
ਬਠਿੰਡਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਵਲੋਂ ‘ਮਨੂੰਵਾਦ ਭਜਾਓ ਬੇਗ਼ਮਪੁਰਾ ਵਸਾਓ’ ਮੁਹਿੰਮ ਤਹਿਤ ਜਿਲ੍ਹੇ ਦੇ ਪਿੰਡਾਂ ਬੀੜ ਬਹਿਮਣ, ਗਹਿਰੀ ਬੁੱਟਰ, ਰੁਲਦੂ ਸਿੰਘ ਵਾਲਾ, ਪਥਰਾਲਾ ਵਿਖੇ ਬੇਜ਼ਮੀਨੇ-ਸਾਧਨਹੀਣ ਮਜ਼ਦੂਰਾਂ ਤੇ ਦਲਿਤ ਭਾਈਚਾਰੇ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ।
ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਅਤੇ ਜ਼ਿਲ੍ਹਾ ਕਮੇਟੀ ਦੇ ਖਜਾਨਚੀ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਕਿਹਾ ਹੈ ਕਿ ਆਪਣੇ ਸਿਆਸੀ ਵਿੰਗ ਭਾਜਪਾ ਰਾਹੀਂ ਦੇਸ਼ ਦੀ ਕੇਂਦਰੀ ਸੱਤਾ ‘ਤੇ ਕਾਬਜ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.), ਦੇਸ਼ ਦੇ ਵਰਤਮਾਨ ਸੰਵਿਧਾਨ ਨੂੰ ਖਾਰਜ ਕਰਕੇ ਇਸ ਦੀ ਥਾਂ ਸ਼ਾਸ਼ਨ ਪੱਧਤੀ ਵਜੋਂ ਦਲਿਤਾਂ-ਔਰਤਾਂ ਦੀ ਗੁਲਾਮੀ ਦੇ ਦਸਤਾਵੇਜ਼ ‘ਮਨੂ ਸਿਮਰਤੀ’ ਨੂੰ ਲਾਗੂ ਕਰਨ ਲਈ ਕਾਹਲਾ ਹੈ। ਮੋਦੀ ਸਰਕਾਰ ਦੀ ਸ਼ਹਿ ਪ੍ਰਾਪਤ, ਆਰ.ਐਸ.ਐਸ. ਨਾਲ ਜੁੜੇ ਸੰਗਠਨਾਂ ਦੇ ਅਪਰਾਧੀ ਮਾਨਸਿਕਤਾ ਵਾਲੇ ਕਾਰਕੁਨਾਂ ਵਲੋਂ ਇਸ ਘਾਤਕ ਨਿਸ਼ਾਨੇ ਦੀ ਪੂਰਤੀ ਲਈ ਦਲਿਤਾਂ-ਇਸਤਰੀਆਂ ‘ਤੇ ਹੌਲਨਾਕ ਜ਼ੁਲਮ ਢਾਹੇ ਜਾ ਰਹੇ ਹਨ।
ਆਗੂਆਂ ਨੇ ਦੇਸ਼ ਵਾਸੀਆਂ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਫਿਰਕੂ ਵੰਡ ਤਿੱਖੀ ਕਰਨ ਲਈ ਸੰਘ ਪਰਿਵਾਰ ਦੇ ਖਰੂਦੀ ਟੋਲਿਆਂ ਵਲੋਂ ਘੱਟ ਗਿਣਤੀ ਮੁਸਲਿਮ ਤੇ ਈਸਾਈ ਵਸੋਂ ਦੇ ਕੀਤੇ ਜਾ ਰਹੇ ਘਾਣ ਦੇ ਦੇਸ਼ ਦੀ ਏਕਤਾ-ਅਖੰਡਤਾ ਲਈ ਬਹੁਤ ਘਾਤਕ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਭਾਰਤੀ ਕਿਰਤੀ ਤੇ ਔਰਤਾਂ, ਤਾਨਾਸ਼ਾਹੀ ਤਰਜ਼ ਦੇ, ਧਰਮ ਅਧਾਰਤ, ਕੱਟੜ ਹਿੰਦੂਤਵੀ-ਮਨੂੰਵਾਦੀ ਰਾਸ਼ਟਰ ਕਾਇਮ ਕਰਨ ਦੇ ਆਰ.ਐਸ.ਐਸ. ਦੇ ਫਿਰਕੂ-ਫਾਸ਼ੀ ਏਜੰਡੇ ਨੂੰ ਭਾਂਜ ਦਿੱਤੇ ਬਗੈਰ ਨਾ ਤਾਂ ਗੁਰਬਤ ਦੇ ਖਾਤਮੇ ਦੀ ਮਾਨਵੀ ਜਦੋਜਹਿਦ ਕਾਮਯਾਬ ਕਰ ਸਕਦੇ ਹਨ ਅਤੇ ਨਾ ਹੀ ਜਾਤਪਾਤ ਦੇ ਕੋਹੜ ਤੇ ਲਿੰਗਕ ਜਬਰ-ਵਿਤਕਰੇ ਤੋਂ ਮੁਕਤੀ ਹਾਸਲ ਕਰ ਸਕਦੇ ਹਨ। ਆਗੂਆਂ ਨੇ ਐਲਾਨ ਕੀਤਾ ਹੈ ਕਿ ਉਕਤ ਮੁਹਿੰਮ 12 ਦਸੰਬਰ ਤੱਕ ਜਾਰੀ ਰੱਖੀ ਜਾਵੇਗੀ।