ਕਦੀ ਵੀ ਕਿਸੇ ਵੀ ਧਰਮ ਬਾਰੇ ਕਿੰਤੂ-ਪ੍ਰੰਤੂ ਜਾਂ ਧਰਮਾਂ ਦੇ ਵਖਰੇਵੇਂ ‘ਤੇ ਅਧਾਰਤ ਵਿਚਾਰ-ਵਟਾਂਦਰਾ ਨਹੀਂ ਕੀਤਾ ਜਾਵੇਗਾ। ਕਈ ਫਿਰਕੂ ਤੇ ਸੰਕੀਰਨ ਸੋਚ ਦੇ ਧਾਰਨੀ ਲੋਕਾਂ, ਖਾਸ ਕਰਕੇ ਅੰਗਰੇਜ਼ ਸਾਮਰਜ ਦੇ ਪਿੱਠੂਆਂ ਨੇ ਆਜ਼ਾਦੀ ਦੀ ਸ਼ਮ੍ਹਾਂ ਦੇ ਪਰਵਾਨੇ ਪੰਜਾਬੀਆਂ ਨੂੰ ਹਿੰਦੂ-ਸਿੱਖ, ਮੁਸਲਮਾਨ ਧਰਮਾਂ ‘ਚ ਵੰਡਣ ਅਤੇ ਸੁਤੰਤਰਤਾ ਸੰਗਰਾਮ ਨੂੰ ਤਾਰਪੀਡੋ ਕਰਨ ਦਾ ਹਰ ਸੰਭਵ ਹਥਕੰਡਾ ਵਰਤਿਆ ਸੀ। ਇੱਥੋਂ ਤੱਕ ਕਿ ਦੇਸ਼ ਦੇ ਗੱਦਾਰਾਂ ਤੇ ਸਾਮਰਾਜੀ ਪਿੱਠੂਆਂ ਨੇ ਤਾਂ ਗ਼ਦਰ ਲਹਿਰ ਦੀ ਅਗਾਂਹਵਧੂ ਤੇ ਖੱਬੀ-ਜਮਹੂਰੀ ਸੋਚ ਨੂੰ ਵੀ ਧਰਮ ਵਿਰੋਧੀ ਗਰਦਾਨ ਕੇ ਗ਼ਦਰੀ ਸੂਰਬੀਰਾਂ ਨੂੰ ‘ਪਤਿਤ ਸਿੱਖ’ ਕਿਹਾ ਸੀ। ਇਨ੍ਹਾਂ ਟੋਡੀ ਬੱਚਿਆਂ ਨੇ ਲੋਕ ਪੱਖੀ ਜਜਬੇ ਨਾਲ ਸਰਾਬੋਰ ਕਮਿਊਨਿਸਟਾਂ ਵਿਰੁੱਧ ਵੀ ਊਲ-ਜਲੂਲ ਬਕੜਵਾਹ ਮਾਰ ਕੇ ਉਨ੍ਹਾਂ ਨੂੰ ‘ਸਿੱਖ ਵਿਰੋਧੀ’ ਦੱਸਣ ਦਾ ਕੁਫ਼ਰ ਤੋਲਿਆ ਸੀ। ਪ੍ਰੰਤੂ ਇਸ ਕੰਮ ‘ਚ ਉਨ੍ਹਾਂ ਨੂੰ ਜ਼ਿਆਦਾ ਸਫਲਤਾ ਨਹੀਂ ਸੀ ਮਿਲੀ । ਹਾਲਾਂਕਿ ਕਮਿਊਨਿਸਟਾਂ ਤੇ ਖੱਬੀਆਂ ਧਿਰਾਂ ਦੀ ਇਹ ਵੱਡੀ ਕਮਜੋਰੀ ਰਹੀ ਹੈ ਕਿ ਉਹ ਲੁੱਟ-ਖਸੁੱਟ ਰਹਿਤ, ਸਮਾਨਤਾਵਾਦੀ ਸਮਾਜ ਸਿਰਜਣ ਲਈ ਹੱਕ-ਸੱਚ ਦੀ ਲੜਾਈ ਲੜਦਿਆਂ ਆਪਣੇ ਮਾਣਮੱਤੇ ਇਤਿਹਾਸ, ਅਤੀਤ ਦੇ ਸਮਾਜਿਕ ਅੰਦੋਲਨਾਂ ਅਤੇ ਇਨ੍ਹਾਂ ਦੇ ਸਿਰਜਣਹਾਰਿਆ ਦੇ ਯੋਗਦਾਨ ਅਤੇ ਮਹੱਤਵ ਨੂੰ ਠੀਕ ਪਰਿਪੇਖ ‘ਚ ਨਹੀਂ ਸਮਝ ਸਕੇ। ਤੰਗ ਨਜ਼ਰੀ ਵਾਲੇ ਇਸੇ ਭਟਕਾਅ ਕਰਕੇ ਹੀ ਕਮਿਊਨਿਸਟਾਂ ਨੇ ਇਨ੍ਹਾਂ ਮਹਾਨ ਜੰਗਜੂਆਂ ਨੂੰ ਆਦਰਸ਼ ਬਣਾ ਕੇ ਪੇਸ਼ ਕਰਨ ਰਾਹੀਂ ਜਨ ਸਧਾਰਨ ਨੂੰ ਸਮਾਜਿਕ ਪਰਿਵਰਤਣ ਲਈ ਜੂਝਣ ਵਾਸਤੇ ਪ੍ਰੇਰਨ ਦੀ ਲੋੜੀਂਦੀ ਕੋਸ਼ਿਸ਼ ਵੀ ਨਹੀਂ ਕੀਤੀ। ਨਤੀਜੇ ਵਜੋਂ, ਸਵਾਰਥੀ ਤੱਤ ਆਪਣੇ ਝੂਠੇ ਪ੍ਰਚਾਰ ਰਾਹੀਂ, ਕਮਿਊਨਿਸਟਾਂ ਨੂੰ ਸਿੱਖ ਵਿਰੋਧੀ ਗਰਦਾਨਣ ‘ਚ ਵੱਡੀ ਹੱਦ ਤੱਕ ਸਫਲ ਰਹੇ ਹਨ। ਇਸ ਭੰਡੀ ਪ੍ਰਚਾਰ ਕਰਕੇ ਜ਼ਾਲਮ ਸਥਾਪਤੀ ਵਿਰੁੱਧ ਦਰੁਸਤ ਲੀਹਾਂ ‘ਤੇ ਲੜਾਕੂ, ਇਨਕਲਾਬੀ ਲਹਿਰ ਸਿਰਜਣ ਪੱਖੋਂ

ਵੀ ਪੰਜਾਬ ਅੰਦਰ ਅਨੇਕਾਂ ਗਲਤ ਫਹਿਮੀਆਂ ਤੇ ਦਿਕਤਾਂ ਪੈਦਾ ਹੋਈਆਂ ਹਨ। ਕਿਰਤੀ ਸ਼੍ਰੇਣੀ ਦੇ ਵੈਰੀਆਂ ਨੇ ਤਾਂ ਆਪਣਾ ਪਿਛਾਖੜੀ ਤੇ ਅਮਾਨਵੀ ਕਿਰਦਾਰ ਨਿਭਾਉਣਾ ਹੀ ਹੁੰਦਾ ਹੈ। ਇਸਦਾ ਗਿਲਾ ਕਰਨਾ ਵੀ ਫਿਜ਼ੂਲ ਹੈ।

ਪ੍ਰੰਤੂ ਸਮੂਹ ਕਮਿਊਨਿਸਟਾਂ ਤੇ ਖੱਬੀਆਂ ਧਿਰਾਂ ਦਾ ਇਹ ਫਰਜ਼ ਜਰੂਰ ਬਣਦਾ ਹੈ ਕਿ ਉਹ ਬੀਤੇ ਦੀਆਂ ਭੁੱਲਾਂ ਤੇ ਅਵੇਸਲਾਪਨ ਦੂਰ ਕਰਨ ਅਤੇ ਵਿਗਿਆਨਕ ਸਮਾਜਵਾਦ ਦੀ ਵਿਚਾਰਧਾਰਾ ਨੂੰ ਸਨਮੁੱਖ ਰੱਖ ਕੇ ਇਸ ਖਿੱਤੇ ਦੇ ਕਿਰਤੀ-ਕਿਸਾਨਾਂ ਤੇ ਹੋਰ ਮਿਹਨਤਕਸ਼ਾਂ ਨੂੰ ਆਪਣੇ ਮਹਾਨ ਵਿਰਸੇ ਤੇ ਮਾਣਮੱਤੇ ਇਤਿਹਾਸ ਤੇ ਇਸ ਦੇ ਸਿਰਜਕਾਂ ਤੋਂ ਜਾਣੂੰ ਕਰਵਾਉਣ ਅਤੇ ਉਨ੍ਹਾਂ ਨੂੰ ਇਨਕਲਾਬੀ ਲਹਿਰ ਸੰਗ ਜੋੜਨ ਦਾ ਕਾਰਜ ਕਰਨ।

ਅਜੋਕੇ ਦੌਰ ‘ਚ, ਜਦੋਂ ਆਰ.ਐਸ.ਐਸ. ਆਪਣੀ ਫਿਰਕੂ- ਫਾਸ਼ੀ ਵਿਚਾਰਧਾਰਾ ਦੀ ਪੈਰੋਕਾਰ ਮੋਦੀ ਸਰਕਾਰ ਰਾਹੀਂ ਦੇਸ਼ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਹੋ ਚੁੱਕਿਆ ਹੈ, ਉਦੋਂ ਇਸ ਮਾਨਵੀ ਉਦੇਸ਼ ਦੀ ਪ੍ਰਾਪਤੀ ਲਈ ਜਦੋਜਹਿਦ ਕਰਨੀ ਹੋਰ ਵੀ ਵਧੇਰੇ ਜ਼ਰੂਰੀ ਬਣ ਗਈ ਹੈ। ਸੰਘ-ਭਾਜਪਾ, ਸਮੁੱਚੀਆਂ ਧਾਰਮਿਕ ਘਟ ਗਿਣਤੀਆਂ, ਖਾਸ ਕਰਕੇ ਸਿੱਖਾਂ ਵਿਚਲੇ ਦਾਗ਼ੀ ਕਿਰਦਾਰ ਵਾਲੇ, ਸਵਾਰਥੀ ਆਗੂਆਂ ਨੂੰ ਡਰਾ-ਧਮਕਾ ਕੇ ਅਤੇ ਵੱਖੋ-ਵੱਖ ਲਾਲਚਾਂ ਅਧੀਨ ਆਪਣੇ ਨਾਲ ਰਲਾਉਣ ਲੱਗੇ ਹੋਏ ਹਨ। ਪਿਛਾਖੜੀ, ਸਨਾਤਨੀ ਵਿਚਾਰਧਾਰਾ ਵਾਲਾ ਫਿਰਕੂ-ਫਾਸ਼ੀ ਸੰਗਠਨ ਆਰ.ਐਸ.ਐਸ., ਸਿੱਖ ਗੁਰੂ ਸਾਹਿਬਾਨ ਤੇ ਭਗਤੀ ਲਹਿਰ ਦੇ ਮਹਾਨ ਰਹਿਬਰਾਂ ਦੀ ਕਰਮ ਭੂਮੀ ਪੰਜਾਬ ‘ਚ ਸਦਾ ਲਈ ਆਪਣੇ ਪੈਰ ਜਮਾਉਣ ਖਾਤਰ ਹੀ ਇਹ ਸਾਰੇ ਪਾਪੜ ਵੇਲ ਰਿਹਾ ਹੈ। ਆਰ.ਐਸ.ਐਸ., 1925 ‘ਚ ਆਪਣੇ ਜਨਮ ਵੇਲੇ ਤੋਂ ਹੀ ਪਿਛਾਖੜੀ ਵਿਚਾਰਾਂ ਦਾ ਖੰਡਨ ਕਰਨ ਵਾਲੇ ਬੁੱਧ, ਮੁਸਲਿਮ, ਜੈਨ, ਸਿੱਖ ਧਰਮਾਂ ਨੂੰ ਖੂੰਜੇ ਲਾਉਣ ਤੇ ਭਾਰਤ ਦੀਆਂ ਸਮੁੱਚੀਆਂ ਧਾਰਮਿਕ ਘੱਟ ਗਿਣਤੀਆਂ ਨੂੰ ਜੋਰ-ਜ਼ਬਰ ਨਾਲ ਦਬਾਅ ਕੇ ਰੱਖਣ ਜਾਂ ਦੂਜੇ ਦਰਜ਼ੇ ਦੇ ਸ਼ਹਿਰੀ ਬਣਾ ਕੇ ਗੁਲਾਮੀ ਦੇ ਜੂਲੇ ‘ਚ ਨੂੜਨ ਲਈ ਯਤਨਸ਼ੀਲ ਰਿਹਾ ਹੈ। ਅਫਸੋਸ, ਅਜੇ ਵੀ ਪੰਜਾਬ ਦੇ ਬਹੁ ਗਿਣਤੀ ਸਿੱਖਾਂ ਨੂੰ ਆਰ.ਐਸ.ਐਸ. ਦੇ ਇਨ੍ਹਾਂ ਸਾਜਿਸ਼ੀ ਤੇ ਖਤਰਨਾਕ ਮਨਸੂਬਿਆਂ ਬਾਰੇ ਲੋੜੀਂਦਾ ਗਿਆਨ ਨਹੀਂ ਹੈ। ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੇ ਪ੍ਰਾਂਤ ਦੇ ਵੱਖੋ-ਵੱਖਰੇ ਅਕਾਲੀ ਧੜੇ ਅਤੇ ਸਿੱਖ ਸੰਸਥਾਵਾਂ ਤੇ ਬੁੱਧੀਜੀਵੀ ਆਰ.ਐਸ.ਐਸ., ਭਾਜਪਾ ਤੇ ਮੋਦੀ ਸਰਕਾਰ ਵਿਰੁੱਧ ਕੋਈ ਦਰੁਸਤ ਤੇ ਸਪੱਸ਼ਟ ਪੈਂਤੜਾ ਲੈਣ ਦੀ ਥਾਂ ਭੰਬਲਭੂਸੇ ‘ਚ ਫਸੇ ਹੋਏ ਹਨ। ਇਸੇ ਕਰਕੇ ਸਿੱਖ ਜਨ ਸਮੂਹ ਭਾਰੀ ਮਾਯੂਸੀ ‘ਚ ਘਿਰੇ ਹੋਏ ਹਨ। ਉਨ੍ਹਾਂ ਨੂੰ, ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਨਿਮਰਤਾ ਤੇ ਮੁਹੱਬਤ ਨਾਲ ਸਵੈਮਾਨ ਵਾਲੀ, ਸ਼ਾਂਤੀਪੂਰਨ ਜ਼ਿੰਦਗੀ ਜਿਊਣ ਤੇ ਦੀਨ-ਦੁਖੀਆਂ ਦੀ ਰਾਖੀ ਲਈ ਮਰ-ਮਿਟਣ ਦੇ ਆਪਣੇ ਵਿਰਸੇ ਨੂੰ ਅਗਾਂਹ ਤੋਰਨ ਦੇ ਆਪਣੇ ਸੁਪਨੇ ਪੂਰੀ ਤਰ੍ਹਾਂ ਭੰਗ ਹੁੰਦੇ ਨਜ਼ਰ ਆ ਰਹੇ ਹਨ। ਕਈ ਰਾਜਸੀ ਦਲ ਸਿੱਖਾਂ ਦੀਆਂ ਆਸ਼ਾਵਾਂ ‘ਤੇ ਖਰੇ ਉੱਤਰਨ ਦਾ ਦਾਅਵਾ ਕਰਦੇ ਹਨ। ਵੱਡੀ ਗਿਣਤੀ ਸਿੱਖ ਇਨ੍ਹਾਂ ਦੀ ਇਸ ਚਾਲ ‘ਚ ਫਸ ਵੀ ਜਾਂਦੇ ਹਨ। ਐਪਰ, ਥੋੜ੍ਹੇ ਸਮੇਂ ’ਚ ਹੀ ਉਸ ਧਿਰ ਦੇ ਨਖਿੱਧ ਅਮਲ ਤੇ ਲੋਕ ਦੋਖੀ ਕਿਰਦਾਰ, ਉਸ ਨੂੰ ਇਕ ਸੰਜੀਦਾ, ਲੋਕ ਪੱਖੀ ਸਿਆਸੀ ਸੰਗਠਨ ਦੀ ਥਾਂ ਪੂਰੀ ਤਰ੍ਹਾਂ ਜਨ ਵਿਰੋਧੀ ਲੋਟੂ ਟੋਲਾ ਸਿੱਧ ਕਰ ਦਿੰਦੇ ਹਨ । ਮਾਯੂਸ ਹੋਏ ਲੋਕ ਫੇਰ ਕਿਸੇ ਨਵੇਂ ਸਿੱਖ ਸੰਗਠਨ ਦੇ ਲੜ ਲੱਗ ਜਾਂਦੇ ਹਨ। ਪ੍ਰੰਤੂ ਨਤੀਜਾ ਪਹਿਲਾਂ ਤੋਂ ਵੀ ਜ਼ਿਆਦਾ ਭੈੜਾ ਨਿੱਕਲਦਾ ਹੈ।

ਇਸੇ ਨਿਰਾਸ਼ਤਾ ਕਰਕੇ ਕੁੱਝ ਲੋਕੀਂ, ਸ਼ਰਾਰਤੀ ਤੱਤਾਂ ਦੇ ਪੂਰੀ ਤਰ੍ਹਾਂ ਗੈਰ ਯਥਾਰਥਕ ਤੇ ਭਲੇਖਾ ਪਾਊ, ਤੱਤੇ ਨਾਅਰਿਆਂ ਦਾ ਸ਼ਿਕਾਰ ਬਣ ਜਾਂਦੇ ਹਨ। ਦੇਖਦਿਆਂ-ਦੇਖਦਿਆਂ ਸਰਕਾਰੀ ਥਾਪੜਾ ਹਾਸਲ ਤੱਤਾਂ ਦੀਆਂ ਭੜਕਾਊ ਸਾਜਿਸ਼ਾਂ, ਜਿਨ੍ਹਾਂ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੇ ਧਾਰਮਿਕ ਗ੍ਰੰਥਾਂ ਦੇ ਚੋਰੀ ਹੋਣ ਦੀਆਂ ਦੁਖਦਾਈ ਤੇ ਨਿੰਦਣਯੋਗ ਕਾਰਵਾਈਆਂ ਵੀ ਸ਼ਾਮਿਲ ਹਨ, ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਇਹ ਘਟਨਾਕ੍ਰਮ, ਧਾਰਮਿਕ ਆਸਥਾ ਅਧੀਨ ਆਮ ਸਿੱਖਾਂ, ਖਾਸ ਕਰਕੇ ਨੌਜਵਾਨਾਂ ਦੇ ਚੋਖੇ ਭਾਗ ਨੂੰ ਹਿੰਸਕ ਤੇ ਭੜਕਾਊ ਕਾਰਵਾਈਆਂ ਕਰਨ ਦੇ ਰਾਹ ਤੋਰ ਦਿੰਦਾ ਹੈ। ਅੰਤਮ ਨਤੀਜੇ ਵਜੋਂ ਇਹ ਵਰਤਾਰਾ, ਸਿੱਖਾਂ ਦੇ ਵਡੇਰੇ ਹਿੱਤਾਂ ਦੇ ਵਿਰੁੱਧ ਅਤੇ ਸਥਾਪਤੀ ਯਾਨਿ ਰਾਜ ਕਰਦੀ ਲੁਟੇਰੀ ਧਿਰ ਦੇ ਹੱਕ ‘ਚ ਭੁਗਤਦਾ ਹੈ। ਕੇਂਦਰੀ ਹੁਕਮਰਾਨਾਂ ਨੇ ਬਿਨ੍ਹਾਂ ਸ਼ੱਕ ਪੰਜਾਬ ਨਾਲ ਅਨੇਕਾਂ ਬੇਇਨਸਾਫੀਆਂ ਕੀਤੀਆਂ ਹਨ। ਦਰਿਆਈ ਪਾਣੀਆਂ ‘ਚੋਂ ਪੰਜਾਬ ਨੂੰ ਇਸ ਦਾ ਬਣਦਾ ਹਿੱਸਾ ਨਾ ਦੇਣਾ, ਡੈਮਾਂ ਦੇ ਪ੍ਰਬੰਧ ‘ਚੋਂ ਪੰਜਾਬ ਦੀ ਨੁਮਾਇੰਦਿਆਂ ਖਾਰਜ ਕਰਨਾ, ਪੰਜਾਬ ਦੇ ਪਿੰਡ ਉਜਾੜ ਕੇ ਵਸਾਇਆ ਚੰਡੀਗੜ੍ਹ ਪੰਜਾਬ ਨੂੰ ਨਾ ਸੌਂਪਣਾ, ਪੰਜਾਬੀ ਬੋਲੀ ਨੂੰ ਚੰਡੀਗੜ੍ਹ ਸਮੇਤ ਗੁਆਂਢੀ ਰਾਜਾਂ ਅਤੇ ਬਾਕੀ ਪ੍ਰਾਂਤਾਂ ‘ਚ ਸਨਮਾਨ ਯੋਗ ਸਥਾਨ ਨਾ ਦੇਣਾ, ਪੰਜਾਬੀ ਬੋਲਦੇ ਖੇਤਰ ਪੰਜਾਬ ‘ਚ ਸ਼ਾਮਿਲ ਨਾ ਕਰਨਾ ਆਦਿ ਮੁੱਦੇ ਪੰਜਾਬੀਆਂ ਦੇ ਮਨਾਂ ‘ਚ ਬੇਗਾਨਗੀ ਦੇ ਭਾਵ ਪੈਦਾ ਕਰਦੇ ਹਨ। ਹੁਣ ਤਾਂ ਕੇਂਦਰ ਨੇ ਚੰਡੀਗੜ੍ਹ ਵਿਚਲੀ ਪੰਜਾਬ ਯੂਨੀਵਰਸਿਟੀ ਵੀ ਪੰਜਾਬ ਤੋਂ ਖੋਹ ਲੈਣ ਦੀ ਪੱਕੀ ਧਾਰ ਲਈ ਹੈ। ਪੰਜਾਬ ‘ਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੇ ਜੁਝਾਰੂ ਸੰਘਰਸ਼ ਸਦਕਾ ਹਾਲ-ਫਿਲਹਾਲ ਇਹ ਸਾਜ਼ਿਸ਼ੀ ਹੱਲਾ ਪਛਾੜ ਦਿੱਤਾ ਹੈ। ਮੋਦੀ ਸਰਕਾਰ ਨੇ ਅਨੇਕਾਂ ਖੱਬੇ ਪੱਖੀ ਕਾਰਕੁੰਨਾਂ, ਬੁੱਧੀਜੀਵੀਆਂ, ਘੱਟ ਗਿਣਤੀ ਫਿਰਕਿਆਂ ਨਾਲ ਸਬੰਧਤ ਲੋਕਾਂ ਨੂੰ ਬਿਨਾਂ ਕਿਸੇ ਦੋਸ਼ ਦੇ ਜੇਲ੍ਹ ਡੱਕਿਆ ਹੋਇਆ ਹੈ। ਸਿੱਖਾਂ ਸਮੇਤ ਉਹ ਸਾਰੇ ਕੈਦੀ, ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਨੂੰ ਰਿਹਾਅ ਨਾ ਕਰਨਾ ਵੱਡੀ ਬੇਇਨਸਾਫ਼ੀ ਹੈ। ਕੁੱਝ ਲੋਕ ਜਦੋਂ ਇਸ ਗੈਰ ਜਮਹੂਰੀ, ਪੱਖਪਾਤੀ ਪਹੁੰਚ ਨੂੰ ਸਿੱਖਾਂ ਨਾਲ ਬੇਇਨਸਾਫ਼ੀ ਕਰਨਾ ਕਹਿੰਦੇ ਹਨ ਤਾਂ ਉਨ੍ਹਾਂ ਦੀ ਇਸ ਦਲੀਲ ‘ਚ ਲੋਕਾਂ ਨੂੰ ਵਜ਼ਨ ਵੀ ਨਜ਼ਰ ਆਉਂਦਾ ਹੈ। ਪ੍ਰੰਤੂ ਧਾਰਮਿਕ ਘੱਟ ਗਿਣਤੀਆਂ ਨਾਲ ਹੋ ਰਹੀ ਹਰ ਬੇਇਨਸਾਫ਼ੀ ਦਾ ਹੱਲ ਹਿੰਸਾ ਜਾਂ ਵੱਖਵਾਦ ਦੇ ਰਸਤੇ ਤੁਰਨ ਰਾਹੀਂ ਨਹੀਂ ਕੀਤਾ ਜਾ ਸਕਦਾ। ਇਸ ਧੱਕੇਸ਼ਾਹੀ ਦਾ ਸਮਾਧਾਨ ਫਿਰਕੂ-ਫਾਸ਼ੀ ਸ਼ਕਤੀਆਂ ਵਿਰੁੱਧ ਬਣ ਰਹੇ ਦੇਸ਼ ਪੱਧਰੀ ਏਕੇ ਤੇ ਲੜੇ ਜਾ ਰਹੇ ਕੌਮੀ ਸੰਘਰਸ਼ ਦਾ ਭਾਗ ਬਣਕੇ ਹੀ ਕੀਤਾ ਜਾ ਸਕਦਾ ਹੈ। ਭੜਕ ਕੇ ਵੱਖਵਾਦ ਤੇ ਹਿੰਸਾ ਦੇ ਰਾਹ ਤੁਰਨਾ ਅਤੀਤ ਵਾਂਗੂ ਇਕ ਵਾਰ ਫੇਰ ਲੋਕ ਦੋਖੀ ਕੇਂਦਰੀ ਸਰਕਾਰ ਦੇ ਮੱਕੜ ਜਾਲ ‘ਚ ਫਸਣਾ ਹੀ ਹੋਵੇਗਾ।

ਅਜਿਹੇ ਦੌਰ ‘ਚ ਜੇਕਰ ਆਪਾਂ ਪੰਜਾਬ ਸਮੇਤ ਦੇਸ਼ ਦੇ ਸਮੁੱਚੇ 140 ਕਰੋੜ ਤੋਂ ਵੱਧ ਲੋਕਾਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ, ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸਮਾਜਿਕ ਪਰਿਵਰਤਨ ਦੇ ਝੰਡਾ ਬਰਦਾਰ ਸਤਿਗੁਰੂ ਰਵੀਦਾਸ ਜੀ, ਤਰਕ-ਦਲੀਲ ਦੇ ਮੁਜੱਸਮੇ ਸੰਤ ਕਬੀਰ ਜੀ ਤੇ ਭਗਤੀ ਲਹਿਰ ਦੇ ਹੋਰ ਮਹਾਂ ਪੁਰਸ਼ਾਂ ਵਲੋਂ ਚਿਤਵਿਆ ਸਮਾਜ ਸਿਰਜਣਾ ਚਾਹੁੰਦੇ ਹਾਂ, ਤਾਂ ਸਾਨੂੰ ਪੰਜਾਬੀਆਂ, ਖਾਸ ਕਰਕੇ ਸਿੱਖ ਭਾਈਚਾਰੇ ਨੂੰ ਇਕ ਨਵੀਂ ਦਿਸ਼ਾ ਦੇਣੀ ਹੋਵੇਗੀ। ਤਰਕਵਾਦੀ ਸਿੱਖ ਫਲਸਫੇ ਨੂੰ ਮੁੜ ਤੋਂ ਕਰਮਕਾਂਡੀ ਤੇ ਪਿਛਾਖੜੀ ਰੰਗ ‘ਚ ਰੰਗਣ ਦੇ ਚਾਹਵਾਨ ਅਖੌਤੀ ਸੰਤ- ਬਾਬਿਆਂ ਅਤੇ ਥਾਂ-ਥਾਂ ਖੁਲ੍ਹੇ ਡੇਰਿਆਂ ਤੋਂ ਮੁਕਤ ਕਰਨਾ ਹੋਵੇਗਾ। ਸਾਡੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ‘ਚ ਸਮਾਜ ਦਾ ਮਾਰਗ ਦਰਸ਼ਨ ਕਰਨ ਵਾਲਾ ‘ਸ਼ਬਦ ਗੁਰੂ’ ਮੌਜੂਦ ਹੈ। ਇਸ ‘ਚ ਦਰਜ ਮਾਨਵੀ ਸਿੱਖਿਆਵਾਂ ‘ਤੇ ਅਮਲ ਕਰਕੇ ਅਸੀਂ ਭਾਈ ਲਾਲੋਆਂ ਦੇ ਹੱਥਾਂ ‘ਚ ਰਾਜ-ਭਾਗ ਸੌਂਪਣ ਦਾ ਸੁਪਨਾ ਸੱਚ ਕਰ ਸਕਦੇ ਹਾਂ। ਸਿੱਖੀ ਦੇ ਨਾਂ ‘ਤੇ ਕਿਰਤੀ ਜਨ ਸਮੂਹਾਂ ਦੀ ਲੁੱਟ ਕਰਨ ਵਾਲੇ ਰਾਜਸੀ ਦਲ ‘ਪੰਥ’ ਦਾ ਵਾਸਤਾ ਪਾ ਕੇ ਸਿੱਖਾਂ ਨੂੰ ਆਪਣੇ ਪਿੱਛੇ ਲਾਮਬੰਦ ਕਰਦੇ ਹਨ ਤੇ ਸੱਤਾ ‘ਤੇ ਪੁੱਜਣ ਸਾਰ ਲੋਕ ਕਲਿਆਣ ਦਾ ਰਾਹ ਤਿਆਗ ਕੇ ਲੋਕ ਮਾਰੂ ਨੀਤੀਆਂ ਲਾਗੂ ਕਰਦੇ ਹਨ। ਹਰ ਕਿਸਮ ਦੀ ਠੱਗੀ, ਭ੍ਰਿਸ਼ਟਾਚਾਰ ਅਤੇ ਸਮਾਜ ਵਿਰੋਧੀ ਧੰਦੇ ਕਰਦੇ ਹਨ। ਇਨ੍ਹਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰਨੀ ਹੋਵੇਗੀ। ਸਿੱਖ ਬਾਣੇ ‘ਚ ਛੁਪੇ ਸ਼ਰਾਰਤੀ ਤੇ ਸਰਕਾਰ ਪ੍ਰਸਤ ਤੱਤਾਂ, ਖਾਸ ਕਰਕੇ ਸੰਘ ਦੇ ਸਮਰਥਕਾਂ, ਜੋ ਸਿੱਖ ਹਿਤਾਂ ਦੀ ਰਾਖੀ ਲਈ ਕਦੀ ‘ਖਾਲਿਸਤਾਨ’ ਦੇ ਨਾਅਰੇ ਲੁਆ ਕੇ ਸਿੱਖ ਜੁਆਨੀ ਨੂੰ ਗੁੰਮਰਾਹ ਕਰਦੇ ਹਨ ਤੇ ਕਦੀ ਫਿਰਕੂ ਆਰ.ਐਸ.ਐਸ. ਬਾਰੇ ਸਿੱਖਾਂ ਦੀ ਮਿੱਤਰ ਸੰਸਥਾ ਹੋਣ ਦਾ ਫਤਵਾ ਦੇ ਦਿੰਦੇ ਹਨ, ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ। ਕੁੱਝ ਕੁ ਗੈਰ ਜ਼ਿੰਮੇਵਾਰ ਲੋਕਾਂ ਦੇ ਅਜਿਹੇ ਕਾਰੇ ਸਮੁੱਚੇ ਸਿੱਖਾਂ ਨੂੰ ਝਗੜਾਲੂ, ਹਿੰਸਕ, ਬੇਸਮਝ, ਪਿਛਾਂਹ ਖਿੱਚੂ ਤੇ ਸੰਵੇਦਨਾ ਤੋਂ ਹੀਣੇ ਫਿਰਕੇ ਵਜੋਂ ਪੇਸ਼ ਕਰ ਰਹੇ ਹਨ। ਅੱਜ ਲੋੜ ਇਹ ਹੈ ਕਿ ‘ਸਿੱਖ ਪੰਥ’ ਦਾ ਦਾਇਰਾ ਮਨ ਨੂੰ ਸ਼ਾਂਤੀ ਦੇਣ ਵਾਲੀ ਗੁਰਬਾਣੀ ਦੇ ਮਾਨਵੀ ਸਰੋਕਾਰਾਂ ਦੇ ਰਸੀਏ ਬਣੇ ਰਹਿਣ ਤੱਕ ਸੀਮਤ ਕੀਤਾ ਜਾਵੇ ਤੇ ਸਿੱਖ ਫਲਸਫ਼ੇ ਦਾ ਹੋਰ
ਪਸਾਰਾ ਕੀਤਾ ਜਾਵੇ। ਵੱਖੋ-ਵੱਖ ਧਰਮਾਂ, ਜਾਤੀਆਂ ਤੇ ਵਿਸ਼ਵਾਸ਼ਾਂ ਨਾਲ ਜੁੜੇ ਪੀੜਤ ਤੇ ਲੁੱਟੇ-ਲਤਾੜੇ ਲੋਕ ਅਜਿਹੇ ‘ਪੰਥ’ ਦਾ ਅਟੁੱਟ ਭਾਗ ਬਣ ਸਕਦੇ ਹਨ। ਸਮਾਜ ਦੀ ਨਿਰਸਵਾਰਥ ਸੇਵਾ ਤੇ ਲੋੜਵੰਦਾਂ ਦੀ ਸਹਾਇਤਾ ਆਦਿ ਗੁਣ ਸਿੱਖ ਧਰਮ ਦੀ ਪਛਾਣ ਹਨ। ਇਨ੍ਹਾਂ ‘ਤੇ ਅਮਲ ਕਰਨ ਲਈ ਕਿਸੇ ਨਾਮ ਨਿਹਾਦ ‘ਪੰਥਕ ਰਾਜਸੀ ਦਲ’ ਦੀ ਲੋੜ ਨਹੀਂ, ਬਲਕਿ ‘ਸ਼ਬਦ ਗੁਰੂ’ ਦੇ ਰੂਪ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਮਾਨਵੀ ਸਿੱਖਿਆਵਾਂ ਹੀ ਸਾਡਾ ਅਸਲੀ ਰਾਹ ਦਸੇਰਾ ਹਨ। ਇਨ੍ਹਾਂ ‘ਚ ਮਲਕ ਭਾਗੋਆਂ ਦੇ ਲੋਟੂ ਰਾਜ ਪ੍ਰਬੰਧ ਤੋਂ ਨਿਜ਼ਾਤ ਹਾਸਲ ਕਰਕੇ ‘ਭਾਈ ਲਾਲੋ’ ਦਾ ਰਾਜ ਸਥਾਪਤ ਕਰਨਾ, ਜਾਤ-ਪਾਤ ਦਾ ਮੁਕੰਮਲ ਖਾਤਮਾ ਕਰਨਾ ਔਰਤ-ਮਰਦ ਦੀ ਸਮਾਨਤਾ ਕਾਇਮ ਕਰਨੀ, ਕਰਮ ਕਾਂਡਾਂ ਤੋਂ ਖਹਿੜਾ ਛੁੜਾ ਕੇ ਤਰਕਵਾਦੀ ਵਿਚਾਰਾਂ ਦੇ ਧਾਰਨੀ ਬਣਨਾ, ‘ਰਾਜੇ-ਮੁਕੱਦਮਾਂ’ ਦੇ ਭੈਅ ਤੋਂ ਮੁਕਤ ਹੋ ਕੇ ‘ਸੱਚ ਦੇ ਆਚਾਰ’ ਵਾਲਾ ਰਾਜ ਸਥਾਪਤ ਕਰਨਾ ਸ਼ਾਮਿਲ ਹਨ। ਅਨੇਕਾਂ ਘਾਟਾਂ-ਕਮਜ਼ੋਰੀਆਂ ਦੇ ਬਾਵਜੂਦ ਦੇਸ਼ ਦੇ ਕਮਿਊਨਿਸਟ ਤੇ ਹੋਰ ਖੱਬੀਆਂ ਧਿਰਾਂ ਇਸ ਕਾਰਜ ਦੀ ਪੂਰਤੀ ਲਈ ਪੂਰੀ ਤਰ੍ਹਾਂ ਸਮਰਪਿਤ ਹਨ। ਗੁਰੂ ਨਾਨਕ ਨਾਮ ਲੇਵਾ ਸਿੱਖਾਂ ਤੇ ਭਾਈ ਲਾਲੋਆਂ ਦਾ ਅਸਲੀ ਸਥਾਨ ਇਨ੍ਹਾਂ ਖੱਬੇ ਪੱਖੀ ਧਿਰਾਂ ਦੀਆਂ ਸਫ਼ਾਂ ‘ਚ ਹੀ ਹੈ। ਅਤੀਤ ‘ਚ ਵੀ ਖੱਬੀਆਂ ਧਿਰਾਂ ‘ਚ ਚੋਖੀ ਗਿਣਤੀ ‘ਚ ਸ਼ਾਮਿਲ ਸਿੱਖਾਂ ਨੇ ਲਾਲ ਝੰਡੇ ਦੀ ਅਗਵਾਈ ਹੇਠ ਅੰਗਰੇਜ਼ ਸਾਮਰਾਜ ਵਿਰੁੱਧ ਸੁਤੰਤਰਤਾ ਪ੍ਰਾਪਤੀ ਲਈ ਲੜੀ ਸ਼ਾਨਾਮੱਤੀ ਜੰਗ ‘ਚ ਵੱਡਮੁਲਾ ਯੋਗਦਾਨ ਪਾਇਆ ਹੈ। ਰਜਵਾੜਾਸ਼ਾਹੀ ਦਾ ਖਾਤਮਾ ਕਰਕੇ ਲੱਖਾਂ ਏਕੜ ਜ਼ਮੀਨ ਹਲ ਵਾਹਕਾਂ ‘ਚ ਵੰਡੀ ਹੈ। ਆਜ਼ਾਦੀ ਪ੍ਰਾਪਤੀ ਤੋਂ ਪਿੱਛੋਂ ਮਜ਼ਦੂਰਾਂ-ਕਿਸਾਨਾਂ ਦੇ ਹੱਕੀ ਘੋਲਾਂ ਦੀ ਅਗਵਾਈ ਕਰਦਿਆਂ ਮਾਣਮੱਤੀਆਂ ਕੁਰਬਾਨੀਆਂ ਕੀਤੀਆਂ ਹਨ। ਸਿੱਖ ਭਾਈਚਾਰੇ ਦੇ ਹੋਰ ਵੱਡੀ ਗਿਣਤੀ ‘ਚ ਖੱਬੀ ਪੱਖੀ ਲਹਿਰ ‘ਚ ਸ਼ਾਮਲ ਹੋਣ ਨਾਲ ਪੰਜਾਬ ‘ਚ ਵੱਸਦੇ ਹਿੰਦੂ ਵੀਰ, ਦਲਿਤ ਸਮਾਜ ਤੇ ਪੱਛੜੀਆਂ ਸ਼੍ਰੇਣੀਆਂ ਅਤੇ ਸਾਵੀਂ ਸੋਚਣੀ ਵਾਲੇ ਦਾ ਨਿਸ਼ਮੰਦ ਲਾਜ਼ਮੀ ਵੱਡੀ ਗਿਣਤੀ ‘ਚ ਇਨਕਲਾਬੀ ਲਹਿਰ ਸੰਗ ਜੁੜਨ ਲਈ ਉਤਸ਼ਾਹਤ ਹੋਣਗੇ। ਇਸ ਸੁਵੱਲੇ ਵਰਤਾਰੇ ਤੋਂ ਆਰ.ਐਸ.ਐਸ. ਦੇ ਸਮਰਥਕ ਰਾਜਨੀਤੀਵਾਨ, ਨਾਮ ਨਿਹਾਦ ਬੁੱਧੀਜੀਵੀ ਤੇ ਸਿੱਖ ਧਰਮ ਦੀ ਵਿਸ਼ਾਲਤਾ ਤੋਂ ਕੋਹਾਂ ਦੂਰ ਸੰਕੀਰਨਤਾਵਾਦੀ ਤੇ ਫਿਰਕੂ ਸੋਚ ਦੇ ਧਾਰਨੀ ਲੋਕ ਜ਼ਰੂਰ ਤਿਲਮਿਲਾਉਣਗੇ। ਉਹ ਕਮਿਊਨਿਸਟਾਂ ਵਿਰੁੱਧ ਝੂਠ ਬੋਲਣ ਦੀ ਕਿਸੇ ਵੀ ਨੀਵਾਣ ਤੱਕ ਜਾ ਸਕਦੇ ਹਨ। ਕਮਿਊਨਿਸਟ ਵਿਚਾਰਧਾਰਾ, ਜੋ ਸਿੱਖ ਧਰਮ ਤੇ ਭਗਤੀ ਲਹਿਰ ਦੀ ਮਾਨਵੀ ਫਿਲਾਸਫੀ ਦਾ ਪਸਾਰ ਹੀ ਹੈ, ਸੂਬਾਈ ਤੇ ਕੇਂਦਰੀ ਸਰਕਾਰ ਦੀਆਂ ਅੱਖਾਂ ‘ਚ ਸਭ ਤੋਂ ਵੱਧ ਰੜਕਦੀ ਹੈ। ਇਸ ਸਾਂਝੀ ਧਾਰਾ ‘ਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਅਨੁਆਈਆਂ ਦਾ ਸ਼ਾਮਿਲ ਹੋਣਾ ਹੋਰ ਵੀ ਸਹਿਲ ਹੋਵੇਗਾ, ਕਿਉਂਕਿ ਉਹ ਦਲਿਤ ਸਮਾਜ ਦੇ ਹਿੱਤਾਂ ਦੀ ਰਾਖੀ ਲਈ ਪ੍ਰਤੀਬੱਧ ਹਨ ਅਤੇ ਮਨੂੰਵਾਦੀ ਸੋਚ ਦੇ ਡਟਵੇਂ ਵਿਰੋਧੀ ਹਨ।

See Also

ਇਹ ਵੀ ਇਕ ਯਥਾਰਥ ਹੈ ਕਿ ਆਪਣੇ ਲੰਬੇ ਇਤਿਹਾਸ = ਕਾਰਨ ਅਕਾਲੀ ਦਲ ਨੇ ਵੱਖੋ-ਵੱਖ ਧੜਿਆਂ ਦੀ ਸ਼ਕਲ ‘ਚ ਕਾਇਮ ਜ਼ਰੂਰ ਰਹਿਣਾ ਹੈ। ਅੱਜ ਵੀ ਉਹ ਮਹਿਜ ਸਿਆਸੀ ਲਾਭ ਲੈਣ ਲਈ, ਸਿੱਖਾਂ ਸਮੇਤ ਸਾਰੀਆਂ ਧਾਰਮਿਕ ਘੱਟ ਗਿਣਤੀਆਂ ਦੀ ਦੁਸ਼ਮਣ ਤੇ ‘ਕੱਟੜ ਹਿੰਦੂਤਵੀ ਰਾਜ’ ਦੀ ਸਥਾਪਤੀ ਦੀ ਮੁੱਦਈ ਭਾਜਪਾ ਨਾਲ ਚੋਣ ਗਠਜੋੜ ਕਰਨ ਲਈ ਤਿਆਰ ਬਰ – ਤਿਆਰ ਬੈਠੇ ਹਨ। ਹਾਲਾਂਕਿ ਭਾਜਪਾ ਹਾਲ ਦੀ ਘੜੀ ਇਸ ਚੋਂ – ਨਾਂਹ-ਨੁੱਕਰ ਕਰ ਰਹੀ ਹੈ। ਕਿਉਂਕਿ ਇਹ ਅਕਾਲੀ ਦਲਾਂ ਦੇ ਮੁਕਾਬਲੇ ਆਪਣਾ ਜਨ ਅਧਾਰ ਵਧਾ ਕੇ ਪ੍ਰਾਂਤ ਦੀ ਰਾਜਨੀਤੀ ‘ਚ ਮੁੱਖ ਸਥਾਨ ਹਾਸਲ ਕਰਨਾ ਚਾਹੁੰਦੀ ਹੈ। ਇਸ ਲਈ ਉਹ ਕਿਸੇ – ਵੀ ਅਕਾਲੀ ਦਲ ਨਾਲ ਕੋਈ ਚੋਣ ਗਠਜੋੜ ਕਰਨ ਤੋਂ ਫਿਲਹਾਲ ਇਨਕਾਰ ਕਰ ਰਹੀ ਹੈ। ਪ੍ਰੰਤੂ ਕੋਈ ਵੀ ਅਕਾਲੀ ਧੜਾ ਸਿਧਾਂਤਕ ਤੌਰ ‘ਤੇ ਸੰਘ-ਭਾਜਪਾ ਵਿਰੁੱਧ ਸਪੱਸ਼ਟ ਪੈਂਤੜਾ ਨਹੀਂ ਲੈਂਦਾ। ਕਿਉਂਕਿ ਸੱਤਾ ਪ੍ਰਾਪਤੀ ਤੇ ਧਨ ਦੇ ਅੰਬਾਰ ਖੜ੍ਹੇ ਕਰਨ ਦੀ । ਲਾਲਸਾ, ਇਨ੍ਹਾਂ ਦਲਾਂ ਦੇ ਭ੍ਰਿਸ਼ਟ ਕਿਰਦਾਰ ਵਾਲੇ ਪ੍ਰਮੁੱਖ ਨੇਤਾਵਾਂ ਦਾ ਇਕੋ-ਇਕ ਮੰਤਵ ਰਹਿ ਗਿਆ ਹੈ। ਜੇਕਰ ਪੰਜਾਬ ਅੰਦਰ ਲੋਕ ਪੱਖੀ ਨੀਤੀਆਂ ਤੇ ਆਧਾਰਿਤ ਖੱਬੇ ਪੱਖੀ, ਧਰਮ ਨਿਰਪੱਖ ਤੇ ਜਮਹੂਰੀ ਮੁਤਬਾਦਲ ਮਜ਼ਬੂਤ ਹੁੰਦਾ ਹੈ, ਤਾਂ ਅਕਾਲੀ ਦਲ ਨਾਲ ਜੁੜੇ ਆਮ ਲੋਕ ਤੇ ਹੇਠਾਂ ਪੱਧਰ ਦੇ ਕੁੱਝ ਆਗੂ ਵੀ ਸੰਘ ਵਿਰੋਧੀ ਪੈਂਤੜਾ ਲੈ ਕੇ ਇਸ ਹਕੀਕੀ ਮੁਤਬਾਦਲ ‘ਚ ਸ਼ਾਮਿਲ ਹੋਣ ਲਈ ਪ੍ਰੇਰਿਤ ਹੋਣਗੇ।

ਸਨਿੱਮਰ ਬੇਨਤੀ ਹੈ ਕਿ ਸਮੂਹ ਸਿੱਖ ਭਾਈਚਾਰਾ ਪੂਰੀ ‘ਆਨ – ਬਾਨ ਸ਼ਾਨ’ ਨਾਲ ਆਪਣੇ ਧਰਮ ‘ਚ ਪਰਪੱਕ ਰਹਿ ਕੇ ਧਾਰਮਿਕ । ਆਜ਼ਾਦੀ ਦਾ ਅਨੰਦ ਮਾਣੇ ਤੇ ਸਿੱਖ ਗੁਰੂ ਸਾਹਿਬਾਨ ਦੀ ‘ਬਾਣੀ ਵਿਚਲੀ ਮਾਨਵੀ ਸੋਚ’ ਦਾ ਧਾਰਨੀ ਬਣੇ। ਪ੍ਰੰਤੂ ਰਾਜਨੀਤਕ ਤੇ ਆਰਥਿਕ ਮੁੱਦਿਆਂ ‘ਤੇ ਅਦਾਨੀ-ਅੰਬਾਨੀ ਜਿਹੇ ਮਲਕ ਭਾਗੋਆਂ ਤੇ ਹੋਰ ਲੋਟੂ ਟੋਲਿਆਂ ਦੀ ਪੁਸ਼ਤ-ਪਨਾਹੀ ਕਰਦੀ ਭਾਜਪਾ ਦਾ ਲੋਕ ਦੋਖੀ ਕਿਰਦਾਰ ਅਤੇ ਫਿਰਕੂ-ਫਾਸ਼ੀ ਚਿਹਰਾ-ਮੋਹਰਾ ਦੇਸ਼ ਤੇ ਪੰਜਾਬ ‘ਚ ਬੇਪਰਦ ਕਰਨ ਪੱਖੋਂ ਆਪਣੀ ਬਣਦੀ ਭੂਮਿਕਾ ਅਦਾ ਕਰੇ। ਇਨਕਲਾਬੀ ਤੇ ਅਗਾਂਹਵਧੂ ਤਾਕਤਾਂ ਵੱਲੋਂ ਵਿੱਢੇ ਗਏ ਆਰਥਿਕ ਅਤੇ ਰਾਜਸੀ-ਵਿਚਾਰਧਾਰਕ ਸੰਘਰਸ਼ਾਂ ‘ਚ ਭਾਗ ਲੈਣਾ ਤੇ ਹਰ ਕੁਰਬਾਨੀ ਕਰਨਾ ਹੀ ਸਾਡੇ ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ‘ਤੇ ਸੱਚਾ ਅਮਲ ਸਿੱਧ ਹੋ ਸਕਦਾ ਹੈ।

ਸਿੱਖ ਗੁਰੂ ਸਾਹਿਬਾਨ ਪ੍ਰਤੀ ਸੱਚੀ-ਸੁੱਚੀ ਸ਼ਰਧਾ ਤੇ ਆਜ਼ਾਦੀ ਦੀ ਸ਼ਮ੍ਹਾ ਦੇ ਪਰਵਾਨਿਆਂ ਨੂੰ ਯਾਦ ਰੱਖਣ ਦਾ ਇਸ ਤੋਂ ਵਧੀਆ ਤਰੀਕਾਕਾਰ ਹੋਰ ਕੋਈ ਨਹੀਂ ਹੋ ਸਕਦਾ।

Scroll To Top