
ਮੰਗਤ ਰਾਮ ਪਾਸਲਾ
2027 ‘ਚ ਹੋਣ ਜਾ ਰਹੀਆਂ ਪੰਜਾਬ ਦੀਆਂ ਵਿਧਾਨ ਸਭਾਈ ਚੋਣਾਂ ‘ਚ ਜਿੱਤ ਹਾਸਲ ਕਰਨ ਲਈ ਪ੍ਰਾਂਤ ਦੇ ਸਾਰੇ ਰਾਜਸੀ ਦਲਾਂ ਨੇ ਸਰਗਰਮੀਆਂ ਆਰੰਭ ਦਿੱਤੀਆਂ ਹਨ। ਇਕ ਪਾਸੇ ‘ਆਪ’, ਕਾਂਗਰਸ, ਬਸਪਾ ਤੇ ਅਕਾਲੀ ਦਲਾਂ ਦੇ ਵੱਖੋ-ਵੱਖ ਧੜੇ ਸੱਤਾ ‘ਤੇ ਕਬਜ਼ਾ ਕਰਨ ਲਈ ਹਰ ਤਰ੍ਹਾਂ ਦੇ ਪਾਪੜ ਵੇਲ ਰਹੇ ਹਨ, ਦੂਜੇ ਬੰਨੇ ਭਾਜਪਾ ਵੀ ਇਹ ਚੋਣਾਂ ਜਿੱਤਣ ਲਈ ਕਈ ਹੈਰਾਨਕੁੰਨ, ਪ੍ਰੰਤੂ ਸ਼ੰਕਿਆਂ ਭਰਪੂਰ ਪੈਂਤੜੇ ਲੈ ਰਹੀ ਹੈ। ਭਾਜਪਾ, ਸਿਆਸੀ ਮੌਕਾਪ੍ਰਸਤੀ ਅਤੇ ਦੋਹਰੇ ਮਾਪਦੰਡਾਂ ਪੱਖੋਂ ਵੀ ਅਨੇਕਾਂ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ। ਇਸ ਨੇ ਸੱਤਾ ਦਾ ਡਰ ਦਿਖਾ ਕੇ ਤੇ ਧਨ ਦੇ ਲਾਲਚ ਅਧੀਨ ਦਲ ਬਦਲੀਆਂ ਦੇ ਨਖਿੱਧ ਵਰਤਾਰੇ ਨੂੰ ਇਕ ‘ਜਾਇਜ਼ ਸਿਆਸੀ ਅਸੂਲ’ ਬਣਾ ਧਰਿਆ ਹੈ।
ਨਾਲ ਹੀ ਵੱਖੋ-ਵੱਖ ਡੇਰਿਆਂ ਦੇ ਮੁਖੀ ਵੀ ਕਾਬੂ ਕਰ ਲਏ ਹਨ, ਤਾਂ ਜੋ ਲੋਕਾਂ ਦੀ ਧਾਰਮਿਕ ਆਸਥਾ ਵੋਟ ਦੇ ਰੂਪ ‘ਚ ਖਰੀਦੀ ਜਾ ਸਕੇ। ਮਨੂੰਵਾਦ ਦੇ ਇਨ੍ਹਾਂ ਸੂਤਰਧਾਰਾਂ ਦੇ ਮਨਾਂ ‘ਚ ਅੱਜਕਲ ਦਲਿਤਾਂ, ਖਾਸ ਕਰਕੇ ਵਾਲਮੀਕਿ ਭਾਈਚਾਰੇ ਪ੍ਰਤੀ ਵੀ ਖਾਸਾ ‘ਮੋਹ’ ਜਾਗਿਆ ਹੋਇਆ ਹੈ, ਜਦਕਿ ਆਮ ਜੀਵਨ ‘ਚ ਸੰਘ ਸਮਰਥਿਤ ਭਾਜਪਾਈ ਦਲਿਤਾਂ ਨਾਲ ਖਾਣ-ਪੀਣ ਵਾਲੇ ਬਰਤਨਾਂ, ਜਲ ਸਰੋਤਾਂ ਤੇ ਸ਼ਮਸ਼ਾਨਘਾਟਾਂ ਦੀ ਸਾਂਝ ਪਾਉਣ ਦੇ ਵੀ ਸਖ਼ਤ ਖਿਲਾਫ਼ ਹਨ। ਪੰਜਾਬ ਦੇ ਕਮਿਊਨਿਸਟਾਂ ਨੇ ਆਰ. ਐੱਸ. ਐੱਸ. ਦੀ ਫਿਰਕੂ- ਫਾਸ਼ੀ ਵਿਚਾਰਧਾਰਾ ਖਿਲਾਫ਼ ਲੋਕ ਚੇਤਨਾ ਤਿੱਖੀ ਕਰਨ ਅਤੇ ਖੱਬੀ ਧਿਰ ਦੀ ਮਜ਼ਬੂਤੀ ਲਈ ਜਨਤਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਤਾਂ ਜੋ ਭਾਜਪਾ ਦਾ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣ ਦਾ ਹਰ ਯਤਨ ਅਸਫਲ ਕੀਤਾ ਜਾ ਸਕੇ।
ਪੰਜਾਬ ਦੀਆਂ ਚੋਣਾਂ ਉਦੋਂ ਹੋਣ ਜਾ ਰਹੀਆਂ ਹਨ, ਜਦੋਂ ਸੰਘ ਪਰਿਵਾਰ ਵਲੋਂ ਮੋਦੀ ਸਰਕਾਰ ਦੇ ਲੰਘੇ 12 ਸਾਲਾਂ ਦੇ ਨਖਿੱਧ ਕਾਰਜਕਾਲ ਦੇ ਜਸ਼ਨ ਮਨਾਏ ਜਾ ਰਹੇ ਹਨ। ਮੋਦੀ ਸਰਕਾਰ ਦੇ ਕਾਰ-ਵਿਹਾਰ ਅਤੇ ਬੋਲ-ਬਾਣੀ ‘ਚੋਂ ਨਿਤ ਦਿਨ ਬੇਲਗਾਮ ਵਧ ਰਹੀਆਂ ਡੀਜ਼ਲ-ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ, ਖੇਤੀ-ਬਾੜੀ ਲਈ ਅਤੀ ਲੋੜੀਂਦੀ ਖਾਦ ਦੀ ਜ਼ਬਰਦਸਤ ਘਾਟ, ਰੁਜ਼ਗਾਰ ਦੀ ਭਾਲ ‘ਚ ਦਰ-ਦਰ ਭਟਕ ਰਹੇ ਕਰੋੜਾਂ ਨੌਜਵਾਨਾਂ ਦੀਆਂ ਵਲੂੰਧਰੀਆਂ ਸੰਵੇਦਨਾਵਾਂ, ਦੋ ਡੰਗ ਦੀ ਰੋਟੀ ਦੇ ਵਸੀਲੇ ਜੁਟਾਉਣ ਦੀਆਂ ਚਿੰਤਾਵਾਂ ‘ਚ ਦਿਨ-ਕਟੀ ਕਰ ਰਹੇ ਗਰੀਬਾਂ ਪ੍ਰਤੀ ਨਾ ਕੋਈ ਫਿਕਰਮੰਦੀ ਦਿਖਾਈ ਦਿੰਦੀ ਹੈ ਤੇ ਨਾ ਹੀ ਇਨ੍ਹਾਂ ਦੁੱਖਾਂ ਦੇ ਯੋਗ ਹੱਲ ਲਈ ਕੋਈ ਸਾਰਥਕ ਨੀਤੀ-ਚੌਖਟਾ ਸਿਰਜਣ ਦੀ ਇੱਛਾ ਨਜ਼ਰੀਂ ਪੈਂਦੀ ਹੈ। ਅਮੀਰੀ-ਗਰੀਬੀ ਦਾ ਖਤਰਨਾਕ ਹੱਦ ਤੱਕ ਵਧ ਰਿਹਾ ਪਾੜਾ ਅਤੇ ਭਾਰਤੀ ਸਿੱਕੇ ਦੀ ਨਿਰੰਤਰ ਕਦਰ ਘਟਾਈ ਨੇੜ ਭਵਿੱਖ ‘ਚ ਦੇਸ਼ ਲਈ ਕਿਸੇ ਵੱਡੀ ਬਿਪਤਾ ਦਾ ਸਬੱਬ ਬਣ ਸਕਦੇ ਹਨ। ਸਾਮਰਾਜ ਨਿਰਦੇਸ਼ਿਤ ਨਵ- ਉਦਾਰਵਾਦੀ ਨੀਤੀ ਚੌਖਟੇ ਦਾ ਪਿਛਲੱਗ ਬਣਨ ਅਤੇ ਅਮਰੀਕਾ, ਯੂਰਪੀ ਯੂਨੀਅਨ ਤੇ ਦੂਜੇ ਸਰਮਾਏਦਾਰੀ ਦੇਸ਼ਾਂ ਨਾਲ ਅਸਾਵੀਆਂ ਸ਼ਰਤਾਂ ਤਹਿਤ ਕੀਤੇ ਜਾ ਰਹੇ ‘ਵਿਦੇਸ਼ ਵਪਾਰ ਸਮਝੌਤੇ’ ਭਾਰਤ ਵਰਗੇ ਆਰਥਿਕ ਪੱਖੋਂ ਪੱਛੜੇ ਦੇਸ਼ ਲਈ ਲਾਜ਼ਮੀ ਘਾਤਕ ਸਿੱਧ ਹੋਣਗੇ।
ਪੰਜਾਬ, ਪਾਣੀ ਦੀ ਵਧ ਰਹੀ ਕਿੱਲਤ ਤੇ ਘਟ ਰਹੀ ਗੁਣਵੱਤਾ, ਨੌਜਵਾਨਾਂ ‘ਚ ਵਧ ਰਹੀ ਬੇਰੁਜ਼ਗਾਰੀ ਤੇ ਨਸ਼ਿਆਂ ਦੇ ਰੁਝਾਨ, ਗੈਂਗਸਟਰਵਾਦ, ਨਿੱਤ ਦਿਨ ਵਧ ਰਹੇ ਜੁਰਮਾਂ ਤੇ ਪਲੀਤ ਹੋ ਰਹੇ ਵਾਤਾਵਰਣ ਕਾਰਨ ਲਗਾਤਾਰ ਗਿਰਾਵਟ ਵੱਲ ਧਸਦਾ ਜਾ ਰਿਹਾ ਹੈ। ਸਿਆਸੀ ਮੌਕਾਪ੍ਰਸਤੀ ਤੇ ਵਧ ਰਹੇ ਭ੍ਰਿਸ਼ਟਾਚਾਰ ਨੇ ਸਥਿਤੀ ਹੋਰ ਗੰਭੀਰ ਬਣਾ ਦਿੱਤੀ ਹੈ। ਸਰਕਾਰਾਂ ਚਲਾ ਰਹੇ ਅੱਜ ਦੇ ਸਿਆਸਤਦਾਨ ਤੇ ਅਫਸਰਸ਼ਾਹ ਸੱਤਾ ਦਾ ਆਨੰਦ ਮਾਣਨ ਅਤੇ ਭ੍ਰਿਸ਼ਟਾਚਾਰ ਰਾਹੀਂ ਬੇਓੜਕ ਮਾਇਆ ਇਕੱਠੀ ਕਰਨ ਦੀ ਹੋੜ ‘ਚ ਲੱਗੇ ਹੋਏ ਹਨ। ਸਮਾਜ ਪ੍ਰਤੀ ਆਪਣੇ ਸੰਵੇਦਨਾਵਾਂ ਤੋਂ ਕੋਰੇ ਵਤੀਰੇ ਕਾਰਨ, ਜਨ ਸਾਧਾਰਨ ਦਾ ਕੁਝ ਭਲਾ ਸੋਚਣ ਜਾਂ ਕਰਨ ਦਾ ਇਨ੍ਹਾਂ ਕੋਲ ਨਾ ਸਮਾਂ ਹੈ ਤੇ ਨਾ ਇਨ੍ਹਾਂ ਦਾ ਅਜਿਹਾ ਕੋਈ ਇਰਾਦਾ ਹੀ ਹੈ।
ਵਿਧਾਨ ਸਭਾ ਚੋਣਾਂ ਦੌਰਾਨ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਲਈ ਆਰ. ਐੱਸ. ਐੱਸ., ਭਾਜਪਾ ਤੇ ਸੰਘ ਪਰਿਵਾਰ ਨੇ ਤਾਂ ਰਾਜਸੀ-ਵਿਚਾਰਧਾਰਕ ਮੌਕਾਪਸਤੀ ਦੀਆਂ ਸਾਰੀਆਂ ਹੱਦਾਂ ਹੀ ਉਲੰਘ ਦਿੱਤੀਆਂ ਹਨ। 6 ਜੂਨ 1984 ਨੂੰ ਵਾਪਰੇ ਹਿਰਦੇ ਵੇਧਕ ‘ਆਪ੍ਰੇਸ਼ਨ ਬਲਿਊ ਸਟਾਰ’ ਨੂੰ ਸਾਰੇ ਲੋਕ, ਖਾਸ ਕਰਕੇ ਸਿੱਖ ਜਨਸਮੂਹ ਕਦੀ ਵੀ ਭੁਲਾ ਨਹੀਂ ਸਕਦੇ।
ਅਤਿ ਮੰਦਭਾਗ ਆਪ੍ਰੇਸ਼ਨ ‘ਬਲਿਊ ਸਟਾਰ’ ਖਿਲਾਫ਼ ਰੋਸ ਜ਼ਾਹਿਰ ਕਰਨ ਲਈ ‘ਦਮਦਮੀ ਟਕਸਾਲ’ ਦੇ ਹੈੱਡ ਆਫਿਸ ਮਹਿਤਾ ਚੌਕ ਵਿਖੇ ਹਰ ਸਾਲ ਧਾਰਮਿਕ ਸਮਾਗਮ ਆਯੋਜਤ ਕੀਤੇ ਜਾਂਦੇ ਹਨ । ਇਸ ਸਾਲ, 6 ਜੂਨ 2026 ਨੂੰ ਆਯੋਜਿਤ ਅਜਿਹੇ ਹੀ ਸਮਾਗਮ ‘ਚ ਪੁੱਜ ਕੇ ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸੂਬੇ ਦੀ ਸਰਕਾਰ ਦੇ ਇਕ ਵਜ਼ੀਰ ‘ਸ਼੍ਰੀਮਾਨ’ ਗਿਰੀਸ਼ ਮਹਾਜਨ ਨੇ ਉਨ੍ਹਾਂ ਸਭਨਾਂ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ ਹੈ ਜੋ ਹਿੰਦੂ ਰਾਸ਼ਟਰ ਦੀ ਪੈਰੋਕਾਰ ਭਾਜਪਾ ਅਤੇ ਖਾਲਿਸਤਾਨ ਦੀ ਮੁੱਦਈ ਦਮਦਮੀ ਟਕਸਾਲ ਨੂੰ ਹੁਣ ਤਾਈਂ ਇਕ-ਦੂਜੇ ਦੇ ਵੈਰੀ ਸਮਝਦੇ ਆਏ ਹਨ। ਮੰਤਰੀ ਜੀ ਨੇ ਆਪਣੇ ਭਾਸ਼ਣ ‘ਚ ‘ਆਪ੍ਰੇਸ਼ਨ ਬਲਿਉ ਸਟਾਰ’ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਮਰਹੂਮ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਪਾਣੀ ਪੀ-ਪੀ ਕੋਸਿਆ ਸੀ। ਇੱਥੇ ਹੀ ਬਸ ਨਹੀਂ, ਮੰਤਰੀ ਸਾਹਿਬ ਨੇ ਭਾਰਤੀ ਫੌਜ ਦੀ ਗੋਲੀਬਾਰੀ ‘ਚ ਮਾਰੇ ਗਏ ਉਨ੍ਹਾਂ ਹਥਿਆਰਬੰਦ ਵਿਅਕਤੀਆਂ ਨੂੰ ‘ਸ਼ਹੀਦ’ ਦੇ ਰੁਤਬੇ ਨਾਲ ਵੀ ਨਿਵਾਜਿਆ, ਜਿਨ੍ਹਾਂ ਨੂੰ ਭਾਜਪਾ ਆਗੂ ਹੁਣ ਤਾਈਂ ਅੱਤਵਾਦੀ ਤੇ ਦੇਸ਼ਧ੍ਰੋਹੀ ਕਹਿੰਦੇ ਰਹੇ ਹਨ।
ਸਾਡਾ ਗਿਲਾ ਸਿਰਫ ਭਾਜਪਾ ਆਗੂ ਦੇ ਭਾਸ਼ਣ ਬਾਰੇ ਨਹੀਂ, ਬਲਕਿ ਸੰਘ-ਭਾਜਪਾ ਦੇ ਦੋਗਲੇ ਕਿਰਦਾਰ ਅਤੇ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਲਈ ਇਨ੍ਹਾਂ ਵਲੋਂ ਚੱਲੀਆਂ ਜਾ ਰਹੀਆਂ ਕੁਚਾਲਾਂ ਨੂੰ ਲੈ ਕੇ ਹੈ। ਯਾਦ ਰਹੇ, ਪੰਜਾਬ ਦੇ ਕਾਲੇ ਦੌਰ ‘ਚ ਸੰਘੀ ਤੇ ਭਾਜਪਾਈ ਆਗੂ ਆਮ ਸਿੱਖਾਂ ਅਤੇ ਹਿੰਸਕ ਕਾਰਵਾਈਆਂ ਕਰਨ ਵਾਲੇ ਮੁੱਠੀ ਭਰ ਹਥਿਆਰਬੰਦ ਖਾਲਿਸਤਾਨੀਆਂ ਦਰਮਿਆਨ ਕੋਈ ਅੰਤਰ ਨਹੀਂ ਸਨ ਸਮਝਦੇ। ਉਦੋਂ ਇਹ ਸਮੇਂ ਦੀਆਂ ਸਰਕਾਰਾਂ ਨੂੰ ਸਾਰੇ ਸਿੱਖਾਂ ਨਾਲ ਸਖ਼ਤੀ ਨਾਲ ਸਿੱਝਣ ਦੀਆਂ ਸਲਾਹਾਂ ਦਿੰਦੇ ਰਹੇ ਸਨ।
ਪੰਜਾਬ ਦੀ ਸੱਤਾ ‘ਤੇ ਭਾਜਪਾ ਦਾ ਕਬਜ਼ਾ ਹੋਣ ਦਾ ਅਰਥ ਇੱਥੋਂ ਦੇ ਲੋਕਾਂ ਦੇ ਮਨਾਂ ਅੰਦਰ ਭਰਾਤਰੀ ਭਾਵ, ਫਿਰਕੂ ਸਦਭਾਵਨਾ ਤੇ ਮਿਲਜੁਲ ਕੋ ਅਮਨਪੂਰਵਕ ਜਿਊਣ ਦੇ ਸੱਭਿਆਚਾਰ ਦੀ ਤਬਾਹੀ ਕਰਨਾ ਹੋਵੇਗਾ।
ਸੰਘ-ਭਾਜਪਾ ਦੀ ਇਹ ਖਤਰਨਾਕ ਸਾਜ਼ਿਸ਼ ਫੇਲ ਕਰਨ ਲਈ ਪੰਜਾਬ ਵਾਸੀਆਂ ਕੋਲ ਸਿਆਸੀ ਤੇ ਵਿਚਾਰਧਾਰਕ ਦਸਤੂਰ ਵੀ ਹੈ, ਆਪਣੇ ਨਰੋਏ ਸੱਭਿਆਚਾਰ, ਕੁਰਬਾਨੀਆਂ ਭਰੇ ਮਾਣਮੱਤੇ ਇਤਿਹਾਸ ਅਤੇ ਸਿੱਖ ਗੁਰੂ ਸਾਹਿਬਾਨ ਤੇ ਭਗਤੀ ਲਹਿਰ ਦੇ ਮਹਾਨ ਰਹਿਬਰਾਂ ਵੱਲੋਂ ਰਚੀ ਮਾਨਵੀ ਬਾਣੀ ਦਾ ਖਜ਼ਾਨਾ ਵੀ ਹੈ । ਪੰਜਾਬੀ, ਗ਼ਦਰੀ ਬਾਬਿਆਂ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਸਾਥੀਆਂ ਦੀ ਸਾਂਝੀਵਾਲਤਾ ਵਾਲਾ ਸਮਾਜ ਸਿਰਜਣ ਲਈ ਕਾਇਮ ਕੀਤੀ ਕੁਰਬਾਨੀਆਂ ਦੀ ਲਾਸਾਨੀ ਵਿਰਾਸਤ ਦੇ ਮਾਲਕ ਵੀ ਹਨ। ਇਸ ਸਦਕਾ ਇਹ ਫਿਰਕੂ-ਫਾਸ਼ੀ, ਵੰਡਵਾਦੀ ਸੋਚ ਵਾਲੀ ਸੰਘ-ਭਾਜਪਾ ਵਰਗੀਆਂ ਨਕਾਰਾਤਮਕ ਤਾਕਤਾਂ ਨੂੰ ਹਰ ਖੇਤਰ ‘ਚ ਮਾਤ ਦੇ ਸਕਦੇ ਹਨ।
ਜਗ ਬਾਣੀ ਤੋਂ ਧੰਨਵਾਦ ਸਾਹਿਤ
