Now Reading
ਮਨਰੇਗਾ ਵਰਕਰਜ ਯੂਨੀਅਨ ਪੰਜਾਬ ਦੀ ਪਿੰਡ ਜੋਧਾਂ ‘ਚ ਹੋਈ ਮੀਟਿੰਗ

ਮਨਰੇਗਾ ਵਰਕਰਜ ਯੂਨੀਅਨ ਪੰਜਾਬ ਦੀ ਪਿੰਡ ਜੋਧਾਂ ‘ਚ ਹੋਈ ਮੀਟਿੰਗ

ਜੋਧਾਂ: ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ‘ਤੇ ਸਥਿਤ ਪਿੰਡ ਜੋਧਾਂ ਵਿੱਚ ਮਨਰੇਗਾ ਵਰਕਰਜ ਯੂਨੀਅਨ ਪੰਜਾਬ ਦੀ ਮੀਟਿੰਗ ਮੇਟ ਪਰਮਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪਿੰਡ ਜੋਧਾਂ ਯੂਨਿਟ ਦੀ ਕਨਵੀਨਰ ਪਰਮਿੰਦਰ ਕੌਰ ਜੋਧਾਂ ਅਤੇ ਰਣਜੀਤ ਕੌਰ, ਕਰਮਜੀਤ ਕੌਰ, ਲਵਲੀ ਕੌਰ, ਭਾਗ ਸਿੰਘ ਮੈਂਬਰ ਚੁਣੇ ਗਏ, ਜੋ ਕਿ ਮਨੇਰਗਾ ਵਰਕਰਾਂ ਦੀ ਮੈਂਬਰਸ਼ਿਪ ਕਰਕੇ ਅਗਲੀ ਕਮੇਟੀ ਦੀ ਚੋਣ ਕਰਨਗੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਆਗੂ ਲਛਮਣ ਸਿੰਘ ਕੂੰਮਕਲਾਂ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਨਾਲ ਕੀਤੇ ਰੁਜ਼ਗਾਰ ਦੇਣ ਦੇ ਵਾਅਦਿਆਂ ਤੋਂ ਭੱਜ ਰਹੀ ਹੈ। ਉਹਨਾਂ ਆਖਿਆ ਕਿ ਜਿਸ ਦੀ ਤਾਜ਼ਾ ਮਿਸਾਲ ਮਨਰੇਗਾ ਦੇ ਕਾਨੂੰਨ ਵਿੱਚ ਬਦਲਾਅ ਕਰਨ ਤੋਂ ਮਿਲਦੀ ਹੈ। ਉਹਨਾਂ ਆਖਿਆ ਕਿ ਪਹਿਲਾਂ ਹੀ ਗਰੀਬੀ ਦੀ ਚੱਕੀ ਵਿੱਚ ਪਿਸ ਰਹੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਤੋਂ ਵਿਹਲੇ ਕਰਕੇ ਉਹਨਾਂ ਦੀ ਰੋਜੀ ਰੋਟੀ ਵਿੱਚ ਲੱਤ ਮਾਰੀ ਜਾ ਰਹੀ ਹੈ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਉਹ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨਾ ਬੰਦ ਕਰੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮਜ਼ਦੂਰਾਂ-ਕਿਸਾਨਾਂ ਵੱਲੋ ਸਰਕਾਰ ਵਿਰੁੱਧ ਵੱਡੇ ਅੰਦੋਲਨ ਦੀ ਤਿਆਰੀ ਤੇਜ ਕਰ ਦਿੱਤੀ ਜਾਵੇਗੀ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਆਖਿਆ ਕਿ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ਵਿੱਚ 26 ਜਨਵਰੀ ਨੂੰ ਕਿਸਾਨਾਂ ਮਜ਼ਦੂਰਾਂ ਵਲੋਂ ਸਾਂਝੇ ਤੌਰ ‘ਤੇ ਟਰੈਕਟਰ, ਸਕੂਟਰ, ਮੋਟਰਸਾਈਕਲ ਅਤੇ ਕਾਰਾਂ ਤੇ ਜੀਪਾਂ ਨਾਲ ਦੇਸ਼ ਭਰ ਵਿੱਚ ਮਾਰਚ ਕੀਤੇ ਜਾਣਗੇ। ਜਿੰਨਾਂ ਦੇ ਰੂਟਾਂ ਦੀ ਵਿਉਂਤ ਬੰਦੀ ਹੋ ਚੁੱਕੀ ਹੈ। ਇਸ ਮੌਕੇ ਸਰਪੰਚ ਪ੍ਰਕਾਸ਼ ਸਿੰਘ ਜੋਧਾਂ, ਸਰਪੰਚ ਸੁਖਜਿੰਦਰ ਸਿੰਘ ਰਤਨਗੜ੍ਹ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ ਵੀ ਹਾਜ਼ਰ ਸਨ।

Scroll To Top