Now Reading
ਆਰਐੱਸਐੱਸ- ਬੀਜੇਪੀ ਦੀਆਂ ਕੁਚਾਲਾਂ ਪੰਜਾਬ ਵਿੱਚ ਕਾਮਯਾਬ ਨਹੀਂ ਹੋਣ ਦਿਆਂਗੇ, ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦਾ ਐਲਾਨ

ਆਰਐੱਸਐੱਸ- ਬੀਜੇਪੀ ਦੀਆਂ ਕੁਚਾਲਾਂ ਪੰਜਾਬ ਵਿੱਚ ਕਾਮਯਾਬ ਨਹੀਂ ਹੋਣ ਦਿਆਂਗੇ, ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦਾ ਐਲਾਨ

ਲੁਧਿਆਣਾ: ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ ‘ਤੇ ਅੱਜ ਜ਼ਿਲ੍ਹਾ ਪੱਧਰੀ ਰੋਸ ਮੁਜਾਹਰੇ ਵਿਚ ਸੀ ਪੀ ਆਈ, ਆਰ ਐਮ ਪੀ ਆਈ, ਸੀ ਪੀ ਆਈ (ਐਮਐਲ ) ਲਿਬਰੇਸ਼ਨ, ਸੀ ਪੀ ਆਈ (ਐਮਐਲ) ਨਿਊ ਡੈਮੋਕਰੇਸੀ ਦੇ ਲੁਧਿਆਣਾ ਜ਼ਿਲ੍ਹੇ ਦੇ ਕਾਰਕੁੰਨ ਅਤੇ ਆਗੂ ਵੱਡੀ ਗਿਣਤੀ ਵਿੱਚ ਨਵੀਂ ਕਚਹਿਰੀ ਦੇ ਬਾਹਰ ਕੀਤੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਘੱਟ ਗਿਣਤੀਆਂ, ਅਨੁਸੂਚਿਤ ਜਾਤੀਆਂ, ਪੱਤਰਕਾਰਾਂ ਤੇ ਸਮਾਜ ਦੇ ਹੋਰ ਵੱਖ ਵੱਖ ਵਰਗ, ਜੋ ਆਪਣੀ ਹੱਕ ਸੱਚ ਦੀ ਲੜਾਈ ਲੜ ਰਹੇ ਹਨ, ਤੇ ਜ਼ੁਲਮ ਢਾਇਆ ਜਾ ਰਿਹਾ ਹੈ। ਬਹੁਤਿਆਂ ਨੂੰ ਅਰਬਨ ਨਕਸਲ ਕਹਿ ਕੇ ਬਿਨ੍ਹਾਂ ਮੁਕੱਦਮਾ ਚਲਾਇਆਂ ਸਾਲਾਂ ਬੱਧੀ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ। ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ ਅਤੇ ਨਿਆ ਪਾਲਿਕਾ ਸਮੇਤ ਸੰਵਿਧਾਨਕ ਤੌਰ ਤੇ ਕੰਮ ਕਰ ਰਹੀਆਂ ਸੰਸਥਾਵਾਂ ਦੀ ਖੁਦ ਮੁਖਤਾਰੀ ਨੂੰ ਖਤਮ ਕੀਤਾ ਜਾ ਰਿਹਾ ਹੈ। ਹੱਕ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਲੋਕਾਂ ਵਿੱਚ ਫਿਰਕੂ ਤਨਾਵ ਪੈਦਾ ਕੀਤਾ ਜਾ ਰਿਹਾ ਹੈ।
ਮੋਦੀ ਸਰਕਾਰ ਦੇਸ਼ ਦੀ ਧਨ ਦੌਲਤ ਕਾਰਪੋਰੇਟ ਘਰਾਨਿਆਂ ਨੂੰ ਲੁਟਾ ਰਹੀ ਹੈ ਅਤੇ ਉਸਦਾ ਬੋਝ ਆਮ ਜਨਤਾ ਤੇ ਪਾ ਰਹੀ ਹੈ ਜਿਸ ਕਰਕੇ ਆਰਥਿਕ ਤੇ ਸਮਾਜਿਕ ਅਸਮਾਨਤਾ ਬੜੀ ਤੇਜ਼ੀ ਨਾਲ ਵੱਧ ਰਹੀ ਹੈ।

ਭਾਰਤ ਦੀ ਵਿਦੇਸ਼ ਨੀਤੀ ਦਾ ਤੇ ਪੂਰੀ ਤਰ੍ਹਾਂ ਘਾਣ ਕਰ ਦਿੱਤਾ ਗਿਆ ਹੈ। ਅੱਜ ਅਸੀਂ ਅਮਰੀਕਾ ਤੇ ਇਜਰਾਇਲ ਵਰਗੀਆਂ ਹਮਲਾਵਰ ਸ਼ਕਤੀਆਂ ਨਾਲ ਖੜੇ ਹਾਂ। ਅਮਰੀਕਾ ਨਾਲ ਵਪਾਰਕ ਸਮਝੌਤਾ ਜਿਸਦਾ ਪੂਰਾ ਮਸੌਦਾ ਹਾਲੇ ਸਾਹਮਣੇ ਨਹੀਂ ਆਇਆ ਪਰ ਉਸਦੀ ਦਿਸ਼ਾ ਤੋਂ ਸਾਫ ਹੈ ਕਿ ਇਹ ਦੇਸ਼ ਨੂੰ ਅਮਰੀਕਾ ਦੇ ਗਹਿਣੇ ਰੱਖਣ ਦੀ ਚਾਲ ਹੈ। ਪਿਛਲੇ ਦਿਨੀਂ ਫਰਾਂਸ ਦੇ ਵਿੱਚ ਮੋਦੀ ਤੇ ਟਰੰਪ ਦੀ ਮੁਲਾਕਾਤ ਦੇ ਦੌਰਾਨ ਟਰੰਪ ਨੇ ਸਪਸ਼ਟ ਰੂਪ ਵਿੱਚ ਕਿਹਾ ਹੈ ਕਿ ਮੋਦੀ ਭਾਰਤ ਤੋਂ ਖਰਬਾਂ ਰੁਪਏ ਦਾ ਨਿਵੇਸ਼ ਅਮਰੀਕਾ ਵਿੱਚ ਲਿਆ ਰਿਹਾ ਹੈ। ਇੱਕ ਪਾਸੇ ਤਾਂ ਨਰਿੰਦਰ ਮੋਦੀ ਦੇਸ਼ ਵਿੱਚ ਆਰਥਿਕ ਸੰਕਟ ਦੀ ਗੱਲ ਕਰਕੇ ਮਹਿੰਗਾਈ ਦਾ ਬੋਝ ਆਮ ਲੋਕਾਂ ਤੇ ਪਾ ਰਹੇ ਹਨ ਪਰ ਦੂਜੇ ਪਾਸੇ ਭਾਰਤੀ ਧੰਨ ਵਿਦੇਸ਼ਾਂ ਵਿੱਚ ਨਿਵੇਸ਼ ਲਈ ਭਿਜਵਾ ਰਹੇ ਹਨ। ਜਿਸ ਢੰਗ ਦਾ ਵਿਹਾਰ ਮੋਦੀ ਨੇ ਟਰੰਪ ਨਾਲ ਮੀਟਿੰਗ ਵਿੱਚ ਕੀਤਾ ਉਸ ਨਾਲ ਦੁਨੀਆਂ ਦੇ ਵਿੱਚ ਭਾਰਤ ਦੀ ਸਾਖ ਨੂੰ ਬਹੁਤ ਧੱਕਾ ਵੱਜਿਆ ਹੈ

ਦੇਸ਼ ਨੂੰ ਇਹਨਾਂ ਸੰਕਟਾਂ ਵਿੱਚੋਂ ਕੱਢਣ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਦੇ ਲਈ ਤੇ ਮੋਦੀ ਸਰਕਾਰ ਦੇ ਫਾਸ਼ੀ ਹਮਲਿਆਂ ਦਾ ਵਿਰੋਧ ਕਰਨ ਲਈ ਇਸ ਫਰੰਟ ਨੂੰ ਹੋਰ ਵਿਸ਼ਾਲ ਕੀਤਾ ਜਾਏਗਾ। ਬੁਲਾਰਿਆਂ ਨੇ ਕਿਹਾ ਕਿ ਆਉਣ ਵਾਲੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿੱਚ ਸਮੂਹ ਪੰਜਾਬੀ ਆਰ ਐਸ ਐਸ- ਭਾਜਪਾ ਨੂੰ ਉਵੇਂ ਹੀ ਰੋਕਣਗੇ ਜਿਵੇਂ ਆਪਣੀ ਵਿਰਾਸਤ ਮੁਤਾਬਕ ਅਸੀਂ ਲੁਟੇਰਿਆਂ ਅਤੇ ਜਾਬਰਾਂ ਨੂੰ ਹਿੱਕ ਡਾਹ ਕੇ ਰੋਕਦੇ ਰਹੇ ਹਾਂ। ਦੁਨੀਆਂ ਦੀ ਕੋਈ ਵੀ ਤਾਕਤ ਪੰਜਾਬੀਆਂ ਦੇ ਆਪਸੀ ਭਾਈਚਾਰੇ ਦੇ ਸੱਭਿਆਚਾਰ ਨੂੰ ਤੋੜ ਨਹੀਂ ਸਕਦੀ।

See Also

ਆਗੂਆਂ ਨੇ ਮੰਗ ਕੀਤੀ ਕਿ ਨੀਟ ਦੇ ਪੇਪਰ ਵਿੱਚ ਹੋਈ ਘਪਲੇਬਾਜ਼ੀ ਲਈ ਜਿੰਮੇਵਾਰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਦੇਵੇ ਅਤੇ ਦੋਸ਼ੀਆਂ ਤੇ ਮੁਕੱਦਮੇ ਚਲਾ ਕੇ ਜੇਲੀਂ ਡੱਕਿਆ ਜਾਏ ਜਿਨਾਂ ਨੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ।
ਅੱਜ ਦੇ ਇਸ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸਾਥੀ ਰਮੇਸ਼ ਰਤਨ, ਡਾ ਰਜਿੰਦਰ ਪਾਲ ਸਿੰਘ ਔਲਖ, ਰਘਬੀਰ ਸਿੰਘ ਬੈਨੀਪਾਲ, ਪਰਮਜੀਤ ਸਿੰਘ, ਡਾਕਟਰ ਗੁਰਚਰਨ ਸਿੰਘ ਬੜਿੰਗ, ਸਾਧੂ ਸਿੰਘ ਅਤੇ ਅਵਤਾਰ ਸਿੰਘ ਰਸੂਲਪੁਰ ਸ਼ਾਮਿਲ ਸਨ। ਗੁਰਦੀਪ ਸਿੰਘ ਕਲਸੀ, ਕਾਮਰੇਡ ਕਰਤਾਰ ਰਾਮ ਰਾਏਕੋਟ, ਡਾ: ਗੁਲਜਾਰ ਸਿੰਘ ਪੰਧੇਰ, ਕਾਮਰੇਡ ਬਲਰਾਮ, ਗੁਰਮੇਲ ਸਿੰਘ ਮੈਲੜੇ, ਇੰਜ: ਬਲਵੀਰ ਸਿੰਘ ਮਾਨ, ਜੈ ਪ੍ਰਕਾਸ਼ ਨਰਾਇਣ ਆਪਣੇ ਸਾਥੀਆਂ ਦੇ ਜਥੇ ਨਾਲ ਸ਼ਾਮਿਲ ਹੋਏ। ਸਟੇਜ ਦਾ ਸੰਚਾਲਨ ਹਰਨੇਕ ਸਿੰਘ ਗੁੱਜਰਵਾਲ ਨੇ ਕੀਤਾ। ਚਮਕੌਰ ਸਿੰਘ ਨੇ ਸਾਰਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ।

ਅੰਤ ਵਿੱਚ ਇੱਕ ਮਾਰਚ ਦੀ ਸ਼ਕਲ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਭਾਈ ਵਾਲਾ ਚੌਂਕ ਸਥਿਤ ਬੁੱਤ ਤੇ ਪਹੁੰਚ ਕੇ ਆਪਣੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਪ੍ਰਣ ਕੀਤਾ ਗਿਆ।

Scroll To Top