
ਪਠਾਨਕੋਟ: ਮਾਨ ਸਰਕਾਰ ਦੇ ਸਿਆਸੀ ਦਬਾਅ ਹੇਠ ਪਠਾਨਕੋਟ ਜ਼ਿਲੇ ਅੰਦਰ ਥਾਣਾ ਤਾਰਾਗੜ੍ਹ, ਥਾਣਾ ਵੁਮੈਨ ਸੈਲ ਪਠਾਨਕੋਟ ਅਤੇ ਥਾਣਾ ਸੁਜਾਨਪੁਰ ਵਿਖੇ ਆਮ ਸਧਾਰਨ ਲੋਕਾਂ ਨਾਲ ਹੋ ਰਹੀਆਂ ਵਧੀਕੀਆਂ ਸਬੰਧੀ, ਵੱਖ ਵੱਖ ਥਾਣਿਆਂ ਵਿੱਚ ਦਿਤੀਆਂ ਦਰਖਾਸਤਾਂ ਦਾ ਮਹੀਨਿਆਂ ਬੱਧੀ ਕਾਰਵਾਈ ਨਾ ਹੋਣ ਅਤੇ ਇੰਤਜ਼ਾਰ ਕਰਨ ਤੋਂ ਬਾਅਦ ਵੀ ਕੋਈ ਪੁਲਿਸ ਅਧਿਕਾਰੀ ਠੀਕ ਢੰਗ ਨਾਲ ਗੱਲ ਸੁਨਣ ਲਈ ਤਿਆਰ ਨਹੀਂ। ਲਗਾਤਾਰ ਟਾਲ ਮਟੋਲ ਤੇ ਉਲਟਾ ਦਰਖਾਸਤ ਨੂੰ ਡੀਲ ਕਰਦੇ ਪੁਲਿਸ ਅਧਿਕਾਰੀਆਂ ਵਲੋੰ ਦਰਖਾਸਤ ਕਰਤਾ ਨੂੰ ਹੀ ਧਮਕਾਇਆ ਜਾਂਦਾ ਹੈ। ਇਨ੍ਹਾਂ ਮੁਦਿਆਂ ਦੇ ਸਬੰਧ ਚ ਮਾਸਟਰ ਸੁਭਾਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਪਠਾਨਕੋਟ ਤਹਿਸੀਲ ਕਮੇਟੀ ਦੀ ਹੋਈ ਮੀਟਿੰਗ ਵਿੱਚ ਵੱਖ ਵੱਖ ਮਸਲਿਆਂ ਨੂੰ ਵਿਚਾਰਨ ਉਪਰੰਤ 2 ਫਰਵਰੀ 2026 ਨੂੰ ਐੱਸ ਐੱਸ ਪੀ ਦਫ਼ਤਰ ਪਠਾਨਕੋਟ ਸਾਹਮਣੇ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਮੀਟਿੰਗ ਤੋਂ ਬਾਅਦ ਉਪਰੋਕਤ ਮਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਆਰ ਐੱਮ ਪੀ ਆਈ ਦੇ ਜ਼ਿਲਾ ਪਠਾਨਕੋਟ ਤੇ ਗੁਰਦਾਸਪੁਰ ਦੇ ਪ੍ਰਧਾਨ ਕਾਮਰੇਡ ਸ਼ਿਵ ਕੁਮਾਰ ਅਤੇ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ ਨੇ ਸਾਂਝੇ ਲਿਖਤੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਥਾਣਾ ਤਾਰਾਗੜ੍ਹ ਅੰਦਰ ਪਿੰਡ ਭਰਿਆਲ ਲਾਹੜੀ ਵਿਖੇ ਸਾਬਕਾ ਸਰਪੰਚ ਬਲਕਾਰ ਚੰਦ ਭਰਿਆਲ ਲਾਹੜੀ ਨੂੰ ਕੂੜਾ-ਕਰਕਟ ਸੁਟਣ ਲਈ ਅਲਾਟ ਹੋਏ ਗੜੇ ਤੇ ਕੁਝ ਲੋਕਾਂ ਨੇ ਧੱਕੇਸ਼ਾਹੀ ਕਰਦਿਆਂ ਨਜਾਇਜ ਕਬਜ਼ਾ ਕਰਨ ਅਤੇ ਧਮਕਾਉਣ ਤੇ ਕੋਈ ਜਾਨੀ ਨੁਕਸਾਨ ਹੋਣ ਡਰੋਂ 15 ਨਵੰਬਰ 2025 ਨੂੰ ਥਾਣਾ ਤਾਰਾਗੜ੍ਹ ਵਿਖੇ ਫੌਰੀ ਤੇ ਦਰਖਾਸਤ ਦਿੱਤੀ ਸੀ। ਇਸ ਸਬੰਧੀ ਡੀ ਐੱਸ ਪੀ ਦਿਹਾਤੀ, ਡੀ ਸੀ ਪਠਾਨਕੋਟ ਰਾਹੀਂ ਐੱਸ ਐੱਸ ਪੀ ਦਫ਼ਤਰ ਪਠਾਨਕੋਟ ਵੀ ਇਨਸਾਫ ਦੀ ਮੰਗ ਕੀਤੀ ਪਰ ਅੱਜ ਤੱਕ ਕਿਸੇ ਵੀ ਅਧਿਕਾਰੀ ਨੇ ਪਿੰਡ ਭਰਿਆਲ ਲਾਹੜੀ ਜਾਣਾ ਮੁਨਾਸਿਬ ਸਮਝਿਆ।
ਦੂਸਰਾ ਮਸਲਾ ਇਸ ਤੋਂ ਵੀ ਗੰਭੀਰ ਹੈ। ਇਕ ਔਰਤ ਜੋ 21 ਸਬ ਏਰੀਏ ਵਿੱਚ ਕੰਮ ਕਰਦੀ ਸੀ, ਨਾਲ ਕੁਝ ਲੋਕਾਂ ਵੱਲੋਂ ਛੇੜਛਾੜ ਦੇ ਮਾਮਲੇ ਦੀ ਦਰਖਾਸਤ 12 ਸਤੰਬਰ 2025 ਤੋਂ ਖੱਜਲ ਹੋ ਰਹੀ ਹੈ। ਦਰਖਾਸਤ ਕਰਤਾ ਔਰਤ ਦੀ ਸੁਣਵਾਈ ਕੀ ਹੋਣੀ ਸੀ ਉਲਟਾ ਦਰਖਾਸਤ ਦੇਣ ਵਾਲੀ ਔਰਤ ਨੂੰ ਸਬੰਧਤ ਮਹਿਲਾ ਪੁਲਿਸ ਅਧਿਕਾਰੀ ਨੇ ਹੀ ਦੱਬਦੇ ਮਾਰੇ ਤੇ ਸਬੂਤ ਪੇਸ਼ ਕਰਨ ਲਈ ਊਲ-ਜਲੂਲ ਸਵਾਲ ਕੀਤੇ ਗਏ। ਤੀਸਰਾ ਮਸਲਾ ਸੁਜਾਨਪੁਰ ਥਾਣੇ ਨਾਲ ਸਬੰਧਤ ਹੈ, ਸੁਜਾਨਪੁਰ ਵਾਸੀ ਕਾਮਰੇਡ ਮੁਖਤਿਆਰ ਸਿੰਘ ਨੇ 13 ਜਨਵਰੀ 2026 ਨੂੰ ਦਸ ਦਿਨ ਪਹਿਲਾਂ ਆਪਣੇ ਨਾਲ ਹੋਏ ਦੁਰਵਿਵਹਾਰ ਸਬੰਧੀ ਦਰਖਾਸਤ ਦਿੱਤੀ ਉਹ ਵੀ ਜਿਉਂ ਦੀ ਤਿਉਂ ਕਾਇਮ ਹੈ। ਪੁਲਿਸ ਪ੍ਰਸ਼ਾਸਨ ਤੋਂ ਲੋਕਾਂ ਦਾ ਭਰੋਸਾ ਇਸ ਕਦਰ ਉਠਦਾ ਜਾ ਰਿਹਾ ਹੈ ਕਿ ਸਾਡੀ ਕਿਹੜੀ ਸੁਣਵਾਈ ਹੋਣੀਆ। ਇਸ ਤੋੰ ਇਲਾਵਾ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਦਰਖਾਸਤ ਦੇਣਾ ਹੀ ਮੁਨਾਸਿਬ ਨਹੀਂ ਸਮਝਦੇ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਪਾਰਟੀ ਆਗੂ ਕਾਮਰੇਡ ਬਲਵੰਤ ਸਿੰਘ ਘੋਹ, ਨਰਿੰਜਣ ਸਿੰਘ, ਰਘਬੀਰ ਸਿੰਘ ਧਲੌਰੀਆਂ, ਤਿਲਕ ਰਾਜ ਜਿਆਣੀ, ਰਾਮ ਬਿਲਾਸ ਠਾਕੁਰ, ਬਲਕਾਰ ਚੰਦ ਭਰਿਆਲ ਲਾਹੜੀ, ਯਸਪਾਲ, ਦਿਹਾਤੀ ਮਜ਼ਦੂਰ ਸਭਾ ਆਗੂ ਅਜੀਤ ਰਾਮ ਗੰਦਲਾਂ ਲਾਹੜੀ, ਪ੍ਰਵੀਨ ਕੁਮਾਰ ਬਮਿਆਲ, ਨਰੇਸ਼ ਕੁਮਾਰ ਖੋਜਕੀਚੱਕ, ਬਲਵਿੰਦਰ ਕੁਮਾਰ, ਅਵਤਾਰ ਸਿੰਘ, ਜਨਕ ਰਾਜ, ਦਰਸ਼ਨ ਸਿੰਘ ਅਤੇ ਹੋਰ ਸਾਥੀ ਹਾਜ਼ਰ ਸਨ।