Now Reading
ਨਸ਼ੇ ਕਾਰਨ ਮਰੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਲਗਾਏ ਧਰਨੇ ਦੇ ਅਰਥ

ਨਸ਼ੇ ਕਾਰਨ ਮਰੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਲਗਾਏ ਧਰਨੇ ਦੇ ਅਰਥ

‘ਪੰਜਾਬੀ ਟ੍ਰਿਬਿਊਨ’ ’ਚ ਛਪੀ ਖ਼ਬਰ ਦੇ ਮੁਤਾਬਿਕ ਜਗਰਾਉਂ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕੀਤੇ ਗਏ ਮੁਜ਼ਾਹਰੇ ਦੌਰਾਨ ਨਸ਼ਾ ਤਸਕਰੀ ਰੋਕਣ ਲਈ ਪ੍ਰਭਾਵੀ ਕਦਮ ਚੁੱਕਣ ’ਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਖੁਦ ਇਕਜੁੱਟ ਹੋ ਕੇ ਅੱਗੇ ਲੱਗਣ ਦਾ ਸੱਦਾ ਦਿੱਤਾ ਗਿਆ ਅਤੇ ਸਰਕਾਰ ਅੱਗੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਰੱਖੀ ਗਈ। ਆਗੂਆਂ ਨੇ ਕਿਹਾ ਕਿ ਇਲਾਕੇ ਦੇ ਪਿੰਡਾਂ ਵਿੱਚ ਦਰਜਨਾਂ ਨੌਜਵਾਨ ਚਿੱਟੇ ਦੀ ਭੇਟ ਚੜ੍ਹੇ ਹਨ। ਪੀੜਤ ਪਰਿਵਾਰਾਂ ਦੇ ਘਰਾਂ ’ਚ ਭੰਗ ਭੁੱਜਣ ਲੱਗੀ ਹੈ। ਪਰਿਵਾਰਾਂ ਦੀ ਦਰਦਨਾਕ ਹਾਲਤ ਦੇ ਮੱਦੇਨਜ਼ਰ ਉਨ੍ਹਾਂ ਦੀ ਸਾਰ ਲੈਣੀ ਜ਼ਰੂਰੀ ਹੈ।

ਇਹ ਇੱਕ ਛੋਟੀ ਜਿਹੀ ਖ਼ਬਰ ਨਹੀਂ ਹੈ। ਇਨ੍ਹਾਂ ਪਰਿਵਾਰਾਂ ਦਾ ਦਰਦ ਛਲਕ ਕੇ ਸਾਹਮਣੇ ਆਉਂਦਾ ਹੈ। ਇਸ ਧਰਨੇ ਦੀਆਂ ਮੰਗਾਂ ’ਚ ਸ਼ਾਮਲ ਮੁਆਵਜ਼ੇ ਦੀ ਮੰਗ ਮੰਨੀ ਜਾਏਗੀ ਜਾਂ ਨਹੀਂ, ਇਸ ਬਾਰੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ। ਹਾਲੇ ਤਾਂ ਕਿਸਾਨੀ ਕਰਜ਼ੇ ਕਾਰਨ ਖ਼ੁਦਕਸ਼ੀ ਕਰ ਚੁੱਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਵੀ ਢੁਕਵਾ ਮੁਆਵਜ਼ਾ ਨਹੀਂ ਮਿਲ ਰਿਹਾ। 

ਇੱਕ ਹੋਰ ਰਿਪੋਰਟ ਮੁਤਾਬਿਕ ਨਸ਼ੇ ’ਚ ਲੱਗੇ ਨੌਜਵਾਨਾਂ ਦੇ ਹਲਾਤ ਬਹੁਤ ਮਾੜੇ ਹਨ। ਸਮਰਥਾ ਹੀਣ ਹੋਏ ਨੌਜਵਾਨ ਕਿਤੇ ਦਿਹਾੜੀ ਜਾਣ ਜੋਗੇ ਵੀ ਨਹੀਂ। ਖਾਂਦੇ ਪੀਂਦੇ ਪਰਿਵਾਰਾਂ ਦੇ ਨੌਜਵਾਨਾਂ ਦਾ ਇਹ ਸੰਕਟ ਨਹੀਂ ਹੈ। ਮਜ਼ਦੂਰ ਪਰਿਵਾਰਾਂ ਦੇ ਨੌਜਵਾਨਾਂ ਦਾ ਇਹ ਦੋਹਰਾ ਸੰਕਟ ਹੈ। ਦਿਹਾੜੀ ਜਾਣ ਵਾਸਤੇ ਪਹਿਲਾ ‘ਸਰੀਰ ਬੰਨ੍ਹਣਾ’ ਪੈਂਦਾ ਹੈ। ਭਾਵ ਪਹਿਲਾ ਨਸ਼ਾ ਕਰਕੇ ਹੀ ਕੰਮ ’ਤੇ ਲੱਗਣਾ ਪੈਂਦਾ ਹੈ। ਜਿਸ ਲਈ ਪੈਸਾ ਵੀ ਨਗਦ ਚਾਹੀਦਾ ਹੁੰਦੈ ਅਤੇ ਸਮਾਨ ਵੀ ਚਾਹੀਦੈ ਹੁੰਦਾ।

ਜਗਰਾਉਂ ਦਾ ਇਹ ਪ੍ਰਦਰਸ਼ਨ ਪਹਿਲਾ ਨਹੀਂ ਸਗੋਂ ਕਿਸੇ ਨਾ ਕਿਸੇ ਰੂਪ ’ਚ ਅਜਿਹੇ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ। ਕੁੱਝ ਸਾਲ ਪਹਿਲਾ ਇੱਕ ਮ੍ਰਿਤਕ ਦੇ ਪਰਿਵਾਰ ਨੇ ਕਫ਼ਨ ’ਤੇ ਨਾਅਰੇ ਲਿਖ ਕੇ ਸਸਕਾਰ ਕੀਤਾ ਸੀ।

‘ਬੀਬੀਸੀ ਪੰਜਾਬੀ’ ਵਲੋਂ ਜੁਲਾਈ 2018 ਨੂੰ ਪ੍ਰਕਾਸ਼ਿਤ ਇੱਕ ਹੋਰ ਰਿਪੋਰਟ ਮੁਤਾਬਿਕ ਇੱਕ ਪਰਿਵਾਰ ਦਾ ਦਰਦ ਬਿਆਨਿਆ ਗਿਆ। ਜਿਸ ਮੁਤਾਬਿਕ ਤਰਨ ਤਾਰਨ ਜ਼ਿਲ੍ਹੇ ਦੀ ਪੱਟੀ ਤਹਿਸੀਲ ਦੇ 50 ਸਾਲਾ ਮੁਖਤਿਆਰ ਸਿੰਘ ਬਿਜਲੀ ਮਹਿਕਮੇ ਚ ਲਾਈਨਮੈਨ ਹਨ, ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਦਾ ਅਜਿਹਾ ਸਦਮਾ ਲੱਗਿਆ ਕਿ ਉਨ੍ਹਾਂ ਨੇ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ, ਜਿਸ ਦਾ ਨਾਂ ਰੱਖਿਆਂ ‘ਕਫ਼ਨ ਬੋਲ ਪਿਆ’।

ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਉਨ੍ਹਾਂ ਇਹ ਤੈਅ ਕਰ ਲਿਆ ਕਿ ਨਸ਼ੇ ਖ਼ਿਲਾਫ਼ ਲੋਕਾਂ ਦੀ ਜਾਗਰੂਕਤਾ ਵਧਾਉਣਗੇ ਅਤੇ ਕਿਸੇ ਦਾ ਪੁੱਤ ਉਨ੍ਹਾਂ ਤੋਂ ਵੱਖ ਨਹੀਂ ਹੋਣ ਦੇਣਗੇ। ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਕਾਲਾ ਚੋਲਾ ਪਾ ਕੇ ਘਰ ਘਰ ਜਾ ਕੇ ਪ੍ਰਚਾਰ ਕਰਦੇ ਹਨ।  

See Also

ਨਸ਼ੇ ’ਚ ਲੱਗੇ ਨੌਜਵਾਨਾਂ ਦੇ ਸਮਾਜਿਕ, ਆਰਥਿਕ ਸਮੇਤ ਹੋਰ ਅਨੇਕਾ ਕਾਰਨ ਹੋ ਸਕਦੇ ਹਨ। ਨਸ਼ਾ ਛੁਡਵਾਉਣ ਦਾ ਕੰਮ ਸਿਹਤ ਵਿਭਾਗ ਦਾ ਬਣਦਾ ਹੈ। ਐਪਰ ਇਸ ਦਾ ਦਾਅਵਾ ਪੁਲੀਸ ਵਿਭਾਗ ਵਲੋਂ ਕੀਤਾ ਜਾਂਦੈ ਕਿ ਇੰਨੇ ਨੌਜਵਾਨਾਂ ਨੂੰ ਜੇਲ੍ਹ ਭੇਜ ਦਿੱਤਾ ਅਤੇ ਇੰਨੇ ਨੌਜਵਾਨਾਂ ਨੂੰ ਨਸ਼ਾ ਛੁਡਾਊਂ ਕੇਂਦਰਾਂ ’ਚ ਭੇਜ ਦਿੱਤਾ ਗਿਆ।

-ਸੰਗਰਾਮੀ ਲਹਿਰ ਬਿਊਰੋ

Scroll To Top