ਜਾਤੀਵਾਦੀ ਤੇ ਲਿੰਗਕ ਜਬਰ ਤੇ ਵਿਤਕਰੇ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਅਤੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ-ਯੂਨਾਇਟਡ (ਐੱਮਸੀਪੀਆਈ- ਯੂ) ’ਤੇ ਆਧਾਰਿਤ ‘ਕਮਿਊਨਿਸਟ ਕੋ-ਆਰਡੀਨੇਸਨ ਕਮੇਟੀ’ (ਸੀਸੀਸੀ) ਵੱਲੋਂ ਜਾਤੀਵਾਦੀ ਤੇ ਲਿੰਗਕ ਜਬਰ ਤੇ ਵਿਤਕਰੇ ਨੂੰ ਸੰਸਥਾਗਤ ਰੂਪ ਦੇਣ ਵਾਲੀ ਮਨੂੰਵਾਦੀ-ਹਿੰਦੂਤਵੀ ਸੋਚ ਖ਼ਿਲਾਫ ਰੋਸ ਪ੍ਰਗਟਾਉਣ ਲਈ 15 ਅਕਤੂਬਰ ਨੂੰ ਪਿੰਡਾਂ/ਸ਼ਹਿਰਾਂ ਅੰਦਰ ਪੁਤਲੇ ਫੂਕ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਤਹਿਤ ਆਰਐਮਪੀਆਈ ਵਲੋਂ ਸ੍ਰੀ ਅੰਮ੍ਰਿਤਸਰ ਸਹਿਬ, ਅਜਨਾਲਾ, ਰਈਆ, ਟਾਂਗਰਾ, ਤਿੰਮੋਵਾਲ, ਤਰਨਤਾਰਨ ਸਾਹਿਬ, ਬਟਾਲਾ, ਪਠਾਨਕੋਟ, ਫਿਲੌਰ, ਰੁੜਕਾਂ ਕਲਾਂ, ਨਕੋਦਰ, ਮਹਿਤਪੁਰ, ਗੜ੍ਹਾ ਜਲੰਧਰ, ਸ਼੍ਰੀ ਆਨੰਦਪੁਰ ਸਾਹਿਬ, ਘਰਾਚੋਂ, ਸਰਦੂਲਗੜ੍ਹ, ਬਠਿੰਡਾ ਆਦਿ ਵਿਖੇ ਭਰਵੇਂ ਮੁਜ਼ਾਹਰੇ ਕਰਕੇ ਮੰਨੂੰਵਾਦੀ-ਹਿੰਦੂਤਵੀਆਂ ਦੇ ਪੁਤਲੇ ਫੂਕੇ ਗਏ।
ਉਕਤ ਰੋਸ ਪ੍ਰਦਰਸ਼ਨਾਂ ਦੌਰਾਨ ਸਮਾਜਿਕ ਨਿਆਂ ਦੀ ਪ੍ਰਾਪਤੀ ਅਤੇ ਇਸਤਰੀਆਂ ਦੇ ਸਵੈਮਾਨ ਦੀ ਰਾਖੀ ਲਈ ਤੇ ਦਲਿਤਾਂ-ਔਰਤਾਂ ਖ਼ਿਲਾਫ਼ ਦੇਸ਼ ਭਰ ’ਚ ਵੱਧ ਰਹੇ ਜ਼ੁਲਮਾਂ ਤੇ ਵਿਤਕਰਿਆਂ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ। ਇਸ ਮੌਕੇ ਹੋਏ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਕਿਹਾ ਕਿ ਆਰਐੱਸਐੱਸ ਨਾਲ ਜੁੜੇ ਇਕ ਸਖਸ਼ ਵੱਲੋਂ ਭਾਰਤ ਦੀ ਸਰਵ ਉੱਚ ਅਦਾਲਤ ਦੇ ਮੁੱਖ ਜੱਜ ਵੱਲ ਜੁੱਤੀ ਵਗਾਹ ਕੇ ਮਾਰਨ ਤੇ ਹਰਿਆਣਾ ਵਿਖੇ ਅਖੌਤੀ ਉੱਚ ਜਾਤੀ ਨਾਲ ਸਬੰਧਤ ਅਧਿਕਾਰੀਆਂ ਦੇ ਜਾਤੀ ਸੂਚਕ ਵਿਵਹਾਰ ਤੋਂ ਤੰਗ ਆਏ ਦਲਿਤ ਆਈਪੀਐੱਸ ਅਧਿਕਾਰ ਵੱਲੋਂ ਖੁਦਕੁਸ਼ੀ ਕਰਨ ਨੂੰ ਸਾਧਾਰਨ ਜ਼ੁਰਮ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ। ਇਵੇਂ ਹੀ ਤਾਲਿਬਾਨ ਨੁਮਾਇੰਦਿਆਂ ਦੀ ਪੱਤਰਕਾਰ ਵਾਰਤਾ ’ਚ ਮਹਿਲਾ ਨਾਮਾਨਿਗਾਰਾਂ ਨੂੰ ਦਾਖ਼ਲ ਨਾ ਹੋਣ ਦੇਣ ਤੇ ਭਾਰਤ ਦੀ ਮੋਦੀ ਸਰਕਾਰ ਵੱਲੋਂ ਇਸ ਵਤੀਰੇ ਦਾ ਬਣਦਾ ਪ੍ਰਤੀਕਾਰ ਨਾ ਕਰਨਾ ਵੀ ਕੋਈ ਮਾਮੂਲੀ ਘਟਣਾ ਨਹੀਂ। ਉਨ੍ਹਾਂ ਦੇਸ਼ ਵਾਸੀਆਂ ਨੂੰ ਉਕਤ ਸ਼ਾਵਨਵਾਦੀ ਵਿਚਾਰ ਚੌਖਟੇ ਖਿਲਾਫ ਡੱਟਵਾਂ ਪ੍ਰਤੀਰੋਧ ਉਸਾਰਨ ਦਾ ਸੱਦਾ ਦਿੱਤਾ ਹੈ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ
ਅਮਰੀਕਾ-ਇਜ਼ਰਾਇਲ ਜੰਗਬਾਜ਼ ਜੁੰਡਲੀ ਖ਼ਿਲਾਫ਼ ਤੇ ਫ਼ਲਸਤੀਨ ਦੇ ਹੱਕ ’ਚ ਕਨਵੈਨਸ਼ਨਾਂ ਤੇ ਮੁਜ਼ਾਹਰੇ
‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵੱਲੋਂ ਬਾਬਾ ਜਵਾਲਾ ਸਿੰਘ ਠੱਠੀਆਂ ਹਾਲ, ਦੇਸ਼ ਭਗਤ ਯਾਦਗਾਰ ਜਲੰਧਰ ਤੇ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਫ਼ਲਸਤੀਨੀਆਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਅਤੇ ਅਮਰੀਕਾ-ਇਜ਼ਰਾਇਲ ਜੰਗਬਾਜ਼ ਜੁੰਡਲੀ ਖ਼ਿਲਾਫ਼ ਮਾਝਾ-ਦੋਆਬਾ ਅਤੇ ਮਾਲਵਾ ਜ਼ੋਨ ਦੀਆਂ ਭਰਵੀਆਂ ਕਨਵੈਨਸ਼ਨਾਂ ਕੀਤਿਆਂ ਗਈਆਂ।
ਕਨਵੈਨਸ਼ਨਾਂ ਦੀ ਸਮਾਪਤੀ ’ਤੇ ਦੋਹਾਂ ਸ਼ਹਿਰਾਂ ’ਚ ਹੱਥਾਂ ’ਚ ਫ਼ਲਸਤੀਨ ਦੇ ਝੰਡੇ ਅਤੇ ਜੰਗ ਵਿਰੋਧੀ ਤਖ਼ਤੀਆਂ ਲੈ ਕੇ ਬਹੁਤ ਹੀ ਪ੍ਰਭਾਵਸ਼ਾਲੀ ਇਕਜੁੱਟਤਾ ਮਾਰਚ ਵੀ ਕੀਤੇ ਗਏ।
ਕਨਵੈਨਸ਼ਨਾਂ ਵੱਲੋਂ ਪਾਸ ਕੀਤੇ ਮਤਿਆਂ ਰਾਹੀਂ ਇਜ਼ਰਾਈਲੀ ਫੌਜਾਂ ਨੂੰ ਫ਼ਲਸਤੀਨ ’ਚੋਂ ਤੁਰੰਤ ਵਾਪਸ ਜਾਣ, ਫ਼ਲਸਤੀਨ ਨੂੰ ਆਜ਼ਾਦ ਦੇਸ਼ ਤਸਲੀਮ ਕੀਤੇ ਜਾਣ, ਇਜ਼ਰਾਈਲ ਵੱਲੋਂ ਫ਼ਲਸਤੀਨ ਤੇ ਲਾਈਆਂ ਸਾਰੀਆਂ ਪਾਬੰਦੀਆਂ ਮਨਸੂਖ ਕੀਤੇ ਜਾਣ, ਫ਼ਲਸਤੀਨੀਆਂ ਨੂੰ ਖਾਧ-ਖੁਰਾਕ ਤੇ ਹੋਰ ਰਾਹਤ ਸਮੱਗਰੀ ਪੁਚਾਏ ਜਾਣ ’ਚ ਅੜਿੱਕੇ ਡਾਹੁਣੇ ਬੰਦ ਕੀਤੇ ਜਾਣ, ਯੂਐਨਓ ਵਿਚ ਜੰਗਬੰਦੀ ਦੇ ਮਤਿਆਂ ਨੂੰ ਵੀਟੋ ਕਰਨਾ ਬੰਦ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
ਮੱਧ ਭਾਰਤ ’ਚ ਆਦਿਵਾਸੀਆਂ ਅਤੇ ਮਾਉਵਾਦੀ ਤੇ ਨਕਸਲੀ ਕਾਰਕੁੰਨਾਂ ਦੇ ਝੂਠੇ ਮੁਕਾਬਲੇ ਬੰਦ ਕੀਤੇ ਜਾਣ ਤੇ ਕਾਰਪੋਰੇਟ ਘਰਾਣਿਆਂ ਨੂੰ ਜਲ, ਜੰਗਲ, ਜ਼ਮੀਨ ਲੁੱਟਣ ਦੀ ਖੁੱਲ੍ਹ ਬੰਦ ਕਰਨ ਦੀ ਵੀ ਮੰਗ ਕੀਤੀ ਗਈ। ਹੜ੍ਹ-ਬਾਰਿਸਾਂ ਨਾਲ ਹੋਏ ਜਾਨੀ-ਮਾਲੀ ਤੇ ਹੋਰ ਨੁਕਸਾਨ ਦੀ ਫੌਰੀ ਪੂਰਤੀ ਕਰਨ ਅਤੇ ਮੁਆਵਜ਼ਾ ਦੇਣ ਲੱਗਿਆਂ ਬੇਜ਼ਮੀਨੇ-ਸਾਧਨਹੀਣ ਮਜ਼ਦੂਰਾਂ ਦੇ ਹਿੱਤਾਂ ਨੂੰ ਪਹਿਲ ਦੇਣ, ਅੱਗੇ ਤੋਂ ਹੋਣ ਵਾਲਾ ਨੁਕਸਾਨ ਰੋਕਣ ਲਈ ਦਰਿਆਵਾਂ ਦੇ ਦੋਵੇਂ ਪਾਸੇ ਮਜਬੂਤ ਬੰਨ ਉਸਾਰੇ ਜਾਣ ਦੀ ਮੰਗ ਕੀਤੀ ਗਈ। ਨਾਲ ਹੀ ਲੱਦਾਖ ਨਾਲ ਹੋਈ ਵਧੀਕੀ ਖ਼ਿਲਾਫ਼ ਜੂਝਣ ਵਾਲੇ ਉੱਘੇ ਬੁੱਧੀਜੀਵੀ ਤੇ ਕਾਰਕੁੰਨ ਸੋਨਮ ਵਾਂਗਚੁੱਕ ਦੀ ਤੁਰੰਤ ਰਿਹਾਈ ਮੰਗੀ ਗਈ। ਬਿਹਾਰ ਤੋਂ ਬਾਅਦ ਪੰਜਾਬ ਸਮੇਤ ਸਾਰੇ ਦੇਸ਼ ਵਿੱਚ ਐਸਆਈਆਰ (ਸਪੈਸ਼ਲ ਵੋਟ ਸੋਧ) ਦੀ ਮੁਹਿੰਮ ਬੰਦ ਕੀਤੇ ਜਾਣ ਦਾ ਵੀ ਮਤਾ ਪ੍ਰਵਾਨ ਕੀਤਾ ਗਿਆ।
ਕਨਵੈਨਸ਼ਨਾਂ ਰਾਹੀਂ ਇਹ ਗੱਲ ਉਭਾਰੀ ਗਈ ਕਿ ਇਜ਼ਰਾਈਲ-ਅਮਰੀਕਾ ਤੇ ਪੱਛਮ ਦੇ ਅਮੀਰ ਦੇਸ਼ਾਂ ਦੀ ਜੰਗਬਾਜ ਜੁੰਡਲੀ ਸੰਸਾਰ ਭਰ ਦੇ ਅਮਨ ਪਸੰਦ ਤੇ ਨਿਆਂ ਪ੍ਰੇਮੀ ਲੋਕਾਂ ਦੇ ਜਬਰਦਸਤ ਵਿਰੋਧ ਦੇ ਬਾਵਜੂਦ ਫ਼ਲਸਤੀਨੀਆਂ ਦਾ ਨਸਲਘਾਤ ਜਾਰੀ ਰੱਖ ਰਹੀ ਹੈ। ਇਹ ਜੁੰਡਲੀ ਸਮੁੱਚੇ ਮਾਨਵੀ ਅਧਿਕਾਰਾਂ ਤੇ ਅਮਨ ਚਾਰਟਰ ਦੀ ਸਰਾਸਰ ਉਲੰਘਣਾ ਕਰ ਰਹੀ ਹੈ।
ਪਰਵਾਰਾਂ ਦੇ ਪਰਵਾਰ ਖ਼ਤਮ ਕਰ ਦਿੱਤੇ ਗਏ ਹਨ। ਮਰਨ ਵਾਲਿਆਂ ’ਚ ਵਧੇਰੇ ਗਿਣਤੀ ਬੱਚੇ, ਔਰਤਾਂ ਤੇ ਬਜ਼ੁਰਗ ਹਨ। ਦੁਨੀਆ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਗਾਜ਼ਾ ਸ਼ਹਿਰ ਦਾ ਵੱਡਾ ਹਿੱਸਾ ਤਬਾਹ ਕਰ ਦਿੱਤਾ ਗਿਆ ਹੈ। ਸਕੂਲ, ਹਸਪਤਾਲ, ਪਨਾਹਗਾਹਾਂ ਤੇ ਹੋਰ ਇਮਾਰਤਾਂ ਬੰਬਾਰੀ ਨਾਲ ਢਹਿ-ਢੇਰੀ ਕਰ ਕੇ ਮਲਬੇ ਬਣਾ ਦਿੱਤੇ ਗਏ ਹਨ। ਵਿਸ਼ਵ ਭਰ ਦੇ ਮਾਨਵ ਹਿਤੈਸ਼ੀਆਂ ਵੱਲੋਂ ਇਮਾਰਤਾਂ ਦੇ ਮਲਬੇ ਹੇਠ ਲੱਖਾਂ ਲੋਕਾਂ ਦੀਆਂ ਲਾਸ਼ਾਂ ਦੱਬੀਆਂ ਹੋਣ ਦੇ ਸ਼ੰਕੇ ਪ੍ਰਗਟਾਏ ਜਾ ਰਹੇ ਹਨ। ਸਾਮਰਾਜੀ ਇਜ਼ਰਾਈਲ ਨੂੰ ਹਥਿਆਰ ਤੇ ਪੈਸੇ ਦੇ ਰਹੇ ਹਨ। ਫ਼ਲਸਤੀਨ ਦੇ ਲੋਕ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਅਤੇ ਭੁੱਖੇ-ਤਿਹਾਏ ਤੜਫ-ਤੜਫ ਕੇ ਮਰ ਰਹੇ ਹਨ ਤੇ ਲੱਖਾਂ ਬਾਸ਼ਿੰਦੇ ਹਿਜ਼ਰਤ ਕਰ ਗਏ ਹਨ।
ਕਨਵੈਨਸ਼ਨਾਂ ਵਲੋਂ ਸੱਜ ਪਿਛਾਖੜੀ ਫਿਰਕੂ-ਫਾਸ਼ੀ ਸੰਗਠਨ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਤੋਂ ਵਿਚਾਰਧਾਰਕ ਸੇਧ ਲੈਂਦੀ ਕੇਂਦਰ ਦੀ ਮੋਦੀ ਸਰਕਾਰ ਵਲੋਂ ਭਾਰਤ ਦੀ ਦਹਾਕਿਆਂ ਪੁਰਾਣੀ ਵਿਦੇਸ਼ ਨੀਤੀ ਨੂੰ ਦਰਕਿਨਾਰ ਕਰਕੇ ਇਜ਼ਰਾਇਲ ਦੀ ਨੰਗੀ-ਚਿੱਟੀ ਹਿਮਾਇਤ ਕਰਨ ਦੇ ਤਬਾਹਕੁੰਨ ਨੀਤੀ-ਪੈਂਤੜੇ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ। ਭਾਰਤੀ ਲੋਕਾਂ, ਖਾਸ ਕਰਕੇ ਕਿਰਤੀ-ਕਿਸਾਨਾਂ ਤੇ ਮਿਹਨਤੀ ਤਬਕਿਆਂ ਨੂੰ ਫ਼ਲਸਤੀਨੀਆਂ ਦੇ ਹੱਕ ’ਚ ਤੇ ਜੰਗਬਾਜ਼ ਜੁੰਡਲੀ ਖ਼ਿਲਾਫ਼ ਲੜੇ ਜਾ ਰਹੇ ਵਿਸ਼ਵੀ ਲੋਕ ਯੁੱਧ ਨੂੰ ਭਾਰਤ ਅੰਦਰ ਹੋਰ ਤਕੜਾ ਕਰਨ ਲਈ ਬੱਝਵੇਂ, ਸਰਵ ਪੱਖੀ ਯਤਨ ਕਰਨ ਦੀ ਅਪੀਲ ਕੀਤੀ ਗਈ ਹੈ। ਸੰਖੇਪ ਰਿਪੋਰਟਾਂ :
ਜਲੰਧਰ : ਸਰਵ ਸਾਥੀ ਰਛਪਾਲ ਕੈਲੇ, ਰਤਨ ਸਿੰਘ ਰੰਧਾਵਾ, ਸ਼ਾਮ ਸਿੰਘ, ਕੁਲਵਿੰਦਰ ਸਿੰਘ ਵੜੈਚ, ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮਾਝਾ-ਦੋਆਬਾ ਜ਼ੋਨ ਦੀ ਕਨਵੈਨਸ਼ਨ ਨੂੰ ਸੀਪੀਆਈ ਦੇ ਸੂਬਾ ਸਕੱਤਰ ਬੰਤ ਬਰਾੜ, ਆਰਐਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰ, ਸੀਪੀਆਈ (ਐਮਐਲ) ਨਿਊ ਡੈਮੋਕ੍ਰੇਸੀ ਦੇ ਸੂਬਾਈ ਆਗੂ ਅਜਮੇਰ ਸਿੰਘ ਸਮਰਾ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕੀਤਾ। ਸਮਾਪਤੀ ’ਤੇ ਡੀ.ਸੀ. ਦਫ਼ਤਰ ਤੱਕ ਜੋਸ਼ ਭਰਪੂਰ ਮਾਰਚ ਵੀ ਕੀਤਾ ਗਿਆ।
ਬਰਨਾਲਾ : ਸਰਵ ਸਾਥੀ ਖੁਸ਼ੀਆ ਸਿੰਘ, ਪ੍ਰੋ. ਜੈਪਾਲ ਸਿੰਘ, ਅਵਤਾਰ ਸਿੰਘ ਤਾਰੀ, ਗੋਬਿੰਦ ਸਿੰਘ ਛਾਂਜ਼ਲੀ, ਜਗਜੀਤ ਸਿੰਘ ਲਹਿਰਾ, ਹਰਮੇਲ ਸਿੰਘ ਮਹਿਰੋਕ ਦੀ ਪ੍ਰਧਾਨਗੀ ਹੇਠ ਹੋਈ ਮਾਲਵਾ ਜ਼ੋਨ ਦੀ ਪ੍ਰਭਾਵਸ਼ਾਲੀ ਕਨਵੈਨਸ਼ਨ ਨੂੰ ਆਰਐਮਪੀਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੀਪੀਆਈ ਦੀ ਕੌਮੀ ਕੌਂਸਲ ਦੇ ਮੈਂਬਰ ਸਾਥੀ ਨਿਰਮਲ ਸਿੰਘ ਧਾਲੀਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਸਾਥੀ ਕੰਵਲਜੀਤ ਖੰਨਾ, ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਸੁਖਦਰਸ਼ਨ ਸਿੰਘ ਨੱਤ, ਸੀਪੀਆਈ (ਐਮਐਲ) ਨਿਊ ਡੈਮੋਕ੍ਰੇਸੀ ਦੇ ਸੂਬਾਈ ਆਗੂ ਸਾਥੀ ਕੁਲਵਿੰਦਰ ਸਿੰਘ ਵੜੈਚ, ਐਮਸੀਪੀਆਈ-ਯੂ ਦੀ ਪੋਲਿਟ ਬਿਊਰੋ ਦੇ ਮੈਂਬਰ ਸਾਥੀ ਕਿਰਨਜੀਤ ਸਿੰਘ ਸੇਖੋਂ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਸਾਥੀ ਨਾਰਾਇਣ ਦੱਤ ਨੇ ਕੀਤਾ। ਸਾਥੀ ਮਹੀਪਾਲ ਵੱਲੋਂ ਰੱਖੇ ਗਏ ਮਤੇ ਹਾਜ਼ਰ ਪ੍ਰਤੀਨਿਧਾਂ ਵੱਲੋਂ ਆਕਾਸ਼ ਗੂੰਜਾਊ ਨਾਹਰੇ ਬੁਲੰਦ ਕਰਦੇ ਹੋਏ ਸਰਵ ਸੰਮਤੀ ਨਾਲ ਪ੍ਰਵਾਨ ਕੀਤੇ ਗਏ। ਸਮਾਪਤੀ ਤੇ ਸ਼ਹੀਦ ਭਗਤ ਸਿੰਘ ਚੌਂਕ ਤੱਕ ਜੋਸ਼ ਭਰਪੂਰ ਮਾਰਚ ਕਰਕੇ ਫ਼ਲਸਤੀਨੀਆਂ ਨਾਲ ਇੱਕਮੁੱਠਤਾ ਜ਼ਾਹਰ ਕੀਤੀ ਗਈ।
ਸਾਂਝੇ ਮੋਰਚੇ ਮੁਆਵਜ਼ੇ ਲਈ ਕੀਤਾ ਸੂਬੇ ਭਰ ਵਿੱਚ ਕੀਤਾ ਮੋਟਰਸਾਈਕਲ ਮਾਰਚ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਹੜਾਂ ਤੇ ਬਾਰਸ਼ਾਂ ਕਾਰਨ ਹੋਏ ਭਾਰੀ ਜਾਨੀ-ਮਾਲੀ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤੇ ਜਾਣ ਲਈ 4-5 ਅਕਤੂਬਰ ਨੂੰ ਪੰਜਾਬ ਭਰ ’ਚ ਪਿੰਡਾਂ ਅੰਦਰ ਝੰਡਾ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਨੂੰ ਲਾਗੂ ਕਰਦਿਆਂ ਜਲੰਧਰ ਦੇ ਨਕੋਦਰ, ਸ਼ਾਹਕੋਟ, ਲੋਹੀਆਂ, ਮਹਿਤਪੁਰ, ਨੂਰਮਹਿਲ, ਫਿਲੌਰ, ਕਰਤਾਰਪੁਰ, ਜਲੰਧਰ ਕੈਂਟ ਅਤੇ ਭੋਗਪੁਰ ਬਲਾਕਾਂ ਤੋਂ ਇਲਾਵਾ ਬਾਬਾ ਬਕਾਲਾ ਸਾਹਿਬ, ਤਰਨਤਾਰਨ ਸਾਹਿਬ, ਗੁਰਦਾਸਪੁਰ, ਮੁਕਤਸਰ ਸਾਹਿਬ ਦੇ ਸੈਂਕੜੇ ਪਿੰਡਾਂ ’ਚ ਮੋਟਰਸਾਈਕਲ ਮਾਰਚ ਕੀਤੇ ਗਏ ਕਰਕੇ ਸੂਬਾ ਸਰਕਾਰ ਤੋਂ ਹੜ੍ਹ ਪੀੜਤਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ। ਉੱਕਤ ਝੰਡਾ ਮਾਰਚਾਂ ਮੌਕੇ ਹੋਏ ਇਕੱਠਾਂ ਨੂੰ ਸਾਂਝੇ ਮੋਰਚੇ ਦੇ ਆਗੂ ਸਰਵਸਾਥੀ ਦੇਵੀ ਕੁਮਾਰੀ, ਦਰਸ਼ਨ ਨਾਹਰ, ਤਰਸੇਮ ਪੀਟਰ, ਹਰਮੇਸ਼ ਮਾਲੜੀ, ਮੁਕੇਸ਼ ਮਲੌਦ, ਸੋਢੀ ਲਾਲ, ਗੋਬਿੰਦ ਸਿੰਘ ਛਾਂਜਲੀ, ਕੁਲਵੰਤ ਸਿੰਘ ਸੇਲਵਰਾ, ਕਸ਼ਮੀਰ ਘੁਗਸ਼ੋਰ, ਚਮਨ ਲਾਲ ਦਰਜਾਕੇ,ਅਮਰੀਕ ਸਿੰਘ ਦਾਊਦ, ਬਲਦੇਵ ਨੂਰਪੁਰੀ, ਸ਼ਮਸ਼ੇਰ ਸਿੰਘ ਬਟਾਲਾ, ਪਰਮਜੀਤ ਸਿੰਘ ਰੰਧਾਵਾ, ਗੁਰਨਾਮ ਸਿੰਘ ਭਿੰਡਰ ਨੇ ਸੰਬੋਧਨ ਕੀਤਾ। ਮੰਗ ਕੀਤੀ ਗਈ ਕਿ ਹੜ੍ਹਾਂ, ਬਾਰਸ਼ਾਂ ਨਾਲ ਢਹਿ ਗਏ ਘਰਾਂ ਨੂੰ ਮੁੜ ਉਸਾਰਨ ਲਈ 15 ਲੱਖ ਰੁਪਏ, ਬਾਲੇ ਗਾਡਰਾਂ ਵਾਲੀਆਂ ਛੱਤਾਂ ਬਦਲਣ ਲਈ 5 ਲੱਖ ਰੁਪਏ, ਹੜ੍ਹਾਂ ’ਚ ਜਾਨਾਂ ਗੁਆਉਣ ਵਾਲੇ ਪੀੜਤਾਂ ਦੇ ਪਰਿਵਾਰਾਂ ਨੂੰ ਘੱਟੋ-ਘੱਟ 25 ਲੱਖ ਰੁਪਏ, ਮਜ਼ਦੂਰਾਂ ਦੀਆਂ ਟੁੱਟੀਆਂ ਦਿਹਾੜੀਆਂ ਦੀ ਭਰਪਾਈ ਲਈ ਪ੍ਰਤੀ ਪਰਿਵਾਰ ਪੰਜਾਹ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਹਨਾਂ ਮਾਰਚਾਂ ਵਿਚ ਵੱਡੀ ਗਿਣਤੀ ਵਿੱਚ ਕਿਰਤੀ ਲੋਕ ਸ਼ਾਮਲ ਹੋਏ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ
ਹੜ੍ਹਾਂ ਦੇ ਮੁਆਵਜ਼ੇ ਲਈ ਐਸਕੇਐਮ ਵਲੋਂ ਡੀ ਸੀ ਦਫ਼ਤਰਾਂ ਅੱਗੇ ਮੁਜ਼ਾਹਰੇ
ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਹੜ੍ਹਾਂ ਦੌਰਾਨ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਬਣਦੀ ਜ਼ਿਮੇਵਾਰੀ ਨਾ ਨਿਭਾਉਣ ਤੇ ਹੜ੍ਹ ਪੀੜਤਾਂ ਨੂੰ ਸਮੇਂ-ਸਿਰ ਰਾਹਤ ਮੁਹੱਈਆ ਨਾ ਕਰਵਾਉਣ ਵਿਰੁੱਧ 8 ਅਕਤੂਬਰ ਨੂੰ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਮੂਹਰੇ ਪ੍ਰਦਰਸ਼ਨ ਕੀਤੇ ਗਏ। ਮੋਰਚੇ ਦੇ ਆਗੂਆਂ ਨੇ ਹੜ੍ਹ ਪੀੜਤ ਕਿਸਾਨਾਂ, ਮਜ਼ਦੂਰਾਂ ਸਣੇ ਵੱਖ-ਵੱਖ ਵਰਗ ਦੇ ਲੋਕਾਂ ਦੀਆਂ ਮੰਗਾਂ ਮਨਵਾਉਣ ਲਈ ਡਿਪਟੀ ਕਮਿਸ਼ਨਰਾਂ ਰਾਹੀਂ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜੇ। ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਹੜ੍ਹ ਪੀੜਤ ਕਿਸਾਨਾਂ, ਮਜ਼ਦੂਰਾਂ ਸਣੇ ਹਰੇਕ ਵਰਗ ਲਈ ਫੌਰੀ ਮੁਆਵਜ਼ਾ ਜਾਰੀ ਕਰਨ ਤੇ ਪੰਜਾਬ ’ਚ ਆਏ ਹੜ੍ਹਾਂ ਲਈ ਦੋਸ਼ੀ ਵਿਭਾਗੀ ਕੁਤਾਹੀ ਤੇ ਭਿ੍ਰਸ਼ਟਾਚਾਰ ਦੀ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਡਾ. ਸਤਨਾਮ ਸਿੰਘ ਅਜਨਾਲਾ, ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਡਾ. ਦਰਸ਼ਨ ਪਾਲ, ਨਿਰਭੈ ਸਿੰਘ ਢੁੱਡੀਕੇ, ਮਨਜੀਤ ਸਿੰਘ ਧਨੇਰ, ਕੁਲਦੀਪ ਸਿੰਘ ਗਰੇਵਾਲ, ਹਰਦੇਵ ਸਿੰਘ ਸੰਧੂ, ਬੂਟਾ ਸਿੰਘ ਬੁਰਜਗਿੱਲ ਨੇ ਵੱਖ-ਵੱਖ ਥਾਵਾਂ ’ਤੇ ਲੱਗੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰੀ ਮੀਂਹ ਦੇ ਬਾਵਜੂਦ ਦੋਵੇਂ ਸਰਕਾਰਾਂ ਡੈਮ ਪ੍ਰਬੰਧਨ ਵਿੱਚ ਵੀ ਫੇਲ੍ਹ ਸਾਬਤ ਹੋਈਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਲਈ 70 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ ਅਤੇ ਪੰਜ ਏਕੜ ਵਾਲੀ ਸਰਤ ਹਟਾਈ ਜਾਵੇ। ਮਿ੍ਰਤਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦਾ ਮੁਆਵਜਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਢਹੇ ਮਕਾਨਾਂ ਦਾ 10 ਲੱਖ, ਇੱਕ ਲੱਖ ਰੁਪਏ ਪ੍ਰਤੀ ਪਸ਼ੂ ਦਿੱਤਾ ਜਾਵੇ। ਇਸ ਤੋਂ ਇਲਾਵਾ ਮਜ਼ਦੂਰ ਪਰਿਵਾਰਾਂ ਨੂੰ ਇਕ ਲੱਖ ਰੁਪਏ ਪ੍ਰਤੀ ਪਰਿਵਾਰ ਇੱਕ ਮੁਸਤ ਮਦਦ ਅਤੇ ਪ੍ਰਤੀ ਏਕੜ ਦਸ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਗੰਨਾ ਬੀਜਣ ਵਾਲੇ ਕਿਸਾਨਾਂ ਨੂੰ ਗੰਨੇ ਦਾ ਬੀਜ ਮੁਫਤ ਮੁਹੱਈਆ ਕਰਵਾਇਆ ਜਾਵੇ, ਹਲਦੀ ਰੋਗ, ਮਧਰਾ ਕਾਰਨ ਝੋਨੇ ਦੇ ਘਟੇ ਝਾੜ ਲਈ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ, ਕਰਜ਼ੇ ਦੀਆਂ ਕਿਸ਼ਤਾਂ ਇੱਕ ਸਾਲ ਲਈ ਅੱਗੇ ਪਾਈਆਂ ਜਾਣ ਤੇ ਇਕ ਸਾਲ ਲਈ ਵਿਆਜ਼ ਮੁਆਫ਼ ਕੀਤਾ ਜਾਵੇ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ 25 ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ਼ ਜਾਰੀ ਕੀਤਾ ਜਾਵੇ।
ਰਿਪੋਰਟ : ਰਮੇਸ਼ ਚੰਦਰ
‘ਮੌਜੂਦਾ ਰਾਜਸੀ ਹਾਲਾਤ ਤੇ ਔਰਤਾਂ ਸਨਮੁੱਖ ਕਾਰਜ’ ਵਿਸ਼ੇ ਤੇ ਸੈਮੀਨਾਰ
‘ਔਰਤ ਮੁਕਤੀ ਮੋਰਚਾ ਪੰਜਾਬ’ ਵੱਲੋਂ ਗੀਤਾ ਮੰਦਰ ਜਲੰਧਰ ਵਿਖੇ ਮਰਹੂਮ ਬੀਬੀ ਤਿ੍ਰਪਤਾ ਦੇਵੀ ਗੌਤਮ ਅਤੇ ਰੇਲ ਮੁਲਾਜਮਾਂ ਦੇ ਉੱਘੇ ਆਗੂ ਸਾਥੀ ਟੀ.ਆਰ. ਗੌਤਮ ਦੀ ਯਾਦ ’ਚ ‘ਮੌਜੂਦਾ ਰਾਜਸੀ ਹਾਲਾਤ ਤੇ ਔਰਤਾਂ ਸਨਮੱੁਖ ਕਾਰਜ’ ਵਿਸ਼ੇ ਦਾ ਭਰਵਾਂ ਸੂਬਾਈ ਸੈਮੀਨਾਰ ਸੱਦਿਆ ਗਿਆ। ਕੇਂਦਰੀ ਯੂਨੀਵਰਸਿਟੀ ਪੰਜਾਬ ਵਿਖੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾਕਟਰ ਲੇਜ਼ੀਆ ਲਖਵੀਰ ਕੌਰ ਨੇ ਮੁੱਖ ਵਿਸ਼ੇ ਬਾਰੇ ਕੂੰਜੀਵਤ ਭਾਸ਼ਣ ਕੀਤਾ। ਗ਼ਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ ਨੂੰ ਸਮਰਪਿਤ ਇਸ ਸੈਮੀਨਾਰ ਦੀ ਪ੍ਰਧਾਨਗੀ ਸ਼੍ਰੀਮਤੀ ਅਰੁਣਾ ਸ਼ਰਮਾਂ, ਮੀਨਾਕਸ਼ੀ ਭਾਰਦਵਾਜ ਅਤੇ ਅਜੀਤ ਕੌਰ ਅਜਨਾਲਾ ਨੇ ਕੀਤੀ। ਮੰਚ ’ਤੇ ਜਸਵੀਰ ਕੌਰ, ਹਰਿੰਦਰ ਕੌਰ, ਮਮਤਾ, ਕੁਲਵਿੰਦਰ ਕੌਰ, ਡਾ. ਰਘਬੀਰ ਕੌਰ, ਕਾਮਰੇਡ ਸ਼ਿਵ ਦੱਤ ਸ਼ਰਮਾ ਤੇ ਕਾਮਰੇਡ ਮੰਗਤ ਰਾਮ ਪਾਸਲਾ ਵੀ ਬਿਰਾਜਮਾਨ ਸਨ।
ਮੁੱਖ ਭਾਸ਼ਣਕਰਤਾ ਨੇ ਇਤਿਹਾਸਕ ਤੱਥਾਂ ਦੇ ਹਵਾਲੇ ਨਾਲ ਸਿੱਧ ਕੀਤਾ ਕਿ ਬਹੁ ਗਿਣਤੀ ਦੇ ਜਜ਼ਬਾਤ ਭੜਕਾ ਕੇ ਕੀਤੀ ਜਾਂਦੀ ਫਿਰਕੂ ਸਿਆਸਤ ਤੇ ਕਤਾਰਬੰਦੀ, ਹਰ ਕਿਸਮ ਦਾ ਕੱਟੜਵਾਦ, ਪਿੱਤਰਸੱਤਾਵਾਦੀ ਵਿਚਾਰਚੌਖਟਾ ਨਾ ਕੇਵਲ ਇਸਤਰੀਆਂ ਦੇ ਸਵੈਮਾਨ ਤੇ ਆਜ਼ਾਦੀ ਨੂੰ ਘੱਟੇ ਰੋਲਦੇ ਹਨ ਬਲਕਿ ਸਮਾਨ ਅਧਿਕਾਰਾਂ ਦੀ ਪ੍ਰਾਪਤੀ ਦੇ ਔਰਤਾਂ ਦੇ ਮਾਨਵੀ ਸੰਘਰਸ਼ਾਂ ਦੇ ਰਾਹ ਦਾ ਸਭ ਤੋਂ ਵੱਡਾ ਅੜਿੱਕਾ ਵੀ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਸਤਰੀਆਂ ਦੀ ਫੈਸਲਾਕੁੰਨ ਸ਼ਮੂਲੀਅਤ ਤੋਂ ਬਿਨ੍ਹਾਂ ਜਮਹੂਰੀ ਲਹਿਰ ਅਤੇ ਜਮਹੂਰੀ ਲਹਿਰ ਦੀ ਹਿਮਾਇਤ ਤੋਂ ਬਗੈਰ ਔਰਤਾਂ ਨਾ ਸਹੀ ਪਰਿਪੇਖ ’ਚ ਅਗਾਂਹ ਵਧ ਸਕਦੇ ਹਨ ਅਤੇ ਨਾ ਹੀ ਸਮਾਜਿਕ ਤਬਦੀਲੀ ਦਾ ਆਧਾਰ ਬਣਨ ਵਾਲੀਆਂ ਜਿੱਤਾਂ ਹਾਸਲ ਕਰ ਸਕਦੇ ਹਨ। ਉਨ੍ਹਾਂ ਅੱਗੋਂ ਕਿਹਾ ਕਿ ਔਰਤਾਂ ਦੀਆਂ ਸੰਵੇਦਨਾਵਾਂ ਦਾ ਨਿਰਾਦਰ ਤੇ ਉਨ੍ਹਾਂ ਦੀ ਬੌਧਿਕ ਸਮਰੱਥਾ ਦੀ ਅਣਦੇਖੀ ਕਰਨ ਵਾਲਾ ਸਮਾਜ ਕਦੀ ਵੀ ਠੀਕ ਲੀਹਾਂ ’ਤੇ ਤਰੱਕੀ ਨਹੀਂ ਕਰ ਸਕਦਾ। ਜਿੱਥੇ ਮਰਦਾਂ ਨੂੰ ਹਰ ਖੇਤਰ ’ਚ ਔਰਤਾਂ ਨੂੰ ਬਰਾਬਰ ਹੱਕ ਦੇਣ ਦੇ ਮੁਦੱਈ ਬਣਨਾ ਚਾਹੀਦਾ ਹੈ, ਉੱਥੇ ਨਾਲ ਹੀ ਔਰਤਾਂ ਨੂੰ ਮਰਦ ਵਿਰੋਧੀ ਸੋਚ ਤਿਆਗ ਕੇ ਆਪਣੇ ਘੋਲਾਂ ਨੂੰ ਲੋਟੂ ਢਾਂਚੇ ਤੋਂ ਮੁਕਤੀ ਵੱਲ ਸੇਧਤ ਕਰਨਾ ਚਾਹੀਦਾ ਹੈ।
ਨਾਮਵਰ ਬੁੱਧੀਜੀਵੀ ਡਾਕਟਰ ਰਘਬੀਰ ਕੌਰ ਨੇ ਗ਼ਦਰੀ ਸੰਗਰਾਮਣ ਗੁਲਾਬ ਕੌਰ ਦੇ ਮਿਸਾਲੀ ਜੀਵਨ ਅਤੇ ਪ੍ਰੇਰਣਾਦਾਇਕ ਘਾਲਣਾਵਾਂ ਬਾਰੇ ਚਾਨਣਾ ਪਾਇਆ।
ਦੇਸ਼ ਦੀ ਜਮਹੂਰੀ ਲਹਿਰ ਦੇ ਸਿਰਮੌਰ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕਿਸੇ ਵੀ ਦੇਸ਼ ’ਚ ਮਾਸੂਮਾਂ ਦਾ ਵਢਾਂਗਾ ਕਰਕੇ ਕਾਇਮ ਕੀਤਾ ਗਿਆ ਧਰਮ ਅਧਾਰਤ ਪਿਛਾਖੜੀ ਰਾਜ ਅੰਤ ਨੂੰ ਸਬੰਧਤ ਦੇਸ਼ ਦੀ ਹਰ ਧਰਮ ਨੂੰ ਮੰਨਣ ਵਾਲੀ ਸਮੁੱਚੀ ਕਿਰਤੀ ਵਸੋਂ ਦੇ ਬੇਤਰਸ ਲੁੱਟ-ਖਸੁੱਟ ਤੇ ਵਸੋਂ ’ਤੇ ਅਣਕਿਆਸੇ ਜਬਰ-ਜ਼ੁਲਮ ਢਾਹੇ ਜਾਣ ਦਾ ਜ਼ਰੀਆ ਬਣਦਾ ਹੈ। ਉਨ੍ਹਾਂ ਕਿਹਾ ਕਿ ਨਵ-ਉਦਾਰਵਾਦੀ ਨੀਤੀਆਂ ਲਾਗੂ ਹੋਣ ਨਾਲ ਔਰਤਾਂ ਦੀ ਲੁੱਟ-ਚੋਂਘ ਅਤੇ ਗੁਲਾਮੀ ’ਚ ਅੰਤਾਂ ਦਾ ਵਾਧਾ ਹੋਇਆ ਹੈ।
ਅੰਤ ’ਚ ‘ਮੋਰਚੇ’ ਦੀ ਸੂਬਾ ਪ੍ਰਧਾਨ ਪ੍ਰੋ. ਸੁਰਿੰਦਰ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ। ਜਤਿੰਦਰ ਕੌਰ ਸੰਧੂ, ਬਲਜਿੰਦਰ ਕੌਰ, ਗੁਰਿੰਦਰ ਕੌਰ, ਲਖਵਿੰਦਰ ਜਾਮਾਰਾਏ, ਅਜੀਤ ਕੌਰ ਤੁੜ ਵੀ ਮੌਜੂਦ ਸਨ।
ਰਿਪੋਰਟ ਸ਼ਮਸ਼ੇਰ ਸਿੰਘ ਬਟਾਲਾ/ਰਮੇਸ਼ ਚੰਦਰ
