Now Reading
ਅਣਗੌਲਿਆ ਗ਼ਦਰੀ ਦੇਸ਼ ਭਗਤ ਮੁਣਸ਼ਾ ਸਿੰਘ ਨਗਰ

ਅਣਗੌਲਿਆ ਗ਼ਦਰੀ ਦੇਸ਼ ਭਗਤ ਮੁਣਸ਼ਾ ਸਿੰਘ ਨਗਰ


ਬਲਵੀਰ ਸਿੰਘ ਥਿੰਦ ਸਟਾਕਟਨ
ਮੁਣਸ਼ਾ ਸਿੰਘ ਦਾ ਜਨਮ ਇੰਦਰ ਸਿੰਘ ਲੇਹਲ ਦੇ ਘਰ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਦੇ ਪਿੰਡ ਨਗਰ ਵਿਚ 27 ਸਤੰਬਰ 1885 ਨੂੰ ਹੋਇਆ। ਜਲੰਧਰ ਜ਼ਿਲ੍ਹੇ ਦੀ ਫਿਲੌਰ ਤਹਿਸੀਲ ਦੇ ਮਸ਼ਹੂਰ ਪਿੰਡ ਦੋਸਾਂਝ ਕਲਾਂ ਦੇ ਨੇੜੇ ਲਾਦੀਆਂ ਇਨ੍ਹਾਂ ਦਾ ਜੱਦੀ ਪਿੰਡ ਸੀ ਜਿੱਥੋਂ ਅੰਦਾਜ਼ਨ ਡੇੜ ਕੁ ਸੌ ਸਾਲ ਪਹਿਲਾਂ ਇਨ੍ਹਾਂ ਦਾ ਇਕ ਵਡੇਰਾ ਨਗਰ ਪਿੰਡ ਵਿੱਚ ਆ ਗਿਆ ਸੀ ਜਿੱਥੇ ਉਸ ਦੀ ਭੂਆ ਵਿਆਹੀ ਹੋਈ ਸੀ ਅਤੇ ਜਿਸਨੇ ਬੇ ਔਲਾਦ ਹੋਣ ਕਰਕੇ ਆਪਣੀ ਜ਼ਮੀਨ ਅਤੇ ਘਰ ਆਪਣੇ ਭਤੀਜੇ ਦੇ ਨਾਮ ਕਰ ਦਿੱਤੇ ਸੀ।

ਸੀਤਾ ਰਾਮ ਬਾਂਸਲ ਨੇ ਵੀ ਇਸ ਲੇਖ ਲਈ ਸਮੱਗਰੀ ਮੁਹੱਈਆ ਕਰਨ ਅਤੇ ਤਰਤੀਬ ਦੇਣ ਵਿੱਚ ਮਦਦ ਕੀਤੀ ਹੈ। ਸੀਤਾ ਰਾਮ ਬਾਂਸਲ ਦੇ ਸ਼ਾਗਿਰਦ ਹਰਦਿਆਲ ਕੌਲਧਾਰ ਨੇ ਨਗਰ ਪਿੰਡ ਦੇ ਆਪਣੇ ਦੋਸਤ ਵਰਿੰਦਰ ਕੁਮਾਰ ਦੇ ਦੱਸਣ ‘ਤੇ ਮੁਣਸ਼ਾ ਸਿੰਘ ਦੇ ਭਰਾ ਦੇ ਪਰਿਵਾਰ ਦੇ ਇੱਕ ਮੈਂਬਰ ਤੱਕ ਨਗਰ ਪਿੰਡ ਵਿੱਚ 12 ਜੂਨ 2025 ਨੂੰ ਪਹੁੰਚ ਕੇ ਪੁੱਛਿਆ ਤਾਂ ਉਸ ਨੂੰ ਭਾਂਵੇਂ ਜਾਣਕਾਰੀ ਤਾਂ ਕੋਈ ਨਹੀਂ ਮਿਲੀ ਪਰ ਉਹ ਪਰਿਵਾਰ ਨੂੰ ਲੱਭਣ ਵਿੱਚ ਕਾਮਯਾਬ ਹੋ ਗਿਆ ਸੀ।

ਖੇਤੀਬਾੜੀ ਦੇ ਮੰਦੇਹਾਲ ਅਤੇ ਭੁੱਖਮਰੀ ਅਕਾਲ ਤੋਂ ਸਤਾਏ ਬਹੁਤੇ ਪੰਜਾਬੀ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਨੂੰ ਚਲੇ ਗਏ।

ਮੁਣਸ਼ਾ ਸਿੰਘ 1907 ਵਿੱਚ ਹਾਂਗਕਾਂਗ ਵਿੱਚ ਕੰਮ ਕਰਨ ਲਈ ਗਿਆ ਹੋਇਆ ਸੀ ਕਿ ਅਮਰੀਕਾ ਵਿੱਚ ਕੈਲੀਫੋਰਨੀਆਂ ਦੇ ਡੈਵਿਸਵਿਲੇ ਵਿਚਲੇ ਬਦਾਮਾਂ ਦੇ ਬਾਗ ਵਿੱਚ ਕੰਮ ਕਰਦੇ ਹਰਨਾਮ ਸਿੰਘ ਨੇ ਮਾਲਕ ਬਾਗਬਾਨੀ ਵਿਗਿਆਨੀ ਜਾਰਜ ਡਬਲਿਊ ਪੀਅਰਸ ਨੂੰ ਸ਼ਿਫਾਰਸ਼ ਕੀਤੀ ਤਾਂ ਪੀਅਰਸ ਨੇ ਸਮੁੰਦਰੀ ਜਹਾਜ਼ ਵਿੱਚ ਅਮਰੀਕਾ ਤੱਕ ਦਾ ਆਉਣ ਦਾ ਖਰਚਾ ਭੇਜ ਕੇ ਮੁਣਸ਼ਾ ਸਿੰਘ ਨੂੰ 19 ਫਰਵਰੀ 1908 ਨੂੰ ਆਪਣੇ ਕੋਲ ਕੰਮ ਲਈ ਸੱਦ ਲਿਆ। ਕੰਮ ਕਰਨ ਬਦਲੇ ਰੋਜ਼ਾਨਾ ਸਵਾ ਡਾਲਰ ਮਿਲਦੇ ਸਨ ਜੋ ਕਿ ਭਾਰਤ ਵਿੱਚ ਦਿਹਾੜੀ ਦੇ ਰੇਟ ਨਾਲੋਂ ਕਈ ਗੁਣਾਂ ਵੱਧ ਸੀ। ਉਸ ਸਮੇਂ ਅਮਰੀਕਾ ਵਿੱਚ ਕੰਮ ਲਈ ਏਸ਼ੀਆ ਤੋਂ ਕਾਮਿਆਂ ਨੂੰ ਬੁਲਾਉਣਾ ਮਾਲਕਾਂ ਲਈ ਬਹੁਤ ਲਾਹੇਵੰਦ ਸੀ ਕਿਉਂਕਿ ਅਮਰੀਕਾ ਵਿੱਚ ਗੋਰੇ ਕਾਮਿਆਂ ਨੂੰ ਦਿਹਾੜੀ ਦੀ ਵੱਧ ਉਜ਼ਰਤ ਦੇਣੀ ਪੈਂਦੀ ਸੀ। ਪੀਅਰਸ ਦੀਆਂ ਡਾਇਰੀਆਂ ਦੇ ਅਧਿਅਨ ਤੋਂ ਪਤਾ ਲਗਦਾ ਹੈ ਕਿ ਮੁਣਸ਼ਾ ਸਿੰਘ ਨੇ ਬਹੁਤ ਇਮਾਨਦਾਰੀ ਅਤੇ ਲਗਨ ਨਾਲ ਉਸ ਦੇ ਬਦਾਮਾਂ ਦੇ ਬਾਗਾਂ ਅਤੇ ਹੋਰ ਸਹਾਇਕ ਧੰਦਿਆਂ ਵਿੱਚ ਕੰਮ ਕੀਤਾ ਤਾਂ ਪੀਅਰਸ ਨੇ ਉਸ ਨੂੰ ਪਹਿਲਾਂ ਫੋਰਮੈਨ ਬਣਾਇਆ, ਫਿਰ ਮੈਨੇਜਰ ਅਤੇ ਉਸ ਦੇ ਕੰਮ ਤੋਂ ਖੁਸ਼ ਹੋ ਕੇ ਆਪਣਾ ਸਭ ਤੋਂ ਭਰੋਸੇਮੰਦ ਸਾਥੀ ਬਣਾ ਲਿਆ। ਉਹ ਅਕਸਰ ਮੁਣਸ਼ਾ ਸਿੰਘ ਨਾਲ ਫਾਰਮ ਵਿਚਲੇ ਕੰਮ ਕਰਾਉਂਦਾ, ਪੰਜਾਬੀ ਕਾਮਿਆਂ ਦਾ ਪ੍ਰਬੰਧ ਕਰਨ ਲਈ ਕਹਿੰਦਾ, ਸ਼ਹਿਰ ਤੋਂ ਫਾਰਮ ਲਈ ਲੋੜੀਂਦਾ ਸਮਾਨ ਲਿਆਉਣਾ, ਮੰਡੀ ਵਿੱਚ ਬਦਾਮ ਤੇ ਭੇਡਾਂ ਵੇਚਣ ਜਾਣ ਵਰਗੇ ਕੰਮ ਮੁਣਸ਼ਾ ਸਿੰਘ ਦੇ ਹਵਾਲੇ ਕਰ ਦਿੱਤੇ ਸਨ। ਮੁਣਸ਼ਾ ਸਿੰਘ ਪੰਜਾਬੀ ਅਤੇ ਗੋਰੇ ਕਾਮਿਆਂ ਨੂੰ ਮਿਹਨਤਾਨਾ ਵੰਡਦਾ। ਪੀਅਰਸ
ਉਸਨੂੰ ਆਪਣੇ ਸਕੇ ਭਰਾਵਾਂ ਵਾਲਾ ਆਦਰ ਸਤਿਕਾਰ ਤੇ ਪਿਆਰ ਦਿੰਦਾ ਤੇ ਮੁਣਸ਼ਾ ਸਿੰਘ ਨੇ ਆਪਣੀ ਇਮਾਨਦਾਰਾਨਾ ਪਹੁੰਚ ਨਾਲ ਕੈਲੇਫੋਰਨੀਆਂ ਦੀ ਇਸ ਪੰਜਾਬ ਵਰਗੀ ਪੰਜ ਦਰਿਆਂਵਾਂ ਦੀ ਉਪਜਾਊ ਧਰਤੀ ‘ਤੇ ਕੰਮ ਕਰਦੇ ਭਾਰਤੀ ਕਾਮਿਆਂ ਵਿੱਚ ਇੱਕ ਮਿਸਾਲ ਕਾਇਮ ਕਰ ਦਿੱਤੀ ਸੀ। ਯੂਬਾ ਸਿਟੀ, ਡੇਵਿਸ, ਸੈਕਰਾਮੈਂਟੋ ਅਤੇ ਹੋਰ ਕਈ ਥਾਂਵਾਂ ‘ਤੇ ਪੰਜਾਬੀ ਕਾਮਿਆਂ ਨੂੰ ਕੰਮ ਤੇ ਰਖਵਾ ਕੇ ਉਹ ਸਫਲ ਲੇਬਰ ਠੇਕੇਦਾਰ ਬਣ ਗਿਆ ਸੀ।

ਅਮਰੀਕਾ ਦਾ ਆਜ਼ਾਦ ਮਹੌਲ ਦੇਖ ਕੇ ਭਾਰਤੀ ਕਿਸਾਨਾਂ, ਕਾਮਿਆਂ, ਸਾਬਕਾ ਫੌਜੀਆਂ, ਵਿਦਿਆਰਥੀ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾ ਨੇ ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਜਥੇਬੰਦੀ ਬਣਾ ਕੇ ਉਥੇ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸੰਗਠਤ ਹੋਣਾ ਸ਼ੁਰੂ ਕੀਤਾ ਤੇ ਫਿਰ ਦੇਸ਼ ਦੀ ਆਜ਼ਾਦੀ ਲਈ ਬਹੁਭਾਸ਼ਾਈ ਹਫਤਾਵਾਰੀ ਅਖ਼ਬਾਰ ‘ਗ਼ਦਰ’ ਛਾਪ ਕੇ ਪੂਰੀ ਦੁਨੀਆਂ ਵਿੱਚ ਵਸਦੇ ਭਾਰਤੀਆਂ ਨੂੰ ਮੁਫ਼ਤ ਭੇਜਣੀ ਸ਼ੁਰੂ ਕੀਤੀ। ਗ਼ਦਰ ਅਖ਼ਬਾਰ ਮਿਲਦਿਆਂ ਮੁਣਸ਼ਾ ਸਿੰਘ ਨੇ ਗ਼ਦਰ ਪਾਰਟੀ ਵਿੱਚ ਸਰਗਰਮੀ ਨਾਲ ਕੰਮ ਕਰਨਾ ਸ਼ੁਰੂ ਕੀਤਾ ਤਾਂ ਲਾਲਾ ਹਰਦਿਆਲ ਨੇ ਮੈਡਮ ਭੀਖਾਜੀ ਕਾਮਾ ਨੂੰ ਚਿੱਠੀ ਲਿਖ ਕੇ ਮੁਣਸ਼ਾ ਸਿੰਘ ਲਈ ਪੈਰਿਸ ਤੋਂ ਅਖ਼ਬਾਰ ਬੰਦੇ ਮਾਤਰਮ ਭੇਜਣ ਲਈ ਕਿਹਾ।

9 ਦਸੰਬਰ 1913 ਨੂੰ ਮੁਣਸ਼ਾ ਸਿੰਘ ਭਾਰਤ ਵੱਲ ਰਵਾਨਾ ਹੋ ਗਿਆ ਸੀ। 6 ਜਨਵਰੀ 1914 ਵਿੱਚ ਉਹ ਭਾਰਤ ਮੁੜ ਆਇਆ ਸੀ। ਉਸ ਸਮੇਂ ਗ਼ਦਰੀਆਂ ਦੀਆਂ ਗ੍ਰਿਫਤਾਰੀਆਂ ਨਹੀਂ ਸੀ ਹੋ ਰਹੀਆਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਗ਼ਦਰ ਡਾਇਰੈਟਰੀ ਦੇ ਪੰਨਾ 200 ਵਿੱਚ ਗਲਤ ਲਿਖਿਆ ਹੋਇਆ ਹੈ ਕਿ ਉਹ ਇਕ ਸਾਲ ਠਹਿਰ ਕੇ ਦੁਬਾਰਾ ਅਮਰੀਕਾ ਚਲਾ ਗਿਆ ਸੀ।

ਪੀਅਰਸ ਨੇ 18 ਅਕਤੂਬਰ 1916 ਨੂੰ ਬਰਤਾਨਵੀ ਕੌਂਸਲਰ ਨੂੰ ਮਿਲ ਕੇ ਉਸਦੀ ਅਮਰੀਕਾ ਵਾਪਸੀ ਬਾਰੇ ਗੱਲ ਕੀਤੀ ਸੀ।

ਅਮਰਜੀਤ ਚੰਦਨ ਵਲੋਂ ਖੋਜ ਕੀਤੀ ਹੋਈ ਖੁਫੀਆ ਮਹਿਕਮੇ ਵੱਲੋਂ ਸੋਧਾਂ ਅਤੇ ਵਾਧੇ ਵਾਲੀ ਗ਼ਦਰੀਆਂ ਬਾਰੇ ਜਾਰੀ ਲਿਸਟ ਵਿੱਚ ਮੁਣਸ਼ਾ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਪਾਸਪੋਰਟ ਨੰਬਰ 899 ਦੀ ਤਰੀਕ 21 ਸਤੰਬਰ 1917 ਹੈ ਪਰ ਇਸ ਵਿੱਚ ਮੁਣਸ਼ਾ ਸਿੰਘ ਨੇ ਜਨਮ ਦਾ ਸਾਲ 1887 ਲਿਖਵਾਇਆ ਹੈ ਜਦਕਿ ਉਸਦਾ ਜਨਮ 1885 ਵਿੱਚ ਹੋਇਆ ਸੀ। ਉਨ੍ਹਾਂ ਦਿਨਾਂ ਵਿੱਚ ਜਾਣਕਾਰੀ ਬਦਲ ਕੇ ਪਾਸਪੋਰਟ ਆਮ ਹੀ ਬਣਵਾਏ ਜਾਂਦੇ ਸਨ।

ਹਾਂਗਕਾਂਗ ਤੋ 27 ਦਸੰਬਰ 1917 ਨੂੰ 200 ਡਾਲਰ ਮੰਗਵਾਉਣ ਲਈ ਮੁਣਸ਼ਾ ਸਿੰਘ ਨੇ ਪੀਅਰਸ ਨੂੰ ਟੈਲੀਗ੍ਰਾਮ ਭੇਜੀ ਤਾਂ ਪੀਅਰਸ ਨੇ ਉਸਨੂੰ ਅਮਰੀਕਾ ਪਹੁੰਚਣ ਲਈ 31 ਦਸੰਬਰ ਨੂੰ ਸੈਕਰਾਮੈਂਟੋ ਜਾ ਕੇ ਟੋਕੀਓ ਕਿਸੇਨ ਮਾਰੂ ਜਹਾਜ਼ੀ ਕੰਪਨੀ ਦੇ ਏਜੰਟ ਰਾਹੀਂ ਟਿਕਟ ਹਾਂਗਕਾਂਗ ਭੇਜੀ। ਅਮਰੀਕਾ ਪਹੁੰਚਦਿਆਂ 26 ਫਰਵਰੀ 1918 ਨੂੰ ਸਾਨਫਰਾਂਸਿਸਕੋ ਨੇੜਲੇ ਇੰਮੀਗ੍ਰੇਸ਼ਨ ਦਫ਼ਤਰ ਵਾਲੇ ਏਂਜਲ ਟਾਪੂ ਤੋਂ ਹਿਰਾਸਤ ਵਿੱਚੋਂ ਮੁਣਸ਼ਾ ਸਿੰਘ ਨੇ ਪੀਅਰਸ ਨੂੰ ਤੁਰੰਤ ਉੱਥੇ ਪਹੁੰਚਣ ਲਈ ਟੈਲੀਗ੍ਰਾਮ ਭੇਜੀ। ਅਗਲੇ ਦਿਨ ਪੀਅਰਸ ਉਸਨੂੰ ਉੱਥੇ ਜਾ ਮਿਲਿਆ ਅਤੇ ਚਾਰ ਮਹੀਨਿਆਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਅਪੀਲਾਂ, ਵਕੀਲਾਂ, ਬਰਤਾਨਵੀ ਕੌਂਸਲਰ ਨਾਲ ਮਿਲਣੀ, ਹਜ਼ਾਰ ਡਾਲਰ ਦੇ ਬਾਂਡ ਅਤੇ ਆਪਣੇ ਰਾਜਸੀ ਅਸਰ ਰਸੂਖ ਦੇ ਸਹਾਰੇ 27 ਜੂਨ 1918 ਨੂੰ ਮੁਣਸ਼ਾ ਸਿੰਘ ਨੂੰ ਆਪਣੇ ਨਾਲ ਡੇਵਿਸ ਲਿਜਾਣ ਵਿੱਚ ਸਫਲ ਹੋ ਗਿਆ ਸੀ।

ਦਰਅਸਲ ਮੁਣਸ਼ਾ ਸਿੰਘ ਨੂੰ ਸਾਨਫਰਾਂਸਿਸਕੋ ਲਾਗਲੇ ਏਂਜਲ ਟਾਪੂ ‘ਤੇ ‘ਵਤਨ ਵਾਪਸ ਭੇਜਣ ਲਈ ਇੰਮੀਗ੍ਰੇਸ਼ਨ ਮਹਿਕਮੇ ਨੇ ਇਸ ਕਰਕੇ ਹਿਰਾਸਤ ਵਿੱਚ ਲੈ ਲਿਆ ਸੀ ਕਿਉਂਕਿ ਅਮਰੀਕਾ ਵਿੱਚ 5 ਫਰਵਰੀ 1917 ਨੂੰ ਅਮਰੀਕੀ ਕਾਂਗਰਸ ਨੇ ਅਮਰੀਕਨ ਗੋਰਿਆਂ ਵਲੋਂ ‘ਏਸ਼ੀਆਈ ਕੱਢੋ ਲੀਗ’ ਅਤੇ ਅਮਰੀਕਾ ਦੇ ਮਿੱਤਰ ਦੇਸ਼ਾਂ ਵਲੋਂ ਅਮਰੀਕਾ ਵਿੱਚ ਬਾਗੀਆਂ ਦਾ ਦਾਖਲਾ ਬੰਦ ਕਰਨ ਲਈ ਸਰਕਾਰ ਉੱਤੇ ਬਣਾਏ ਦਬਾਅ ਹੇਠ ਕਨੂੰਨ ਪਾਸ ਕਰਕੇ ਏਸ਼ੀਆਈ ਮੁਲਕਾਂ ਦੇ ਬਸ਼ਿੰਦਿਆਂ ਦੇ ਅਮਰੀਕਾ ਵਿੱਚ ਦਾਖਲੇ ‘ਤੇ ਮੁਕੰਮਲ ਪਾਬੰਦੀ ਲਾ ਦਿੱਤੀ ਸੀ। ਇਸੇ ਕਨੂੰਨ ਹੇਠ ਉਸਨੂੰ ਵਤਨ ਵਾਪਸ ਭੇਜਣ ਲਈ ਹਿਰਾਸਤ ਵਿੱਚ ਰੱਖਿਆ ਸੀ। ਪੀਅਰਸ 1898 ਅਤੇ 1905 ਵਿੱਚ ਦੋ ਵਾਰ ਸੂਬਾ ਅਸੰਬਲੀ ਦਾ ਮੈਂਬਰ ਰਿਹਾ ਹੋਣ ਕਰਕੇ ਸਾਰੇ ਤਰੀਕੇ ਜਾਣਦਾ ਸੀ।

ਭਾਰਤ ਵਿੱਚ ਗ਼ਦਰ ਕਰਨ ਗਏ ਗ਼ਦਰੀਆਂ ਤੋਂ ਪਿੱਛੋਂ ਗ਼ਦਰ ਪਾਰਟੀ ਨੂੰ ਅੰਗਰੇਜ਼ ਪੱਖੀ ਭਾਰਤੀ ਖੁਫੀਆ ਮਹਿਕਮੇ ਦੇ ਏਜੰਟਾਂ ਤੋਂ ਬਚਾਉਣ ਲਈ ਮੁਣਸ਼ਾ ਸਿੰਘ ਨੇ ਅਮਰੀਕਾ ਵਿੱਚ ਸਰਗਰਮ ਗ਼ਦਰੀਆਂ ਨਾਲ ਮੋਢੇ ਨਾਲ ਮੋਢਾ ਜਾ ਮਿਲਾਇਆ । ਬਾਗਾਂ ਵਿੱਚ ਕੰਮ ਦੇ ਨਾਲ-ਨਾਲ ਉਸਨੇ ਲਗਾਤਾਰ ਗ਼ਦਰ ਪਾਰਟੀ ਵਿੱਚ ਕੰਮ ਕੀਤਾ। ਭਾਰਤ ਦੀ ਖੁਫੀਆ ਏਜੰਸੀ ਦੇ ਏਜੰਟਾਂ ਨੇ ਗ਼ਦਰ ਪਾਰਟੀ ਦੇ ਬਰਾਬਰ ਪਾਰਟੀ ਬਣਾ ਕੇ ਗ਼ਦਰੀਆਂ ਦੇ ਖਿਲਾਫ ਵੱਡੇ ਪੱਧਰ ‘ਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਮੁਹਿੰਮ ਵਜੋਂ ਪੀਅਰਸ ਤੱਕ ਪਹੁੰਚ ਕਰਕੇ ਕਿਹਾ ਕਿ ਮੁਣਸ਼ਾ ਸਿੰਘ ਵਧੀਆ ਬੰਦਾ ਨਹੀਂ ਹੈ ਤਾਂ ਪੀਅਰਸ ਨੇ ਉਨ੍ਹਾਂ ਨੂੰ ਕਿਹਾ-ਜੇ ਉਹ ਵਧੀਆ ਬੰਦਾ ਨਹੀਂ ਹੈ ਤਾਂ ਮੈਨੂੰ ਉਹਦੇ ਨਾਲ ਉਵੇਂ ਈ ਰਹਿਣ ਦਿੳ ਜਿਵੇਂ ਮੈਂ ਉਸਨੂੰ ਜਾਣਦਾ ਹਾਂ। ਜੇ ਮੈਂ ਤੁਹਾਡੇ ਆਖੇ ਲੱਗ ਕੇ ਉਸਨੂੰ ਕੁਝ ਕਿਹਾ ਤਾਂ ਉਹ ਮੇਰੀ ਬੇਇੱਜਤੀ ਕਰੇਗਾ ਕਿਉਂਕਿ ਤੁਸੀਂ ਕਹਿ ਰਹੇ ਓ ਕਿ ਉਹ ਵਧੀਆ ਬੰਦਾ ਨਹੀਂ ਹੈ।

26 ਅਪ੍ਰੈਲ 1927 ਨੂੰ ਜਦੋਂ ਮਾਲਕ ਕੋਲੋਂ ਹਿੰਦੋਸਤਾਨ ਵਿੱਚ ਅਕਾਲ ਪੀੜਤਾਂ ਲਈ ਫੰਡ ਇਕੱਠਾ ਕਰਨ ਲਈ ਇਕ ਮਹੀਨੇ ਦੀ ਛੁੱਟੀ ਜਾਣ ਲਈ ਪੁੱਛਿਆ ਤਾਂ ਪੀਅਰਸ ਨੇ ਆਪਣੀ ਡਾਇਰੀ ਵਿੱਚ ਲਿਖਿਆ – ਇਹ ਫੰਡ ਤਾਂ ਹਿੰਦੋਸਤਾਨ ਵਿੱਚ ਇੰਗਲੈਂਡ ਦੀ ਸਰਕਾਰ ਵਿਰੁੱਧ ਬਗਾਵਤ ਭੜਕਾਉਣ ਲਈ ਵਰਤਿਆ ਜਾਣਾ ਹੈ। ਨਗਰ ਪਿੰਡ ਵਿੱਚ ਸ਼ਰੀਕਾਂ ਨੇ ਜਮੀਨ ਖ਼ਾਤਰ ਮੁਣਸ਼ਾ ਸਿੰਘ ਦੇ 37 ਸਾਲਾਂ ਦੇ ਛੋਟੇ ਭਰਾ ਪ੍ਰੀਤਮ ਸਿੰਘ ਨੂੰ ਅਤੇ ਇਕਲੌਤੇ ਭਤੀਜੇ ਸਵਰਨ ਸਿੰਘ ਨੂੰ ਜ਼ਹਿਰ ਦੇ ਦਿੱਤੀ ਸੀ। ਪ੍ਰੀਤਮ ਸਿੰਘ ਨੇ ਮੌਕੇ ਤੇ ਦਮ ਤੋੜ ਦਿੱਤਾ ਅਤੇ ਗੁਆਂਢੀ ਸੁਨਿਆਰੇ ਹਕੀਮ ਬਜ਼ੁਰਗ ਨੇ ਸਵਰਨ ਸਿੰਘ ਨੂੰ ਕੋਈ ਦੇਸੀ ਦਵਾਈ ਪਿਲਾਈ ਤਾਂ ਸਵਰਨ ਸਿੰਘ ਬਚ ਗਿਆ ਸੀ।
ਮੁਣਸ਼ਾ ਸਿੰਘ ਬਹੁਤ ਮਿਲਣਸਾਰ, ਮੱਦਦਗਾਰ, ਸਾਰਿਆਂ ਦੇ ਦੁੱਖ-ਸੁੱਖ ਵਿੱਚ ਸਾਥ ਨਿਭਾਉਣ ਵਾਲਾ ਸੀ। ਕੋਈ ਪੰਜਾਬੀ ਸਾਥੀ ਬਿਮਾਰ ਹੁੰਦਾ ਉਸਨੂੰ ਹਸਪਤਾਲ ਲੈ ਕੇ ਜਾਣਾ, ਸੰਸਕਾਰ ਤੇ ਜਾਣਾ, ਪਾਰਟੀ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣਾ, ਫੰਡ ਇਕੱਠਾ ਕਰਕੇ ਪਾਰਟੀ ਲਈ ਭੇਜਣਾ ਹੋਵੇ ਉਹ ਸਾਰਿਆਂ ਤੋਂ ਅੱਗੇ ਰਹਿੰਦਾ ਸੀ। ਸਟਾਕਟਨ ਵਿੱਚ ਅਮਰੀਕਾ ਦੇ ਪਹਿਲੇ ਗੁਰਦੁਆਰੇ ਦੀ ਉਸਾਰੀ ਵਿਚ ਬਾਬਾ ਜਵਾਲਾ ਸਿੰਘ ਠੱਠੀਆਂ, ਸੰਤ ਵਿਸਾਖਾ ਸਿੰਘ ਅਤੇ ਸੰਗਤ ਦਾ ਪੂਰਾ ਸਾਥ ਦਿੱਤਾ ਜਿੱਥੇ ਹਿੰਦੂ ਅਤੇ ਮੁਸਲਮਾਨ ਆਪਣੇ ਅਕੀਦੇ ਮੁਤਾਬਕ ਇਬਾਦਤ ਕਰਦੇ ਸਨ, ਸਾਰੇ ਗ਼ਦਰੀ ਬਾਬਿਆਂ ਵਾਂਗ ਮੁਣਸ਼ਾ ਸਿੰਘ ਵਿਚ ਧਾਰਮਿਕ ਕੱਟੜਤਾ ਨਹੀਂ ਸੀ। ਮਸ਼ੀਨਾਂ, ਖੇਤੀ, ਬਾਗਵਾਨੀ, ਪਸ਼ੂ ਪਾਲਣ, ਕਾਮਿਆਂ ਦਾ ਪ੍ਰਬੰਧ ਅਤੇ ਮੰਡੀਕਰਨ ਦੇ ਕੰਮਾਂ ਦਾ ਉਹ ਮਾਹਿਰ ਸੀ। ਕੰਮ ਨੂੰ ਸੌਖਿਆਂ ਕਰਨਾ, ਕਾਮਿਆਂ ਦੀਆਂ ਜ਼ਰੂਰਤਾਂ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਨੂੰ ਤਰਜੀਹ ਦਿੰਦਾ ਸੀ। ਉਹ ਇਕੱਲਾ ਪੰਜ ਜਣਿਆਂ ਜਿੰਨਾ ਕੰਮ ਕਰ ਲੈਂਦਾ ਸੀ। ਉਸਨੇ ਵਿਆਹ ਨਹੀਂ ਕਰਾਇਆ। ਸਤੰਬਰ 1927 ਵਿੱਚ ਮੌਲਵੀ ਬਰਕਤ ਉੱਲਾ ਦੀ ਮੌਤ ਦੀ ਖ਼ਬਰ ਮਿਲਦਿਆਂ ਡੇਵਿਸ ਤੋਂ ਜਾ ਕੇ ਸੈਕਰਾਮੈਂਟੋ ਦੇ ਕਬਰਸਤਾਨ ਵਿੱਚ ਜਨਾਜ਼ੇ ਵਿਚ ਸ਼ਾਮਲ ਹੋਇਆ ਸੀ।

ਗ਼ਦਰੀਆਂ ਨੇ ਸ਼ੁਰੂਆਤੀ ਦੌਰ ਵਿੱਚ ਜੋ ਬ੍ਰਿਟਿਸ਼ ਸਰਕਾਰ ਵਿਰੁੱਧ ਬੇਬਾਕੀ ਨਾਲ ਭਾਸ਼ਣ ਦਿੱਤੇ ਉਸ ਦੀ ਸਾਰੀ ਜਾਣਕਾਰੀ ਜਸੂਸਾਂ ਨੇ ਸਰਕਾਰ ਨੂੰ ਪਹੁੰਚਾਈ, ਜਿਸ ਨਾਲ ਪਾਰਟੀ ਨੂੰ ਵੱਡੇ ਪੱਧਰ ‘ਤੇ ਨੁਕਸਾਨ ਹੋਇਆ। ਮਗਰੋਂ ਗ਼ਦਰੀਆਂ ਨੇ ਇਹ ਪੱਕਾ ਅਸੂਲ ਬਣਾ ਲਿਆ ਸੀ ਕਿ ਜੋ ਵੀ ਗੱਲ ਕਰਨੀ ਉਹ ਕੋਡ ਭਾਸ਼ਾ ਵਿਚ ਕਰਦੇ।

ਇੱਥੋਂ ਤੱਕ ਜੇ ਕੋਈ ਗ਼ਦਰੀ ਕਿਸੇ ਨੂੰ ਕਾਰ ਵਿਚ ਮਿਲਣ ਆਉਂਦਾ ਘਰ ਦੇ ਬਾਹਰ ਆ ਕੇ ਹਾਰਨ ਵਜਾਉਂਦਾ ਤਾਂ ਉਹ ਸਮਝ ਜਾਂਦੇ ਸਨ ਕੌਣ ਆਇਆ ਹੈ। ਇਸ ਤਰੀਕੇ ਨੇ ਕਿਰਤੀ ਪਾਰਟੀ ਦੇ ਦੌਰ ਵਿੱਚ ਘਰ ਦੇ ਭੇਤੀਆਂ ਤੋਂ ਬਚਾਅ ਰੱਖਿਆ।

1927 ਵਿੱਚ ਅਚਾਨਕ ਕੰਮ ਤੋਂ ਵਾਰ-ਵਾਰ ਜਾ ਕੇ ਪਾਰਟੀ ਦੇ ਕੰਮਾਂ ਲਈ ਉਸਦੀਆਂ ਸਰਗਰਮੀਆਂ ਵਿੱਚ ਤੇਜੀ ਆਈ ਤਾਂ ਪੀਅਰਸ ਨੇ 26 ਦਸੰਬਰ 1927 ਨੂੰ ਉਸ ਨੂੰ ਰਾਜਨੀਤਕ ਸਰਗਰਮੀਆਂ ਕਰਕੇ ਕਨੂੰਨੀ ਸ਼ਿਕੰਜੇ ਵਿੱਚ ਫਸਣ ਦੇ ਆਸਾਰ ਤੋਂ ਆਗਾਹ ਕੀਤਾ ਸੀ।

ਉਸਨੇ ਭਰਾਵਾਂ ਵਰਗੇ ਆਪਣੇ ਮਾਲਕ ਨੂੰ ਗ਼ਦਰ ਪਾਰਟੀ ਵਿੱਚ ਆਪਣੀ ਸ਼ਮੂਲੀਅਤ ਬਾਰੇ ਦੱਸ ਦਿੱਤਾ ਤਾਂ ਪੀਅਰਸ ਨੇ ਉਸਨੂੰ ਕਿਹਾ ਕਿ ਇਹ ਘਰ ਮੈਂ ਤੇਰੇ ਨਾਂ ਕਰ ਦੇਣਾ ਹੈ ਤੇ ਫਿਰ ਮੈਂ ਤੇਰੀ ਮਰਜੀ ਨਾਲ ਇਸ ਵਿੱਚ ਪੁੱਛ ਕੇ ਆਇਆ ਕਰਾਂਗਾ ਫਿਰ ਮੈਨੂੰ ਪੁਲਿਸ ਕਨੂੰਨੀ ਤੌਰ ‘ਤੇ ਕੁੱਝ ਨਹੀਂ ਕਹਿ ਸਕਦੀ ਤੇ ਘਰ ਉਸਦੇ ਨਾਂ ਕਰ ਦਿੱਤਾ ਸੀ। ਉਸ ਇਲਾਕੇ ਦੇ ਪੰਜਾਬੀਆਂ ਨੇ ਦੱਸਿਆ ਸੀ ਇਸ ਘਰ ਵਿੱਚ ਗ਼ਦਰ ਪਾਰਟੀ ਵਾਲੇ ਮੀਟਿੰਗਾਂ ਕਰਦੇ ਸਨ ਤੇ ਬੰਬ ਬਣਾਉਣੇ ਸਿੱਖਦੇ ਸਨ।

ਪੈਸੇਫਿਕ ਖਾਲਸਾ ਦੀਵਾਨ ਸੁਸਾਇਟੀ ਸੈਕਰਾਮੈਂਟੋ ਦੇ ਉਹ ਸੰਪਰਕ ਵਿੱਚ ਸੀ ਤੇ 8 ਮਈ 1927 ਨੂੰ ਸੁਸਾਇਟੀ ਦੀ ਚਿੱਠੀ ਉਸਨੂੰ ਆਈ ਸੀ।

ਉਸਦੇ ਅਪ੍ਰੈਲ 1926 ਵਿੱਚ ਗ਼ਦਰ ਪਾਰਟੀ ਦਾ ਸੈਕਟਰੀ ਹੁੰਦਿਆਂ ਸਟਾਕਟਨ ਵਿੱਚ ਹੋਈ ਗ਼ਦਰ ਪਾਰਟੀ ਦੀ ਮੀਟਿੰਗ ਵਿੱਚ ਬੱਬਰ ਅਕਾਲੀਆਂ ਨਾਲ ਹਮਦਰਦੀ ਦਾ ਮਤਾ ਦੇਸ਼ ਸੇਵਕ ਅਖ਼ਬਾਰ ਵਿੱਚ ਛਾਪਣ ਲਈ ਭੇਜਿਆ। ਇਸ ਤੋਂ ਬਾਅਦ ਪੰਜਾਬ ਦੇ ਕੌਮੀ ਅਖ਼ਬਾਰਾਂ ਵਿੱਚ ਛਪਣ ਲਈ ਕੁਝ ਹੋਰ ਮਤੇ ਅਤੇ ਬਾਗ਼ੀਆਨਾ ਲੇਖ ਭੇਜੇ। ਉਸਨੇ ਚੀਨ ਵਿੱਚ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਵਾਸਤੇ ਕੈਲੀਫੋਰਨੀਆ ਵਿੱਚੋਂ 1927 ਵਿੱਚ ਫੰਡ ਇਕੱਠਾ ਕਰਕੇ ਭੇਜਿਆ। ਅਗਸਤ 1927 ਵਿੱਚ ਮੁਣਸ਼ਾ ਸਿੰਘ ਨੇ ‘ ਹਿੰਦੁਸਤਾਨ ਗ਼ਦਰ ਪਾਰਟੀ ਵੱਲੋਂ ਚੀਨ ਵਿੱਚ ਬਰਤਾਨਵੀ ਸਾਮਰਾਜ ਦਾ ਵਿਰੋਧ’ ਸਿਰਲੇਖ ਹੇਠ ਮੈਨੀਫੈਸਟੋ ਛਾਪਿਆ ਜਿਸ ਵਿੱਚ ਚੀਨ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਭਾਰਤੀ ਗ਼ਦਰੀਆਂ ਦੀ ਰਿਹਾਈ ਲਈ ਯਤਨ ਕਰਨ ਅਤੇ ਜਿਹੜੇ ਗ਼ਦਰੀ ਦੇਸ਼ ਭਗਤ ਚੀਨ ਦੀ ਆਜ਼ਾਦੀ ਲਈ ਲੜੇ ਸਨ ਉਹਨਾਂ ਦੀ ਹਿਫਾਜ਼ਤ ਕਰਨ। ਬੱਬਰ ਅਕਾਲੀ ਦੇਸ਼ ਭਗਤਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਅਤੇ ਕਿਰਤੀ ਅਖ਼ਬਾਰ ਲਈ ਪੈਸੇ ਭੇਜੇ ਸਨ। ਕਾਬਲ ਤੋਂ ਪੰਜਾਬੀ ਵਿੱਚ ਲਿਖਿਆ ਪੋਸਟ ਆਫਿਸ ਮਾਰਸਵਿਲੇ ਕੈਲੀਫੋਰਨੀਆਂ ਦੇ ਪਤੇ ‘ਤੇ ਮੁਣਸ਼ਾ ਸਿੰਘ ਨੂੰ ਇੱਕ ਗੁਮਨਾਮ ਖਤ ਆਇਆ ਸੀ ਕਿ ਗ਼ਦਰ ਪਾਰਟੀ ਦੇ ਪ੍ਰੋਪੇਗੰਡੇ ਦੇ ਪ੍ਰਚਾਰ ਲਈ ਕਾਬਲ ਵਿੱਚ ਉਚਿਤ ਮਾਹੌਲ ਹੈ ਤੇ ਗ਼ਦਰ ਅਖ਼ਬਾਰ ਭੇਜਣ ਲਈ ਕਿਹਾ ਗਿਆ ਸੀ। ਉਹ ਮਾਰਸਵਿਲੇ ਦੀ ਹਿੰਦੁਸਤਾਨੀ ਟਰੇਡਿੰਗ ਕੰਪਨੀ ਦੇ ਡਾਇਰੈਕਟਰਾਂ ਚੋਂ ਇੱਕ ਸੀ।

ਖੁਫੀਆ ਪੁਲਿਸ ਕੋਲ ਪੁਖਤਾ ਜਾਣਕਾਰੀ ਸੀ ਕਿ ਉਹ 1931 ਵਿੱਚ ਗ਼ਦਰ ਪਾਰਟੀ ਵਿੱਚ ਸਰਗਰਮ ਸੀ।

1924 ਤੋਂ 1934 ਤੱਕ ਲਗਾਤਾਰ ਮੁਣਸਾ ਸਿੰਘ ਗ਼ਦਰ ਪਾਰਟੀ ਦਾ ਸਕੱਤਰ ਰਿਹਾ 1924 ਤੋਂ 1926 ਤੱਕ ਭਾਈ ਲੱਖਾ ਸਿੰਘ ਚੀਮਾ, 1926 ਤੋਂ 1928 ਤੱਕ ਭਾਈ ਦਲੀਪ ਸਿੰਘ ਫਾਹਲਾ, 1928 ਤੋਂ 1934 ਤੱਕ ਭਾਈ ਨਿਧਾਨ ਸਿੰਘ ਮਹੇਸ਼ਰੀ ਅਤੇ 1934 ਤੋਂ 1940 ਤੱਕ ਭਾਈ ਲੱਖਾ ਸਿੰਘ ਚੀਮਾ ਪ੍ਰਧਾਨ ਰਹੇ।

ਮੁਣਸਾ ਸਿੰਘ ਨੇ ਧਨ ਕਮਾ ਕੇ ਭਰਾ ਨੂੰ ਭੇਜਿਆ ਤਾਂ ਭਰਾ ਨੇ ਸਿਆਣਪ ਵਰਤਦਿਆਂ ਦਸ ਕਿੱਲੇ ਜ਼ਮੀਨ ਖਰੀਦ ਲਈ ਸੀ।

See Also

ਆਖਰੀ ਉਮਰੇ ਮੁਣਸ਼ਾ ਸਿੰਘ ਨੇ ਆਪਣੇ ਭਤੀਜੇ ਨੂੰ ਚਿੱਠੀ ਰਾਹੀਂ ਪਿੰਡ ਆ ਕੇ ਰਹਿਣ ਦੀ ਇੱਛਾ ਦੱਸੀ ਤਾਂ ਭਤੀਜੇ ਸਵਰਨ ਸਿੰਘ ਨੇ ਪੀਅਰਸ ਦੇ ਬੇਟੇ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਤਾਏ ਨੂੰ ਭਾਰਤ ਭੇਜ ਦੇਵੇ। ਅਮਰੀਕਾ ਤੋਂ ਚਿੱਠੀ ਆਈ ਕਿ ਇਹ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਨਮੋਸ਼ੀ ਵਾਲੀ ਗੱਲ ਹੋਵੇਗੀ ਜੇ ਉਹ ਮੁਣਸ਼ਾ ਸਿੰਘ ਨੂੰ ਇਕੱਲੇ ਨੂੰ ਪਿੰਡ ਭੇਜਣਗੇ, ਲੋਕ ਕੀ ਕਹਿਣਗੇ

ਕਿ ਸਾਰੀ ਉਮਰ ਕੰਮ ਕਰਾਇਆ, ਆਪਣੇ ਪਰਿਵਾਰ ਦੇ ਜੀਅ ਵਾਂਗ ਰੱਖਿਆ ਤੇ ਹੁਣ ਬੁੱਢੇ ਹੋਏ ਨੂੰ ਵਾਪਸ ਭੇਜ ਦਿੱਤਾ। ਜੇ ਮੁਣਸ਼ਾ ਸਿੰਘ ਦੀ ਮਰਜੀ ਹੈ ਤਾਂ ਸਵਰਨ ਸਿੰਘ ਆਪ ਆ ਕੇ ਲੈ ਜਾਵੇ। ਸਵਰਨ ਸਿੰਘ ਨੂੰ ਪੀਅਰਸ ਪਰਿਵਾਰ ਨੇ ਅਮਰੀਕਾ ਸੱਦਿਆ। ਦੋਹਾਂ ਦੀ ਬਰਾਸਤਾ ਕਨੇਡਾ ਵਾਪਸੀ ਦੀ ਟਿਕਟ ਦਿੱਤੀ। ਮੁਣਸ਼ਾ ਸਿੰਘ ਨੇ ਆਪਣੀ ਜਾਇਦਾਦ ਵੇਚ ਕੇ ਪੈਸੇ ਗ਼ਦਰ ਪਾਰਟੀ ਨੂੰ ਦੇ ਦਿੱਤੇ ਅਤੇ ਆਪਣੇ ਗ਼ਦਰੀ ਸਾਥੀਆਂ ਨੂੰ ਅਲਵਿਦਾ ਕਹਿ ਕੇ ਕਨੇਡਾ ਚਲੇ ਗਏ।

ਗਿਆਨੀ ਕੇਸਰ ਸਿੰਘ ਨੇ ਗ਼ਦਰੀ ਤੇ ਕਾਮਾ ਕਿਤਾਬ ਦੇ ਪੰਨਾ 51 ਭਾਈ ‘ਤੇ ਲਿਖਿਆ ਹੈ ਬਾਬਾ (ਨਿਰੰਜਨ ਸਿੰਘ ਪੰਡੋਰੀ ਲੱਧਾ ਸਿੰਘ) ਜੀ ਦਾ ਇੱਕ ਗੂੜਾ ਮਿੱਤਰ ਮੁਣਸ਼ਾ ਸਿੰਘ ਪਿੰਡ ਨਗਰ ਕੈਲੀਫੋਰਨੀਆ ਦੇ ਗ਼ਦਰੀਆਂ ਵਿੱਚੋਂ ਇੱਕ ਉੱਘਾ ਗ਼ਦਰੀ ਸੀ।

ਉਹ ਬਹੁਤ ਢਿੱਲਾ ਸੀ ਤੇ ਵੀਲ ਚੇਅਰ ਵਿੱਚ ਸੀ। ਉਸ ਦਾ ਭਤੀਜਾ ਦੇਸੋਂ ਉਸਨੂੰ (ਅਮਰੀਕਾ ਤੋਂ) ਲੈਣ ਆਇਆ। ਮੁਣਸ਼ਾ ਸਿੰਘ ਨੇ ਉਸਨੂੰ ਕਿਹਾ ਕਿ ਮੇਰਾ ਇੱਕ ਦਿਲੀ ਮਿੱਤਰ ਬਾਬਾ ਨਿਰੰਜਨ ਸਿੰਘ ਗ਼ਦਰੀ ਵੈਨਕੂਵਰ ਹੈ ਅੱਜ ਕੱਲ । ਮੈਂ ਉਸਨੂੰ ਮਿਲੇ ਬਿਨਾਂ ਦੇਸ਼ ਨਹੀਂ ਜਾਣਾ। ਮੁਣਸ਼ਾ ਸਿੰਘ ਦਾ ਭਤੀਜਾ ਉਸਨੂੰ ਵੈਨਕੂਵਰ ਲੈ ਆਇਆ। ਦੋਵੇਂ ਗ਼ਦਰੀ ਵੀਲ ਚੇਅਰ ਵਿਚ ਸਨ ।

ਮੁਣਸ਼ਾ ਸਿੰਘ ਨੇ ਕਿਹਾ ਬਾਬਾ ਜੀ ਕੋਈ ਸਮਾਂ ਸੀ ਜਦ ਗ਼ਦਰੀਆਂ ਦੇ ਪਰਛਾਵੇਂ ਤੋਂ ਦੁਸ਼ਮਣ ਡਰਦੇ ਸਨ । ਅੱਜ ਸਾਡਾ ਕੀ ਬਣ ਗਿਆ ਹੈ । ਬਾਬਾ ਜੀ ਨੇ ਉੱਤਰ ਦਿੱਤਾ ਸਮੇਂ ਸਮੇਂ ਦੀਆਂ ਗੱਲਾਂ ਹਨ । ਬਾਬਾ ਜੀ ਨੇ ਮੁਣਸ਼ਾ ਸਿੰਘ ਨੂੰ ਕਿਹਾ ਜੇ ਤੂੰ ਚਾਹੁੰਦਾ ਹੈ ਤਾਂ ਮੇਰੇ ਪਾਸ ਹੀ ਰਹੁ । ਮੈਨੂੰ ਯਕੀਨ ਹੈ ਕਿ ਮੇਰਾ ਪਰਿਵਾਰ ਤੇਰੇ ਨਾਲ ਕੋਈ ਵਿਤਕਰਾ ਨਹੀਂ ਕਰਨ ਲੱਗਾ । ਉਸ ਦਾ ਭਤੀਜਾ ਉਸਨੂੰ ਦੇਸ਼ ਲੈ ਜਾਣ ਲਈ ਜਿੱਦ ਕਰ ਰਿਹਾ ਸੀ । ਬਾਬਾ ਜੀ ਤੇ ਮੁਣਸ਼ਾ ਸਿੰਘ ਭਰੇ ਹੋਏ ਦਿਲ ਨਾਲ ਇੱਕ ਦੂਜੇ ਤੋਂ ਵਿਛੜੇ । ਪਰਿਵਾਰ ਦੇ ਸਾਰੇ ਜੀਅ ਦੋ ਗ਼ਦਰੀਆਂ ਨੂੰ ਆਖਰੀ ਵਾਰੀ ਮਿਲਦਿਆਂ ਤੇ ਵਿਛੜਦਿਆਂ ਦੇਖ ਕੇ ਅਥਰੂ ਪੂੰਝ ਰਹੇ ਸਨ।

1967 ਵਿੱਚ ਪਿੰਡ ਵਾਪਸ ਆ ਕੇ ਮੁਣਸ਼ਾ ਸਿੰਘ ਨੇ ਸੁਹਣਾ ਘਰ ਬਣਾਇਆ ਅਤੇ ਲੋਕਾਂ ਦੀ ਸਹੂਲਤ ਲਈ ਘਰ ਵਿੱਚ ਖੂਹੀ ਲੁਆਈ ਸੀ । ਅਕਾਲੀ ਦੇਸ਼ ਭਗਤ ਬਾਬਾ ਬਾਲ ਸਿੰਘ ਬੀਰਪਿੰਡ ਦੇ ਪੜਪੋਤਰੇ ਜੈ ਸਿੰਘ ਉੱਪਲ ਪਟਿਆਲਾ ਨੇ ਸੁਖਦੇਵ ਸਿੰਘ ਦੇਬੀ ਦਾ ਫੋਨ ਨੰਬਰ ਲੱਭ ਕੇ ਦਿੱਤਾ। ਲੇਖਕ ਨੂੰ 13 ਜੂਨ 2025 ਨੂੰ ਇੰਗਲੈਂਡ ਦੇ ਸ਼ਹਿਰ ਕਵੈਂਟਰੀ ਵਿਚ ਰਹਿੰਦੇ ਮੁਣਸ਼ਾ ਸਿੰਘ ਦੇ ਛੋਟੇ ਭਰਾ ਪ੍ਰੀਤਮ ਸਿੰਘ ਦੇ ਕਵੈਂਟਰੀ ਇੰਗਲੈਂਡ ਰਹਿੰਦੇ ਪੋਤਰੇ ਸੁਖਦੇਵ ਸਿੰਘ ਦੇਬੀ ਨੇ ਫੋਨ ਤੇ ਦੱਸਿਆ ਕਿ ਦਾਦੇ ਮੁਣਸ਼ਾ ਸਿੰਘ ਨੇ ਮੈਨੂੰ ਨਗਰ ਰਹਿੰਦਿਆਂ ਦੱਸਿਆ ਸੀ ਕਿ ਅੰਗਰੇਜ਼ ਸਰਕਾਰ ਨੇ ਗ਼ਦਰੀਆਂ ਵਿਚ ਫੁੱਟ ਪਾਉਣ ਲਈ ਭਾਰਤ ਤੋਂ ਬੰਦੇ ਅਮਰੀਕਾ ਵਿਚ ਬੁਲਾਏ ਸਨ ਜਿਨ੍ਹਾਂ ਵਿਚ ਖ਼ੁਫ਼ੀਆ ਪੁਲਿਸ ਵਾਲੇ ਅਤੇ ਨਫ਼ਰਤ ਫੈਲਾਉਣ ਵਾਲੇ ਬੰਦੇ ਸਨ ਜੋ ਗ਼ਦਰੀਆਂ ਦੇ ਗੜ੍ਹ ਵਿਚ ਜਾ ਕੇ ਬੇਖੌਫ਼ ਪ੍ਰਚਾਰ ਕਰਦੇ ਸਨ। ਇਕ ਹਿੰਦੂ ਸਟਾਕਟਨ ਗੁਰਦੁਆਰੇ ਵਿੱਚ ਆ ਕੇ ਸੰਗਤਾਂ ਵਿੱਚ ਪ੍ਰਚਾਰ ਕਰਦਾ ਸੀ ਕਿ ਜਿਨ੍ਹਾਂ ਨਾਲ ਤੁਸੀਂ ਮਿਲਦੇ ਵਰਤਦੇ ਓ ਤੁਸੀਂ ਤਾਂ ਭਿੱਟੇ ਜਾਉਗੇ।

ਗ਼ਦਰੀਆਂ ਨੇ ਇਸ ਤਰ੍ਹਾਂ ਦੇ ਕਈ ਪਾਰਟੀ ਨਾਲ ਦੁਸ਼ਮਣੀ ਰੱਖਣ ਵਾਲਿਆਂ ਨੂੰ ਮਾਰ ਕੇ ਉਨ੍ਹਾਂ ਦੀਆਂ ਮ੍ਰਿਤਕ ਲੋਥਾਂ ਨੂੰ ਟਿਕਾਣੇ ਲਾ ਦਿੱਤਾ ਸੀ। ਉਸ ਹਿੰਦੂ ਨੂੰ ਗ਼ਦਰੀ ਇਹ ਕਹਿ ਕੇ ਵੈਨ ਵਿੱਚ ਬਿਠਾ ਕੇ ਲੈ ਗਏ ਕਿ ਦੂਸਰੀ ਜਹਾ ਇਹੀ ਪ੍ਰਚਾਰ ਕਰਨ ਜਾਣਾ ਹੈ। ਉਨ੍ਹਾਂ ਗ਼ਦਰੀਆਂ ਨੇ ਉਸਨੂੰ ਕੁਝ ਦੂਰ ਲਿਜਾ ਕੇ ਦੂਜੇ ਗ਼ਦਰੀ ਸਾਥੀਆਂ ਦੇ ਹਵਾਲੇ ਕਰ ਦਿੱਤਾ ਤੇ ਕੁਝ ਦੂਰ ਲਿਜਾ ਕੇ ਉਨ੍ਹਾਂ ਨੇ ਉਸਨੂੰ ਮੇਰੇ ਹਵਾਲੇ ਕਰ ਦਿੱਤਾ। ਮੈਂ ਦਰਿਆ ਕਿਨਾਰੇ ਪੁੱਟੇ ਟੋਏ ਲਾਗੇ ਲਿਜਾ ਕੇ

ਉਸਦਾ ਗਲ ਘੁੱਟਕੇ ਉਸਨੂੰ ਮਾਰ ਕੇ ਉਸ ਟੋਏ ਵਿਚ ਦੱਬ ਦਿੱਤਾ ਸੀ।

ਕੁਝ ਦਿਨ ਲੋਕਾਂ ਨੂੰ ਜਦੋਂ ਉਹ ਨਾਂ ਦਿਸਿਆ ਤਾਂ ਉਨ੍ਹਾਂ ਵਿੱਚ ਇਹ ਗੱਲ ਫੈਲ ਗਈ ਸੀ ਕਿ ਗ਼ਦਰੀਆਂ ਨੇ ਮਾਰ ਦਿੱਤਾ ਹੋਵੇਗਾ।
ਮੁਣਸ਼ਾ ਸਿੰਘ ਦੇ ਭਰਾ ਪ੍ਰੀਤਮ ਸਿੰਘ ਦੀਆਂ ਪੋਤੀਆਂ ਤਰਸੇਮ ਕੌਰ ਬੁਲਵਰਹੈਮਪਟਨ (ਇੰਗਲੈਂਡ), ਬਲਵਿੰਦਰ ਕੌਰ ਵੈਨਕੂਵਰ (ਕਨੇਡਾ), ਦੀਸ਼ੋ ਇੰਗਲੈਂਡ ਦੀ ਰਾਜਧਾਨੀ ਲੰਡਨ ਨੇੜਲੇ ਕੈਂਟ ਸ਼ਹਿਰ ਵਿੱਚ ਆਪਣੇ ਪਰਿਵਾਰਾਂ ਨਾਲ ਰਹਿੰਦੀਆਂ ਹਨ ਅਤੇ ਦੂਜੇ ਪੋਤੇ ਮਰਹੂਮ ਪਰਵਿੰਦਰ ਸਿੰਘ ਦਾ ਪਰਿਵਾਰ ਨਗਰ ਪਿੰਡ ਵਿੱਚ ਰਹਿੰਦਾ ਹੈ।

18 ਸਤੰਬਰ 1971 ਨੂੰ ਮੁਣਸ਼ਾ ਸਿੰਘ ਦਾ ਨਗਰ ਪਿੰਡ ਵਿੱਚ ਦਿਹਾਂਤ ਹੋ ਗਿਆ ਸੀ। ਅਮਰੀਕਨ ਸ਼ਹਿਰੀ ਹੋਣ ਕਰਕੇ ਉਸ ਦੀ ਮੌਤ ਦੀ ਤਰੀਕ ਅਮਰੀਕਾ ਸਰਕਾਰ ਨੇ ਆਪਣੇ ਸਰਕਾਰੀ ਰਿਕਾਰਡ ਵਿੱਚ ਲਿਖ ਲਈ ਸੀ। ਸਾਰੀ ਜਿੰਦਗੀ ਬਰਤਾਨਵੀਂ ਸਾਮਰਾਜੀਆਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਸੰਘਰਸ਼ ਲੇਖੇ ਲਾਉਣ ਵਾਲਾ ਇਹ ਗ਼ਦਰੀ ਸੂਰਮਾ ਕਈ ਹਜ਼ਾਰਾਂ ਦੇਸ਼ ਭਗਤਾਂ ਵਾਂਗ ਆਜ਼ਾਦੀ ਦੀ ਇਮਾਰਤ ਦੀ ਨੀਂਹ ਦਾ ਪੱਥਰ ਬਣਕੇ ਆਪਣਾ ਬਣਦਾ ਯੋਗਦਾਨ ਪਾ ਗਿਆ।

Scroll To Top