Now Reading
ਆਰਐੱਮਪੀਆਈ ਦੇ ਆਗੂ ਸਾਥੀ ਜਸਪਾਲ ਸਿੰਘ ਝਬਾਲ ਨਹੀਂ ਰਹੇ!, ਸਸਕਾਰ ਅੱਜ

ਆਰਐੱਮਪੀਆਈ ਦੇ ਆਗੂ ਸਾਥੀ ਜਸਪਾਲ ਸਿੰਘ ਝਬਾਲ ਨਹੀਂ ਰਹੇ!, ਸਸਕਾਰ ਅੱਜ


ਤਰਨ ਤਾਰਨ: ਸੀਪੀਐੱਮ ਪੰਜਾਬ ਅਤੇ ਆਰਐੱਮਪੀਆਈ ਦੀ ਸਥਾਪਨਾ ਕਰਨ ਵਾਲੇ ਮੁੱਢਲੇ ਆਗੂਆਂ ‘ਚ ਸ਼ੁਮਾਰ ਕਾਮਰੇਡ ਜਸਪਾਲ ਸਿੰਘ ਝਬਾਲ ਅੱਜ ਸੁਭਾ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸਨ।
ਸਾਥੀ ਝਬਾਲ ਨੇ ਮਜ਼ਦੂਰਾਂ-ਕਿਸਾਨਾਂ, ਮਿਹਨਤੀ ਤਬਕਿਆਂ ਦੇ ਹੱਕਾਂ-ਹਿਤਾਂ ਦੀ ਰਾਖੀ ਲਈ ਲੜੇ ਗਏ ਅਨੇਕਾਂ ਘੋਲਾਂ ਦੀ ਸਿਦਕ ਦਿਲੀ ਨਾਲ ਅਗਵਾਈ ਕੀਤੀ ਸੀ। ਉਨ੍ਹਾਂ ਦੀ ਸ਼ਾਨਦਾਰ ਸ਼ਖਸ਼ੀਅਤ ਦੀ ਸਭ ਤੋਂ ਸਖ਼ਤ ਪਰਖ ਉਦੋਂ ਹੋਈ ਸੀ ਜਦੋਂ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਅਮਾਨਵੀ ਕਾਰਿਆਂ ਦਾ ਵਿਰੋਧ ਕਰਦਿਆਂ ਉਹ ਅਨੇਕਾਂ ਵਾਰ ਮੌਤ ਦੇ ਮੂੰਹ ਜਾ ਪਏ ਸਨ। ਸਾਥੀ ਝਬਾਲ ਨੇ ਉਦੋਂ ਜਾਨ ਹੂਲ ਕੇ ਮਾਨਵੀ ਸਰੋਕਾਰਾਂ ਤੇ ਪਾਰਟੀ ਦੀ ਲਾਈਨ ‘ਤੇ ਡੱਟਵਾਂ ਪਹਿਰਾ ਦਿੱਤਾ। ਉਨ੍ਹਾਂ ਕਾਫੀ ਸਮਾਂ ਹਥਿਆਰਬੰਦ ਮੋਰਚੇ ਦੀ ਅਗਵਾਈ ਕਰਦਿਆਂ ਮਨੁੱਖਤਾ ਦੇ ਕਾਤਲਾਂ ਨੂੰ ਤਕੜੀ ਵੰਗਾਰ ਪਾਈ ਸੀ। ਸਾਥੀ ਝਬਾਲ ਨੇ ਆਪਣੀਆਂ ਦੋਨੋਂ ਧੀਆਂ ਰੋਜ਼ ਦੀਪ ਤੇ ਵਤਨ ਦੀਪ ਨੂੰ ਪਾਰਟੀ ਸੰਗ ਜੋੜਿਆ ਤੇ ਉਨ੍ਹਾਂ ਦੇ ਵਿਆਹ ਵੀ ਪਾਰਟੀ ਤੇ ਖੱਬੀ ਲਹਿਰ ਨਾਲ ਜੁੜੇ ਪਰਿਵਾਰਾਂ ‘ਤੇ ਹੀ ਕੀਤੇ ਹਨ। ਬੀਕੇਯੂ ਉਗਰਾਹਾਂ ਦੇ ਹਰਿਆਣਾ ਦੇ ਆਗੂ ਨਿਰਭੈ ਸਿੰਘ ਰਤੀਆ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਮਨਜਿੰਦਰ ਸਿੰਘ ਢੇਸੀ ਉਨ੍ਹਾਂ ਦੇ ਦਾਮਾਦ ਹਨ। ਜਸਪਾਲ ਝਬਾਲ ਦੀ ਸੁਪਤਨੀ ਸੁਖਵਿੰਦਰ ਕੌਰ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਛੋਟੀ ਭੈਣ ਹੈ।

ਸਾਥੀ ਜਸਪਾਲ ਝਬਾਲ ਦੇ ਦੁਖਦਾਈ ਵਿਛੋੜੇ ਨਾਲ ਪਾਰਟੀ, ਲਹਿਰ ਤੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਸਾਥੀ ਦਰਸ਼ਨ ਨਾਹਰ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਤੇ ਸਕੱਤਰ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਕੁਲਵੰਤ ਸਿੰਘ ਸੰਧੂ, ਅਦਾਰਾ ਸੰਗਰਾਮੀ ਲਹਿਰ ਵਲੋਂ ਸਾਥੀ ਮਹੀਪਾਲ ਤੇ ਗੁਰਦਰਸ਼ਨ ਬੀਕਾ, ਸੂਬਾ ਸਕੱਤਰੇਤ ਦੇ ਮੈਂਬਰ ਡਾਕਟਰ ਸਰਬਜੀਤ ਗਿੱਲ, ਪਸਸਫ (1406-22 ਬੀ ਚੰਡੀਗੜ੍ਹ ) ਪ੍ਰਧਾਨ ਤੇ ਸਕੱਤਰ ਸਤੀਸ਼ ਰਾਣਾ ਤੇ ਤੀਰਥ ਸਿੰਘ ਬਾਸੀ, ਪਾਰਟੀ ਦੀ ਤਰਨਤਾਰਨ ਜਿਲ੍ਹਾ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਚਮਨ ਲਾਲ ਦਰਾਜਕੇ ਤੇ ਮੁਖਤਿਆਰ ਸਿੰਘ ਮੱਲ੍ਹਾ ਨੇ ਸਾਥੀ ਜਸਪਾਲ ਝਬਾਲ ਦੀਆਂ ਘਾਲਣਾਵਾਂ ਨੂੰ ਸੂਹਾ ਸਲਾਮ ਪੇਸ਼ ਕਰਦਿਆਂ ਪਰਿਵਾਰ ਦਾ ਦੁਖ ਵੰਡਾਇਆ ਹੈ। ਉਨ੍ਹਾਂ ਦਾ ਅੰਤਮ ਸੰਸਕਾਰ ਅੱਜ 2 ਵਜੇ ਉਨ੍ਹਾ ਦੇ ਪਿੰਡ ਕੋਟ ਧਰਮਚੰਦ ਵਿਖੇ ਕੀਤਾ ਜਾਵੇਗਾ।

Scroll To Top