
ਆਰਐੱਸਐੱਸ, ਕੇਂਦਰ ਦੀ ਮੋਦੀ ਸਰਕਾਰ ਤੇ ਸਮੁੱਚੇ ਸੰਘ ਪਰਿਵਾਰ ਦੀਆਂ ਅੱਖਾਂ ‘ਚ ਪੰਜਾਬੀਆਂ ਦਾ ਨਾਬਰੀ ਵਾਲਾ ਸੁਭਾਅ ਅੱਜ-ਕੱਲ੍ਹ ਕੁੱਝ ਵਧੇਰੇ ਹੀ ਰੜਕ ਰਿਹਾ ਹੈ।
ਦੇਸ਼ ਭਰ ਦੇ ਲੋਕ, ਪੰਜਾਬੀਆਂ ਨੂੰ ਸਾਂਝੀਵਾਲਤਾ ਤੇ ਬਰਾਬਰੀ ਦੇ ਅਸੂਲਾਂ ‘ਤੇ ਆਧਾਰਿਤ ਸਮਾਜ ਦੀ ਸਿਰਜਣਾ ਲਈ ਜੂਝਣ ਵਾਲੇ ਜੁਝਾਰੂਆਂ ਵਜੋਂ ਦੇਖਦੇ ਹਨ। ਲੋਕਾਂ ਦੀ ਸੋਚਣੀ ਇਹ ਵੀ ਹੈ ਕਿ ਪੰਜਾਬੀ ਮਨੁੱਖੀ ਆਜ਼ਾਦੀਆਂ ਦੇ ਅਲੰਬਰਦਾਰ ਅਤੇ ਆਪਣੇ ਅਕੀਦੇ ਲਈ ਜੱਦੋਜ਼ਹਿਦ ਕਰਦਿਆਂ ਅਦੁੱਤੀ ਤਿਆਗ ਕਰਨ ਦੀ ਮਾਣਮੱਤੀ ਵਿਰਾਸਤ ਦੇ ਮਾਲਕ ਹਨ। ਦੇਸ਼ ਵਾਸੀ, ਪੰਜਾਬ ਵਾਸੀਆਂ ਦਾ ਮੁਲਅੰਕਣ ਲੋਕ ਹਿਤਾਂ ਲਈ ਮਰ-ਮਿਟਣ ਦੇ ਸ਼ਾਨਦਾਰ ਇਤਿਹਾਸ ਦੇ ਸਿਰਜਕਾਂ ਵਜੋਂ ਵੀ ਕਰਦੇ ਹਨ। ਇਸ ਨਜ਼ਰੀਏ ਤੋਂ ਨੀਝ ਨਾਲ ਦੇਖਿਆਂ ਸੰਘ-ਭਾਜਪਾ ਦੀ ਪੰਜਾਬੀਆਂ ਨਾਲ ਕੌੜ ਦਾ ਸਾਰਾ ਕੱਚ-ਸੱਚ ਸੌਖਿਆਂ ਹੀ ਸਮਝ ਆ ਜਾਂਦਾ ਹੈ। ਸੰਘ-ਭਾਜਪਾ ਅਸਲ ‘ਚ, ਪੰਜਾਬ ‘ਚ ਆਪਣੀ ਸਿਆਸੀ ਤੇ ਵਿਚਾਰਧਾਰਕ ਪੈਠ ਬਣਾਉਣ ਤੇ ਸੂਬੇ ਦੀ ਰਾਜਨੀਤੀ ‘ਚ ਘੁਸਪੈਠ ਕਰਨ ਲਈ ਬਹੁਤ ਆਤੁਰ ਹਨ। ਆਪਣੇ ਇਨ੍ਹਾਂ ਕੋਝੇ ਇਰਾਦਿਆਂ ਨੂੰ ਅਮਲੀ ਜ਼ਾਮਾ ਪਹਿਨਾਉਣ ਲਈ ਆਰ.ਐਸ. ਐਸ. ਦੇ ਉੱਚ ਆਗੂ ਪਿੱਛਲੇ ਕਾਫੀ ਸਮੇਂ ਤੋਂ ਸੂਬੇ ਦੇ ਸਾਰੇ ਭਾਗਾਂ ‘ਚ ਲਗਾਤਾਰ ਲੁਕਵੇਂ ਤੇ ਜ਼ਾਹਿਰਾ ਗੇੜੇ ਮਾਰ ਰਹੇ ਹਨ। ਸਰਹੱਦੀ ਇਲਾਕਿਆਂ ‘ਚ ਉਹ ਲੰਮੇ ਸਮੇਂ ਤੋਂ ਉਚੇਚ ਨਾਲ ਸਰਗਰਮੀਆਂ ਕਰ ਰਹੇ ਹਨ। ਫਿਰਕੂ ਨਜ਼ਰੀਏ ਤੋਂ ਕੀਤੀ ਗਈ ਸੰਵਿਧਾਨ ਵਿਰੋਧੀ ਕਾਰਵਾਈ ਤਹਿਤ ਮੋਦੀ ਸਰਕਾਰ ਪਹਿਲਾਂ ਹੀ ਜੰਮੂ-ਕਸ਼ਮੀਰ ਨਾਲ ਸਬੰਧਤ ਧਾਰਾ 370 ਤੇ 35 ਏ ਦਾ ਖਾਤਮਾ ਕਰਕੇ ਪ੍ਰਾਂਤ ਕੋਲੋਂ ਪੂਰਨ ਸੂਬੇ ਦਾ ਦਰਜਾ ਖੋਹ ਕੇ ਦੋ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ‘ਚ ਵੰਡ ਚੁੱਕੀ ਹੈ। ਹੁਣ ਉਨ੍ਹਾਂ ਦਾ ਇਰਾਦਾ ਪੰਜਾਬ ਦੀ ਸਿਆਸਤ, ਸੱਭਿਆਚਾਰ ਤੇ ਮਾਨਵੀ ਵਿਚਾਰਧਾਰਾ ਨੂੰ ਹਿੰਦੂਤਵੀ-ਭਗਵਾਂ ਰੰਗ ਚੜਾਉਣ ਦਾ ਹੈ। ਪ੍ਰੰਤੂ, ਪੰਜਾਬੀਆਂ ਦਾ ਉਪਰ ਬਿਆਨਿਆ ਨਿੱਗਰ ਵਿਰਸਾ ਤੇ ਮਾਨਵ ਹਿਤੈਸ਼ੀ ਸੋਚ, ਸੰਘ-ਭਾਜਪਾ ਦੇ ਉਕਤ ਕੋਝੇ ਯਤਨਾਂ ਦੇ ਰਾਹ ਦਾ ਸਭ ਤੋਂ ਵੱਡਾ ਅੜਿੱਕਾ ਬਣੇ ਹੋਏ ਹਨ।
ਅਕਾਲੀ-ਭਾਜਪਾ ਗਠਜੋੜ ਦੀਆਂ ਸਾਂਝੀਆਂ ਸਰਕਾਰਾਂ ਦੇ ਦੌਰ ‘ਚ, ਸੰਘੀ ਸੰਗਠਨਾਂ ਨੂੰ ਸੂਬੇ ਦੇ ਸ਼ਹਿਰੀ ਖੇਤਰਾਂ ਦੇ ਨਾਲ- ਨਾਲ ਅਰਧ ਸ਼ਹਿਰੀ ਤੇ ਪੇਂਡੂ ਹਲਕਿਆਂ ‘ਚ ਵੀ ਘੁਸਪੈਠ ਕਰਨ ਦਾ ਢੁੱਕਵਾਂ ਮੌਕਾ ਮਿਲਿਆ ਸੀ। ਇੱਥੋਂ ਤੱਕ ਕਿ ਸਿੱਖ ਧਾਰਮਿਕ ਸੰਸਥਾਵਾਂ ‘ਚ ਵੀ ਉਨ੍ਹਾਂ ਦਾ ਦਖ਼ਲ ਚਿੰਤਾਜਨਕ ਹੱਦ ਤੱਕ ਵੱਧ ਗਿਆ ਹੈ। ਯਾਦ ਰਹੇ, ਅਕਾਲੀ ਦਲ ਤੇ ਭਾਜਪਾ ਦੇ ਆਗੂ, ਦੋਹਾਂ ਦਲਾਂ ਦੇ ਗਠਜੋੜ ਤੇ ਇਨ੍ਹਾਂ ਦੀਆਂ ਸਾਂਝੀਆਂ ਸਰਕਾਰਾਂ ਨੂੰ ‘ਹਿੰਦੂ-ਸਿੱਖ ਏਕਤਾ’ ਦਾ ਪ੍ਰਤੀਕ ਕਹਿ ਕੇ ਵਡਿਆਉਂਦੇ ਰਹੇ ਹਨ। ਜਦ ਕਿ ਹਕੀਕਤ ਇਹ ਹੈ ਕਿ ਇਸ ਗਠਜੋੜ ਨੇ ਸੂਬੇ ਅੰਦਰ ਆਰ.ਐਸ.ਐਸ. ਦੀ ਉਸ ਜ਼ਹਿਰੀਲੀ, ਵੰਡਵਾਦੀ ਵਿਚਾਰਧਾਰਾ ਨੂੰ ਵੱਧਣ-ਫੁੱਲਣ ਦਾ ਵੱਡਾ ਮੌਕਾ ਪ੍ਰਦਾਨ ਕੀਤਾ ਹੈ, ਜੋ ਬਹੁ ਗਿਣਤੀ ਹਿੰਦੂ ਵਸੋਂ ਦੇ ਮਨਾਂ ‘ਚ ਸਿੱਖਾਂ ਸਮੇਤ ਸਮੂਹ ਘੱਟ ਗਿਣਤੀਆਂ ਖਿਲਾਫ਼ ਨਫ਼ਰਤ ਭਰਨ ਰਾਹੀਂ ਡੂੰਘੀ ਸਮਾਜਿਕ ਦਰਾੜ ਪੈਦਾ ਕਰਦੀ ਹੈ।
ਇਸ ਤਰ੍ਹਾਂ, ਇਹ ਉਹ ਸਮਾਂ ਹੈ ਜਦੋਂ ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੂੰ ਇਸ ਪੱਖੋਂ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ। ਬਿਨਾਂ ਸ਼ੱਕ, ਇਸ ਰਾਜਨੀਤਕ ਨੁਕਸਾਨ ਤੇ ਵਿਚਾਰਧਾਰਕ ਭੰਬਲਭੂਸੇ ਲਈ ਅਕਾਲੀ ਦਲ ਦੇ ਉੱਚ ਆਗੂ ਦੋਸ਼ੀ ਹਨ।
ਅਕਾਲੀ ਦਲ ਦੇ ਅਜੋਕੇ ਹਸ਼ਰ ਦਾ ਇਕ ਪ੍ਰਮੁੱਖ ਕਾਰਨ, ਇਸ ਦੇ ਆਗੂਆਂ ਵਲੋਂ ਸਿੱਖ ਗੁਰੂ ਸਾਹਿਬਾਨ ਤੇ ਭਗਤੀ ਲਹਿਰ ਦੇ ਮਹਾਂ ਪੁਰਸ਼ਾਂ ਦੀ ਬਾਣੀ ਤੇ ਸਿੱਖਿਆਵਾਂ ਤੋਂ ਮੂੰਹ ਮੋੜ ਕੇ ਸੱਤਾ ਤੇ ਪੈਸੇ ਦੀ ਲਾਲਸਾ ਤਹਿਤ ਭਾਜਪਾ ਵਰਗੀ ਫਿਰਕੂ ਪਾਰਟੀ ਨਾਲ ਰਾਜਨੀਤਕ ਸਾਂਝਾਂ ਪਾਉਣਾ ਵੀ ਹੈ। ਅਕਾਲੀ ਆਗੂਆਂ ਨੇ, ਆਰਐਸਐਸ-ਭਾਜਪਾ ਦੀ ਏਕਾਧਿਕਾਰਵਾਦੀ ਪ੍ਰਵਿਰਤੀ ਮੂਹਰੇ ਗੋਡੇ ਟੇਕਦਿਆਂ ਧਾਰਮਿਕ ਘੱਟ ਗਿਣਤੀਆਂ ਦੇ ਹੱਕ-ਹਕੂਕ ਦੀ ਰਾਖੀ ਦੀ ਅਲੰਬਰਦਾਰ ਅਤੇ ਲੋਕਰਾਜ ਤੇ ਫੈਡਰਲਿਜ਼ਮ ਨੂੰ ਸਮਰਪਿਤ ਖੇਤਰੀ ਪਾਰਟੀ ਵਜੋਂ ਨਿਭਾਏ ਜਾਣ ਵਾਲੇ ਆਪਣੇ ਫਰਜ਼ਾਂ ਤੋਂ ਮੂੰਹ ਮੋੜ ਲਿਆ ਹੈ। ਇਸ ਸਵੈਘਾਤੀ ਰਾਹ ‘ਤੇ ਚਲਦਿਆਂ ਅਕਾਲੀ ਦਲ ਨੇ ਫੈਡਰਲ ਢਾਂਚੇ ਦੀ ਰਾਖੀ ਤੇ ਮਜ਼ਬੂਤੀ ਲਈ ਤੇ ਪੰਜਾਬ ਦੀਆਂ ਹੱਕ ਵਜਾਨਬ ਮੰਗਾਂ ਦੀ ਪ੍ਰਾਪਤੀ ਲਈ ਜੱਦੋ ਜਹਿਦ ਕਰਨ ਅਤੇ ਸੂਬੇ ਦਾ ਲੋਕ ਪੱਖੀ ਸੰਤੁਲਤ ਆਰਥਿਕ ਵਿਕਾਸ ਕਰਨ ਦਾ ਰਾਹ ਵੀ ਤਿਆਗ ਦਿੱਤਾ ਹੈ। ਆਪਣੇ ਸੌੜੇ ਸਿਆਸੀ ਹਿਤ ਪੂਰਨ ਲਈ ਅਕਾਲੀ ਨੇਤਾਵਾਂ ਵਲੋਂ ਕੀਤੀ ਗਈ ਧਰਮ ਦੀ ਰੱਜਵੀਂ ਦੁਰਵਰਤੋਂ, ਅਕਾਲੀ ਦਲ ਨੂੰ ਦੇਸ਼ ਪੱਧਰੀ ਸਭ ਤੋਂ ਵੱਡੀ ਫਿਰਕੂ ਪਾਰਟੀ ਭਾਜਪਾ ਤੋਂ ਅਗਾਂਹ ਨਹੀਂ ਤਾਂ ਭਾਜਪਾ ਦੇ ਨੇੜੇ-ਤੇੜੇ ਜ਼ਰੂਰ ਲੈ ਜਾਂਦੀ ਹੈ।
ਅੱਜ ਕੇਂਦਰੀ ਸੱਤਾ ‘ਤੇ ਕਾਬਜ਼ ਮੋਦੀ ਸਰਕਾਰ, ਦੇਸ਼ ਅੰਦਰ ਧਰਮ ਅਧਾਰਤ, ਗੈਰ ਲੋਕਰਾਜੀ ਰਾਸ਼ਟਰ ਦੀ ਕਾਇਮੀ ਦੇ ਆਰ.ਐਸ.ਐਸ. ਦੇ ਏਜੰਡੇ ਦੀ ਸਫਲਤਾ ਲਈ ਪੂਰਾ ਤਾਣ ਲਾ ਰਹੀ ਹੈ। ਪ੍ਰੰਤੂ ਅਕਾਲੀ ਆਗੂ ਅਤੀਤ ਤੋਂ ਕੋਈ ਢੁਕਵਾਂ ਸਬਕ ਸਿੱਖਦੇ ਹੋਏ ਅਜੇ ਵੀ ਜਮਹੂਰੀ ਤੇ ਧਰਮ ਨਿਰਪੱਖ ਕਦਰਾਂ-ਕੀਮਤਾਂ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਹੱਕਾਂ-ਹਿੱਤਾਂ ਦੀ ਰਾਖੀ ਦੀ ਦਾਅਵੇਦਾਰ ਖੇਤਰੀ ਪਾਰਟੀ ਵਜੋਂ ਸਪੱਸ਼ਟ ਪੈਂਤੜਾ ਲੈਣ ਨੂੰ ਤਿਆਰ ਨਹੀਂ ਹਨ। ਅਕਾਲੀ ਆਗੂ ਤਾਂ ਉਲਟ, ਸੰਘ ਪਰਿਵਾਰ ਤੇ ਭਾਜਪਾ ਵੱਲੋਂ ਦੇਸ਼ ਤੇ ਭਾਰਤ ਵਾਸੀਆਂ ਨੂੰ ਦਰਪੇਸ਼ ਵੱਡੇ ਖਤਰਿਆਂ ਦੇ ਬਾਵਜੂਦ, ਸੱਤਾ ਪ੍ਰਾਪਤੀ ਲਈ ਭਾਜਪਾ ਨਾਲ ਸਾਂਝਾਂ ਪਾਉਣ ਲਈ ਅੱਜ ਵੀ ਤਿਆਰ ਬਰ ਤਿਆਰ ਬੈਠੇ ਹਨ। ਭਾਜਪਾ ਪ੍ਰਤੀ ਨਰਮਗੋਸ਼ਾ ਰੱਖਦੇ, ਸੱਤਾ ‘ਚ ਭਾਗੀਦਾਰੀ ਲਈ ਇਸ ਨਾਲ ਸਾਂਝ ਪਾਉਣ ਲਈ ਕਾਹਲੇ ਅਜਿਹੇ ਨੇਤਾ ਅਕਾਲੀ ਦਲ ਦੇ ‘ਬਾਗ਼ੀ’ ਤੇ ‘ਦਾਗ਼ੀ’, ਦੋਨਾਂ ਧੜਿਆਂ ‘ਚ ਹੀ ਮੌਜੂਦ ਹਨ। ਇਹ ਵੱਖਰੀ ਗੱਲ ਹੈ ਕਿ ਭਾਜਪਾ ਵਾਲੇ ਅਕਾਲੀ ਆਗੂਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਅਜੇ ਕੋਈ ਹੁੰਗਾਰਾ ਨਹੀਂ ਭਰ ਰਹੇ। ਦਰਅਸਲ ਉਹ ਦਲ ਬਦਲੂਆਂ ਦੀ ਮਦਦ ਨਾਲ ਅਕਾਲੀ ਦਲ ਦੇ ਜਨਤਕ ਅਧਾਰ ਨੂੰ ਹੋਰ ਖੋਰਾ ਲਾ ਕੇ ਪ੍ਰਾਂਤ ਅੰਦਰ ਅਕਾਲੀ ਦਲ ਦੇ ਮੁਕਾਬਲੇ ਵੱਡੀ ਰਾਜਸੀ ਧਿਰ ਦਾ ਰੁਤਬਾ ਹਾਸਲ ਕਰਨ ਲਈ ਯਤਨਸ਼ੀਲ ਹਨ। ਹੁਣ ਤਾਂ ਸੰਘ ਪਰਿਵਾਰ ਤੇ ਭਾਜਪਾ ਨੇ ਮੋਦੀ ਸਰਕਾਰ ਰਾਹੀਂ ਸੱਤਾ ਦੀ ਦੁਰਵਰਤੋਂ ਤੇ ਧਨ ਦੇ ਲਾਲਚ ਤਹਿਤ ਜਾਂ ਸਰਕਾਰੀ ਏਜੰਸੀਆਂ ਦਾ ਭੈਅ ਦਿਖਾ ਕੇ ਅਕਾਲ ਤਖਤ ਦੇ ਜਥੇਦਾਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਨੇਕਾਂ ਮੈਂਬਰਾਂ ਤੇ ਵੱਡੇ ਅਕਾਲੀ ਨੇਤਾਵਾਂ ਤੱਕ ਆਪਣੀ ਪਹੁੰਚ ਹੋਰ ਵੀ ਸੌਖੀ ਬਣਾ ਲਈ ਹੈ।
ਦਮਦਮੀ ਟਕਸਾਲ ਸਮੇਤ ਸਿੱਖਾਂ ਦੇ ਵੱਖੋ-ਵੱਖ ਧਾਰਮਿਕ ਡੇਰਿਆਂ ਤੇ ਕਾਬਜ਼ ਨਾਮ ਨਿਹਾਦ ਸੰਤਾਂ ਵੱਲੋਂ ਖੁੱਲ੍ਹ ਕੇ ਭਾਜਪਾ ਦੀ ਹਮਾਇਤ ਕੀਤੀ ਜਾ ਰਹੀ ਹੈ। ਉਸ ਤੋਂ ਪਤਾ ਲੱਗਦਾ ਹੈ ਕਿ ‘ਸਿੱਖ ਰਾਜ’ ਦੇ ਨਾਅਰਿਆਂ ਰਾਹੀਂ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਕਰਕੇ ‘ਔਝੜ’ ਰਾਹਾਂ ‘ਤੇ ਤੋਰਨ ਵਾਲੇ ਹਕੂਮਤੀ ਏਜੰਟ ਹੁਣ ਆਰ.ਐਸ.ਐਸ. ਦੇ ‘ਹਿੰਦੂ ਰਾਸ਼ਟਰ’ ਦੀ ਕਾਇਮੀ ਦੇ ਨਿਸ਼ਾਨੇ ਦੇ ਹੱਕ ‘ਚ ਵੀ ਨਿਸੰਗ ਨਿੱਤਰ ਆਏ ਹਨ। ਇਹ ਵਰਤਾਰਾ ਪੰਜਾਬ ਲਈ ਤਾਂ ਖਤਰੇ ਦੀ ਘੰਟੀ ਹੈ ਹੀ, ਇਸ ਨੂੰ ਮਹਾਨ ਸਿੱਖ ਫਲਸਫੇ ਅੰਦਰ ਖੋਟ ਰਲਾ ਕੇ ਅੰਦਰੋਂ ਖੋਖਲਾ ਕਰਨ ਦੇ ਛਡਯੰਤਰ ਵਜੋਂ ਵੀ ਦੇਖਿਆ ਜਾਣਾ ਚਾਹੀਦਾ ਹੈ।
ਯਾਦ ਕਰੋ, ਪਿਛਲੇ ਦਿਨੀਂ ਮਰਹੂਮ ਭਾਜਪਾ ਆਗੂ ਅਟੱਲ ਬਿਹਾਰੀ ਵਾਜਪਾਈ ਨਮਿੱਤ ਰੱਖੇ ਇਕ ਪ੍ਰੋਗਰਾਮ ‘ਚ ਇਕ ਗਾਇਕਾ ਨੇ ਧਾਰਮਿਕ ਮਾਨਤਾਵਾਂ ਵਾਲੇ ਲੋਕਾਂ ਵੱਲੋਂ ਗਾਏ ਜਾਂਦੇ ਮਸ਼ਹੂਰ ਭਜਨ,
“ਰਘੂਪਤੀ ਰਾਘਵ ਰਾਜਾ ਰਾਮ, ਪਤਿਤ ਪਾਵਨ ਸੀਤਾ ਰਾਮ, ਈਸ਼ਵਰ ਅੱਲਾ ਤੇਰੇ ਨਾਮ, ਸਭ ਕੋ ਸਨਮਤੀ ਦੇ ਭਗਵਾਨ”
ਗਾਉਂਦਿਆਂ ਜਦੋਂ ‘ਅੱਲਾਹ’ ਸ਼ਬਦ ਉਚਾਰਿਆ, ਤਾਂ ਸੰਘ ਪਰਿਵਾਰ ਦੇ ਖਰੂਦੀ ਤੱਤ ਕਿਵੇਂ ਉਸ ਗਾਇਕਾ ‘ਤੇ ਟੁੱਟ ਪਏ ਸਨ!
ਇਹ ਬੇਹਯਾ ਟੋਲੇ ਉਸ ਗਾਇਕਾ ਨਾਲ ਬਦਤਮੀਜ਼ੀ ਤੇ ਹੱਥੋਪਾਈ ਕਰਨ ਤੱਕ ਉਤਰ ਆਏ ਸਨ। ਇਹੋ ਸ਼ਾਵਨਵਾਦੀ ਖਰੂਦੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਕਲਿਤ ਬਾਣੀ ਦਾ ਪਾਠ ਕਰਦਿਆਂ ਇਸ ਵਿਚ ਦਰਜਨਾਂ ਵਾਰ ਲਿਖੇ ਹੋਏ ‘ਅੱਲਾਹ’ ਸ਼ਬਦ ਦੇ ਉਚਾਰਨ ‘ਤੇ ਕਿਉਂ ਨਹੀਂ ਤਿਲਮਿਲਾਉਣਗੇ? ਯਾਦ ਰਹੇ, ਸਰਵ ਸਾਂਝੇ ਸ਼੍ਰੀ ਗੁਰੂ ਗ੍ਰੰਥ ਸਾਹਿਬ ‘ਚ ਸਿੱਖ ਗੁਰੂ ਸਾਹਿਬਾਨ ਵਲੋਂ ਰਚਿਤ ਬਾਣੀ ਦੇ ਨਾਲ-ਨਾਲ ਹੋਰ ਧਰਮਾਂ ਨਾਲ ਸਬੰਧਤ ਭਗਤਾਂ ਅਤੇ ਸਮਾਜ ਸੁਧਾਰਕਾਂ ਦੀ ਲਿਖੀ ਬਾਣੀ ਵੀ ਸ਼ਾਮਿਲ ਕੀਤੀ ਗਈ ਹੈ। ਪ੍ਰੰਤੂ ਆਰ.ਐਸ.ਐਸ. ਨੇ ਆਪਣੇ ਸਾਰੇ ਕੁਨਬੇ ਦੇ ਮਨਾਂ ‘ਚ ਦੂਜੇ ਧਰਮਾਂ, ਖਾਸ ਕਰਕੇ ਮੁਸਲਮਾਨਾਂ, ਸ਼ੂਦਰਾਂ ਯਾਨਿ ਅਜੋਕੇ ਦਲਿਤਾਂ ਅਤੇ ਇਸਤਰੀਆਂ ਖਿਲਾਫ਼, ਕੁੱਟ-ਕੁੱਟ ਕੇ ਨਫ਼ਰਤ ਭਰੀ ਹੋਈ ਹੈ। ਇਸ ਲਈ ਅਕਾਲੀ ਆਗੂਆਂ ਨੂੰ ਇਹ ਭਲੀ-ਭਾਂਤ ਸਮਝ ਲੈਣਾ ਚਾਹੀਦੀ ਹੈ ਕਿ ਅਜੋਕੇ ਸਮੇਂ ਭਾਜਪਾ ਨਾਲ ਪਾਈ ਸਿਆਸੀ ਸਾਂਝ, ਜਿਸ ਨੂੰ ਅਤੀਤ ‘ਚ ਉਹ ਨਹੁੰ-ਮਾਸ ਦਾ ਰਿਸ਼ਤਾ ਕਹਿ ਕੇ ਹੱਕੀ ਸਿੱਧ ਕਰਦੇ ਰਹੇ ਹਨ, ਅਕਾਲੀ ਦਲ ਨੂੰ ਹੋਰ ਖੇਰੂੰ-ਖੇਰੂੰ ਕਰਕੇ ਇਸ ਦੇ ਆਮ ਲੋਕਾਂ, ਖਾਸ ਕਰਕੇ ਸਿੱਖ ਜਨ ਸਮੂਹਾਂ ਨਾਲੋਂ ਅੱਜ ਨਾਲੋਂ ਵੀ ਕਿਤੇ ਵੱਧ ਨਿਖੇੜੇ ਦਾ ਕਾਰਨ ਬਣੇਗੀ। ਪਿਛਾਖੜੀ ਵਿਚਾਰਧਾਰਾ ਦੇ ਪਹਿਰਾਬਰਦਾਰਾਂ ਨੇ ਜਿਵੇਂ ਅਤੀਤ ‘ਚ ਬੁੱਧ ਤੇ ਜੈਨ ਮਤ ਜਿਹੇ ਮੁਕਾਬਲਤਨ ਤਰਕਵਾਦੀ ਧਰਮਾਂ ਨੂੰ ਖੂੰਜੇ ਲਾਇਆ ਸੀ, ਠੀਕ ਉਵੇਂ ਹੀ ਪਿਛਾਖੜੀ ਵਿਚਾਰਾਂ ਦਾ ਅਜੋਕਾ ਸਭ ਤੋਂ ਵੱਡਾ ਝੰਡਾਬਰਦਾਰ ਆਰ.ਐਸ.ਐਸ., ਸਿੱਖ ਧਰਮ ਨੂੰ ਸੰਗੋੜਨ ਦਾ ਵੀ ਹਰ ਸੰਭਵ ਯਤਨ ਕਰ ਰਿਹਾ ਹੈ। ਆਉਂਦੇ ਸਮੇਂ ‘ਚ ਇਹ ਹੱਲਾ ਹੋਰ ਤੇਜ਼ ਕੀਤੇ ਜਾਣ ਦੀਆਂ ਸੰਭਾਵਨਾਵਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।
ਬਦਕਿਸਮਤੀ ਨਾਲ, ਪੰਜਾਬ ਦੇ ਨਾਬਰੀ ਦੇ ਸੁਭਾਅ, ਸਿੱਖ ਗੁਰੂ ਸਾਹਿਬਾਨ ਤੇ ਭਗਤੀ ਲਹਿਰ ਦੇ ਰਹਿਬਰਾਂ ਦੀ ਮਾਨਵੀ ਸਰੋਕਾਰਾਂ ਨਾਲ ਲਬਰੇਜ਼ ਬਾਣੀ, ਤਰਕਵਾਦੀ ਸਿੱਖਿਆਵਾਂ ਅਤੇ ਸਿੱਖ ਫਲਸਫੇ ਦੇ ਇਨਕਲਾਬੀ ਤੱਤ ਤੇ ਅਗਾਂਹਵਧੂ ਸਰੋਕਾਰਾਂ ਉਪਰ ਆਰ.ਐਸ.ਐਸ. ਵੱਲੋਂ ਕੀਤੇ ਜਾ ਰਹੇ ਪਿੱਛਲਖੁਰੀ, ਸਨਾਤਨੀ ਹੱਲੇ ਵਿਰੁੱਧ ਕੋਈ ਵੀ ਸਿੱਖ ਬੁੱਧੀਜੀਵੀ ਤੇ ਵਿਦਵਾਨ ਡਟਵਾਂ ਸਟੈਂਡ ਲੈ ਕੇ ਮੈਦਾਨ ‘ਚ ਨਹੀਂ ਨਿਤਰ ਰਿਹਾ। ਲੋਕ ਹਿਤਾਂ ਨੂੰ ਪ੍ਰਣਾਏ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਹੋਣ ਦਾ ਦਮ ਭਰਨ ਵਾਲੇ ਸਿੱਖ ਭਾਈਚਾਰੇ, ਖਾਸ ਕਰਕੇ ਸਿੱਖ ਰਾਜਸੀ ਆਗੂਆਂ ਦਾ ਚੋਖਾ ਭਾਗ ਸੱਤਾ ਤੇ ਧਨ ਦੀ ਲਾਲਸਾ ਤੇ ਅਨੇਕਾਂ ਹੋਰ ਲਾਲਚਾਂ ਅਧੀਨ ਜਾਂ ਏਜੰਸੀਆਂ ਦੇ ਡਰੋਂ ਗੁਰੂਬਾਣੀ ਦੇ ਮੂਲ ਤੱਤ ਦੀ ਮੁੱਢੋਂ ਵਿਰੋਧੀ ਸਨਾਤਨੀ ਵਿਚਾਰਧਾਰਾ ਦਾ ਪਸਾਰਾ ਕਰਨ ਵਾਲੀ ਭਾਜਪਾ ਨਾਲ ਰਾਜਸੀ ਸਾਂਝਾਂ ਪਾਉਣ ਲਈ ਪੱਬਾਂ ਭਾਰ ਹੋਇਆ ਬੈਠਾ ਹੈ। ਹਰ ਸੂਝਵਾਨ ਮਨੁੱਖ ਚਿੰਤਾਤੁਰ ਹੈ ਕਿ ਸਿੱਖ ਵਿਦਵਾਨ ਤੇ ਦਾਨਿਸ਼ਮੰਦ ਆਰ.ਐਸ.ਐਸ. ਦੀਆਂ ਕੁਚਾਲਾਂ ਨੂੰ ਸਮਝਣ ਅਤੇ ਇਨ੍ਹਾਂ ਦਾ ਪਰਦਾਫਾਸ਼ ਕਰਨ ਲਈ ਅੱਗੇ ਕਿਉਂ ਨਹੀਂ ਆ ਰਹੇ ?
ਬਿਨ੍ਹਾਂ ਸ਼ੱਕ ਕਾਂਗਰਸ ਪਾਰਟੀ ਦੇ ਸ਼ਾਸ਼ਨ ਕਾਲ ਦੌਰਾਨ ਪੰਜਾਬ ਤੇ ਸਿੱਖਾਂ ਨਾਲ ਅਨੇਕਾਂ ਜ਼ਿਆਦਤੀਆਂ ਹੋਈਆਂ ਹਨ। ਜੂਨ 1984 ‘ਚ ਕੀਤੇ ਗਏ ‘ਓਪਰੇਸ਼ਨ ਬਲਿਊ ਸਟਾਰ’ ਅਤੇ ਇੰਦਰਾ ਗਾਂਧੀ ਦੇ ਕਤਲ ਤੋਂ ਪਿੱਛੋਂ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆਂ ‘ਚ ਕੀਤੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੀਆਂ ਭਿਆਨਕ ਯਾਦਾਂ ਅਜੇ ਵੀ ਲੋਕ ਮਨਾਂ ‘ਚ ਤਾਜ਼ਾ ਹਨ। ਪ੍ਰੰਤੂ ਅਤੀਤ ਦੇ ਇਸ ਘਟਨਾਕ੍ਰਮ ਦੇ ਆਧਾਰ ‘ਤੇ ਕਾਂਗਰਸ ਦਾ ਅੰਨ੍ਹਾ ਵਿਰੋਧ ਕਰਦੇ ਹੋਏ, ਸਮਾਜ ‘ਚ ਫਿਰਕੂ ਨਫ਼ਰਤ ਪੈਦਾ ਕਰਨ ਦੀ ਨਿਰੋਲ ਮੰਸ਼ਾ ਤਹਿਤ ਬਸਤੀਵਾਦੀ ਬ੍ਰਿਟਿਸ਼ ਸਾਮਰਾਜੀਆਂ ਵਲੋਂ ਖੜ੍ਹੇ ਕੀਤੇ ਗਏ ਆਰ.ਐਸ.ਐਸ. ਤੇ ਇਸ ਦੇ ਇਸ਼ਾਰਿਆਂ ‘ਤੇ ਨੱਚਣ ਵਾਲੇ ਇਸ ਦੇ ਸਿਆਸੀ ਵਿੰਗ ਭਾਜਪਾ ਨਾਲ ਨੇੜਤਾ ਕਾਇਮ ਕਰਨੀ ਅਕਾਲੀ ਦਲ ਲਈ ਨਾ ਤਾਂ ਤਰਕ ਸੰਗਤ ਹੈ ਤੇ ਨਾ ਹੀ ਲੰਮੇ ਸਮੇਂ ਲਈ ਕਿਸੇ ਪੱਖੋਂ ਲਾਹੇਵੰਦੀ ਰਹੇਗੀ। ਕਾਂਗਰਸ, ਆਰਥਿਕ ਨੀਤੀ ਚੌਖਟੇ ਪੱਖੋਂ ਭਾਜਪਾ ਨਾਲੋਂ ਉੱਕਾ ਹੀ ਭਿੰਨ ਨਹੀਂ ਹੈ। ਪ੍ਰੰਤੂ ਦੇਸ਼ ‘ਚ ਧਰਮ ਅਧਾਰਤ ਰਾਜ ਸਥਾਪਤ ਕਰਨ ਤੇ ਮੌਜੂਦਾ ਸੰਵਿਧਾਨ ਦੀਆਂ ਬੁਨਿਆਦਾਂ ਤਬਦੀਲ ਕਰਕੇ ਰਾਜਕੀ ਢਾਂਚੇ ਨੂੰ ‘ਮਨੂੰਸਿਮਰਤੀ’ ਦੇ ਰੰਗ ‘ਚ ਰੰਗਣ ਦੇ ਮਾਮਲੇ ‘ਚ ਇਹ ਆਰ.ਐਸ.ਐਸ. ਤੇ ਭਾਜਪਾ ਦੀ ਸਖ਼ਤ ਵਿਚਾਰਧਾਰਕ ਵਿਰੋਧੀ ਹੈ। ਭਾਜਪਾ ਨੂੰ ਕੇਂਦਰੀ ਸੱਤਾ ਤੋਂ ਬੇਦਖ਼ਲ ਕਰਨ ਲਈ ਹੋਰ ਵੀ ਅਨੇਕਾਂ ਗੈਰ ਭਾਜਪਾ ਰਾਜਸੀ ਪਾਰਟੀਆਂ ਤੇ ਖੱਬੀਆਂ ਧਿਰਾਂ ਦਾ, ਜੋ ਲੰਮਾ ਸਮਾਂ ਕਾਂਗਰਸ ਦੀਆਂ ਵਿਰੋਧੀ ਰਹੀਆਂ ਹਨ, ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਾਂਗਰਸ ਨਾਲ ਸਹਿਯੋਗ ਕਰਨ ਦਾ ਪੈਂਤੜਾ ਅਜੋਕੀਆਂ ਅਵਸਥਾਵਾਂ ਅੰਦਰ ਜ਼ਰੂਰੀ ਹੀ ਨਹੀਂ, ਬਲਕਿ ਹਿੰਦੂਆਂ ਸਮੇਤ ਦੇਸ਼ ਦੇ ਸਮੁੱਚੇ ਲੋਕਾਂ, ਖਾਸਕਰ ਧਾਰਮਿਕ ਘੱਟ ਗਿਣਤੀਆਂ ਦੇ ਹਿਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਤਰਕ ਸੰਗਤ ਵੀ ਹੈ।
ਪੰਜਾਬ ਦਾ ਇਕ ਵੱਡਾ ਸਿਆਸੀ ਦੁਖਾਂਤ ਇਹ ਵੀ ਹੈ ਕਿ ਕਾਂਗਰਸ ਤੇ ‘ਆਪ’ ਸਮੇਤ ਸੂਬੇ ਦੇ ਕਈ ਹੋਰ ਰਾਜਸੀ ਦਲ, ਆਰ.ਐਸ.ਐਸ. ਦੀ ਖਤਰਨਾਕ ਵਿਚਾਰਧਾਰਾ ਤੇ ਧਰਮ ਆਧਾਰਿਤ ਰਾਜ (ਥਿਓਕਰੈਟਿਕ ਸਟੇਟ) ਕਾਇਮ ਕਰਨ ਦੇ ਇਸ ਦੇ ਤਬਾਹਕੁੰਨ ਏਜੰਡੇ ਦਾ ਤਰਕ-ਵਿਵੇਕ ਨਾਲ ਵਿਰੋਧ ਨਹੀਂ ਕਰਦੇ। ਇਸ ਦੀ ਥਾਂ ਇਨ੍ਹਾਂ ਦਲਾਂ ਦੇ ਵੱਡੇ-ਛੋਟੇ ਆਗੂ ਆਪਣੇ ਹਮਲੇ ਦੀ ਧਾਰ ਭਾਜਪਾ ਆਗੂਆਂ ਵਿਰੁੱਧ ਹਲਕੀ ਕਿਸਮ ਦੇ ਨਿੱਜੀ ਹਮਲੇ ਕਰਨ ਤੱਕ ਹੀ ਸੀਮਤ ਰੱਖਦੇ ਹਨ। ਐਪਰ ਇਹ ਤਸੱਲੀ ਦੀ ਗੱਲ ਹੈ ਕਿ ਪ੍ਰਾਂਤ ਦੀਆਂ ਖੱਬੀਆਂ-ਇਨਕਲਾਬੀ ਧਿਰਾਂ, ਆਰ.ਐਸ. ਐਸ.-ਭਾਜਪਾ ਦੇ ਵੰਡਵਾਦੀ ਏਜੰਡੇ ਤੇ ਫਿਰਕੂ-ਫਾਸ਼ੀ ਵਿਚਾਰਧਾਰਾ ਖਿਲਾਫ਼ ਡਟਵਾਂ ਸਟੈਂਡ ਲੈਂਦੀਆਂ ਹੋਈਆਂ ਹੋਰ ਅਸਰਦਾਇਕ ਤੇ ਠੋਸ ਫੈਸਲੇ ਲੈਣ ਦੀ ਦਿਸ਼ਾ ਵੱਲ ਕਦਮ ਦਰ ਕਦਮ ਅੱਗੇ ਵੱਧ ਰਹੀਆਂ ਹਨ।
‘ਆਪ’ ਦੀ ਅਗਵਾਈ ਵਾਲੀ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ, ਨਾ ਕੇਵਲ ਆਰਥਿਕ ਨੀਤੀਆਂ ਪੱਖੋਂ ਕੇਂਦਰ ਦੀ ਮੋਦੀ ਸਰਕਾਰ ਦੀ ਹਮਜੋਲੀ ਹੈ, ਬਲਕਿ ਵਿਚਾਰਧਾਰਾ ਪੱਖੋਂ ਵੀ ਇਹ ਆਰ.ਐਸ.ਐਸ. ਦੇ ਫਿੱਟ ਬਹਿੰਦੀ ‘ਨਰਮ ਹਿੰਦੂਤਵੀ ਸੋਚ ਦੀ ਧਾਰਨੀ ਹੈ। ਅਜਿਹੀ ਪਾਰਟੀ, ਜਿਸ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਵਾਰ-ਵਾਰ ਇਹ ਕਹਿੰਦਾ ਹੋਵੇ ਕਿ ‘ਆਪ’ ਦੀ ਕੋਈ ਵਿਚਾਰਧਾਰਾ ਹੀ ਨਹੀਂ ਹੈ, ਵਲੋਂ ਆਰ.ਐਸ.ਐਸ. ਦੀ ਸਨਾਤਨੀ- ਮਨੂੰਵਾਦੀ ਵਿਚਾਰਧਾਰਾ ਦਾ ਟਾਕਰਾ ਕੀਤੇ ਜਾਣ ਬਾਰੇ ਸੋਚਿਆ ਵੀ ਕਿਵੇਂ ਜਾ ਸਕਦਾ ਹੈ ?” ‘ਆਪ’ ਸਰਕਾਰ ਦੇ ਮੌਜੂਦਾ ਕਾਰਜਕਾਲ ਦੌਰਾਨ ਇਸ ਦੇ ਆਗੂਆਂ ਨੇ ਭ੍ਰਿਸ਼ਟ ਢੰਗਾਂ ਰਾਹੀਂ ਬੇਓੜਕ ਧਨ ਇਕੱਠਾ ਕੀਤਾ ਹੈ। ਸੂਬੇ ਦੀ ਕਨੂੰਨ-ਪ੍ਰਬੰਧ ਦੀ ਸਥਿਤੀ ਇਸ ਹੱਦ ਤਾਈਂ ਵਿਗਾੜ ਦਿੱਤੀ ਗਈ ਹੈ ਕਿ ਗੈਂਗਸਟਰ, ਮਾਫੀਆ ਸਰਗਣੇ ਤੇ ਹੋਰ ਸਮਾਜ ਵਿਰੋਧੀ ਤੱਤ ਕਤਲਾਂ, ਲੁੱਟਾਂ-ਖੋਹਾਂ, ਫਿਰੌਤੀਆਂ, ਨਸ਼ਾ ਤਸਕਰੀ, ਗੈਰ ਕਾਨੂੰਨੀ ਮਾਇਨਿੰਗ ਜਿਹੇ ਨਾਪਾਕ ਧੰਦੇ ਬੇਰੋਕ-ਟੋਕ ਜਾਰੀ ਰੱਖ ਰਹੇ ਹਨ।
ਪੁਲਸ ਵਧੀਕੀਆਂ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਜਾ ਰਹੇ ਹਨ। ਸੰਘਰਸ਼ੀ ਲੋਕਾਂ ‘ਤੇ ਚਲਾਇਆ ਜਾ ਰਿਹਾ ਜ਼ਬਰ ਦਾ ਕੁਹਾੜਾ ਵੀ ਆਪਣੀ ਚਰਮ ਸੀਮਾ ‘ਤੇ ਪੁੱਜ ਗਿਆ ਹੈ। ਇਸੇ ਕਰਕੇ ਪੰਜਾਬ ਦੇ ਆਮ ਲੋਕ ‘ਆਪ’ ਤੋਂ ਕਿਸੇ ਚੰਗੀ ਕਾਰਗੁਜ਼ਾਰੀ ਦੀ ਆਸ ਹੁਣ ਉੱਕਾ ਹੀ ਛੱਡੀ ਬੈਠੇ ਹਨ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ. ਆਈ.) ਵੱਲੋਂ ਅਸੀਂ ਅਕਾਲੀ ਆਗੂਆਂ, ਸਿੱਖ ਬੁੱਧੀਜੀਵੀਆਂ ਤੇ ਚਿੰਤਕਾਂ ਅਤੇ ਆਮ ਲੋਕਾਂ ਨੂੰ ਸਨਿੱਮਰ ਬੇਨਤੀ ਕਰਦੇ ਹਾਂ ਕਿ ਉਹ ਆਰ.ਐਸ.ਐਸ. ਤੇ ਭਾਜਪਾ ਵੱਲੋਂ ਪੰਜਾਬ ਅੰਦਰ ਵਿਛਾਏ ਜਾ ਰਹੇ ਫਿਰਕੂ ਜਾਲ ਦੇ ਖਤਰਿਆਂ ਤੋਂ ਸਾਵਧਾਨ ਹੋ ਕੇ ਇਸ ਵਿਰੁੱਧ ਰਾਜਸੀ-ਵਿਚਾਰਧਾਰਕ ਸੰਘਰਸ਼ਾਂ ਦੇ ਮੈਦਾਨ ‘ਚ ਨਿੱਤਰਨ। ਬੇਲੋੜੇ, ਇਕ ਪਾਸੜ ਪ੍ਰਚਾਰ ਤੇ ਵੰਡਵਾਦੀ ਨਾਅਰਿਆਂ ਦੇ ਜਾਲ ‘ਚ ਫਸ ਕੇ ਪੰਜਾਬ ਦੀ ਸਮੁੱਚੀ ਜਮਹੂਰੀ ਲਹਿਰ ਦਾ, ਵਿਸ਼ੇਸ਼ ਰੂਪ ‘ਚ ਸਿੱਖਾਂ ਦਾ, ਪਹਿਲਾਂ ਹੀ ਵੱਡਾ ਨੁਕਸਾਨ ਹੋ ਚੁੱਕਾ ਹੈ। ਇਸ ਉਲਾਰ ਪਹੁੰਚ ਦਾ ਸਿੱਟਾ ਹੁਣ ਵੀ ਨਿਰਸੰਦੇਹ ਘਾਤਕ ਹੀ ਨਿੱਕਲੇਗਾ। ਇਹ ਗੱਲ ਗੰਭੀਰਤਾ ਨਾਲ ਸੋਚਣ ਵਾਲੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੰਧਾਂ ‘ਤੇ ਆਪੱਤੀਜਨਕ ਭੜਕਾਊ ਨਾਅਰੇ ਲਿਖੇ ਜਾਣ ਅਤੇ ਹਿੰਦੂ-ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਧਾਰਮਿਕ ਗ੍ਰੰਥਾਂ ਸਮੇਤ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤਾਂ ਦੀ ਬੇਹੁਰਮਤੀ ਕਰਨ ਦੀਆਂ ਘਟਨਾਵਾਂ ‘ਚ ਅਚਾਨਕ ਭਾਰੀ ਵਾਧਾ ਕਿਉਂ ਹੋ ਰਿਹਾ ਹੈ ? ਇਹ ਕੰਮ ਕੇਵਲ ਤੇ ਕੇਵਲ ਸ਼ੱਕੀ ਕਿਰਦਾਰ ਵਾਲੇ ਸ਼ਰਾਰਤੀ ਅਨਸਰ, ਫਿਰਕੂ ਤੱਤ ਤੇ ਸਰਕਾਰੀ ਏਜੰਟ ਹੀ ਕਰ ਸਕਦੇ ਹਨ। ਇਸ ਵਿਚ ਵੀ ਹੁਣ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹੀ ਕਿ ਇਹ ਕਾਰੇ, ਸਮਾਜ ਦਾ ਫਿਰਕੂ-ਜਾਤੀਵਾਦੀ ਲੀਹਾਂ ‘ਤੇ ਧਰੁਵੀਕਰਨ ਕਰਕੇ, ਆਰ.ਐਸ. ਐਸ. ਤੇ ਭਾਜਪਾ ਨੂੰ ਲਾਭ ਪੁਚਾਉਣ ਦੀ ਕੋਝੀ ਇੱਛਾ ਤਹਿਤ ਕੀਤੇ ਜਾ ਰਹੇ ਹਨ। ਯਾਦ ਰਹੇ, ਪੰਜਾਬ ਅੰਦਰ 1980 ਵਿਆਂ ਦੇ ‘ਕਾਲੇ ਦੌਰ ‘ਚ, ਅਮਰੀਕਾ ਦੀ ਸੀ.ਆਈ.ਏ., ਪਾਕਿਸਤਾਨ ਦੀ ਆਈ.ਐਸ.ਆਈ. ਅਤੇ ਇਨ੍ਹਾਂ ਵਰਗੀਆਂ ਕਈ ਹੋਰ ਸੰਸਾਰ ਪੱਧਰੀ ਸੂਹੀਆਂ ਏਜੰਸੀਆਂ ਪੰਜਾਬ ਦੇ ਹਾਲਾਤ ਵਿਗਾੜਨ ਲਈ ਸਰਗਰਮ ਸਨ। ਪੰਜਾਬ ‘ਚ ਅਰਾਜਕਤਾ ਫੈਲਾਉਣ ਤੇ ਕੇਂਦਰੀ ਸਰਕਾਰ ਤੇ ਇਸ ਦੇ ਵਿਚਾਰਧਾਰਕ ਆਕਾ ਆਰ.ਐਸ.ਐਸ., ਦੇ ਪੱਖ ਦੀ ਜ਼ਮੀਨ ਤਿਆਰ ਕਰਨ ਲਈ ਉਹੋ ਏਜੰਸੀਆਂ ਅੱਜ ਵੀ ਪੂਰੀ ਤਾਕਤ ਨਾਲ ਦਖ਼ਲ ਦੇ ਰਹੀਆਂ ਹਨ । ‘ਖਾਲਿਸਤਾਨ’ ਤੇ ‘ਹਿੰਦੂ ਰਾਸ਼ਟਰ’ ਦੀ ਕਾਇਮੀ ਦੇ ਨਾਅਰਿਆਂ ਨਾਲ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਸਰਕਾਰੀ ਸਾਜਿਸ਼ਾਂ ਦਾ ਹੀ ਹਿੱਸਾ ਹੈ। ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਵੱਡੀ ਗਿਣਤੀ ਲੋਕ, ਖਾਸ ਕਰਕੇ ਨੌਜਵਾਨ, ਹਨੇਰਬਿਰਤੀਵਾਦੀ ਵਿਚਾਰਾਂ ਤੇ ਅੰਧ ਵਿਸ਼ਵਾਸ ਦੇ ਬੋਲਬਾਲੇ ਸਦਕਾ ਅਤੇ ਨਿਰੰਤਰ ਕੀਤੇ ਜਾਂਦੇ ਇਕ ਪਾਸੜ ਪ੍ਰਚਾਰ ਤੇ ਸਿਆਸੀ-ਵਿਚਾਰਧਾਰਕ ਗੰਧਲੇਪਨ ਕਰਕੇ ਇਨ੍ਹਾਂ ਸਾਜ਼ਿਸ਼ਾਂ ਦੇ ਸੌਖਿਆਂ ਹੀ ਸ਼ਿਕਾਰ ਬਣ ਜਾਂਦੇ ਹਨ। ਅਸਾਡੀ ਕਮਜ਼ੋਰੀ ਇਹ ਹੈ ਕਿ ਅਸੀਂ ਇਸ ਚਾਲਬਾਜ਼ੀ ਨੂੰ ਸਮੇਂ ਸਿਰ ਸਮਝ ਨਹੀਂ ਪਾਉਂਦੇ ਤੇ ਗੁੰਮਰਾਹ ਹੋ ਕੇ ਸਰਕਾਰੀ ਤੱਤਾਂ ਦੇ ਪਿੱਛੇ ਲਾਮਬੰਦ ਹੋਣ ਲੱਗ ਪੈਂਦੇ ਹਾਂ। ਕੀ ਅਸੀਂ ਇੰਨਾ ਕੁੱਝ ਗੁਆਉਣ ਪਿਛੋਂ ਅਜੇ ਵੀ ਭਾਜਪਾ ਦੀ ਸੇਵਾ ਹਿੱਤ ਕੰਮ ਕਰ ਰਹੇ ਵੱਖੋ-ਵੱਖ ਸਿਆਸੀ-ਧਾਰਮਿਕ ਆਗੂਆਂ ਦੀ ਪਛਾਣ ਕਰਨੋਂ ਅਸਮਰੱਥ ਹਾਂ ?
ਅਸੀਂ ਸਮੂਹ ਪੰਜਾਬੀਆਂ ਨੂੰ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਖਿਲਾਫ ਤੇ ਆਪਣੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ਾਂ ਦੇ ਪਿੜ ਮੱਲਣ ਦੀ ਅਪੀਲ ਕਰਦੇ ਹਾਂ। ਨਾਲ ਹੀ ਬੇਲੋੜੇ ਆਪਸੀ ਝਗੜਿਆਂ ‘ਚ ਉਲਝਣ ਦੀ ਥਾਂ ਆਰ.ਐਸ.ਐਸ. ਤੇ ਭਾਜਪਾ ਦੀਆਂ ਕੁਚਾਲਾਂ ਅਸਫਲ ਕਰਨ ਅਤੇ ਹਰ ਵੰਨਗੀ ਦੇ ਫਿਰਕੂ-ਸ਼ਰਾਰਤੀ ਤੱਤਾਂ ਤੇ ਸਰਕਾਰੀ ਏਜੰਟਾਂ ਦੀਆਂ ਭੜਕਾਊ, ਫੁਟਪਾਊ ਤੇ ਆਪਸੀ ਸ਼ੰਕੇ ਖੜ੍ਹੇ ਕਰਨ ਵਾਲੀਆਂ ਕਾਰਵਾਈਆਂ ਤੋਂ ਚੌਕਸ ਰਹਿਣ ਦੀ ਬੇਨਤੀ ਕਰਦੇ ਹਾਂ। ਇਸ ਮੰਤਵ ਲਈ, ਗੁਰੂ ਨਾਨਕ ਦੇਵ ਜੀ ਤੇ ਦੂਸਰੇ ਗੁਰੂ ਸਾਹਿਬਾਨ, ਭਗਤੀ ਲਹਿਰ ਦੇ ਮਹਾ ਪੁਰਸ਼ਾਂ, ਡਾਕਟਰ ਬੀ.ਆਰ. ਅੰਬੇਦਕਰ, ਗ਼ਦਰੀ ਸੂਰਬੀਰਾਂ, ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਮਾਨਵੀ ਤੇ ਇਨਕਲਾਬੀ ਵਿਚਾਰ ਸਾਡੇ ਹਕੀਕੀ ਪਥ-ਪਰਦਰਸ਼ਕ ਹਨ। ਇਸ ਲਈ ਆਓ, ਸੰਸਾਰ ਦੇ ਹਰ ਕਿਸਮ ਦੇ ਮਲਕ ਭਾਗੋਆਂ ਨੂੰ ਭਾਂਜ ਦੇਣ ਲਈ ‘ਭਾਈ ਲਾਲੋ ਕੇਂਦਰਤ ਜਨਤਕ ਲਹਿਰ’ ਖੜ੍ਹੀ ਕਰਨ ਦੇ ਇਤਿਹਾਸਕ ਕਾਰਜ ‘ਚ ਜੁੱਟ ਜਾਈਏ।
- ਮੰਗਤ ਰਾਮ ਪਾਸਲਾ
