Now Reading
ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ ਜੁਲਾਈ 2026)

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ ਜੁਲਾਈ 2026)

ਕਹਾਣੀ

ਗਰਮ ਦਸਤਾਨੇ

– ਰੋਜ਼ੀ ਸਿੰਘ

ਮੈਂ ਕਾਰਖ਼ਾਨੇ ਦੇ ਗੇਟ ਮੂਹਰੇ ਖੜ੍ਹਾ ਹਾਂ। ਲੋਹੇ ਦਾ ਵੱਡਾ ਦਰਵਾਜ਼ਾ, ਜਿਸ ’ਤੇ ਵਰ੍ਹਿਆਂ ਤੋਂ ਜੰਗਾਲ ਲੱਗਾ ਹੋਇਆ ਏ, ਮੇਰੀ ਕਿਸਮਤ ਵਾਂਗ ਕਦੇ ਵੀ ਸਾਰਾ ਨਹੀਂ ਖੁੱਲ੍ਹਿਆ। ਇਹ ਬਿਲਕੁਲ ਓਸੇ ਤਰ੍ਹਾਂ ਹੀ ਦਿਸਦਾ ਹੈ ਜਿਵੇਂ ਦੀ ਮੇਰੀ ਜ਼ਿੰਦਗੀ ਹੈ, ਜੰਗਾਲ ਖਾਧੀ, ਖ਼ਰਾਬ, ਪਰ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਹਾਲੇ ਤੱਕ ਚੱਲਦੀ ਜਾ ਰਹੀ ਏ। ਜਦੋਂ ਵੀ ਚੌਂਕੀਦਾਰ ਇਸਦੇ ਇਕ ਪਾਸੇ ਵਾਲਾ ਛੋਟਾ ਦਰਵਾਜ਼ਾ ਖੋਲ੍ਹਦਾ ਹੈ, ਤਾਂ ਉਸਦੇ ਕਬਜਿਆਂ ’ਚੋਂ ਇੱਕ ਅਜੀਬ ਜਿਹੀ ਚੀਕ ਨਿਕਲਦੀ ਹੈ, ਜੋ ਮੇਰੀ ਰੂਹ ਨੂੰ ਅੰਦਰ ਤੱਕ ਚੀਰ ਦਿੰਦੀ ਏ। ਮੈਂ ਸਾਇਕਲ ਦੇ ਪੈਡਲ ਰੋਕਦਾ, ਜਦੋਂ ਗੇਟ ਅੱਗੇ ਖੜ੍ਹਦਾਂ, ਤਾਂ ਮੈਨੂੰ ਲੱਗਦਾ ਐ ਕਿ ਇਹ ਗੇਟ ਮੇਰੇ ਨਸੀਬਾਂ ਦਾ ਬੂਹਾ ਹੈ, ਜਿਹੜਾ ਸਾਲਾਂ ਤੋਂ ਬਦਹਾਲੀ ਦੇ ਆਲਮ ਚ ਕਾਰਖ਼ਾਨੇ ਦੇ ਮੱਥੇ ’ਤੇ ਟਿਕਿਆ ਹੋਇਆ ਹੈ।

ਅੱਜ ਤਨਖ਼ਾਹ ਮਿਲਣ ਦਾ ਦਿਨ ਹੈ। ਮਹੀਨੇ ਚ ਇੱਕੋ-ਇਕ ਦਿਨ, ਜਦੋਂ ਦਿਲ ’ਚ ਥੋੜ੍ਹੀ ਜਿਹੀ ਉਮੀਦ ਜਾਗਦੀ ਹੈ, ਜੋ ਕਦੇ ਵੀ ਪੂਰੀ ਤਾਂ ਨਹੀਂ ਹੁੰਦੀ, ਫਿਰ ਵੀ ਹਰ ਮਹੀਨੇ ਨਾਸੂਰ ਵਾਂਗ ਇਸਦੀ ਕੋਈ ਨਵੀਂ ਕਰੂੰਬਲ ਫੁੱਟ ਹੀ ਪੈਂਦੀ ਐ। ਮੈਂ ਵੀ ਹਰ ਮਹੀਨੇ ਸੋਚਦਾ ਹਾਂ, “ਸ਼ਾਇਦ ਇਸ ਵਾਰੀ ਹੀ ਕੁਝ ਬਚ ਜਾਵੇ!’’

ਕਾਰਖ਼ਾਨੇ ਦਾ ਛੁੱਟੀ ਵਾਲਾ ਘੁੱਗੂ ਵੱਜਦਾ ਹੈ। ਮਜ਼ਦੂਰਾਂ ਦੀ ਭੀੜ ਅੰਦਰੋਂ ਬਾਹਰ ਨਿਕਲਦੀ ਹੈ। ਕਿਸੇ ਦੇ ਚਿਹਰੇ ’ਤੇ ਥਕਾਵਟ ਹੈ, ਕਿਸੇ ਦੇ ਮੂੰਹ ’ਤੇ ਉਦਾਸੀ ਤੇ ਚਿੰਤਾ, ਕਿਸੇ ਦੇ ਦਿਲ ਵਿੱਚ ਰਾਸ਼ਨ ਦਾ ਇੰਤਜ਼ਾਮ ਹੋ ਜਾਣ ਦੀ ਖ਼ੁਸ਼ੀ, ਤੇ ਕਿਸੇ ਦੇ ’ਤੇ ਕੁਝ ਵੀ ਨਹੀਂ…. ਸਿਰਫ਼ ਸੁੰਨਾਪਣ। ਮੇਰਾ ਚਿਹਰਾ ਵੀ ਉਨ੍ਹਾਂ ਸੈਂਕੜੇ ਚਿਹਰਿਆਂ ਚੋਂ ਇਕ ਹੈ।

ਕੈਸ਼ੀਅਰ ਖਿੜਕੀ ਰਾਹੀਂ ਮੇਰੇ ਵੱਲ ਇੱਕ ਰਜਿਸਟਰ ਤੇ ਕੁਝ ਨੋਟ ਵਧਾ ਦਿੰਦਾ ਹੈ। ਰਜ਼ਿਸਟਰ ’ਤੇ ਦਸਤਖ਼ਤ ਕਰ ਕੇ ਮੈਂ ਬਿਨਾ ਗਿਣੇ ਹੀ ਪੈਸੇ ਜੇਬ ’ਚ ਰੱਖਦਾ ਹਾਂ। ਮੈਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ, ਗਿਣ ਕੇ ਵੀ ਕੀ ਕਰ ਲੈਣਾ ਹੁੰਦੈ ? ਜਿਵੇਂ ਹੀ ਮੈਂ ਨੋਟਾਂ ਨੂੰ ਜੇਬ ਚ ਪਾਉਂਦਾ ਹਾਂ, ਦਿਮਾਗ਼ ਆਪਣੇ ਆਪ ਗਿਣਤੀ ਕਰਨ ਲੱਗ ਪੈਂਦਾ ਹੈ, ਰਾਸ਼ਨ, ਦੁੱਧ, ਬੱਚਿਆਂ ਦੀ ਫੀਸ, ਤੇ ਸਭ ਤੋਂ ਵੱਡਾ ਖ਼ਰਚ, ਕਰਜ਼ੇ ਦੀ ਕਿਸ਼ਤ। ਹਰ ਮਹੀਨੇ ਇਹੀ ਗਿਣਤੀ। ਹਰ ਮਹੀਨੇ ਇਹੋ ਹਿਸਾਬ-ਕਿਤਾਬ। ਜੇ ਇਸ ਦੌਰਾਨ ਕਿਧਰੇ ਕੋਈ ਬਿਮਾਰੀ ਜਾਂ ਕੋਈ ਹੋਰ ਮੁਸੀਬਤ ਆ ਜਾਵੇ ਤਾਂ ਸਮਝੋ ਇਕ ਮਹੀਨਾ ਹੋਰ ਅੱਗੇ…।

ਮੈਂ ਸਾਇਕਲ ਸਟੈਂਡ ਵੱਲ ਵੱਧਦਾ ਹਾਂ। ਮੇਰਾ ਸਾਇਕਲ, ਪੁਰਾਣਾ ਹੈ, ਖੜ-ਖੜ ਕਰਦਾ, ਚੀਕਦਾ, ਜਿਵੇਂ ਹਰ ਰੋਜ਼ ਮੈਨੂੰ ਪੁੱਛਦਾ ਹੋਵੇ,

“ਤੂੰ ਮੈਨੂੰ ਕਦੋਂ ਛੱਡੇਂਗਾ?’’

ਬਾਹਰ ਬਹੁਤ ਠੰਢ ਹੈ। ਸੜਕਾਂ ’ਤੇ ਪਈ ਧੁੰਦ ਨੇ ਸ਼ਹਿਰ ਸਫ਼ੇਦ ਚਾਦਰ ’ਚ ਲਪੇਟਿਆ ਹੋਇਆ ਹੈ। ਹੱਥ ਬਰਫ਼ ਬਣੇ ਪਏ ਨੇ। ਬੂਟਾਂ ਦੇ ਉੱਖੜੇ ਤਲਿਆਂ ਚੋਂ ਠੰਢ ਸਿੱਧੀ ਹੱਡੀਆਂ ਤੱਕ ਚੜ੍ਹ ਰਹੀ ਹੈ। ਇਹ ਬੂਟ, ਪਤਾ ਨਹੀਂ ਕਿੰਨਾ ਕੁ ਚਿਰ ਪਹਿਲਾਂ ਮੱਛੀ ਮੰਡੀ ਚੋਂ, ਪੁਰਾਣੇ ਬੂਟਾਂ ਦੀ ਸੇਲ ’ਚੋਂ ਮੈਂ ਸੌ ਰੁਪੱਈਏ ਦੇ ਲਏ ਸਨ। ਬੂਟਾਂ ਵੱਲ ਵੇਖ ਕੇ ਮੈਂ ਹਰ ਮਹੀਨੇ ਆਪਣੇ ਮਨ ’ਚ ਹੀ ਕਹਿੰਦਾ ਹਾਂ,

“ਹਾਲੇ ਇਕ ਮਹੀਨਾ ਤਾਂ ਹੋਰ ਚੱਲ ਹੀ ਜਾਣਗੇ…’’

ਮੈਂ ਸਾਇਕਲ ਦੇ ਹੈਂਡਲ ਨੂੰ ਫੜ੍ਹਿਆ, ਪਰ ਮੇਰੀਆਂ ਘਸੀਆਂ ਊਂਗਲਾਂ ਏਨੀਆਂ ਸੁੰਨ ਹੋ ਚੁੱਕੀਆਂ ਸਨ ਕਿ ਮੈਨੂੰ ਮਹਿਸੂਸ ਹੀ ਨਹੀਂ ਸੀ ਹੋ ਰਿਹਾ ਕਿ ਮੈਂ ਹੈਂਡਲ ਫੜ੍ਹਿਆ ਵੀ ਹੈ ਜਾਂ ਨਈਂ। ਹੱਥਾਂ ਦੀ ਬੁੱਕ ਬਣਾ, ਫੂਕਾਂ ਮਾਰ-ਮਾਰ ਹੱਥ ਗਰਮ ਕਰਦਾ ਮੈਂ ਸਾਇਕਲ ’ਤੇ ਬੈਠਦਾ ਹਾਂ, ਪੈਡਲ ਮਾਰਦਾ ਅੱਗੇ ਟੁਰ ਪੈਂਦਾ ਹਾਂ। ਸਾਇਕਲ ਚਲਾਉਣ ਨਾਲ ਸ਼ਰੀਰ ’ਚ ਕੁੱਝ ਗਰਮੀ ਮਹਿਸੂਸ ਹੋਈ ਹੈ। ਰਾਹ ’ਚ ਕੱਪੜਿਆਂ ਦੀਆਂ ਦੁਕਾਨਾਂ ਨੇ। ਸ਼ੀਸ਼ੇ ਚ ਸਜੀਆਂ ਕੋਟੀਆਂ, ਜਰਸੀਆਂ, ਕਮੀਜ਼ਾਂ, ਬੱਚਿਆਂ ਦੇ ਰੰਗ-ਬਿਰੰਗੇ ਗਰਮ ਸੂਟ, ਛੋਟੇ ਬੱਚਿਆਂ ਲਈ ਗੁੱਡੀਆਂ ਵਾਲੇ ਕੱਪੜੇ। ਮੇਰਾ ਮਨ ਕਰਦਾ ਹੈ ਕਿ ਅੰਦਰ ਜਾ ਕੇ ਪੁੱਛਾਂ,“ ਭਾਅ ਜੀ ਦਸ-ਗਿਆਰਾਂ ਸਾਲ ਦੀ ਬੱਚੀ ਦਾ ਗਰਮ ਸੂਟ ਕਿੰਨੇ ਕੁ ਦਾ ਆਜੂ …?’’

ਦਿਮਾਗ਼ ਇਕਦਮ ਟੋਕ ਦਿੰਦਾ ਹੈ, “ਪਹਿਲਾਂ ਮਹੀਨੇ ਦਾ ਰਾਸ਼ਨ ਖਰੀਦ ਲੈ, ਦੁੱਧ ਵਾਲੇ ਦੇ ਪੈਸੇ ਤੇ ਕਰਜ਼ੇ ਦੀ ਕਿਸ਼ਤ ਵੱਖਰੀ ਕਰ ਲੈ… ਫੇਰ ਕੁੱਝ ਹੋਰ ਸੋਚੀਂ।’’

ਮੇਰੀ ਦਸ ਸਾਲ ਦੀ ਬੇਟੀ ਹਰ ਦਿਨ-ਤਿਉਹਾਰ ਤੋਂ ਪਹਿਲਾਂ ਮੈਥੋਂ ਪੁੱਛਦੀ ਹੈ, “ਪਾਪਾ, ਇਸ ਵਾਰੀ ਮੈਂ ਨਵਾਂ ਸੂਟ ਲੈਣਾ ਏਂ ਨਾ।’’

ਮੈਂ ਹੱਸ ਕੇ ਕਹਿ ਦਿੰਦਾ ਹਾਂ, “ਹਾਂ ਪੁੱਤਰ, ਇਸ ਵਾਰੀ ਪੱਕਾ।’’

ਮੈਨੂੰ ਪਤਾ ਹੁੰਦਾ ਹੈ ਕਿ  ਇਹ “ਪੱਕਾ” ਕਿੰਨਾ “ਕੱਚਾ” ਹੁੰਦਾ ਹੈ! ਬੇਟਾ ਹਾਲੇ ਛੋਟਾ ਹੈ। ਉਹ ਪਿਛਲੇ ਕਈ ਦਿਨਾਂ ਤੋਂ ਤਿੰਨ ਪਹੀਆਂ ਵਾਲੀ ਸਾਇਕਲ ਲਈ ਜ਼ਿੱਦ ਕਰ ਰਿਹਾ ਹੈ। ਹਰ ਵਾਰੀ ਉਸਨੂੰ ਕਿਸੇ ਨਾ ਕਿਸੇ ਬਹਾਨੇ ਟਾਲ ਦਿੰਦਾ ਹਾਂ।

ਸਾਇਕਲ ਚਲਾਉਂਦਿਆਂ ਆਪਣੇ ਆਪ ਨੂੰ ਸਾਲਾਂ ਪੁਰਾਣੀ ਲੋਈ ਦੀ ਬੁੱਕਲ ਚ ਸਮੇਟਦਾ ਹਾਂ। ਘਰ ਨੇੜੇ ਆ ਜਾਂਦਾ ਹੈ ਤਾਂ ਥੋੜ੍ਹੀ ਤਸੱਲੀ ਹੁੰਦੀ ਹੈ। ਕੱਚੀ ਗਲੀ, ਜਿਸ ’ਚ ਗੰਦੇ ਪਾਣੀ ਦੇ ਛਪੜ ਬਣੇ ਹੋਏ ਨੇ, ਦੇ ਅਖੀਰ ’ਚ ਸੱਜੇ ਪਾਸੇ ਇਕ ਮੇਰਾ ਵੀ ਘਰ ਹੈ। ਘਰ ਨਹੀਂ, ਸਗੋਂ ਇਕ ਕਮਰਾ ਹੀ ਹੈ। ਦਰਵਾਜ਼ਾ ਖੁੱਲ੍ਹਦਾ ਹੈ। ਮੇਰੀ ਬੀਵੀ ਸਾਹਮਣੇ ਖੜ੍ਹੀ ਹੈ। ਉਹ ਕੁੱਝ ਨਹੀਂ ਪੁੱਛਦੀ। ਉਸਦੀ ਖ਼ਾਮੋਸ਼ੀ ਹੀ ਸਵਾਲ ਹੁੰਦੀ ਹੈ।

ਬੇਟੀ ਦੌੜ ਕੇ ਆਉਂਦੀ ਹੈ, “ਪਾਪਾ ! ਤਨਖ਼ਾਹ ਮਿਲੀ ?’’

ਮੈਂ ਸਿਰ ਹਿਲਾ ਦਿੰਦਾ ਹਾਂ। ਉਹ ਫਿਰ ਵੀ ਪੁੱਛ ਲੈਂਦੀ ਹੈ :

“ਪਾਪਾ, ਕੱਪੜੇ ? ’’

ਮੇਰੇ ਕੋਲ ਜਵਾਬ ਨਹੀਂ ਹੁੰਦਾ। ਮੈਂ ਉਸਦੇ ਸਿਰ ’ਤੇ ਹੱਥ ਫੇਰਦਾ ਹਾਂ, ਉਸਨੂੰ ਲਾਡ-ਪਿਆਰ ਦਿੰਦਾ ਹਾਂ। ਨਿੱਕਾ ਮੁੰਡਾ ਖੂੰਜੇ ਚ ਬੈਠਾ ਖਿਡੌਣਾ ਸਾਇਕਲ ਨਾਲ ਖੇਡ ਰਿਹਾ ਹੈ, ਤਿੰਨ ਪਹੀਆਂ ਵਾਲੀ ਖਿਡਾਉਣਾ ਸਾਇਕਲ। ਮੈਨੂੰ ਵੇਖ ਕੇ ਤੋਤਲੀ ਜ਼ੁਬਾਨ ’ਚ ਬੋਲਦਾ ਹੈ, “ਪਾਪਾ, ਪਾਪਾ, ਮੇਲੀ ਤਾਇਤਲ ਤਦੋਂ ਆਏਗੀ ਅਥਲੀ (ਅਸਲੀ) ਵਾਲੀ?’’

ਮੇਰਾ ਦਿਲ ਡੁੱਬ ਜਾਂਦਾ ਹੈ। ਮੈਂ ਹੱਸਣ ਦੀ ਕੋਸ਼ਿਸ਼ ਕਰਦਾ ਹਾਂ। ਪਰ ਇਹ ਹਾਸਾ ਨਹੀਂ, ਮਜ਼ਬੂਰੀ ਹੁੰਦੀ ਹੈ। ਮੈਂ ਪੈਸੇ ਬੀਵੀ ਨੂੰ ਫੜ੍ਹਾਉਂਦਾ ਹਾਂ। ਉਹ ਚੁੱਪਚਾਪ ਗਿਣਦੀ ਹੈ ਤੇ ਫਿਰ ਕਾਗਜ਼ ਕੱਢ ਕੇ ਲਿਖਣ ਲੱਗ ਪੈਂਦੀ ਹੈ। ਸਾਰੇ ਹਿਸਾਬ-ਕਿਤਾਬ ਲਗਾ ਕੇ ਅਖੀਰ ’ਚ ਕੁੱਝ ਨਹੀਂ ਬਚਦਾ। ਮੈਂ ਛੱਤ ਵੱਲ ਤੱਕਦਾ ਹਾਂ, ਜਿਸ ਤੋਂ ਨਮੀ ਕਾਰਨ ਪਲੱਸਤਰ ਕਿਰ ਰਿਹਾ ਹੈ। ਮਨ ਚ ਇੱਕੋ ਸਵਾਲ ਗੂੰਜਦਾ ਹੈ,

“ਮੈਂ ਆਪਣੇ ਬੀਵੀ ਬੱਚਿਆਂ ਲਈ ਕਿੰਨਾ ਘੱਟ ਪੈਂਦਾ ਜਾ ਰਿਹਾ ਹਾਂ …?’’

ਸਵੇਰੇ ਅੱਖਾਂ ਖੋਲ੍ਹਦਾ ਹਾਂ ਤਾਂ ਛੱਤ ਦੀ ਦਰਾਰ ਮੇਰੇ ਵੱਲ ਝਾਕ ਰਹੀ ਹੁੰਦੀ ਹੈ। ਕਦੇ-ਕਦੇ ਲੱਗਦਾ ਹੈ ਜਿਵੇਂ ਦਰਾਰ ’ਚੋਂ ਮੇਰੀ ਮੁਫ਼ਲਸੀ ਝਾਤੀਆਂ ਮਾਰ ਰਹੀ ਹੋਵੇ। ਮੇਰੀ ਬੀਵੀ ਚੁੱਲ੍ਹੇ ਕੋਲ ਬੈਠੀ ਹੈ। ਚੁੱਲ੍ਹੇ ਚੋਂ ਉੱਠਦਾ ਧੂੰਆਂ ਆਮ ਧੂੰਆਂ ਨਹੀਂ, ਉਸਦੇ ਅੰਦਰੋਂ ਮਰ ਚੁੱਕੇ ਅਰਮਾਨਾਂ ਦੇ ਸਿਵੇ ਦਾ ਧੂੰਆਂ ਹੈ।

ਉਸਨੇ ਕਈ ਵਾਰ ਮੈਨੂੰ ਆਖਿਆ ਹੈ, ਕੁੜੀ ਨੂੰ ਸਰਕਾਰੀ ਸਕੂਲੇ ਪਾ ਦਿਓ, ਫੀਸ ਮੁਆਫ ਹੈ, ਵਰਦੀ-ਕਿਤਾਬਾਂ ਵੀ ਸਕੂਲੋਂ ਮਿਲ ਜਾਂਦੀਆਂ ਨੇ। ਪਰ ਮੇਰੀ ਜ਼ਿੱਦ ਅੱਗੇ ਉਹ ਬੇਵਸ ਹੈ। ਮੈਂ ਚਾਹੁੰਦਾ ਹਾਂ ਬੱਚੇ ਚੰਗੇ ਸਕੂਲ ’ਚ ਪੜ੍ਹ-ਲਿਖ ਜਾਣ, ਤਾਂ ਜੋ ਇਨ੍ਹਾਂ ਨੂੰ ਮੇਰੇ ਵਰਗੇ ਹਾਲਾਤ ’ਚੋਂ ਨਾ ਲੰਘਣਾ ਪਵੇ। ਦੋ-ਤਿੰਨ ਘਰਾਂ ਦਾ ਕੰਮ ਕਰਕੇ ਉਹ ਜੋ ਪੈਸੇ ਕਮਾਉਂਦੀ ਹੈ, ਉਹ ਵੀ ਘਰ ਦੇ ਪਹਾੜ ਜਿੱਡੇ ਖ਼ਰਚਿਆਂ ਮੂਹਰੇ ਬਸ ਰਾਈ ਮਾਤਰ ਹੀ ਸਾਬਤ ਹੁੰਦੇ ਨੇ।

ਬੇਟੀ ਸਕੂਲ ਦੀ ਡਰੈੱਸ ਪਾ ਕੇ ਤਿਆਰ ਖੜ੍ਹੀ ਹੈ। ਉਸਦੀ ਕਮੀਜ਼ ਕਾਫੀ ਛੋਟੀ ਹੋ ਗਈ ਹੈ। ਬਾਹਾਂ ਅਰਕਾਂ ਤੋਂ ਉਤਾਂਹ ਚੜ੍ਹ ਗਈਆਂ ਨੇ। ਉਹ ਵਾਰ-ਵਾਰ ਕੋਟੀ ਹੇਠੋਂ ਬਾਹਾਂ ਹੇਠਾਂ ਖਿੱਚਦੀ ਹੈ, ਜਿਵੇਂ ਛੋਟੇ ਕੱਪੜਿਆਂ ਨਾਲ ਆਪਣੀ ਵੱਡੀ ਗ਼ਰੀਬੀ ਨੂੰ ਲੁਕਾਉਂਦੀ ਹੋਵੇ।

ਉਹ ਹੌਲੀ ਜਿਹੇ ਕਹਿੰਦੀ ਹੈ: “ਪਾਪਾ, ਮੇਰੀ ਸਹੇਲੀ ਨੇ ਕੱਲ੍ਹ ਨਵੀ ਕੋਟੀ ਤੇ ਬੈਗ ਲਿਆ ਏ ਵੇਖੋ ਨਾ ਮੇਰੀ ਕੋਟੀ ਕਿੰਨੀ ਘਸ ਗਈ ਏ…’’

ਮੇਰਾ ਅੰਦਰੋਂ ਰੁੱਗ ਭਰਿਆ ਗਿਆ। ਜ਼ੁਬਾਨ ਨੂੰ ਜਿਵੇਂ ਲਕਵਾ ਮਾਰ ਗਿਆ। ਮੈਂ ਚਾਹੁੰਦਾ ਹੋਇਆ ਵੀ ਕੁਝ ਨਾ ਬੋਲ ਸਕਿਆ। ਮੇਰੀ ਖ਼ਾਮੋਸ਼ੀ ਦੇ ਪਿੱਛੇ ਇੱਕ ਚੀਕ ਸੀ। ਉਸ ਨਿਜ਼ਾਮ ਦੇ ਖ਼ਿਲਾਫ਼, ਜਿੱਥੇ ਇੱਕ ਪਾਸੇ ਲੋਕ ਖਿਡੌਣਿਆਂ ਵਾਂਗ ਕਾਰਾਂ ਬਦਲਦੇ ਨੇ ਤੇ ਦੂਜੇ ਪਾਸੇ ਮੇਰੇ ਵਰਗਾ ਕਿਰਤੀ ਆਪਣੇ ਬੱਚੇ ਦੀ ਇੱਕ ਨਿੱਕੀ ਜਿਹੀ ਹਸਰਤ ਨੂੰ ਵੀ ਕਰਜ਼ੇ ਦੀਆਂ ਕਿਸ਼ਤਾਂ ਹੇਠ ਦੱਬਿਆ ਦੇਖਦਾ ਹੈ। ਮੈਨੂੰ ਆਪਣੇ ਹੱਥਾਂ ਦੀਆਂ ਲਕੀਰਾਂ ’ਤੇ ਨਹੀਂ, ਸਗੋਂ ਆਪਣੀ ਕਿਸਮਤ ਲਿਖਣ ਵਾਲੇ ਉਸ ਸਮਾਜਿਕ ਤਾਣੇ-ਬਾਣੇ ’ਤੇ ਗੁੱਸਾ ਆਇਆ, ਜਿਸ ਨੇ ਮੇਰੀ ਮਿਹਨਤ ਦਾ ਮੁੱਲ ਤਾਂ ਮਿੱਟੀ ਕਰ ਹੀ ਦਿੱਤਾ, ਨਾਲ ਹੀ ਮੇਰੇ ਬੱਚਿਆਂ ਦੇ ਖ਼ਾਬਾਂ ਦੀ ਕੀਮਤ ਵੀ ਅਸਮਾਨੀਂ ਚਾੜ੍ਹ ਦਿੱਤੀ। ਮੈਂ ਉਸਤੋਂ ਨਜ਼ਰਾਂ ਚੁਰਾਉਂਦਾ ਤੁਰੰਤ ਕਹਿ ਦਿੰਦਾ ਹਾਂ : “ਕੋਈ ਨਾ ਧੀਏ, ਬਸ ਇਸ ਐਤਵਾਰ ਲੈ ਦੇਵਾਂਗੇ।

ਐਤਵਾਰ!!!

ਹਰ ਹਫ਼ਤੇ ਆਉਂਦਾ ਹੈ ਐਤਵਾਰ, ਪਰ ਸਾਡੇ ਘਰ ਕਦੇ ਨਹੀਂ ਆਉਂਦਾ। ਨਿੱਕਾ ਮੁੰਡਾ ਦਰਵਾਜ਼ੇ ਕੋਲ਼ ਬੈਠਾ ਹੈ। ਉਹ ਜਦੋਂ ਵੀ ਆਪਣੀ ਖਿਡੋਣਾ ਸਾਇਕਲ ਨਾਲ ਖੇਡਦਾ ਹੈ ਤਾਂ ਆਖਦਾ ਹੈ, “ਪਾਪਾ, ਮੇਰੇ ਦੋਸਤ ਤੋਲ ਲਾਲ ਰੰਗ ਦੀ ਤਇਤਲ ਏ, ਉਸਦੇ ਅੱਗੇ ਧੰਟੀ ਵੀ ਏ, ਤੀਂ-ਤੀਂ ਤਰਦੀ ਏ।’’

ਉਸਦੀਆਂ ਗੱਲਾਂ ਸੁਣ ਕੇ ਦਿਲ ਦੇ ਅੰਦਰੋਂ ਬੜਿ ਕੁਝ ਟੁੱਟ-ਭੱਜ ਜਾਂਦਾ ਹੈ। ਮੈਂ ਉਸਨੂੰ ਗੋਦੀ ਚੁੱਕ ਲੈਂਦਾ ਹਾਂ। ਉਸਦੀ ਗੱਲ ਟਾਲਣ ਲਈ ਕਹਿ ਦਿੰਦਾ ਹਾਂ, “ਹਾਂ ਪੁੱਤ, ਜਦੋਂ ਤੂੰ ਵੱਡਾ ਹੋਵੇਂਗਾ ਤਾਂ ਪਾਪਾ ਤੈਨੂੰ ਸਭ ਤੋਂ ਵਧੀਆ ਸਾਇਕਲ ਲੈ ਕੇ ਦੇਣਗੇ।’’

ਉਹ ਨਹੀਂ ਜਾਣਦਾ ਕਿ “ਵੱਡਾ ਹੋਣਾ” ਸਿਰਫ਼ ਇੱਕ ਬਹਾਨਾ ਹੀ ਹੈ। ਬੇਟੀ ਨੂੰ ਸਕੂਲ ਛੱਡ ਕੇ ਮੈਂ ਫੈਕਟਰੀ ਵੱਲ ਨਿਕਲਦਾ ਹਾਂ। ਠੰਢ ਨਾਲ ਹੱਥਾਂ ਦੀਆਂ ਉਂਗਲਾਂ ਨੀਲੀਆਂ ਹੋਈਆਂ ਪਈਆਂ ਨੇ। ਕਿਸੇ ਤਰ੍ਹਾਂ ਲੋਈ ਚ ਹੱਥ ਲੁਕਾਉਂਦਾ ਮੈਂ ਫੈਕਟਰੀ ਪਾਹੁੰਚਦਾ ਹਾਂ। ਜੇਬ ਚ ਹੱਥ ਪਾਉਂਦਾ ਹਾਂ। ਮੇਰੀ ਜੇਬ ਚ ਬਸ ਸੌ-ਪੰਜਾਹ ਰੁਪਏ ਹੀ ਬਚੇ ਨੇ ਜੋ ਰੋਜ਼ਾਨਾ ਘਰ ਜਾਣ ਵੇਲੇ ਸਬਜ਼ੀ-ਭਾਜੀ ਖ?ਰੀਦਣ ਤੇ ਦਵਾਈ ਆਦਿ ਲਈ ਸਾਂਭ ਕੇ ਰੱਖੇ ਨੇ। ਕਾਰਖ਼ਾਨੇ ਚ ਮਸ਼ੀਨਾਂ ਦੀ ਆਵਾਜ਼ ਮੇਰਾ ਦਿਮਾਗ਼ ਟੁੱਕਦੀ ਰਹਿੰਦੀ ਹੈ। ਮੇਰੇ ਹੱਥ ਕੰਮ ਕਰਦੇ ਨੇ, ਪਰ ਦਿਮਾਗ਼ ਘਰ ਚ ਫਸਿਆ ਰਹਿੰਦਾ ਹੈ। ਮੈਂ ਸੋਚਦਾ ਹਾਂ, “ਕੀ ਮੈਂ ਸੱਚਮੁੱਚ ਮਾੜਾ ਪਿਓ ਹਾਂ?’’

“ਕੀ ਬੱਚਿਆਂ ਦੀਆਂ ਏਨੀਆਂ ਨਿੱਕੀਆਂ ਮੰਗਾਂ ਵੀ ਮੈਂ ਪੂਰੀਆਂ ਨਹੀਂ ਕਰ ਸਕਦਾ…?’’

ਦੁਪਹਿਰ ਨੂੰ ਟਿਫ਼ਨ ਖੋਲ੍ਹਦਾ ਹਾਂ। ਸੁੱਕੀ ਰੋਟੀ, ਗੁਆਂਢੀਆਂ ਵੱਲੋਂ ਆਇਆ ਸਾਗ ਤੇ ਨਾਲ ਹਰੀ ਮਿਰਚ।

ਮੇਰਾ ਸਾਥੀ ਕਹਿੰਦਾ ਹੈ, “ਯਾਰ, ਚੱਲ ਅੱਜ ਸਮੋਸੇ-ਟਿੱਕੀਆਂ ਖਾਦੇ ਹਾਂ।

ਮੈਂ ਮੁਸਕਰਾ ਦਿੰਦਾ ਹਾਂ।

ਸਮੋਸੇ, ਟਿੱਕੀਆਂ, ਬਰਗਰ ਤਾਂ ਮੇਰੇ ਬੱਚਿਆਂ ਦੀ ਲਿਸਟ ’ਚ ਨੇ, ਮੇਰੀ ਲਿਸਟ ਚ ਨਈਂ।

ਸ਼ਾਮ ਨੂੰ ਘਰ ਆਉਂਦਾ ਹਾਂ। ਬੇਟੀ ਦੌੜ ਕੇ ਆਉਂਦੀ ਹੈ:

“ਪਾਪਾ, ਕੁੱਝ ਲਿਆਏ…?”ਮੇਰਾ ਮੂੰਹ ਸੁੱਕ ਜਾਂਦਾ ਹੈ। ਮੈਂ ਕਹਿ ਦਿੰਦਾ ਹਾਂ: “ਅੱਜ ਨਹੀਂ ਧੀਏ,ਕੱਲ੍ਹ ਨੂੰ ਪੱਕਾ।’’

ਉਹ “ਪੱਕਾ”ਸੁਣ ਕੇ ਹੱਸ ਛੱਡਦੀ ਹੈ। ਉਹ ਨਹੀਂ ਜਾਣਦੀ, ਉਸਦਾ ਇਹ ਹਾਸਾ ਮੈਨੂੰ ਅੰਦਰੋਂ ਰੁਆ ਦਿੰਦਾ ਹੈ। ਰਾਤ ਨੂੰ ਮੈਂ ਸੋਚਦਾ ਹਾਂ, ਮੈਂ ਹਰ ਰੋਜ਼ ਵਾਅਦੇ  ਕਰਦਾ ਹਾਂ, ਤੇ ਹਰ ਰੋਜ਼ ਉਹ ਵਾਅਦੇ ਮੇਰੇ ਸਾਹਮਣੇ ਟੁੱਟ ਜਾਂਦੇ ਨੇ। ਮੈਂ ਆਪਣੇ ਬੱਚਿਆਂ ਨਾਲ ਝੂਠ ਨਹੀਂ ਬੋਲਣਾ ਚਾਹੁੰਦਾ, ਪਰ ਮੇਰੇ ’ਚ ਸੱਚ ਦੱਸਣ ਦੀ ਹਿੰਮਤ ਵੀ ਨਹੀਂ। ਛੱਤ ਵੱਲ ਤੱਕਦਾ ਹਾਂ ਤੇ ਸੋਚਦਾ ਹਾਂ, “ਕੀ ਗਰੀਬੀ ਹੀ ਸਭ ਤੋਂ ਵੱਡਾ ਗੁਨਾਹ ਹੈ?

ਇਸ ਸਾਲ ਠੰਢ ਕੁੱਝ ਜ਼ਿਆਦਾ ਹੀ ਤਿੱਖੀ ਹੈ। ਸਵੇਰੇ-ਸਵੇਰੇ ਜਦੋਂ ਮੈਂ ਸਾਇਕਲ ’ਤੇ ਬੈਠਦਾ ਹਾਂ ਤਾਂ ਲੱਗਦਾ ਹੈ ਜਿਵੇਂ ਹਵਾ ਨਹੀਂ, ਮੇਰੇ ਹੱਥਾਂ ’ਤੇ ਕੋਈ ਚਾਕੂ ਫਿਰ ਰਿਹਾ ਹੋਵੇ। ਉਂਗਲਾਂ ਸੁੰਨ ਹੋ ਜਾਂਦੀਆਂ ਨੇ। ਕਈ ਵਾਰੀ ਪੈਡਲ ਮਾਰਦਿਆਂ ਲੱਗਦਾ ਹੈ, ਜਿਵੇਂ ਮੇਰੇ ਹੱਥ ਹੈ ਹੀ ਨਹੀਂ। ਮੇਰੀ ਬੀਵੀ ਦਰਵਾਜ਼ੇ ’ਤੇ ਖੜ੍ਹੀ ਹੁੰਦੀ ਹੈ। ਉਹ ਹਰ ਰੋਜ਼ ਵੇਖਦੀ ਹੈ, ਮੈਂ ਕਿਵੇਂ ਠੰਢ ਨਾਲ ਕੁੰਗੜਿਆ ਘਰੋਂ ਨਿਕਲਦਾ ਹਾਂ। ਅੱਜ ਤਾਂ ਉਸਨੇ ਅੱਕ ਕੇ ਕਹਿ ਹੀ ਦਿੱਤਾ,“ਸੁਣੋ ਜੀ, ਏਨੀ ਠੰਢ ਪੈ ਰਈ ਏ। ਤੁਸੀਂ ਸਵੇਰੇ-ਸਵੇਰੇ ਸਾਇਕਲ ’ਤੇ ਜਾਣਾ ਹੁੰਦੈ। ਆਪਣੇ ਲਈ ਗਰਮ ਪਜਾਮੀ ਤੇ ਦਸਤਾਨੇ ਕਿਉਂ ਨਹੀਂ ਲੈ ਲੈਂਦੇ?’’

ਮੈਂ ਕੁੱਝ ਨਹੀਂ ਬੋਲਿਆ। ਆਪਣੇ ਸਾਇਕਲ ਦੇ ਹੈਂਡਲ ਤੋਂ ਤਰੇਲ ਦਾ ਪਾਣੀ ਸਾਫ਼ ਕੀਤਾ, ਜਿਵੇਂ ਉਹੀ ਮੇਰਾ ਜਵਾਬ ਹੋਵੇ। ਉਹ ਫਿਰ ਹੌਲੀ ਜਿਹੀ ਬੋਲੀ: “ਹਰ ਵਾਰ ਤੁਸੀਂ ਆਪਣੇ ਲਈ ਕੁਝ ਨਹੀਂ ਲੈਂਦੇ। ਬਿਮਾਰ ਪੈ ਗਏ ਤਾਂ?’’

ਮੈਂ ਮੁਸਕਰਾ ਕੇ ਉਸਦੇ ਮੂੰਹ ਵੱਲ ਵੇਖਦਾ ਹਾਂ। ਉਸਦੀਆਂ ਅੱਖਾਂ ’ਚ ਮੇਰੀ ਚਿੰਤਾ ਹੈ। ਹੋ ਸਕਦਾ ਹੈ, ਮੇਰੇ ਨਾਲੋਂ ਵੱਧ ਆਪਣੀ ਤੇ ਬੱਚਿਆਂ ਦੀ ਚਿੰਤਾ ਹੋਵੇ। ਇਹ ਵੀ ਹੋ ਸਕਦਾ ਹੈ, ਉਹ ਸੋਚਦੀ ਹੋਵੇ ਕਿ ਜੇ ਮੈਂ ਬਿਮਾਰ ਪੈ ਗਿਆ ਤਾਂ ਉਨ੍ਹਾਂ ਦਾ ਕੀ ਬਣੇਗਾ? ਮੈਨੂੰ ਪਤਾ ਹੈ, ਬਿਮਾਰ ਪੈ ਜਾਣਾ ਵੀ ਗਰੀਬ ਲਈ ਕਿੰਨਾਂ ਵੱਡਾ ਘਾਟਾ ਹੈ, ਜੋ ਉਹ ਸਾਰੀ ਉਮਰ ਲਾ ਕੇ ਵੀ ਪੂਰਾ ਨਹੀਂ ਕਰ ਸਕਦਾ।

ਫੈਕਟਰੀ ’ਚ ਠੰਢ ਥੋੜ੍ਹੀ ਘੱਟ ਹੁੰਦੀ ਹੈ। ਮਸ਼ੀਨਾਂ ਦਾ ਰੌਲਾ ਮੇਰੇ ਦਿਮਾਗ਼ ਦੀਆਂ ਨਸਾਂ ਨੂੰ ਟੁੱਕ ਰਿਹਾ ਹੁੰਦੈ। ਹਰ ਪੁਰਜ਼ੇ ਦੇ ਘੁੰਮਣ ਨਾਲ ਮਾਲਕ ਦੇ ਮੁਨਾਫ਼ੇ ਦੇ ਅੰਕੜੇ ਵੱਧ ਰਹੇ ਹੁੰਦੇ ਨੇ, ਪਰ ਮੇਰੇ ਹੱਥਾਂ ਦੀਆਂ ’ਲਕੀਰਾਂ’ ਹੌਲੀ-ਹੌਲੀ ਘਸ ਰਹੀਆਂ ਨੇ। ਮੈਂ ਸੋਚ ਰਿਹਾ ਸੀ ਕਿ ਇਸ ਲੋਹੇ ਨੂੰ ਗਰਮ ਕਰਦੇ-ਕਰਦੇ ਮੇਰੀ ਆਪਣੀ ਜ਼ਿੰਦਗੀ ਕਦੋਂ ਕੋਲਾ ਹੋ ਗਈ, ਪਤਾ ਹੀ ਨਹੀਂ ਲੱਗਿਆ। ਅਸੀਂ ਮਜ਼ਦੂਰ ਵੀ ਇਸ ਕਾਰਖ਼ਾਨੇ ਦੇ ਉਨ੍ਹਾਂ ਪੁਰਜ਼ਿਆਂ ਵਰਗੇ ਹੀ ਹਾਂ, ਜਿਨ੍ਹਾਂ ਦੀ ਕੀਮਤ ਉਦੋਂ ਤੱਕ ਹੀ ਹੈ ਜਦੋਂ ਤੱਕ ਉਹ ਚੱਲਦੇ ਨੇ। ਜਿਸ ਦਿਨ ਸਾਡਾ ਤੇਲ ਮੁੱਕ ਗਿਆ ਜਾਂ ਸਾਡੇ ਕਬਜ਼ੇ ਚੀਕਣ ਲੱਗ ਪਏ, ਸਾਨੂੰ ਵੀ ਇਸ ਜੰਗਾਲੇ ਹੋਏ ਗੇਟ ਤੋਂ ਬਾਹਰ ਸੁੱਟ ਦਿੱਤਾ ਜਾਵੇਗਾ।  ਕੰਮ ਕਰ-ਕਰ ਕੇ ਮੇਰੇ ਹੱਥਾਂ ਦੀ ਚਮੜੀ ਫਟ ਗਈ ਹੈ। ਕਦੇ-ਕਦੇ ਖ਼ੂਨ ਵੀ ਨਿਕਲ ਆਉਂਦਾ ਹੈ। ਪਰ ਮੈਂ ਧਿਆਨ ਨਹੀਂ ਦਿੰਦਾ। ਮੇਰੇ ਦਿਮਾਗ਼ ਚ ਪਤਨੀ ਦੀਆਂ ਕਹੀਆਂ ਗੱਲਾਂ ਘੁੰਮਣ ਲੱਗਦੀਆਂ ਨੇ, ਗਰਮ ਪਜਾਮੀ, ਦਸਤਾਨੇ, ਤੇ ਹੋਰ ਬਹੁਤ ਕੁੱਝ। ਇਸ ਪਾਸਿਓਂ ਲੜੀ ਟੁੱਟਦੀ ਹੈ ਤਾਂ ਮੇਰੇ ਦਿਮਾਗ਼ ’ਚ ਮੇਰੇ ਬੱਚਿਆਂ ਦੇ ਚਿਹਰੇ ਆ ਜਾਂਦੇ ਨੇ। ਕਈ ਦਿਨਾਂ ਤੋਂ ਉਨ੍ਹਾਂ ਦੀ ਇਕ ਵੀ ਹਸਰਤ ਪੂਰੀ ਨਹੀਂ ਕਰ ਸਕਿਆ ਮੈਂ। ਇਕ ਦਿਨ ਬੇਟੀ ਨੇ ਸਕੂਲੋਂ ਆ ਕੇ ਕਿਹਾ, “ਪਾਪਾ, ਕੱਲ੍ਹ ਸਾਡੀ ਟੀਚਰ ਫਾਸਟ ਫੂਡ ਬਾਰੇ ਦੱਸ ਰਹੀ ਸੀ। ਉਸਨੇ ਸਾਰੇ ਬੱਚਿਆਂ ਨੂੰ ਪੁੱਛਿਆ ਸੀ, ਤੁਸੀਂ ਕਦੇ ਪੀਜ਼ਾ ਖਾਧਾ ਏ? ਮੇਰੇ ਤੋਂ ਬਿਨਾਂ ਸਭ ਬੱਚਿਆਂ ਨੇ ਹੱਥ ਚੁੱਕਿਆ।”

ਮੈਨੂੰ ਬੇਬਸ ਜਿਹਾ ਦੇਖ ਕੇ ਉਹ ਬੋਲੀ ਸੀ,

“ਪਾਪਾ, ਟੀਚਰ ਕਹਿੰਦੇ ਫਾਸਟ ਫੂਡ, ਪੀਜ਼ਾ ਇਹ ਸਭ ਗੰਦੇ ਹੁੰਦੇ ਨੇ, ਸਿਹਤ ਖ਼ਰਾਬ ਕਰਦੇ ਨੇ।’’

ਉਸ ਦਿਨ ਉਸਨੇ ਹੋਰ ਕੁਝ ਨਹੀਂ ਸੀ ਕਿਹਾ। ਪਰ ਉਸਦੀ ਖ਼ਾਮੋਸ਼ ਮੰਗ ਤੇ ਪੀਜ਼ਾ ਖਾਣ ਦੀ ਲਾਲਸਾ ਮੇਰੇ ਕੰਨਾਂ ਚ ਗੂੰਜਦੀ ਰਹਿੰਦੀ ਹੈ। ਨਿੱਕਾ ਮੁੰਡਾ ਤਾਂ ਹੋਰ ਵੀ ਬਾਲ ਰੂਹ ਹੈ। ਜਿਸ ਦਿਨ ਤੋਂ ਉਸਨੂੰ ਪੀਜ਼ੇ ਬਾਰੇ ਪਤਾ ਲੱਗਾ ਹੈ, ਉਹ ਹਰ ਰੋਜ਼ ਕਹਿੰਦਾ ਹੈ: “ਪਾਪਾ, ਪੀਜ਼ਾ ਗੋਲ ਹੁੰਦਾ ਏ ਨਾ? ਉਸ ’ਚ ’ਚੀਜ਼’ ਵੀ ਹੁੰਦਾ ਏ ? ”ਮੈਂ ਹਰ ਵਾਰੀ ਕਹਿ ਦਿੰਦਾ ਹਾਂ, “ਹਾਂ ਪੁੱਤ, ਇੱਕ ਦਿਨ ਅਸੀਂ ਵੀ ਲਿਆਵਾਂਗੇ ਪੀਜ਼ਾ।”

ਅੱਜ ਸ਼ਨੀਵਾਰ ਏ ਤੇ ਮੰਗਲਵਾਰ ਨੂੰ ਲੋਹੜੀ ਏ। ਫੈਕਟਰੀ ਮੈਨੇਜਰ ਨੇ ਮਜ਼ਦੂਰਾ ਨੂੰ ਇਤਲਾਹ ਦਿੱਤੀ ਸੀ ਕਿ ਸ਼ਨੀਵਾਰ ਨੂੰ ਓਵਰਟਾਈਮ ਲੱਗਣਾ ਹੈ ਤੇ ਤੁਸੀਂ ਐਤਵਾਰ ਨੂੰ ਵੀ ਸ਼ਿਫਟ ਲਗਾ ਸਕਦੇ ਹੋ। ਫੈਕਟਰੀ ਮਾਲਕ ਦੇ ਘਰ ਪੋਤਾ ਹੋਣ ਦੀ ਖ਼ੁਸ਼ੀ ’ਚ ਐਤਵਾਰ ਨੂੰ ਮਾਲਕ ਆਪ ਆਣ ਕੇ ਤੋਹਫੇ ਦੇਣਗੇ।

ਇਹ ਖ਼ਬਰ ਮੇਰੇ ਲਈ ਬੇਹਦ ਸਕੂਨ ਦੇਣ ਵਾਲੀ ਸੀ। ਮੈਂ ਸਵੇਰੇ ਹੀ ਆਪਣੀ ਬੀਵੀ ਨੂੰ ਕਿਹਾ ਸੀ ਕਿ ਮੈਂ ਸ਼ਨੀਵਾਰ ਰਾਤੀਂ ਨਹੀਂ ਆਵਾਂਗਾ, ਕਾਰਖ਼ਾਨੇ ’ਚ ਹੀ ਸੌਂਵਾਂਗਾ।

ਐਤਵਾਰ ਸ਼ਾਮੀਂ ਫੈਕਟਰੀ ਤੋਂ ਛੇਤੀ ਛੁੱਟੀ ਮਿਲ ਗਈ ਸੀ। ਮਾਲਕ ਨੇ ਸਾਰੇ ਮਜ਼ਦੂਰਾਂ ਨੂੰ ਮਠਿਆਈ, ਮੂੰਗਫਲੀ ਤੇ ਰਿਓੜੀਆਂ ਦੇ ਪੈਕਿਟ ਦਿੱਤੇ ਸਨ। ਓਵਰਟਾਈਮ ਤੇ ਐਤਵਾਰ ਦੀ ਦਿਹਾੜੀ ਦੇ ਪੈਸੇ ਵੱਖਰੇ ਮਿਲ ਗਏ ਸਨ। ਸ਼ਾਮ ਤੱਕ ਠੰਢ ਹੋਰ ਵੱਧ ਗਈ। ਮੇਰੇ ਹੱਥ ਕੰਬ ਰਹੇ ਸਨ, ਪਰ ਪੈਸੇ ਮਿਲਣ ਦੀ ਖ਼ੁਸ਼ੀ ਚ ਅੱਜ ਮੈਨੂੰ ਠੰਢ ਮਹਿਸੂਸ ਨਹੀਂ ਸੀ ਹੋ ਰਹੀ। ਮੈਂ ਲਗਾਤਾਰ 14-15 ਘੰਟੇ ਕੰਮ ਕੀਤਾ ਸੀ। ਮੇਰੀਆਂ ਉਂਗਲਾਂ ਮਸ਼ੀਨ ਨਾਲ ਲੱਗ-ਲੱਗ ਕੇ ਛਿੱਲੀਆਂ ਗਈਆਂ ਸਨ। ਏਨਾ ਦਰਦ ਹੋ ਰਿਹਾ ਸੀ ਕਿ ਮੈਥੋਂ ਰੋਟੀ ਦੀ ਬੁਰਕੀ ਵੀ ਨਹੀਂ ਸੀ ਤੋੜੀ ਜਾ ਰਹੀ। ਮੇਰੇ ਦਿਮਾਗ਼ ਚ ਇੱਕ ਗਣਿਤ ਚੱਲ ਰਿਹਾ ਸੀ। ਓਵਰਟਾਈਮ ਦੇ ਪੈਸੇ ਮਿਲਾ ਕੇ ਮੈਂ ਗੁੱਡੀ ਲਈ ਨਵੀਂ ਕੋਟੀ, ਆਪਣੇ ਲਈ ਦਸਤਾਨੇ ਤੇ ਗਰਮ ਪਜਾਮੀ ਵੀ ਲੈ ਸਕਾਂਗਾ ਤੇ ਕਾਕੇ ਲਈ ਚੀਜ਼ੀ ਵੀ।

ਸ਼ਾਮ ਨੂੰ ਘਰ ਵਾਪਸ ਆਉਂਦਾ ਮੈਂ ਬਾਜ਼ਾਰ ਚ ਰੁਕਿਆ। ਇੱਕ ਛੋਟੀ ਜਿਹੀ ਦੁਕਾਨ ਦੇ ਬਾਹਰ ਊਨੀ ਕੱਪੜੇ ਲਟਕ ਰਹੇ ਸਨ। ਮੈਂ ਓਥੇ ਇੱਕ ਕੋਟੀ ਤੇ ਇਕ ਜੋੜਾ ਗਰਮ ਦਸਤਾਨੇ ਵੇਖੇ। ਗੂੜ੍ਹੇ ਨੀਲੇ ਰੰਗ ਦੇ, ਅੰਦਰੋਂ ਨਰਮ, ਰੂੰ ਵਰਗੇ। ਮੈਂ ਉਨ੍ਹਾਂ ਨੂੰ ਹੱਥ ਲਾਇਆ। ਮੇਰੀਆਂ ਦੁਖਦੀਆਂ ਊੰਗਲਾਂ ਨੂੰ ਉਹ ਅਹਿਸਾਸ ਏਨਾ ਚੰਗਾ ਲੱਗਿਆ, ਜਿਵੇਂ ਕਿਸੇ ਨੇ ਮੇਰੇ ਜ਼ਖਮਾਂ ’ਤੇ ਮਲ੍ਹਮ ਰੱਖ ਦਿੱਤੀ ਹੋਵੇ।

‘‘ਕਿੰਨੇ ਦੇ ਨੇ ਭਾਈ ਸਾਹਿਬ…?’’ ਮੈਂ ਪੁੱਛਿਆ। ‘‘ਦਸਤਾਨੇ ਦੋ ਸੌ ਤੇ ਕੋਟੀ ਸਾਢੇ ਚਾਰ ਸੌ ਰੁਪਏ ਦੀ।’’ ਦੁਕਾਨਦਾਰ ਨੇ ਬਿਨਾਂ ਮੇਰੇ ਵੱਲ ਵੇਖਿਆਂ ਕਿਹਾ।

ਮੈਂ ਜੇਬ ’ਚ ਹੱਥ ਪਾਇਆ ਤੇ ਪੈਸੇ ਬਾਹਰ ਕੱਢੇ। ਮੇਰੇ ਕੋਲ ਪੂਰੇ ਅੱਠ ਸੌ ਰੁਪਏ ਸਨ। ਮੈਂ ਸੋਚਿਆ, ਅੱਜ ਮੈਂ ਆਪਣੇ ਆਪ ਨੂੰ ਇਕ ਤੋਹਫ਼ਾ ਦੇਵਾਂਗਾ। ਅੱਜ ਮੇਰੇ ਹੱਥ ਨਹੀਂ ਜੰਮਣਗੇ। ਮੈਂ ਪੈਸੇ ਦੇਣ ਹੀ ਲੱਗਿਆ ਸੀ ਕਿ ਮੇਰੀ ਨਜ਼ਰ ਦੁਕਾਨ ਦੇ ਸਾਹਮਣੇ ਵਾਲੀ ਪੀਜ਼ਾ ਹੱਟ ’ਤੇ ਪਈ। ਉੱਥੇ ਕੱਚ ਦੀਆਂ ਵੱਡੀਆਂ ਕੰਧਾਂ ਸਨ। ਅੰਦਰ ਇੱਕ ਪਰਿਵਾਰ ਬੈਠਾ ਸੀ। ਇੱਕ ਛੋਟੀ ਜਿਹੀ ਬੱਚੀ, ਬਿਲਕੁਲ ਮੇਰੀ ਗੁੱਡੀ ਵਰਗੀ, ਪੀਜ਼ਾ ਖਾ ਰਹੀ ਸੀ। ਉਹ ਹੱਸ ਰਹੀ ਸੀ, ਉਸਦਾ ਪਿਓ ਉਸਦੇ ਮੂੰਹ ਚ ਪੀਜ਼ੇ ਦੇ ਟੁਕੜੇ ਪਾ ਰਿਹਾ ਸੀ।

ਮੈਨੂੰ ਆਪਣੇ ਮੁੰਡੇ ਦੇ ਉਹ ਸ਼ਬਦ ਯਾਦ ਆਏ ‘‘ਪਾਪਾ, ਪੀਜ਼ਾ ਗੋਲ ਹੰਦਾ ਏ ਨਾ…?’’ ਮੇਰੇ ਹੱਥ ਚ ਫੜ੍ਹੇ ਦਸਤਾਨੇ ਮੈਨੂੰ ਭਾਰੇ ਲੱਗਣ ਲੱਗ ਪਏ। ਮੈਨੂੰ ਲੱਗਿਆ ਜਿਵੇਂ ਇਹ ਦਸਤਾਨੇ ਉੱਨ ਦੇ ਨਹੀਂ, ਸਗੋਂ ਮੇਰੇ ਬੱਚਿਆਂ ਦੇ ਸੁਪਨਿਆਂ ਦੇ ਗਲ ਦੁਆਲੇ ਲਪੇਟੇ ਫੰਦੇ ਹਨ। ਮੈਂ ਦਸਤਾਨੇ ਵਾਪਸ ਰੱਖ ਦਿੱਤੇ ਤੇ ਦੁਕਾਨਦਾਰ ਵੱਲ ਕੋਟੀ ਦੇ ਚਾਰ ਸੌ ਰੁਪਏ ਵਧਾਏ।

‘‘ਕੀ ਹੋਇਆ ? ਦਸਤਾਨੇ ਨਹੀਂ ਲੈਣੇ?’’ ਦੁਕਾਨਦਾਰ ਨੇ ਗੁੱਸੇ ਨਾਲ ਪੁੱਛਿਆ।

‘‘ਨਹੀਂ ਭਾਈ ਸਾਹਿਬ… ਸਿਰਫ਼ ਕੋਟੀ , ਮੇਰੇ ਹੱਥਾਂ ਨੂੰ ਠੰਢ ਸਹਿਣ ਦੀ ਆਦਤ ਹੈ।’’

ਮੈਂ ਕੰਬਦੀ ਆਵਾਜ਼ ’ਚ ਕਿਹਾ। ਉਹ ਇਕ-ਦੋ ਵਾਰ ਨਾਂਹ-ਨੁੱਕਰ ਕਰਦਾ, ਚਾਰ ਸੌ ’ਚ ਕੋਟੀ ਦੇਣੀ ਮੰਨ ਗਿਆ। ਮੈਂ ਛੇਤੀ-ਛੇਤੀ ਸੜਕ ਪਾਰ ਕਰਕੇ ਪੀਜ਼ਾ ਹੱਟ ਵੱਲ ਵਧਿਆ। ਸਾਇਕਲ ਰੋਕ ਕੇ ਅੰਦਰ ਗਿਆ। ਰੰਗੀਲੇ ਬੋਰਡ, ਬੱਤੀਆਂ, ਹੱਸਦੇ ਲੋਕ! ਮੈਂ ਪਹਿਲੀ ਵਾਰੀ ਇਸ ਦੁਕਾਨ ਦੇ ਅੰਦਰ ਆਇਆ ਸੀ। ਦੁਕਾਨਦਾਰ ਨੂੰ ਕਿਹਾ ਇਕ ਪੀਜ਼ਾ ਪੈਕ ਕਰ ਦਿਓ।

“ਕਿਹੜਾ ਪੀਜ਼ਾ ?” ਉਸ ਨੇ ਪੁੱਛਿਆ, ਮੈਨੂੰ ਪਤਾ ਹੀ ਨਹੀਂ ਸੀ, ਕਿਹੜੇ ਹੁੰਦੇ ਨੇ। ਮੈਂ ਸਿਰਫ਼ ਇਹੋ ਕਿਹਾ :  “ਸਭ ਤੋਂ ਵਧੀਆ ਤੇ ਵੱਡਾ।’’

“ਲਾਰਜ ਛੇ ਸੌ, ਮੀਡੀਅਮ ਚਾਰ ਸੌ… ” ਉਹ ਬੋਲਿਆ,

“ਚਾਰ ਸੌ ਵਾਲਾ’’ ਮੈਂ ਝੱਟ ਜਵਾਬ ਦਿੱਤਾ।

ਘਰ ਆਉਂਦੇ ਸਮੇਂ ਮੇਰੇ ਹੱਥਾਂ ’ਚ ਪਲਾਸਟਿਕ ਦਾ ਥੈਲਾ ਸੀ। ਬਾਹਰ ਠੰਢ ਸੀ, ਪਰ ਦਿਲ ’ਚ ਅਜੀਬ ਜਿਹੀ ਗਰਮੀ ਤੇ ਸਕੂਨ ਸੀ। ਜਿਵੇਂ ਹੀ ਦਰਵਾਜ਼ਾ ਖੁੱਲਿ੍ਹਆ, ਬੱਚਿਆਂ ਦੀਆਂ ਅੱਖਾਂ ਚਮਕ ਉਠੀਆਂ।

“ਪਾਪਾ! ਇਹ ਕੀ ਏ?’’

“ਪੀਜ਼ਾ ਮੁੰਗਫਲੀ, ਰਿਓੜੀਆਂ …’’ ਮੈਂ ਕਿਹਾ।

ਉਹ ਦੋਵੇਂ ਖ਼ੁਸ਼ੀ ਨਾਲ ਚੀਕ ਪਏ। ਜਿਵੇਂ ਮੈਂ ਉਨ੍ਹਾਂ ਨੂੰ ਕੋਈ ਖਜ਼ਾਨਾ ਦੇ ਦਿੱਤਾ ਹੋਵੇ। ਬਾਕੀ ਸਭ-ਕੁੱਝ ਛੱਡ ਕੇ ਉਹ ਪੀਜ਼ੇ ਵੱਲ ਟੁੱਟ ਪਏ। ਉਹ ਪੀਜ਼ਾ ਖਾਂਦੇ, ਪੀਜ਼ੇ ਵਿਚਲਾ ਪਨੀਰ ਖਿੱਚਦੇ, ਹੱਸਦੇ ਨੇ। ਉਹ ਖ਼ੁਸ਼ ਨੇ। ਬੇਟੀ ਕੋਟੀ ਪਾ ਕੇ ਦੇਖਦੀ ਹੈ। ਬਾਰ-ਬਾਰ ਖ਼ੁਸ਼ ਹੁੰਦੀ ਹੈ। ਮੈਂ ਖੂੰਜੇ ’ਚ ਬੈਠਾ ਉਨ੍ਹਾਂ ਨੂੰ ਵੇਖਦਾ ਹਾਂ। ਮੇਰੇ ਹੱਥ ਠੰਢ ਨਾਲ ਜਮ ਰਹੇ ਨੇ। ਮੇਰੇ ਪੈਰ ਸੁੰਨ ਨੇ ਤੇ ਦਿਲ ਭਾਰਾ ਹੋ ਰਿਹਾ ਹੈ। ਪਤਨੀ ਮੇਰੇ ਵੱਲ ਤੱਕਦੀ ਹੈ। ਉਸਦੀ ਅੱਖਾਂ ’ਚ ਪਿਆਰ ਵੀ ਹੈ ਤੇ ਚਿੰਤਾ ਵੀ। ਉਹ ਹੌਲੀ ਜਿਹੀ ਕਹਿੰਦੀ ਹੈ, “ਆਪਣੇ ਲਈ ਕੁਝ ਨਹੀਂ ਲਿਆ?’’

ਮੈਂ ਸਿਰ ਹਿਲਾ ਦਿੰਦਾ ਹਾਂ। ਉਹ ਕੁਝ ਨਹੀਂ ਕਹਿੰਦੀ, ਪਰ ਉਸਦੀ ਖ਼ਾਮੋਸ਼ੀ ਮੈਨੂੰ ਝਿੜਕਦੀ ਹੈ। ਰਾਤ ਨੂੰ ਮੈਂ ਬਿਸਤਰੇ ’ਤੇ ਲੇਟਿਆ ਹਾਂ। ਹੱਥ ਅਜੇ ਵੀ ਠੰਢੇ ਨੇ ਪਰ ਕੰਨਾਂ ’ਚ ਬੱਚਿਆਂ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਨੇ। ਮੈਂ ਸੋਚਦਾ ਹਾਂ,

“ਸ਼ਾਇਦ ਮੈਂ ਗ਼ਰੀਬ ਹਾਂ ਪਰ ਅੱਜ ਮੇਰੇ ਬੱਚੇ ਅਮੀਰ ਹਨ।’’

ਪੂਰਾ ਦਿਨ ਬੱਚੇ ਖ਼ੁਸ਼ ਰਹੇ। ਬੇਟੀ ਤਾਂ ਕੁਝ ਜ਼ਿਆਦਾ ਹੀ ਖ਼ੁਸ਼ ਸੀ। ਅਗਲੇ ਦਿਨ ਉਹ ਆਪਣੇ ਬੈਗ ’ਚੋਂ ਇੱਕ ਕਾਗਜ਼ ਕੱਢ ਕੇ ਮੇਰੇ ਕੋਲ ਆਉਂਦੀ ਹੈ।

“ਪਾਪਾ, ਸਕੂਲ ਵਿੱਚ ਕਵਿਜ਼ ਕੰਪਟੀਸ਼ਨ ਤੇ ਫੰਕਸ਼ਨ ਹੈ, ਸਭ ਬੱਚਿਆਂ ਨੇ ਰੰਗ-ਬਿਰੰਗੇ ਕੱਪੜੇ ਪਾਉਣੇ ਨੇ।’’

ਉਹ ਰੁਕਦੀ ਹੈ, ਫਿਰ ਹੌਲੀ ਜਿਹੀ ਪੁੱਛਦੀ ਹੈ :

“ਮੈਂ ਵੀ ਪਾਵਾਂਗੀ ਨਾ?’’

ਮੇਰਾ ਗਲਾ ਸੁੱਕ ਜਾਂਦਾ ਹੈ। ਜੇਬ ਖਾਲੀ ਹੋਣ ਦੀ ਚਿੰਤਾ ਮੇਰੇ ਮੱਥੇ ’ਤੇ ਉਭਰ ਆਉਂਦੀ ਹੈ। ਮੈਂ ਅੱਖਾਂ ਚੁਰਾ ਕੇ ਕਹਿ ਦਿੰਦਾ ਹਾਂ, “ਹਾਂ ਬੇਟਾ ਪੱਕਾ।’’

ਪੱਕਾ…. ਮੈਂ ਆਪਣੇ-ਆਪ ਤੋਂ ਇਹ ਸ਼ਬਦ ਸੁਣ-ਸੁਣ ਕੇ ਥੱਕ ਗਿਆ ਹਾਂ। ਨਿੱਕਾ ਮੁੰਡਾ ਤਾਲੀਆਂ ਵਜਾਉਂਦਾ ਕਹਿੰਦਾ ਹੈ : “ਪਾਪਾ! ਮੈਂ ਵੀ ਬਿਸਕੁਟ ਲਵਾਂਗਾ, ਵੱਡਾ ਪੈਕਟ!’’

ਮੈਂ ਉਸਨੂੰ ਛਾਤੀ ਨਾਲ ਲਾ ਲੈਂਦਾ ਹਾਂ। ਉਸਦੀ ਮੰਗ ਵੱਡੀ ਨਹੀਂ, ਪਰ ਮੇਰੇ ਲਈ ਉਹ ਵੀ ਪਹਾੜ ਹੈ। ਰਾਤ ਨੂੰ ਬੇਟੀ ਮੇਰੇ ਕੋਲ ਆ ਕੇ ਲੇਟ ਜਾਂਦੀ ਹੈ। ਉਹ ਮੇਰਾ ਹੱਥ ਫੜ੍ਹ ਕੇ ਕਹਿੰਦੀ ਹੈ, “ਪਾਪਾ, ਜੇ ਨਵੇਂ ਕੱਪੜੇ ਨਾ ਵੀ ਮਿਲਣ ਤਾਂ ਵੀ ਕੋਈ ਗੱਲ ਨਹੀਂ। ਤੁਸੀਂ ਆਪਣੇ ਲਈ ਦਸਤਾਨੇ ਲੈ ਲਿਓ।’’

ਉਸਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਭਰ ਆਉਂਦੀਆਂ ਨੇ। ਮੈਂ ਚੁੱਪ-ਚਾਪ ਮੂੰਹ ਮੋੜ ਲੈਂਦਾ ਹਾਂ, ਤਾਂ ਜੋ ਉਹ ਮੇਰੇ ਅੱਥਰੂ ਨਾ ਵੇਖ ਲਵੇ। ਨਿੱਕਾ ਮੁੰਡਾ ਦੂਜੇ ਪਾਸੇ ਸੁੱਤਾ ਹੈ। ਉਸਦੇ ਹੱਥ ’ਚ ਅਜੇ ਵੀ ਪੀਜ਼ੇ ਵਾਲੇ ਡੱਬੇ ਚੋਂ ਨਿਕਲਿਆ ਪੈਂਫਲਿਟ ਹੈ, ਜਿਸ ’ਤੇ ਪੀਜ਼ੇ ਦੀਆਂ ਤਸਵੀਰਾਂ ਨੇ। ਇਸ ਉਸ ਲਈ ਕੀਮਤੀ ਨੇ। ਮੈਂ ਛੱਤ ਵੱਲ ਤੱਕਦਾ ਹਾਂ। ਅੰਦਰੋਂ ਕੁਝ ਟੁੱਟ ਰਿਹਾ ਹੈ। ਮੈਨੂੰ ਲੱਗਦਾ ਹੈ ਜਿਵੇਂ ਮੈਂ ਹਰ ਰੋਜ਼ ਆਪਣੇ ਆਪ ਨੂੰ ਥੋੜ੍ਹਾ-ਥੋੜ੍ਹਾ ਗੁਆ ਰਿਹਾ ਹਾਂ। ਸੋਚਦਾ ਹਾਂ “ਮੈਂ ਮਿਹਨਤ ਕਰਦਾ ਹਾਂ ਫਿਰ ਵੀ ਕਰਜ਼ਾਈ ਹਾਂ! ਮੈਂ ਪਿਓ ਹਾਂ, ਫਿਰ ਵੀ ਬੱਚਿਆਂ ਦੇ ਸੁਪਨੇ ਪੂਰੇ ਨਹੀਂ ਕਰ ਸਕਦਾ!’’

ਰਾਤ ਬਹੁਤ ਲੰਮੀ ਹੁੰਦੀ ਹੈ। ਮੈਂ ਜਾਗਦਾ ਰਹਿੰਦਾ ਹਾਂ। ਸਿਰਫ਼ ਇਹ ਸੋਚਦਾ ਕਿ ਕੱਲ੍ਹ ਨੂੰ ਮੈਂ ਆਪਣੇ ਬੱਚਿਆਂ ਨੂੰ ਕੀ ਜਵਾਬ ਦਿਆਂਗਾ?

ਅੱਜ ਗੁੱਡੀ ਦੇ ਸਕੂਲ ਦਾ ਫੰਕਸ਼ਨ ਹੈ। ਗੇਟ ਅੱਗੇ ਰੰਗ-ਬਰੰਗੀਆਂ ਚੀਜ਼ਾਂ ਦਾ ਮੇਲਾ ਲੱਗਾ ਹੈ। ਬੱਚੇ ਨਵੇਂ ਜੁੱਤੇ, ਨਵੇਂ ਕੱਪੜੇ, ਰਿਬਨ, ਘੜੀਆਂ, ਸਭ ਕੁਝ ਪਹਿਨ ਕੇ ਆਏ ਹਨ। ਮੇਰੀ ਬੇਟੀ ਮੇਰਾ ਹੱਥ ਛੱਡ ਕੇ ਅੰਦਰ ਜਾਂਦੀ ਹੈ। ਆਪਣੇ ਕੱਪੜਿਆਂ ਨੂੰ ਥੋੜ੍ਹਾ ਠੀਕ ਕਰਦੀ ਹੈ, ਫਿਰ ਸਿਰ ਝੁਕਾ ਕੇ ਲਾਈਨ ’ਚ ਖੜ੍ਹ ਜਾਂਦੀ ਹੈ। ਟੀਚਰ ਆਵਾਜ਼ ਮਾਰਦੀ ਹੈ, “ਸਭ ਬੱਚੇ ਸਟੇਜ ਕੋਲ ਆਓ।’’

ਮੇਰੀ ਬੇਟੀ ਪਿੱਛੇ ਖੜ੍ਹੀ ਰਹਿੰਦੀ ਹੈ। ਉਹ ਅੱਗੇ ਨਹੀਂ ਜਾਂਦੀ। ਮੈਂ ਸਭ ਵੇਖਦਾ ਹਾਂ। ਮੇਰਾ ਦਿਲ ਡੁੱਬ ਰਿਹਾ ਹੈ। ਫਿਰ ਇੱਕ ਬੱਚੀ ਉਸਦੇ ਕੋਲ ਆ ਕੇ ਪੁੱਛਦੀ ਹੈ, “ਤੂੰ ਅੱਗੇ ਕਿਉਂ ਨਹੀਂ ਆਉਂਦੀ ? ’’

ਮੇਰੀ ਬੇਟੀ ਹੌਲੀ ਜਿਹੀ ਕਹਿੰਦੀ ਹੈ, “ਮੇਰੇ ਕੱਪੜੇ ਠੀਕ ਨਹੀਂ।’’

ਉਹ ਸ਼ਬਦ ਮੇਰੇ ਸੀਨੇ ’ਚ ਹਥੌੜੇ ਵਾਂਗ ਵੱਜਦੇ ਨੇ। ਜਿਵੇਂ ਕਿਸੇ ਨੇ ਘਣ ਮਾਰ ਦਿੱਤਾ ਹੋਵੇ। ਨਿੱਕਾ ਮੁੰਡਾ ਬਿਸਕੁਟਾਂ ਵਾਲੀ ਟਰੇਅ ਵੱਲ ਤੱਕਦਾ ਹੈ। ਹਰ ਬੱਚੇ ਕੋਲ ਕੁਝ ਨਾ ਕੁਝ ਹੈ। ਉਹ ਮੇਰੇ ਕੋਲੇ ਆ ਕੇ ਪੁੱਛਦਾ ਹੈ : “ਪਾਪਾ, ਅਸੀਂ ਕੀ ਲਿਆਏ ਹਾਂ?’’

ਮੈਂ ਕੁਝ ਨਹੀਂ ਕਹਿੰਦਾ। ਮੇਰਾ ਹੱਥ ਉਸਦੇ ਸਿਰ ’ਤੇ ਫਿਰਦਾ ਹੈ, ਇਹੀ ਮੇਰਾ ਤੋਹਫ਼ਾ ਹੈ। ਫੰਕਸ਼ਨ ਖ਼ਤਮ ਹੁੰਦਾ ਹੈ। ਬੱਚਿਆਂ ਨੂੰ ਇਨਾਮ ਮਿਲਦੇ ਹਨ। ਘਰ ਵਾਪਸ ਆਉਂਦੇ ਹਾਂ। ਬੇਟੀ ਰਸਤੇ ’ਚ ਕੁਝ ਨਹੀਂ ਬੋਲਦੀ। ਨਿੱਕਾ ਮੁੰਡਾ ਵੀ ਚੁੱਪ ਹੈ। ਘਰ ਪਹੁੰਚ ਕੇ ਬੇਟੀ ਆਪਣਾ ਪੁਰਾਣਾ ਫਰਾਕ ਉਤਾਰ ਕੇ ਰੱਖ ਦਿੰਦੀ ਹੈ। ਉਹ ਮੈਨੂੰ ਕਹਿੰਦੀ ਹੈ :

“ਪਾਪਾ, ਅੱਜ ਦਾ ਦਿਨ ਚੰਗਾ ਸੀ।”

ਮੈਂ ਉਸਦੇ ਸਿਰ ’ਤੇ ਹੱਥ ਰੱਖਦਾ ਹਾਂ ਤੇ ਆਖਦਾ ਹਾਂ, “ਮੈਨੂੰ ਮਾਫ਼ ਕਰ ਦੇਣਾ ਬੱਚਿਓ ਮੈਂ ਕੋਸ਼ਿਸ਼ ਤਾਂ ਕਰਦਾ ਹਾਂ ਪਰ…. ।’’

ਮੇਰੇ ਹੰਝੂ ਜ਼ਮੀਨ ’ਤੇ ਡਿੱਗਦੇ ਨੇ। ਬੇਟੀ ਇਕ ਦਮ ਆਪਣੇ ਬੈਗ ਚੋਂ ਨਰਮ ਊੱਨ ਦੇ ਦਸਤਾਨੇ ਕੱਢ ਕੇ ਮੇਰੇ ਹੱਥਾਂ ’ਤੇ ਧਰਦੀ ਹੋਈ ਕਹਿੰਦੀ ਹੈ, “ਪਾਪਾ, ਕੱਲ੍ਹ ਪੀਜ਼ਾ ਬਹੁਤ ਮਜ਼ੇ ਦਾ ਸੀ।’’

ਮੈਂ ਉਸਨੂੰ ਗੋਦੀ ਚੁੱਕ ਲੈਂਦਾ ਹਾਂ। ਮੇਰਾ ਦਿਲ ਭਾਰਾ ਹੋ ਜਾਂਦਾ ਹੈ। ਮੈਂ ਉਸਨੂੰ ਪੁੱਛਦਾ ਹਾਂ,

“ਇਹ ਤੂੰ ਕਿਥੋਂ ਲਏ ?” ਉਹ ਕਹਿੰਦੀ ਹੈ,

“ਕੱਲ੍ਹ ਸਕੂਲ ਕਵਿਜ਼ ਕੰਪੀਟੀਸ਼ਨ ਜਿੱਤਣ ’ਤੇ ਜੋ ਇਨਾਮ ਵਾਲਾ ਲਿਫ਼ਾਫ਼ਾ ਮਿਲਿਆ ਸੀ, ਉਸ ਚ ਪੈਸੇ ਵੀ ਸਨ। ਮੈਂ ਭੱਜ ਕੇ ਸਕੂਲ ਦੇ ਗੇਟ ਮੂਹਰਿਓਂ ਤੁਹਡੇ ਲਈ ਇਹ ਗਰਮ ਦਸਤਾਨੇ ਲੈ ਲਏ।”

ਮੇਰੇ ਅੰਦਰੋਂ ਹਾਉਕਾ ਭਰਿਆ ਗਿਆ। ਮੈਨੂੰ ਲੱਗਾ ਜਿਵੇਂ ਮੇਰੀ ਧੀ ਆਪਣੀ ਉਮਰ ਤੋਂ ਪਹਿਲਾਂ ਹੀ ਸਿਆਣੀ ਹੋ ਗਈ ਹੋਵੇ।

ਕਵਿਤਾ

ਵਿਹਾਨ ਵੈਭਵ

ਨਵੀਂ ਦੇਸ਼ ਭਗਤੀ

ਉਹ ਤੁਹਾਨੂੰ ਪਹਿਲਾਂ ਇਹ ਕਹਿਣਗੇ

ਤੁਸੀਂ ਸੋਚਣਾ ਬੰਦ ਕਰ ਦਿਉ

ਤੁਹਾਡਾ ਨਾ ਸੋਚਣਾ ਹੀ ਦੇਸ਼ ਦੇ ਹਿੱਤ ’ਚ ਹੈ

            ਫਿਰ ਇਹ ਗੱਲ

            ਸੋਨੇ, ਪੈਟਰੋਲ, ਡੀਜ਼ਲ ਆਦਿ ਥਾਵਾਂ ’ਤੇ

            ਗੇੜੇ ਕੱਢਦੀ ਹੋਈ

            ਤੁਹਾਡੇ ਖਾਣ ਪੀਣ ਤੱਕ ਆ ਪਹੁੰਚੇਗੀ

ਕੁਝ ਵੀ ਨਾ ਖਾ ਪੀ ਕੇ

ਦੇਸ਼ਭਗਤੀ ਸਾਬਿਤ ਕਰਨ ਦੀ ਥਿਊਰਮ

ਅਣਸੁਲਝੀ ਹੀ ਰਹਿ ਜਾਵੇਗੀ

ਬੁੱਧੀ ਸਾਹਮਣੇ ਪ੍ਰਗਟ ਹੋਣਗੀਆਂ

ਨਵੀਂ ਚੁਣੌਤੀਆਂ

ਪ੍ਰੰਤੂ ਤੁਸੀਂ ਤਾਂ ਪਹਿਲਾਂ ਹੀ

ਦੇਸ਼ ਹਿੱਤ ’ਚ ਸੋਚਣਾ ਬੰਦ ਕਰ ਦਿੱਤਾ ਏ

            ਹੋਵੇ ਜਾਂ ਨਾ ਹੋਵੇ, ਉਹ ਦਿਨ ਦੂਰ ਨਹੀਂ

            ਜਦੋਂ ਤੁਹਾਡੀ ਦੇਸ਼ ਭਗਤੀ ਨੂੰ

            ਇਸ ਤਰ੍ਹਾਂ ਲਲਕਾਰਿਆ ਜਾਵੇਗਾ

            ਕਿ ਹੁਣ ਦੇਸ਼ ਲਈ ਜਨਤਾ ਮਰ ਕੇ ਦਿਖਾਵੇ

ਹੁਣ ਇਹੀ ਇੱਕ ਤਰੀਕਾ ਬਚ ਜਾਂਦਾ ਏ

ਜਿਸ ਨਾਲ ਨਾਗਰਿਕ ਸਾਬਿਤ ਕਰ ਸਕਦੇ ਨੇ

ਆਪਣੀ ਸੱਚੀ ਦੇਸ਼ ਭਗਤੀ

ਕਵਿਤਾ

ਸਫ਼ੀਆ ਹਯਾਤ

ਮੇਰੀ ਮਾਂ ਨੇ ਆਪਣੀ ਮਾਂ ਦੀ

ਮੈਂ ਆਪਣੀ ਮਾਂ ਦੀ ਚੁੰਨੀ ਲੈ ਕੇ

ਰੱਬ ਜਾਣੇ ਕਿਹੜੇ ਵੇਲੇ

ਧੁੱਪ ਨੂੰ ਪਾਣੀ ਵਿੱਚ ਘੋਲ਼ ਕੇ

ਇਕੋ ਸਾਹ ਵਿੱਚ ਪੀ ਗਈ

ਪੁਰਾਣੀ ਇੱਟ ਨੂੰ ਨਵੀਂ ਇੱਟ ਦਾ ਤਰੋਪਾ ਲਾਇਆ

ਵੱਡੀਆਂ ਵੱਡੀਆਂ ਕਿਤਾਬਾਂ ਚੁੱਕੀਆਂ

ਚਿੱਟੇ ਵਰਕੇ ਕਾਲੇ ਕਰ ਛੱਡੇ

ਪਿਓ ਦਾ ਸ਼ਮਲਾ ਉੱਚਾ ਕਰਦਿਆਂ

ਗੱਲ ਵਿਚ ਸਹੁੰ ਦੀ ਸੂਲ਼ੀ ਪਾ ਲਈ

ਕਿਸੇ ਨੇ

ਮੇਰੇ ਦਿਲ ਦੀ ’ਵਾਜ ਨਾ ਸੁਣੀ

ਮੈਂ ਬੜਾ ਕਿਹਾ

ਬੇਬੇ ਬਰਫ਼ ਬੜੀ ਤੱਤੀ

ਮੇਰਾ ਜੁੱਸਾ ਸੜ ਗਿਆ

ਉਸ ਘੂਰਿਆ ਮੈਨੂੰ

ਮੈਂ ਕੰਬ ਕੇ ਆਪਣੇ ਅੰਦਰ ਵੜ੍ਹ ਗਈ

ਆਪਣੀ ਹਿੱਕ ਤੇ ਸਟਾਪੂ ਖੇਡਦੇ

ਅੱਥਰੂ ਦੱਬ ਛੱਡਿਆ

ਬੁੱਲ੍ਹ ਮੀਚ ਕੇ ਸੀ ਵੀ ਡੱਕ ਲਈ

ਬੇਬੇ ਨੇ ਫ਼ਿਰ ਵੀ

ਪੁੱਤਾਂ ਦਾ ਪਾਣੀ ਭਰਿਆ

ਮੇਰਾ ਨਈ

कविता

डाक्टर बशीर बद्र

वही ताज है वही तख़्त है वही ज़हर है वही जाम है

ये वही ख़ुदा की ज़मीन है ये वही बुतों का निज़ाम है

            बड़े शौक़ से मिरा घर जला कोई आँच तुझ पे न आएगी

            ये ज़बाँ किसी ने खऱीद ली ये क़लम किसी का ग़ुलाम है

यहाँ एक बच्चे के ख़ून से जो लिखा हुआ है उसे पढ़ें

तिरा कीर्तन अभी पाप है अभी मेरा सज्दा हराम है

            मैं ये मानता हूँ मिरे दिए तिरी आँधियों ने बुझा दिए

            मगर एक जुगनू हवाओं में अभी रौशनी का इमाम है

मिरे फ़िक्र-ओ-फऩ तिरी अंजुमन न उरूज था न ज़वाल है

मिरे लब पे तेरा ही नाम था मिरे लब पे तेरा ही नाम है

ਕਵਿਤਾ

ਸਾਬਰ ਅਲੀ ਸਾਬਰ

ਚੜ੍ਹੀ ਵਿਸਾਖੀ

ਵਾਢੇ ਬੈਠੇ

ਪੱਕੀ ਕਣਕ ਵਢੀਚਣ ਲੱਗੀ

ਤਿੱਖੀ ਧੁੱਪੇ ਭਰੀਆਂ ਬੱਝੀਆਂ

ਅੱਧੀ ਰਾਤ ਗਵ?ਹੀਚਣ ਲੱਗੀ

ਕਹਿਣ ਖੁਦਾ ਦਾ ਹਿੱਸਾ ਘੱਲੋ

See Also

ਵਿਚ ਮਸੀਤਾਂ ਦੇ ਮਲਵਾਣੇ

ਅੱਲਾਹ ਦੇ ਘਰ ਘੱਲੋ ਦਾਣੇ

ਭਾਵੇਂ ਅੱਲਾਹ ਨੇ ਨਈਂ ਖਾਣੇ

ਅੱਲਾਹ ਦੇ ਘਰ ਘੱਲੋ ਦਾਣੇ

ਦਾਣੇ ਯਾਂ ਫਿਰ ਪੈਸੇ ਘੱਲੋ

ਜੋ ਵੀ ਜੀਅ ਕਰਦਾ ਏ ਘੱਲੋ

ਰੱਬ ਦੇ ਘਰ ਵਿਚ ਹਿੱਸਾ ਪਾਓ

ਜੋ ਵੀ ਪੁੱਜਦਾ ਸਰਦਾ ਏ ਘੱਲੋ

ਰੱਬ ਦੇ ਘਰ ਦੇ ਹਮਸਾਏ ਦੇ

ਭਾਵੇਂ ਭੁੱਖੇ ਸੌਣ ਨਿਆਣੇ

ਅੱਲਾਹ ਦੇ ਘਰ ਘੱਲੋ ਦਾਣੇ

ਭਾਵੇਂ ਅੱਲਾਹ ਨੇ ਨਈਂ ਖਾਣੇ

ਅੱਲਾਹ ਦੇ ਘਰ ਘੱਲੋ ਦਾਣੇ

ਫਰਸ਼ ਪੁਰਾਣਾ ਪੁੱਟ ਮਸਜਿੱਦ ਦਾ

ਛੇਤੀ ਕਰੀਏ ਨਵਾਂ ਲਵਾਈਏ

ਕੰਧਾਂ ਨਾਲ ਵੀ ਸੰਗੇ ਮਰਮਰ

ਯਾ ਚੀਨੀ ਦੀਆਂ ਟਾਇਲਾਂ ਲਾਈਏ

ਬੰਦੇ ਪਏ ਕੁੱਲੇ ਨੂੰ ਤਰਸਣ

ਰੱਬ ਪਿਆ ਮਹਿਲੀਂ ਮੌਜਾਂ ਮਾਣੇ

ਅੱਲਾਹ ਦੇ ਘਰ ਘੱਲੋ ਦਾਣੇ

ਭਾਵੇਂ ਅੱਲਾਹ ਨੇ ਨਈਂ ਖਾਣੇ

ਅੱਲਾਹ ਦੇ ਘਰ ਘੱਲੋ ਦਾਣੇ

ਚੌਧਰੀ, ਹੱਕ ਮੁਜਾਰੇ ਦਾ ਵੀ

ਮਸਜਿੱਦ ਦੇ ਵਿਚ ਦੇ ਜਾਏ ਭਾਵੇਂ

ਮੀਆਂ ਜੀ ਉਹਨੂੰ ਬਹਾ ਦਿੰਦੇ ਨੇ

ਜੱਨਤ ਦੇ ਵਿਚ ਠੰਡੀ ਛਾਵੇਂ

ਕਣਕ ਤੋ ਸਾਵੀਂ ਜ਼ਨਤ ਵੇਚੇ

ਵੇਖੋ ਮੁੱਲਾ ਹਾਸੇ ਭਾਣੇ

ਅੱਲਾਹ ਦੇ ਘਰ ਘੱਲੋ ਦਾਣੇ

ਭਾਵੇਂ ਅੱਲਾਹ ਨੇ ਨਈਂ ਖਾਣੇ

ਅੱਲਾਹ ਦੇ ਘਰ ਘੱਲੋ ਦਾਣੇ

ਜਿਸ ਘਰੋਂ ਨਾਂ ਦਾਣੇ ਆਏ

ਉਸ ਘਰ ਅਸੀਂ ਆਪ ਜਾਵਾਂਗੇ

ਪੰਜ ਸੱਤ ਬੰਦੇ ਕੱਠੇ ਹੋਕੇ

ਉਸ ਦਾ ਬੂਹਾ ਖੜਕਾਵਾਂਗੇ

ਮੁੱਲਾ ਦੇ ਐਲਾਨ ਤੋਂ ਮੈਂ ਜਹੇ

ਕਈ ਬਹਿ ਗਏ ਹੋ ਨਿੰਮੋਝਾਣੇ

ਅੱਲਾਹ ਦੇ ਘਰ ਘੱਲੋ ਦਾਣੇ

ਭਾਵੇਂ ਅੱਲਾਹ ਨੇ ਨਈਂ ਖਾਣੇ

ਅੱਲਾਹ ਦੇ ਘਰ ਘੱਲੋ ਦਾਣੇ

ਜੁਮਾਂ ਪੜਨ ਸਾਂ ਗਿਆ ਮਸੀਤੇ

ਵਾਜ਼ ਹੋਈ ਮੁੱਲਾ ਫ਼ਰਮਾਇਆ

ਸਾਫੇ ਦੀ ਇਕ ਝੋਲੀ ਲੈਕੇ

ਚੰਦੇ ਦੇ ਲਈ ਬੰਦਾ ਆਇਆ

ਖਾਲੀ ਖੀਸੇ ਲੱਗਾ ਸਾਬਰ

ਰੱਬ ਦੇ ਘਰ ਨਈਂ ਆਇਆ ਠਾਣੇ

ਅੱਲਾਹ ਦੇ ਘਰ ਘੱਲੋ ਦਾਣੇ

ਭਾਵੇਂ ਅੱਲਾਹ ਨੇ ਨਈਂ ਖਾਣੇ

ਅੱਲਾਹ ਦੇ ਘਰ ਘੱਲੋ ਦਾਣੇ

ਰਾਹਗੀਰ

ਚਾਚਾ ਮੇਰੀ ਜਾਚੇ

ਗੱਲ ਕਹਿਣ ਦੀ ਨਹੀਂ ਜਾਗਰਾ ’ਮੇਰੀ ਜਾਚੇ’, ਤੇਰੀ ਸਰਵਣ ਨਾਲ ਘਿਓ-ਖਿੱਚੜੀ ਬਾਰੇ ਸਭ ਜਾਣਦੇ ਆ ’ਮੇਰੀ ਜਾਚੇ’।

ਊਂ ਗੱਲ ਗਿਲੇ ਦੀ ਨਹੀਂ ‘ਮੇਰੀ ਜਾਚੇ’, ਸਰਵਣ ਅੱਜ-ਕੱਲ੍ਹ ਬਹੁਤ ਉਚੀਆਂ ਘਾਟੀਆਂ ਦਾ ਤਾਰੂ ਹੋ ਗਿਐ। ਸਿਆਣੇ ਕੀ ਕਹਿੰਦੇ ਹੁੰਦੇ ਆ ਅੱਗ ਲੱਗਣਾ ਮਿੰਦਰ ਵਿਚੋਂ ਹੀ ਬੋਲਿਆ, ਚਾਚਾ ਘਾਟੀਆਂ ਚੜ੍ਹਨ ਲਈ ਹੁੰਦੀਆਂ, ਤਰਨ ਲਈ ਨਹੀਂ। ਹਲਾ ਸਿਆਣਿਆ ਗੱਲ ਤਾਂ ਤੇਰੀ ਵੀ ਠੀਕ ਆ ‘ਮੇਰੀ ਜਾਚੇ’  ਊਂ ਤੈਨੂੰ ਪਤਾ ਈ ਆ ਅੱਜ ਕੱਲ ਨਸ਼ਾ ਖੋਟਾ ਮਿਲਦਾ ਐ, ਤਾਹੀਓਂ ਗੱਲ ਕਹਿੰਦਿਆਂ ਜ਼ੁਬਾਨ ਵੀ ਖੋਟੀ ਹੋ ਜਾਂਦੀ ਐ ਸਾਊ। ‘ਊਂ ‘ਮੇਰੀ ਜਾਚੇ’  ਮਸਲਾ ਤਾਂ ਪਾਰ ਲੰਘਣ ਦਾ ਈ ਆ, ਅੱਗੇ ਤੇਰੀ ਮਰਜ਼ੀ ਚਾਹੇ ਚੜ੍ਹਕੇ ਚਲਾ ਜਾਵੀਂ ਚਾਹੇ ਤਰ ਕੇ, ਊਂ ਲੱਗਦਾ ਨਹੀਂ ‘ਮੇਰੀ ਜਾਚੇ’ ਤਰਨ ਲਈ ਪਾਣੀ ,ਚ ਜਾਏਂਗਾ ਡੁੱਬ ਮਰੇਂਗਾ ਘਾਟੀ ਚੜ੍ਹਨਾ ਤਾਂ ਗਿੱਟੇ-ਗੋਡੇ ਮਜ਼ਬੂਤ ਤਾਂ ਚਾਹੀਦੇ ਹੀ ਆ! ਆਪਾਂ ਤਾਂ ਤਰਨਾ ਸਿੱਖਿਐ ਗਿਟੇ-ਗੋਡੇ?  ਵੱਖ-ਵੱਖ ਹੋਏ ਪਏ ਆ ਭਲਿਆ ਫਿਰ ਤੂੰ ਕੀ ਇਹ ਚ?ਹੜਨ ਤੇ ਤਰਨ ਦੀ ‘ਕਥਾ’ ਦਾ ਸਿਆਪਾ ਪਾ ਦਿੱਤਾ।

ਚਾਚਾ ਤੜੀ ’ਚ ਸਿੱਧਾ ਤਣ ਗਿਆ। ਊਂ ‘ਮੇਰੀ ਜਾਂਚੇ’ ਜਿਹੜੀ ਦਿਆਕਰਣ (ਵਿਆਕਰਣ) ਮੈਨੂੰ ਦੱਸਦਾਂ ਆਪਣੇ ਚੌਧਰੀ ਬਾਪ ਨੂੰ ਸਿਖਾਲ ਦੇ ਜਿਹੜਾ ਬਾਪ ਨੂੰ ‘‘ਮਾਂ ਦਾ ਖਸਮ ਕਹਿੰਦਾ।’’ ਭਲਾ ਕਿਉਂ?  ਆਹ ਲੈ ਸਹੁਰੀ ਦੀ ਬਾਤ ਹੀ ਭੁੱਲ ਗਈ। ‘ਮੇਰੀ ਜਾਚੇ’ ਬਾਬਾ ਉਹਨੂੰ ਖੋਟਾ ਨਸ਼ਾ ਵੇਚਦਾ, ਕੋਠਿਆਂ ’ਤੇ ਜਾਂਦਾ ਵੇਖਦਾ। ਵਾਸਤਾ ਪਾਉਂਦਾ ਘਰ ਬੈਠੀਆਂ ਜੁਆਨ ਧੀਆਂ ਦਾ ਤੇ ਰੰਡੀ ਭੂਆ ਦਾ। ਜਾ ਉਠ ਜਾ ਉਹਨੂੰ ਦੱਸ ਫਰਕ-ਫਰਕ ਤੇ ਫਿਕਰ ਵਿਚ ਕੀ ਫਰਕ ਹੰਦਾ?  ਲੈ ਸਹੁਰੀ ਦੀ ਗੱਲ ਫੇਰ ਭੁਲ ਗਈ ‘ਮੇਰੀ ਜਾਚੇ’ ਆ ਲਓ ਕੱਢ ਲਓ ਧਾਰਾਂ ਗਲ ਤਾਂ ਮੈਂ ਜਾਗਰ ਨੂੰ ਕਹਿੰਦਾ ਸੀ ਇਹ ਭਾਈ ਮਿੱਠੂ  ਸਿਹੂੰ ਵਾਂਗ ‘ਸ੍ਰਮਿਸ਼ਟੀ ’ (ਗ੍ਰਹਿਸਥੀ) ਚਲਾਉਣ ਦਾ ਵੱਲ ਦੱਸਣ ਬੈਠ ਜਾਂਦਾ। ਮੇਰਿਆ ਸਾਲਿਆ ਆਪ ਤਾਂ ਤੂੰ ਜਮਾਂਦਰੂ ਛੜਾ ਐਂ ਤੇ ਦੂਜਿਆਂ ਨੂੰ ‘ਸਮਿਸ਼ਟੀ’  ਦੀਆਂ ਗੱਲਾਂ ਦੱਸਦਾ ਐਂ।  ਚਾਚਾ ਗੱਲ ਨੂੰ ਟਾਲ ਰਿਹਾ ਲੱਗਦਾ ਸੀ।

ਮੈਨੂੰ ਕਿਸੇ ਲਿਖੇ-ਪੜ੍ਹੇ ਨੇ ਇਕ ਗੱਲ ਦੱਸੀ ਸੀ। ਕੌਡੀ ਦਾ ਮੈਂ ਸਿਰੇ ਦਾ ਜਫ਼ਾ ਮਾਰਦਾ ਸੀ। ਰੰਗ ਤਾਂ ਧਮਾਤੜ ਦਾ ਤਵੇ ਨਾਲ ਸ਼ਰਤ ਲੱਗੀ ਸੀ, ਪਰ ਪੱਟਾਂ ਤੇ ਮਲਿਆ ਤੇਲ ਕੰਜ ਲਾਹੇ ਕਾਲੇ ਨਾਗ ਵਾਂਗ ਲਸ਼ਕਾਰੇ ਮਾਰਦਾ ਸੀ।

‘ਊਂ ਮੇਰੀ ਜਾਚੇ’ ਚਾਲੀਆਂ ਪਿੰਡਾਂ ਚ ਹਰ ਮੈਦਾਨ ਫਤਿਹ ਦਾ ਝੰਡਾ ਤੇਰੇ ਯਾਰ ਝੰਡੇ ਕੋਲ ਹੀ ਹੁੰਦਾ। ਮੋਢਿਆਂ ਤੋਂ ਥੁੱਕਣ ਤੋਂ ਬਿਨਾ ਕੋਈ ਵੈਲ ਨਹੀਂ ਸੀ। ਨਥਾਣੇ ਦੀ ਕੌਡੀ ਬੜੀ ਮਸ਼ੂਰ ਸੀ। ਸਾਡਾ ਪੇਚਾ ਉਨ੍ਹਾਂ ਨਾਲ ਪੈ ਗਿਆ। ਬਹੁਤ ਵੱਡਾ ’ਨਾਮ ਸੀ ਜਗਰਾ!  ਹਰ ਜਿੱਤਣ ਵਾਲੇ ਟੀਮ ਦੇ ਖਿਡਾਰੀ ਨੂੰ ਪੰਜ-ਪੰਜ ਰੁਪਏ! ਸਭ ਤੋਂ ਵੱਧ ਜੱਫ਼ਾ ਲਾਉਣ ਵਾਲੇ ਨੂੰ 10 ਰੁਪਏ! ਫੇਰ ਆਪਾਂ ਸਾਰਿਆਂ ਨਾਲੋਂ ਅਮੀਰ ਹੋ ਗਏ। ਬਾਕੀ ਪੰਜ-ਪੰਜ ਤੇ ਝੰਡਾ ਚੌਧਰੀ 15 ਦਾ ਮਾਲਕ! ‘ਮੇਰੀ ਜਾਂਚੇ’ ਝੰਡਾ ਸਿਹਾਂ ਤੂੰ ਮੈਨੂੰ ਕੋਈ ਗੱਲ ਆਖਣ ਵਾਲਾ ਸੀ, ਝੰਡੇ ਦੀ ਨਕਲ ਉਤਾਰਦਾ ਜਾਗਰ ਕਹਿਣ ਲੱਗਿਆ।

ਹੋਈ ਨਾ ਫਿਰ ਉਹੀ, ਗੱਲ ‘ਮੇਰੀ ਜਾਚੇ’। ਝੰਡੇ ਦੀ ਚੜ੍ਹਤ ਤੈਨੂੰ ਡੰਗ ਗਈ ਜਾਗਰਾ। ਕਹਿੰਦੇ ਹੁੰਦੇ ਆ ਵੈਰੀ ਹੋਏ ਤਾਂ ਸਬੂਤਾ ਖਾ ਜਾ ਯਾਰ ਹੋਵੇ ਤਾਂ ਲੰਮਾ ਪੈ ਜਾ।

ਕੱਲ ਪਰਸੋਂ ਇਕ ਜਾਦਾ ਹੀ ਲਿਖਿਆ-ਪੜ੍ਹਿਆ ਬੰਦਾ ਮਿਲਿਆ ਸੀ। ਮੈਂਤੋਂ ਨਾਲ ਦੇ ਪਿੰਡ ਦਾ ਰਾਹ ਪੁੱਛਿਆ। ‘ਮੇਰੀ ਜਾਚੇ’ ਮੈਂ ਸਭ ਦੱਸ ਦਿੱਤਾ। ਆਖਣ ਲੱਗਾ ਐਥੇ ਕੱਲਾ ਬੈਠਾ ਕਾਵਾਂ ਨਾਲ ਝੱਖ ਮਾਰੀ ਜਾਨਾਂ, ਮੇਰੇ ਨਾਲ ਹੀ ਵਗ ਚਲ, ਗੱਲਾਂ ਕਰਾਂਗੇ ਰਾਹ ਸੌਖਾ ਮੁੱਕ ਜੂ ਤੇ ਤੇਰਾ ਆਥਣ ਦੇ ਖਾਣੇ ਦਾ ਟੈਮ ਹੋ ਜੂ। ਗੱਲ ਕੀ ਜਾਗਰਾ ਮੈਂ ਉਹਦੇ ਨਾਲ ਹੀ ਤੁਰ ਪਿਆ। ਸਹੁਰੀ ਦਾ ਡਮਾਕ ਨੇ ਕੰਮ ਨੀਂ ਕੀਤਾ-ਨਾ ਮੈਂ ਉਸ ਦਾ ਨਾਂ-ਪਤਾ ਪੁੱਛਿਆ, ਨਾ ਉਸਨੇ ਮੇਰਾ।

ਪਿੰਡ ਤੋਂ ਕੋਈ ਕੋਹ ਭਰ ਪਿਛਾਂਹ ਹੀ ਆਖਣ ਲੱਗਾ, ‘‘ਭਲਿਆ ਲੋਕਾ ਹੁਣ ਤੂੰ ਮੁੜ ਜਾ, ਮੈ ਤੈਨੂੰ ਹੋਰ ਅਗਾਂਹ ਨਹੀਂ ਲਿਜਾ ਸਕਦਾ।’’ ਮੇਰੇ ਤਾਂ ਚੜ੍ਹ ਗਿਆ ਡਮਾਕ ਨੂੰ ਗੁੱਸਾ, ਜੇ ਕਿਤੇ ਤੂੰ ਮੈਨੂੰ ਦੇਖ ਲੈਂਦਾ ਬਸ, ‘ਮੇਰੀ ਜਾਚੇ’ ….. ।

ਉਹ ’ਰੰਗੇਜ਼ ਜਮਾ ਨਹੀਂ ਸੀ ਲੱਗਦਾ। ਪਰ ਜਿਹੜੀਆਂ ਗੱਲਾਂ ਕਰਦਾ ਸੀ, ਮੈਨੂੰ ਪੂਰੀ ਸਮਝ ਨਹੀਂ ਸੀ ਆਉਂਦੀ। ਕਿਤੇ-ਕਿਤੇ ਮੈਨੂੰ ਪੁੱਛਦਾ ਠੀਕ ਹੈਂ? ਸਮਝ ਰਿਹਾਂ?  ਮੈ ਪੂਰੇ ਹੌਂਸਲੇ ਨਾਲ ਸਿਰ ਉਤੇ-ਥੱਲੇ ਮਾਰਦਾ ਹਾਂ-ਹਾਂ ਕਹਿਕੇ ਸੋਚਦਾ ਮੈਂ ਕੋਈ ਆਮ-ਖਾਸ  ਬੰਦਾ ਨਹੀਂ। ਝੰਡਾ-ਝੰਡਾ ਧਾਕੜ।

ਕੁੱਝ ਪੱਲੇ ਪਾਏਂਗਾ ਵੱਡਿਆ ਧਾਕੜਾ?  ਦੇਖ-ਦੇਖ ਪੇਰ ਲੜ ਗੇ ਚਲੂਣੇ, ਨਹੀਂ ਚੱਲ ਕਾਈ ਗੱਲ ਨੀਂ, ਹੋਵੇ ਨਾ ਤਾਂ ਹੀਰ ਦਾ ਮਾਮਾ। ਚਾਚੇ ਹਨੋਰਾ ਮਾਰਿਆ।

ਸੌਂਹ ਭੋਲੇ ਨਾਥ ਦੀ ਮੈਂ ਡਰ ਗਿਆ। ਊ ਤਾਂ ਉਸਨੇ ਬੁਰੀ ਕੀਤੀ, ਮੈਨੂੰ ਪਿੰਡ ਦੇ ਬਾਹਰੋਂ ਹੀ ਮੋੜ ’ਤਾ। ‘ਮੇਰੀ ਜਾਚੇ’ ਚੋਰ ਤਾਂ ਉਹ ਲੱਗਦਾ ਨਹੀਂ ਸੀ। ਨਾ ਡਾਂਗ, ਨਾ ਬੰਦੂਕ, ਨਾ ਚਾਦਰਾ, ਨਾ ਅੱਖਾਂ ’ਚ ਗੈਰ?, ਫਿਰ ਹੋਇਆ ਕੌਣ ਇਹ ਬੰਦਾ?  ਜਾਣ ਨਾ ਪਛਾਣ, ਕਹਿੰਦਾ ਫਿਕਰ ਨਾ ਕਰ ਦਿੱਲੀ ਦੂਰ ਨੀਂ। ਮੈਂ ਕਿਹਾ ‘‘ਹਲਾ ਜੀ। ਮੈਨੂੰ ਤੇ ਪੂਰਾ ਵਰ੍ਹਾ ਲੱਗ ਜੂ ਦਿੱਲੀ ਤਾਈਂ।’’ ਉਹ ਬਹੁਤ ਮੋਕਲਾ ਜਿਹਾ ਹੱਸਿਆ, ਜਿਦਾਂ ਤੂੰ ਅਧਵਾੜ ਲਾ ਕੇ ਹੱਸਦਾ ਹੁੰਨੈਂ।

ਉਹ ਜਾਤੇ ਕੁੱਝ ਪੱਲੇ ਪਾਏਗਾਂ?  ਲੈ ਸੁਣ ਫਿਰ ‘ਮੇਰੀ ਜਾਚੇ’, ਉਹ ਕਹਿੰਦਾ ਸੀ ਇਕ ਦਿਨ ਆਪਾਂ ਸਾਰੇ ਬਰਾਬਰ ਦੇ ਹੱਕਦਾਰ ਹੋਵਾਂਗੇ। ਸਾਰਾ ਕੁੱਝ ਸਾਰਿਆਂ ਦਾ ਸਾਂਝਾ ਹੋਊ। ਤੈਨੂੰ ਪਤਾ ਜਾਗਰਾ, ਝੰਡੇ ਨੇ ਵੀ ਸਾਰਾ ’ਲਾਕਾ ਜਿੱਤਿਐ, ਸੱਤ ਪੱਤਣਾਂ ਦਾ ਪਾਣੀ ਪੀਤੈ, ਮੈਂ ਗੱਲ ਬੋਚ ਲਈ, ਗਰਮੀ ਦਾ ਮਾਰਿਆ ਊਲ-ਜਲੂਲ ਬੋਲੀ ਜਾਂਦਾ ਭਲਾ ਕੋਈ ਪੁੱਛੇ ਤੂੰ ਰੱਬ ਦਾ ਜਵਾਈ ਐਂ?

ਜਾਗਰ ਨੇ ਜੁੱਤੀ ਲਾਹ ਕੇ ਦੋ-ਤਿੰਨ ਉਸ ਦੇ ਮੌਰਾਂ ’ਚ ਜੜ੍ਹ ਦਿੱਤੀਆਂ। ਪਰ ਯਾਰੀ ਵਾਲੀਆਂ। ਬਾਪੂ ਬਣ ਕੇ ਉਹ ਦੱਸ ਜੋ ਕਹਿਣ ਲੱਗਾ ਸੀ।

‘ਮੇਰੀ ਜਾਚੇ’ ਯਹੀ ਸਹੀ ਬਾਤ ਹੈ। ਹਮ ਜਾਨਤਾ ਹੈ, ਤੂੰ ਰੰਨ ਕਾ ਮੁਰੀਦ ਹੈਂ , ਅਬ ਝੰਡਾ ਤੇਰੇ ਕਾਮ ਕਾ ਨਹੀਂ। ਉਰਦੂ ਤੇ ਪੰਜਾਬੀ ਦਾ ਗੁਲਕੰਦ ਹੁਣ ਝੰਡੇ ਦੇ ਸਿਰ ਚੜ੍ਹ ਬੋਲ ਰਿਹਾ ਸੀ। ਜਾਗਰ ਨੇ ਹੱਥ ਜੋੜ, ਲਏ ਵਾਸਤਾ, ਵਾਸਤਾ ਮੇਰੇ ਬਾਪ! ਗੱਲ ਸਿਰੇ ਲਾ।

‘ਮੇਰੀ ਜਾਚੇ’ ਉਹ ਜਾਂ ਕਮਲਾ ਸੀ ਜਾਂ ਫਿਰ ਸੱਚੀਓਂ ਰੱਬ ਦਾ ਖਾਸ ਬੰਦਾ ਸੀ! ਕਹਿੰਦਾ ਸੀ ਆਪਣੀ ਕੀਮਤ ਪਛਾਣੋਂ! ਤੁਸੀਂ ਰਾਜ ਗੱਦੀਆਂ ਦੇ ਮਾਲਕ ਬਣ ਸਕਦੇ ਓ। ਭਲਾ ਤੂੰ ਦੱਸ ਆਪਾਂ ਦੋਨਾਂ ਨੂੰ ਤਾਂ ਕੋਈ ਦੋ ਡੰਗ ਦੀ ਰੋਟੀ ਤੇ ਝਾਲੂ ਨਹੀਂ….

ਹਾਂ ਸੱਚ ਤੈਨੂੰ ਦੱਸਾਂ ਉਹ ਬਹੁਤੀਆਂ ਗੱਲਾਂ ਉਹ ਕਰਦਾ ਸੀ, ਜਿਹੜੀਆਂ ਆਪਾਂ ਪਿੰਡਾਂ ’ਚ ਨਹੀਂ ਕਰਦੇ ਹੁੰਦੇ। ਹੋਵੇ ਨਾ ਹੋਵੇ ਕਿਸੇ ਵੱਡੇ ਘਰ ਦਾ ਸ਼ਹਿਰ ਦਾ ਰਹਿਣ ਵਾਲਾ ਹੋਵੇ। ਐਵੇਂ ਸਾਡਾ ਮੱਕੂ ਬੰਨ੍ਹੀ ਜਾਂਦਾ! ਨਹੀਂ-ਨਹੀਂ ਜਾਗਰਾ ਉਹ ਬੇਈਮਾਨ ਵੀ ਨਹੀਂ ਸੀ ਲੱਗਦਾ। ‘ਮੇਰੀ ਜਾਚੇ’ ਉਹ ਕਹਿੰਦਾ ਸੀ ਸਾਡੀਆਂ ਸਰਕਾਰਾਂ ਸਾਨੂੰ ਗਹਿਣੇ ਪਾ ਰਹੀਆਂ। ਤੂੰ ਹੀ ਦੱਸ ਜਾਗਰਾ, ਮੇਰਾ ਕੋਈ ਕੀ ਗਹਿਣੇ ਪਾ ਦੂ। ਤੇਰੀ ਭਾਬੀ ਪ੍ਰੀਤੋ ਤੇ ਗੁੱਡੀ ਨੇ ਘਾਹ ਖੋਤ-ਖੋਤ ਕੱਟੀ ਪਾਲੀ ਸੀ। ਸੂਈ ਤਾਂ ਜ਼ਿੰਮੀਦਾਰ ਕਿਲਿਓਂ ਖੋਲ੍ਹ ਕੇ ਲੈ ਗਿਆ। ਮੇਰੀਆਂ ਤਾਂ ਧਾਹਾਂ ਹੀ ਨਿਕਲ ਗੀਆਂ ਸੀ ਓਦਨ। ਉਹ 125 ਰੁਪਏ ਦੇ ਕੇ ਲੈ ਗਿਆ। ਕਹਿੰਦਾ ਜਾਂ ਤੁਸੀਂ 125 ਰੁਪਏ ਦੇ ਦਿਓ । ਪਰ ਸਾਡੇ ਕੋਲ ਸਵਾ ਸੌ ਕਿੱਥੋਂ ਆਵੇ! ਨਾਲ ਹੀ ਝੰਡਾ ਉਦਾਸ ਜਿਹਾ ਹੋ ਗਿਆ, ਜਿਵੇਂ ਅਗਲੀ ਗੱਲ ਉਸ ਦਾ ਗਲ ਘੁੱਟ ਰਹੀ ਹੋਵੇ। ਪ੍ਰੀਤੋ ਦਾ ਧਾਰਾਂ ਕੱਢਣ ਤੇ ਬਹੁਲੀ ਖਾਣ ਦਾ ਚਾਅ ਅੱਖਾਂ ’ਚੋਂ ਘਰਾਲਾਂ ਬਣ ਕੇ ਵਹਿ ਗਿਆ।

ਉਹ ਬੰਦਾ ਕਹਿੰਦਾ ਸੀ, ਮੈਂ ਫੇਰ ਆਊਂਗਾ। ਤੇਰੇ ਤੇ ਤੇਰੇ ਮਿੱਤਰ ਜਾਗਰ ਨਾਲ ਬੈਠ ਕੇ ਚਾਹ ਪੀਵਾਂਗੇ, ਨਾਲੇ ਗੱਲਾਂ ਕਰਾਂਗੇ। ਚਾਹ ਦਾ ਜੁਗਾੜ ਤਾਂ ਠੀਕ ਆ ਚੱਲੋ। ਮੈਂ ਹੈਰਾਨ ਹੋ ਗਿਆ, ਉਹਨੂੰ ਤੇਰਾ ਕਿਵੇਂ ਪਤਾ ?  ਸਹੁੰ ਗਊ ਦੀ, ਮੈਂ ਤਾਂ ਤੇਰੀ ਕੋਈ ਗੱਲ ਨਹੀਂ ਕੀਤੀ। ਹਾਂ-ਹਾਂ ਸੱਚ, ਉਹ ਕਹਿੰਦਾ ਸੀ ਵੱਡੇ ਲੋਕਾਂ ਦੇ ਪਾਸ਼ੂ ਬਣੋਂਗੇ ਤਾਂ ਤੁਹਾਡਾ ਖੁਰਾ ਖੋਜ਼ ਨ੍ਹੀ ਲੱਭਣਾ। ਮੇਰੀ ਜਾਂਚੇ ਮੈਨੂੰ ਤੇ ਉਹਦੀ ਗੱਲ ਦਾ ਕੋਈ ਥਾਹ ਨਹੀਂ ਆਇਆ।

ਝੰਡੇ ਦਾ ਮਨ ਫਿਰ ਭਰ ਆਇਆ। ਊਂ ਗੱਲ ਕਰਦਾਂ, ਗੁੱਸਾ ਨਾ ਕਰ ਜਾਈਂ, ਸਰਵਣ ਅੱਜਕੱਲ੍ਹ ਸਿਰਾਹਣਿਆਂ ਦੀਆਂ ਹੀ ਗੱਲਾਂ ਕਰਦੈ। ਤੂੰ ਤੇ ਆਪ ਮੰਜੇ ਬੁਨਦਾ ਰਿਹਾ ਏਂ। ਸਿਰਹਾਣਾ ਜਿੰਨਾ ਮਰਜ਼ੀ ਠੋਕ ਕੇ ਬੁਣ ਲਵੋ, ਪੈਂਦ ਕਸੇ ਤੋਂ ਬਿਨਾਂ ਚਿੱਤੜ ਧਰਤੀ ’ਤੇ ਹੀ ਵੱਜਦੇ ਆ। ਹੈ ਕਿ ਨਹੀਂ ਮੇਰੀ ਜਾਚੇ।

ਜਾਗਰਾ ਮੇਰੀ ਜਾਚੇ, ਸਰਵਣ ਹੁਣ ਪਹੁ ਫੁਟਾਲੇ ਦੀਆਂ ਬਾਤਾਂ ਪਾਉਂਦਾ।  ਦੇਖੀਂ ਗੁੱਸਾ ਨਾ ਕਰ ਬਹੀਂ ਮੇਰੇ ਆੜੀ, ਉਹ ਲਾਠੀ ਨਾਲ ਸੂਰਜ ਨੂੰ ਖਿੱਚ ਲੈਣ ਦੀ ਅੜੀ ’ਚ ਆਇਆ ਲੱਗਦੈ।

ਚਮਕ-ਦਮਕ ਵਾਲਾ ਰੱਥ ਘੁਣ ਖਾਧੀ ਲੱਕੜ ਦਾ ਬਣਿਆ ਹੋਇਆ, ਜਿਸ ਦੀ ਚਮਕ ਨੂੰ ਦੇਖਣ ਲਈ, ਪਿੰਡ ਦੇ ਤਾਂ ਕੀ ਆਲੇ-ਦੁਆਲੇ ਦੇ ਪਿੰਡ ਵੀ ਅੱਛ-ਅੱਛ ਕਰ ਉਠੇ ਸਨ। ਟੁੱਟਦੇ ਰੱਥ, ਖੌਰੂ ਪਾਉਂਦੇ ਘੋੜੇ ਵੀ ਦੇਖੇ ਆ। ਤਰਖਾਣਾਂ ਦੀ ਛਿੰਦੋ ਦਾ ਮੁਕਲਾਵਾ ਰਾਹ ’ਚ ਹੀ ਰਹਿ ਗਿਆ ਸੀ। ਲੰਬੜਾਂ ਦੀ ਛੋਟੀ ਜਿਹੀ ਆਡ ਟੱਪਣ ਲੱਗਾ ਘੋੜਾ ਚਾਰੇ ਖਾਨੇ ਚਿੱਤ ਤੇ ਰੱਥ, ਉਹ ਕੀ ਕਹਿੰਦੇ ਹੁੰਦੇ ਆ, ਖੱਖੜੀਆਂ-ਕਰੇਲੇ ਹੋ ਗਿਆ। ਛਿੰਦੋ ਦਾ ਸਰਦਾਰ ਤੇ ਛਿੰਦੋ ਆਪੋ-ਆਪਣੇ ਪਿੰਡ ਦੇ ਸਿਵਿਆਂ ਦੀ ਸਵਾਹ ਬਣ ਗਏ।

ਆਪਾਂ ਪਿੰਡ ਦੇ ਨਿਆਣਿਆਂ ਨਾਲ ਰਲ ਕੇ ਉਸ ਰਥ ’ਚ ਲੱਗੇ ਪਿੱਤਲ ਦੇ ਕੋਕੇ ਤੇ ਪੱਤੀਆਂ ਚੁਗੇ ਸੀ।  ਫਿਰ ਆਪਾਂ ਛਾਬੜੀ ਵਾਲੇ ਤੋਂ ਪੱਤੀਆਂ ਤੇ ਕੋਕਿਆਂ ਬਦਲੇ ਛੋਲੇ ਲਏ ਸਨ। ਮਾਈਂ…… ਛੋਲਿਆਂ ਵਿਚਲੇ ਰੋੜਿਆਂ ਨੇ…… ਮੇਰੇ ਦੰਦਾਂ ਚੋਂ ਲਹੂ ਕੱਢ ਮਾਰਿਆ। ਤੇਰਾ ਜਬਾੜਾ ਤਕੜਾ ਸੀ। ਝੰਡੇ ਦਾ ਮਨ ਫਿਰ ਭਰ ਆਇਆ। ਬਿਨ੍ਹਾਂ ਹੋਰ ਬੋਲਿਆਂ ਚਾਚਾ ਉਠ ਗਿਆ। ਜਾਗਰ ਉਸ ਦੀਆਂ ਕੰਬਦੀਆਂ ਲੱਤਾਂ ਵੱਲ ਵੇਂਹਦਾ ਰਿਹਾ।

ਚਾਚਾ ਕਾਫ਼ੀ ਜ਼ੋਰ ਲਾ ਕੇ ਆਪਣੀ ਆਵਾਜ਼ ਕੱਢਣ ਲਈ ਘੈਂਸਦੇ ਬੋਲ ਉੱਚੀ-ਉੱਚੀ ਗਾਉਂਦਾ ਜਾਂਦਾ ਸੀ।

ਮੁੜੇ ਤੀਰ ਨਾ ਗਿਆ ਕਮਾਣ ਵਿਚੋਂ

ਗਲ ਮੁੜੇ ਨਾ ਕਹੀ ਜ਼ੁਬਾਨ ਵਿਚੋਂ…

ਗੁੰਡੀ…………. ਨਾ ਬਾਜ਼ ਆਵੇ

ਭਾਵੇਂ ਸੂਰਮਾਂ………. ਜਹਾਨ ਵਿਚੋਂ

Scroll To Top