Now Reading
‘ਮਨੂਵਾਦ ਭਜਾਓ ਬੇਗ਼ਮਪੁਰਾ ਵਸਾਓ’ ਮੁਹਿੰਮ ਤਹਿਤ ਪਿੰਡ ਰੋੜਕੀ ਵਿਖੇ ਕੀਤਾ ਗਿਆ ਕਿਰਤੀਆਂ ਦਾ ਭਰਵਾਂ ਇਕੱਠ

‘ਮਨੂਵਾਦ ਭਜਾਓ ਬੇਗ਼ਮਪੁਰਾ ਵਸਾਓ’ ਮੁਹਿੰਮ ਤਹਿਤ ਪਿੰਡ ਰੋੜਕੀ ਵਿਖੇ ਕੀਤਾ ਗਿਆ ਕਿਰਤੀਆਂ ਦਾ ਭਰਵਾਂ ਇਕੱਠ


ਸਰਦੂਲਗੜ੍ਹ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ‘ਮਨੂੰਵਾਦ ਭਜਾਓ ਬੇਗ਼ਮਪੁਰਾ ਵਸਾਓ’ ਮੁਹਿੰਮ ਤਹਿਤ ਨਜ਼ਦੀਕੀ ਪਿੰਡ ਰੋੜਕੀ ਵਿਖੇ ਬੇਜ਼ਮੀਨੇ-ਸਾਧਨਹੀਣ ਮਜ਼ਦੂਰਾਂ ਤੇ ਦਲਿਤ ਭਾਈਚਾਰੇ ਦੀ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਕਿਹਾ ਹੈ ਕਿ ਆਪਣੇ ਸਿਆਸੀ ਵਿੰਗ ਭਾਜਪਾ ਰਾਹੀਂ ਦੇਸ਼ ਦੀ ਕੇਂਦਰੀ ਸੱਤਾ ‘ਤੇ ਕਾਬਜ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.), ਦੇਸ਼ ਦੇ ਵਰਤਮਾਨ ਸੰਵਿਧਾਨ ਨੂੰ ਖਾਰਜ ਕਰਕੇ ਇਸ ਦੀ ਥਾਂ ਸ਼ਾਸ਼ਨ ਪੱਧਤੀ ਵਜੋਂ ਦਲਿਤਾਂ-ਔਰਤਾਂ ਦੀ ਗੁਲਾਮੀ ਦੇ ਦਸਤਾਵੇਜ਼ ‘ਮਨੂ ਸਿਮਰਤੀ’ ਨੂੰ ਲਾਗੂ ਕਰਨ ਲਈ ਬਜ਼ਿਦ ਹੈ। ਇਸ ਘਾਤਕ ਨਿਸ਼ਾਨੇ ਦੀ ਪੂਰਤੀ ਲਈ ਮੋਦੀ ਸਰਕਾਰ ਦੀ ਸ਼ਹਿ ਪ੍ਰਾਪਤ, ਆਰ.ਐਸ.ਐਸ. ਨਾਲ ਜੁੜੇ ਸੰਗਠਨਾਂ ਦੇ ਅਪਰਾਧੀ ਮਾਨਸਿਕਤਾ ਵਾਲੇ ਕਾਰਕੁਨਾਂ ਵਲੋਂ ਦਲਿਤਾਂ-ਇਸਤਰੀਆਂ ‘ਤੇ ਹੌਲਨਾਕ ਜ਼ੁਲਮ ਢਾਹੇ ਜਾ ਰਹੇ ਹਨ। ਉਨ੍ਹਾਂ ਦੇਸ਼ ਵਾਸੀਆਂ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਫਿਰਕੂ ਵੰਡ ਤਿੱਖੀ ਕਰਨ ਲਈ ਸੰਘ ਪਰਿਵਾਰ ਦੇ ਖਰੂਦੀ ਟੋਲਿਆਂ ਵਲੋਂ ਘੱਟ ਗਿਣਤੀ ਮੁਸਲਿਮ ਤੇ ਈਸਾਈ ਵਸੋਂ ਦੇ ਕੀਤੇ ਜਾ ਰਹੇ ਘਾਣ ਦੇ ਦੇਸ਼ ਦੀ ਏਕਤਾ-ਅਖੰਡਤਾ ਲਈ ਬਹੁਤ ਘਾਤਕ ਨਤੀਜੇ ਨਿਕਲਣਗੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਹੈ ਕਿ ਭਾਰਤੀ ਕਿਰਤੀ ਤੇ ਔਰਤਾਂ, ਤਾਨਾਸ਼ਾਹੀ ਤਰਜ਼ ਦੇ, ਧਰਮ ਅਧਾਰਤ, ਕੱਟੜ ਹਿੰਦੂਤਵੀ-ਮਨੂੰਵਾਦੀ ਰਾਸ਼ਟਰ ਕਾਇਮ ਕਰਨ ਦੇ ਆਰ.ਐਸ.ਐਸ. ਦੇ ਫਿਰਕੂ-ਫਾਸ਼ੀ ਏਜੰਡੇ ਨੂੰ ਭਾਂਜ ਦਿੱਤੇ ਬਗੈਰ ਨਾ ਤਾਂ ਗੁਰਬਤ ਦੇ ਖਾਤਮੇ ਦੀ ਮਾਨਵੀ ਜਦੋਜਹਿਦ ਕਾਮਯਾਬ ਕਰ ਸਕਦੇ ਹਨ ਅਤੇ ਨਾ ਹੀ ਜਾਤ-ਪਾਤ ਦੇ ਕੋਹੜ ਤੇ ਲਿੰਗਕ ਜਬਰ-ਵਿਤਕਰੇ ਤੋਂ ਮੁਕਤੀ ਹਾਸਲ ਕਰ ਸਕਦੇ ਹਨ। ਉਕਤ ਮੁਹਿੰਮ 12 ਦਸੰਬਰ ਤੱਕ ਜਾਰੀ ਰੱਖੀ ਜਾਵੇਗੀ।
ਪਾਰਟੀ ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਲਾਲ ਚੰਦ ਨੇ ਇਸ ਮੌਕੇ ਬੋਲਦਿਆਂ ਆਉਣ ਵਾਲੀ 20 ਦਸੰਬਰ ਨੂੰ ਸਰਦੂਲਗੜ੍ਹ ਦੇ ਚੌੜਾ ਬਾਜ਼ਾਰ ਵਿਚ ਪਾਰਟੀ ਵਲੋਂ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਵਿਚ ਪ੍ਰੀਵਾਰਾਂ ਸਮੇਤ ਪੁੱਜਣ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਖ਼ਜ਼ਾਨਚੀ ਪ੍ਰਕਾਸ਼ ਸਿੰਘ ਨੰਦਗੜ੍ਹ ਅਤੇ ਜ਼ਿਲ੍ਹਾ ਕਮੇਟੀ ਦੇ ਮੈਂਬਰ ਆਤਮਾ ਰਾਮ ਸਰਦੂਲਗੜ੍ਹ ਨੇ ਵੀ ਵਿਚਾਰ ਰੱਖੇ।

Scroll To Top