
ਅਜਨਾਲਾ: ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਵਿਆਪੀ ਸੱਦੇ ‘ਤੇ ਕਿਸਾਨ ਮੋਰਚੇ ਦੀ ਪੰਜਵੀਂ ਵਰੇਗੰਢ ‘ਤੇ ਆਰ ਐੱਸ ਐੱਸ – ਬੀਜੇਪੀ ਦੀ ਮੋਦੀ ਸਰਕਾਰ ਵੱਲੋਂ ਕਿਸਾਨ, ਮਜ਼ਦੂਰ ਵਿਰੋਧੀ ਲਿਆਂਦੇ ਗਏ ਬਿਜਲੀ ਸੋਧ ਬਿੱਲ 2025 ਤੇ ਬੀਜ ਬਿੱਲ 2025 ਨੂੰ ਵਾਪਿਸ ਕਰਵਾਉਣ ਅਤੇ ਲੇਬਰ ਵਿਰੋਧੀ ਚਾਰ ਕੋਡਾਂ ਰੱਦ ਕਰਾਉਣ ਅਤੇ ਇਸ ਤਰ੍ਹਾਂ ਮਨਰੇਗਾ ਸਕੀਮ ਦਾ ਮੂਲ ਰੂਪ ਬਹਾਲ ਕਰਾਉਣ ਲਈ ਲੋਕ ਸਮਰਥਨ ਜੁਟਾਉਣ ਲਈ ਜਿਹੜਾ ਪਿੰਡ ਪਿੰਡ ਟਰੈਕਟਰ ਮਾਰਚ 26 ਜਨਵਰੀ ਨੂੰ ਕੀਤਾ ਜਾ ਰਿਹਾ ਹੈ, ਉਸ ਦੀਆਂ ਤਿਆਰੀਆਂ ਲੱਗਭਗ ਮੁਕੰਮਲ ਹੋ ਗਈਆਂ ਹਨ। ਅਜਿਹੀ ਜਾਣਕਾਰੀ ਪਿੰਡਾਂ ਵਿੱਚੋਂ ਪ੍ਰਾਪਤ ਹੋਈਆਂ ਰਿਪੋਰਟਾਂ ਦੇ ਅਧਾਰ ‘ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਅਜਨਾਲਾ ਵਿਖੇ ਕਿਸਾਨਾਂ ਮਜ਼ਦੂਰਾ ਦੀ ਲਖਬੀਰ ਸਿੰਘ ਤੇੜਾਂ ਦੀ ਪ੍ਰਧਾਨਗੀ ਵਿੱਚ ਵਿਸ਼ੇਸ਼ ਬਲਾਈ ਗਈ ਇਕੱਤਰਤਾ ਵਿੱਚ ਬੋਲਦਿਆਂ ਦੱਸਿਆ ਕਿ ਦਿੱਲੀ ਕਿਸਾਨ ਮੋਰਚੇ ਵੇਲੇ ਜਿਹੜੇ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਏ ਸਨ, ਇਹ ਬਿੱਲ ਤੇ ਕਾਨੂੰਨ ਉਹਨਾਂ ਨਾਲੋਂ ਵੀ ਦੇਸ਼ ਧਰੋਈ ਤੇ ਕਿਸਾਨ ਮਜ਼ਦੂਰ ਵਿਰੋਧੀ ਹਨ। ਬਿਜਲੀ ਬਿੱਲ ਕਾਨੂੰਨ ਬਨਣ ਨਾਲ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ, ਬੀਜ ਬਿੱਲ ਪਾਸ ਹੋਣ ਨਾਲ ਸਾਡੇ ਦੇਸ਼ ਦੀ ਸਮੁੱਚੀ ਖੇਤੀ ਬਾੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਅਜਿਹਾ ਖਦਸ਼ਾ ਵੀ ਹੈ ਕਿ ਸਾਡੇ ਦੇਸ਼ ਦੀ ਅਨਨਿਰਭਰਤਾ ਵੀ ਖ਼ਤਰੇ ਵਿਚ ਪੈ ਜਾਵੇਗੀ। ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਮਜ਼ਦੂਰਾਂ ਨੇ ਆਪਣਾ ਖੂਨ ਡੋਲ੍ਹ ਕੇ ਪਿਛਲੇ ਸੌ ਸਾਲਾਂ ਵਿੱਚ ਜਿਹੜੇ ਮਜ਼ਦੂਰ ਪੱਖੀ 29 ਕਾਨੂੰਨ ਬਣਵਾਏ ਸਨ ਉਹ ਤੋੜ ਦਿੱਤੇ ਗਏ ਹਨ ਤੇ ਮਜ਼ਦੂਰਾਂ ਦੀ ਦਿਹਾੜੀ 12 ਘੰਟੇ ਕਰ ਦਿੱਤੀ ਗਈ ਹੈ। ਅਜਿਹਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਸਮੇਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਾਲਾ ਸਿੰਘ ਡੱਲਾ ਰਾਜਪੂਤਾਂ ਨੇ ਕਿਹਾ ਕਿ ਜਿਹੜਾ ਪੇਂਡੂ ਖੇਤਰਾਂ ‘ਚ ਥੋੜਾਂ ਬਹੁਤਾ ਮਨਰੇਗਾ ਸਕੀਮ ਹੇਠ ਗਰੀਬਾਂ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਸੀ ਉਹ ਵੀ ਲੋਕ ਵਿਰੋਧੀ ਮੋਦੀ ਸਰਕਾਰ ਵਲੋਂ ਸਵਰੂਪ ਬਦਲਣ ਨਾਲ ਮਜ਼ਦੂਰਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਮਜ਼ਦੂਰ ਤਾਂ ਮੰਗ ਕਰ ਰਹੇ ਹਨ ਕਿ ਮਨਰੇਗਾ ਸੌ ਦਿਨ ਦੀ ਬਜਾਏ ਸਾਰਾ ਸਾਲਾਂ ਚਲਾਈ ਜਾਵੇ ਤੇ 700 ਰੁਪਏ ਦਿਹਾੜੀ ਦਿੱਤੀ ਜਾਵੇ।
ਇਸ ਮੌਕੇ ਸਮੂਹ ਬੁਲਾਰਿਆਂ ਨੇ ਪ੍ਰਣ ਲਿਆ ਕਿ ਉਹ ਉੱਕਤ ਚਾਰੇ ਕਨੂੰਨ ਜਿਨ੍ਹਾਂ ਚਿਰ ਤੱਕ ਬਹਾਲ ਨਹੀਂ ਹੁੰਦੇ ਉਹਨਾਂ ਚਿਰ ਉਹ ਸੰਘਰਸ਼ ਦੇ ਮੈਦਾਨ ਵਿੱਚ ਰਹਿਣਗੇ। ਇਸ ਮੀਟਿੰਗ ਦੀ ਹੋਰ ਵੀ ਮਹਾਨਤਾ ਵੱਧ ਗਈ ਜਦੋਂ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਕਾਰਜਪ੍ਰਣਾਲੀ ਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਸਾਥੀਆਂ ਸਮੇਤ ਹੋਰ ਜਥੇਬੰਦੀ ਚੋਂ ਆਏ ਆਗੂ ਲਵਪ੍ਰੀਤ ਸਿੰਘ ਤੇ ਰਵਿੰਦਰ ਸਿੰਘ ਮਲਕਪੁਰ ਹੋਣਾ ਨੂੰ ਸਿਰੋਪੇ ਦੇ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਤਰਸੇਮ ਸਿੰਘ ਕਾਮਲਪੁਰਾ, ਰੇਸ਼ਮ ਸਿੰਘ ਅਜਨਾਲਾ, ਰਸ਼ਪਾਲ ਸਿੰਘ ਸਾਹੋਵਾਲ, ਜੰਗ ਬਹਾਦਰ ਸਿੰਘ ਮਟੀਆਂ, ਬਲਕਾਰ ਸਿੰਘ ਜੋਸ਼, ਬਲਤੇਜ ਸਿੰਘ ਦਿਆਲਪੁਰਾ, ਅਮਰਜੀਤ ਸਿੰਘ ਤੇ ਧਰਮ ਸਿੰਘ ਹਰੜ ਖੁਰਦ, ਜਗਤਾਰ ਸਿੰਘ ਉਮਰਪੁਰਾ, ਕੁਲਦੀਪ ਸਿੰਘ ਅਜਨਾਲਾ, ਦਲਬੀਰ ਸਿੰਘ ਛੀਨਾਂ ਤੇ ਹਰਜਿੰਦਰ ਸਿੰਘ ਛੀਨਾਂ ਰਾਏਪੁਰ ਖੁਰਦ, ਜੱਗਾਪ੍ਰੀਤ ਸਿੰਘ ਜੋਸ਼ ਮੁਹਾਰ, ਹਰਨੇਕ ਸਿੰਘ ਨੇਪਾਲ ਆਦਿ ਨੇ ਵੀ ਆਪਣੇ ਵਿਚਾਰ ਰੱਖਦਿਆਂ ਨਵੇਂ ਸਾਥੀਆਂ ਨੂੰ ਜੀ ਆਇਆਂ ਕਿਹਾ।