Now Reading
ਅਕਤੂਬਰ ਇਨਕਲਾਬ ਦੀ ਵਰ੍ਹੇਗੰਢ ਮੌਕੇ ਕੀਤੀ ਮੀਟਿੰਗ

ਅਕਤੂਬਰ ਇਨਕਲਾਬ ਦੀ ਵਰ੍ਹੇਗੰਢ ਮੌਕੇ ਕੀਤੀ ਮੀਟਿੰਗ



ਫਿਲੌਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਤਹਿਸੀਲ ਕਮੇਟੀ ਦੀ ਮੀਟਿੰਗ ਉਪਰੰਤ ਆਗੂਆਂ ਨੇ ਐਲਾਨ ਕੀਤਾ ਕਿ 7 ਦਸੰਬਰ ਨੂੰ ਤਹਿਸੀਲ ਪੱਧਰੀ ਫਿਲੌਰ ਵਿਖੇ ਇੱਕ ਸਿਆਸੀ ਕਾਨਫ਼ਰੰਸ ਕੀਤੀ ਜਾਵੇਗੀ।
ਕੁਲਦੀਪ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੇ ਦਿਨ ਸੋਵੀਅਤ ਸੰਘ ‘ਚ ਆਏ ਇਨਕਲਾਬ ਨੇ ਦੁਨੀਆ ਨੂੰ ਨਵਾਂ ਸੁਨੇਹਾ ਦਿੱਤਾ। ਸੋਵੀਅਤ ਸੰਘ ਨੇ ਭਾਰਤ ਦੀ ਤਰੱਕੀ ‘ਚ ਵੀ ਵੱਡਾ ਯੋਗਦਾਨ ਪਾਇਆ। ਫਾਸ਼ੀਵਾਦ ਦੇ ਹਮਲੇ ਨੂੰ ਨਕਾਰਦਿਆਂ ਸਾਇੰਸ, ਖੇਡਾਂ, ਰੁਜ਼ਗਾਰ, ਸਿਹਤ ਵਰਗੇ ਹਰ ਮੁੱਦੇ ‘ਤੇ ਤਰੱਕੀ ਕੀਤੀ। ਸੰਧੂ ਨੇ ਅੱਗੇ ਕਿਹਾ ਕਿ ਇੱਕ ਪਾਸੇ ਅਮਰੀਕਨ ਸਾਮਰਾਜ ਹਥਿਆਰਾਂ ਦਾ ਵਪਾਰ ਕਰ ਰਿਹਾ ਅਤੇ ਦੂਜੇ ਪਾਸੇ ਸਮਾਜਵਾਦੀ ਦੇਸ਼ ਮਨੁੱਖਤਾਵਾਦੀ ਨੀਤੀਆਂ ਅਪਣਾਉਂਦੇ ਹੋਏ ਅੱਗੇ ਵੱਧ ਰਹੇ ਹਨ।
ਸੰਧੂ ਨੇ ਕਿਹਾ ਕਿ ਭਾਰਤ ‘ਚ ਫਾਸ਼ੀਵਾਦ ਦੇ ਹਮਲੇ ਵੱਧਦੇ ਜਾ ਰਹੇ ਹਨ। ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਖ਼ਿਲਾਫ਼ ਮੋਦੀ ਸਰਕਾਰ ਦੇ ਰਾਜਭਾਗ ਦੌਰਾਨ ਹਮਲੇ ਵਧੇ ਹਨ।
ਇਸ ਮੀਟਿੰਗ ਨੂੰ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਅਤੇ ਸੂਬਾ ਸਕੱਤਰੇਤ ਮੈਂਬਰ (ਇਨਵਾਇਟੀ) ਡਾ. ਸਰਬਜੀਤ ਮੁਠੱਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ, ਸਿੱਖਿਆ ਤੇ ਰੁਜ਼ਗਾਰ ਤੋਂ ਇਲਾਵਾ ਧਾਰਮਿਕ ਕੱਟੜਤਾ ਅਤੇ ਜਾਤੀਵਾਦ ਵਿਤਕਰੇ ਖ਼ਿਲਾਫ਼ ਚਲਾਈ ਜਾ ਰਹੀ ਜਨ ਸੰਪਰਕ ਮੁਹਿੰਮ ਤਹਿਤ ਫਿਲੌਰ ‘ਚ 7 ਦਸੰਬਰ, ਨਕੋਦਰ ‘ਚ 9 ਦਸੰਬਰ, ਜਲੰਧਰ ‘ਚ 14 ਦਸੰਬਰ ਅਤੇ ਮਲਸੀਆਂ ਵਿਖੇ 18 ਦਸੰਬਰ ਨੂੰ ਰਾਜਨੀਤਕ ਕਾਨਫਰੰਸਾਂ ਕੀਤੀਆਂ ਜਾਣਗੀਆਂ। ਆਗੂਆਂ ਨੇ ਕਿਹਾ ਕਿ ਇਹ ਕਾਨਫਰੰਸਾਂ ਲਹਿਰ ਦੇ ਵਿਛੜੇ ਸਾਥੀਆਂ ਦੀ ਯਾਦ ਨੂੰ ਸਮਰਪਿਤ ਹੋਣਗੀਆਂ।
ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ ਤੋਂ ਇਲਾਵਾ ਕੁਲਜੀਤ ਫਿਲੌਰ, ਮੇਜਰ ਫਿਲੌਰ, ਕੁਲਦੀਪ ਵਾਲੀਆ, ਮਾ. ਮਲਕੀਤ ਸਿੰਘ, ਅਮ੍ਰਿੰਤ ਨੰਗਲ, ਪਰਮਜੀਤ ਬੋਪਾਰਾਏ, ਤਰਜਿੰਦਰ ਧਾਲੀਵਾਲ, ਮੱਖਣ ਸੰਗਰਾਮੀ, ਰਮਨ ਤਲਵਣ, ਹੇਮ ਰਾਜ ਤਲਵਣ, ਬਲਜਿੰਦਰ ਬੱਬੀ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।


Scroll To Top