
ਸਰਬਜੀਤ ਮੁਠੱਡਾ
‘ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ’ ਅਤੇ ‘ਪੰਜਾਬ ਸਟੂਡੈਂਟਸ ਫੈਡਰੇਸ਼ਨ’ ਵਲੋਂ ਸ਼ਹੀਦ-ਇ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਇਸ ਵਾਰ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਦੋਹਾਂ ਸੰਗਠਨਾਂ ਨੇ ਸ਼ਹੀਦ ਦੇ ਪੁਰਖਿਆਂ ਦੇ ਪਿੰਡ ਖਟਕੜ ਕਲਾਂ ਵਿਖੇ ‘ਰੁਜ਼ਗਾਰ ਪ੍ਰਾਪਤੀ’ ਅਤੇ ‘ਨਸ਼ਾ ਕਾਰੋਬਾਰ ਨਾਲ ਹੋ ਰਹੀ ਚੌਤਰਫਾ ਤਬਾਹੀ’ ਤੋਂ ਮੁਕਤੀ ਲਈ ਪੰਜ ਦਿਨ ਲਗਾਤਾਰ ਦਿਨ-ਰਾਤ ਦਾ ਧਰਨਾ ਮਾਰਿਆ। ਸ਼ਹੀਦ ਦੇ ਜਨਮ ਦਿਹਾੜੇ, 28 ਸਤੰਬਰ ਤੋਂ ਆਰੰਭੇ ਗਏ ਇਸ ਪੰਜ ਰੋਜ਼ਾ ਧਰਨੇ ਦਾ ਸਮਾਪਨ ਦੁਸ਼ਹਿਰੇ ਵਾਲੇ ਦਿਨ, 2 ਅਕਤੂਬਰ ਨੂੰ ਨੇੜਲੇ ਕਸਬਾ ਬੰਗਾ ਵਿਖੇ ਬਹੁਤ ਹੀ ਪ੍ਰਭਾਵਸ਼ਾਲੀ ਨੌਜਵਾਨ-ਵਿਦਿਆਰਥੀ ਮਾਰਚ ਕਰਕੇ ਕੀਤਾ ਗਿਆ। ਪੰਜੇ ਦਿਨ ਪੂਰੇ ਇਲਾਕੇ ’ਚ ਸਭਾ ਦਾ ਕੇਂਦਰੀ ਨਾਅਰਾ “ਬਰਾਬਰ ਵਿਦਿਆ ਸਿਹਤ ਤੇ ਰੁਜ਼ਗਾਰ ਸਭ ਦਾ ਹੋਵੇ ਇਹ ਅਧਿਕਾਰ’’ ਗੂੰਜਦਾ ਰਿਹਾ। ਇਹ ਧਰਨਾ ਸ਼ੁਰੂ ਕਰਨ ਲਈ ਭਾਰੀ ਗਿਣਤੀ ਨੌਜਵਾਨ ਸੈਂਕੜੇ ਦੁਪਹੀਆ ਵਾਹਨਾਂ ਰਾਹੀਂ ਗੁਰਾਇਆਂ ਤੋਂ ਮਾਰਚ ਕਰਦੇ ਹੋਏ ਖਟਕੜ ਕਲਾਂ ਪੁੱਜੇ ਸਨ। ਬਾਹਰੋਂ ਉੱਜਲੀ ਪਰ ਅੰਦਰੋਂ ਰੱਜ ਕੇ ਕੋਝੀ ਪੰਜਾਬ ਸਰਕਾਰ ਨੇ ਇਕ ਦਿਨ ਪਹਿਲਾਂ ਨੌਜਵਾਨ ਆਗੂਆਂ ਦੇ ਘਰਾਂ ’ਚ ਪੁਲਸ ਛਾਪੇਮਾਰੀ ਰਾਹੀਂ ਦਹਿਸ਼ਤ ਸਿਰਜ ਕੇ ਧਰਨਾ-ਮਾਰਚ ਫੇਲ੍ਹ ਕਰਨ ਦਾ ਨਖਿੱਧ ਯਤਨ ਵੀ ਕੀਤਾ ਸੀ। ਪਰ ਸਰਕਾਰ ਤੇ ਪੁਲਸ-ਪ੍ਰਸ਼ਾਸਨ ਨੌਜਵਾਨਾਂ ਦੇ ਹੌਂਸਲੇ ਪਸਤ ਨਾ ਕਰ ਸਕੇ।
ਉਂਝ, ਖਟਕੜ ਕਲਾਂ ਵਿਖੇ ਕਿਸੇ ਸੰਗਠਨ ਨੇ ਪਹਿਲੀ ਵਾਰ ਧਰਨਾ ਮਾਰਿਆ ਹੈ, ਉਹ ਵੀ ਲਗਾਤਾਰ ਪੰਜ ਦਿਨਾਂ ਦਾ। ਕੁੱਝ ਲੋਕ ਇਹ ਤਰਕ ਦਿੰਦੇ ਸੁਣੇ ਗਏ ਕਿ ਖਟਕੜ ਕਲਾਂ ਵਿਖੇ ਧਰਨਾ ਨਹੀਂ ਸੀ ਮਾਰਿਆ ਜਾਣਾ ਚਾਹੀਦਾ। ਇਹ ਵੀ ਚਰਚਾ ਛਿੜੀ ਕਿ ਜਦੋਂ ‘ਨੇਕੀ ’ਤੇ ਬਦੀ ਦੀ ਜਿੱਤ ਦਾ ਤਿਓਹਾਰ’ ਮਨਾਇਆ ਜਾ ਰਿਹਾ ਸੀ ਉਸ ਦਿਨ ਕੋਈ ਹੋਰ ਜਲਸਾ-ਜਲੂਸ, ਧਰਨਾ-ਮੁਜ਼ਾਹਰਾ ਆਦਿ ਨਹੀਂ ਸੀ ਕੀਤਾ ਜਾਣਾ ਚਾਹੀਦਾ।
ਧਰਨਾਕਾਰੀ ਨੌਜਵਾਨਾਂ-ਵਿਦਿਆਰਥੀਆਂ ਦੀ ਇਸ ਬਾਬਤ ਰਾਇ ਹੈ ਕਿ ਦੁਸ਼ਹਰੇ ਵਾਲੇ ਦਿਨ ਕੱਢੇ ਗਏ ਲੰਮੇ ਮਾਰਚ ਸਦਕਾ ਸੂਬੇ ਦੀ ਸਿਆਸੀ ਫਿਜ਼ਾ ’ਚ ਇਹ ਸਵਾਲ ਪੂਰੀ ਸ਼ਿੱਦਤ ਨਾਲ ਗੂੰਜਾਇਆ ਗਿਆ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇਕੀ ਵਾਲੇ ਪਾਸੇ ਖੜ੍ਹੀ ਹੈ ਜਾਂ ਬਦੀ ਨਾਲ? ਉਨ੍ਹਾਂ ਅਨੁਸਾਰ ਸ਼ਹੀਦ-ਇ-ਆਜ਼ਮ ਦੀ ਸੋਚ ਤੇ ਜੀਵਨ ਸ਼ੈਲੀ ਲੋਕ ਘੋਲਾਂ ਰਾਹੀਂ ਲੋਕਾਈ ਦੀ ਜੂਨ ਸੁਧਾਰਨ ਵਾਲਾ ਢਾਂਚਾ ਉਸਾਰਨ ਦੀ ਪ੍ਰੇਰਣਾ ਦਿੰਦੀ ਹੈ। ਇਸ ਲਈ ਉਨ੍ਹਾਂ ਦਾ ਜਨਮ ਦਿਹਾੜਾ ਮਨਾਉਣ ਦਾ ਤਬਦੀਲੀ ਸੂਚਕ ਸੰਘਰਸ਼ ਵਿੱਢਣ ਤੋਂ ਬਿਹਤਰ ਹੋਰ ਕੋਈ ਤਰੀਕਾਕਾਰ ਹੋ ਹੀ ਨਹੀਂ ਸਕਦਾ।
ਮੌਜੂਦਾ ਪੰਜਾਬ ਸਰਕਾਰ ਨੇ ਖਟਕੜ ਕਲਾਂ ਵਿਖੇ ਸਹੁੰ ਚੁੱਕੀ ਸੀ। ਯਾਦ ਰਹੇ, ਇਸ ਤੋਂ ਪਹਿਲਾਂ ਹਮੇਸ਼ਾ ਸਹੁੰ ਰਾਜ ਭਵਨ ਵਿਖੇ ਜਾਂ ਮੁਹਾਲੀ ਦੇ ਸਟੇਡੀਅਮ ’ਚ ਚੁਕਾਈ ਜਾਂਦੀ ਰਹੀ ਹੈ। ਭਾਵ, ਜੇ ਛੋਟਾ ਇਕੱਠ ਕਰਨਾ ਹੋਵੇ ਤਾਂ ਸਹੁੰ ਚੁੱਕ ਸਮਾਰੋਹ ਰਾਜ ਭਵਨ ’ਚ ਆਯੋਜਤ ਕੀਤਾ ਜਾਂਦਾ ਹੈ ਅਤੇ ਜੇ ਵੱਡਾ ਇਕੱਠ ਕਰਨਾ ਹੋਵੇ ਤਾਂ ਕਿਸੇ ਸਟੇਡੀਅਮ ’ਚ। ਪਰ ਸਹੁੰ ਖਟਕੜ ਕਲਾਂ ’ਚ ਹੀ ਕਿਉਂ ਚੁੱਕਾਈ ਗਈ? ‘ਆਪ’ ਸਰਕਾਰ ਨੇ ਇਹ ਢਕਵੰਜ਼ ਅਸਲ ’ਚ ਆਪਣੇ-ਆਪ ਨੂੰ ਸ਼ਹੀਦ ਭਗਤ ਸਿੰਘ ਦੀ ਸੱਚੀ ਵਾਰਸ ਜਾਂ ਪੈਰੋਕਾਰ ਸਿੱਧ ਕਰਨ ਲਈ ਰਚਿਆ ਸੀ। ਸ਼ਹੀਦ ਭਗਤ ਸਿੰਘ ਦੇ ਵਾਰਸ ਨੌਜਵਾਨਾਂ ਨੇ ਆਪਣੇ ਮੋਰਚੇ ਅਤੇ ਮਾਰਚ ਰਾਹੀਂ ਹਕੂਮਤੀ ਢਕਵੰਜ ਬੇਪਰਦ ਕਰਨ ਦਾ ਨਿੱਗਰ ਉਪਰਾਲਾ ਕੀਤਾ ਹੈ।
ਵੈਸੇ ਵੀ ਸਰਕਾਰ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਤਾਂ ਗੱਜ-ਵੱਜ ਕੇ ਲਾਉਂਦੀ ਹੈ ਪਰ ‘ਸਾਮਰਾਜਵਾਦ ਮੁਰਦਾਬਾਦ’ ਦੇ ਯੁੱਧ ਨਾਦ ਤੋਂ ਕਿਨਾਰਾਕਸ਼ੀ ਕਰ ਲੈਂਦੀ ਹੈ। ਨੌਜਵਾਨਾਂ ਅਨੁਸਾਰ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਗੂੰਜਾਏ ਜਾਂਦੇ ਉਕਤ ਦੋਨੋਂ ਨਾਅਰੇ ਜਿੰਨੇ ਆਜ਼ਾਦੀ ਦੀ ਜੰਗ ਵੇਲੇ ਕਾਰਗਰ ਸਨ, ਓਨੇ ਹੀ ਮਹੱਤਵਪੂਰਨ ਅੱਜ ਵੀ ਹਨ। ਅਜੋਕੇ ਦੌਰ ’ਚ ਤਾਂ ਸਗੋਂ ਦੂਜਾ ਨਾਅਰਾ ਹੋਰ ਵਧੇਰੇ ਪ੍ਰਸੰਗਿਕ ਬਣ ਗਿਆ ਹੈ। ਖੈਰ, ਸੱਚੀ ਗੱਲ ਤਾਂ ਇਹ ਹੈ ਕਿ ਸੂਬੇ ਦੀ ਮਾਨ ਸਰਕਾਰ, ਸਾਮਰਾਜ ਦੀ ਚਾਕਰੀ ਕਰਨ ਪੱਖੋਂ ਕੇਂਦਰ ਦੀ ਮੋਦੀ ਸਰਕਾਰ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ। ਇਸੇ ਕਰਕੇ ਪੰਜਾਬ ਦੇ ਹਾਕਮਾਂ ਲਈ ਦੂਜੇ ਨਾਅਰੇ ਦੀ ਕੋਈ ਅਹਿਮੀਅਤ ਨਹੀਂ। ਨਾਅਰੇ ਦੀ ਅਹਿਮੀਅਤ ਤੋਂ ਮੂੰਹ ਮੋੜਨ ਦਾ ਸਪੱਸ਼ਟ ਅਰਥ ਲੋਕਾਈ ਦੇ ਅਸਲ ਦੁਸ਼ਮਣਾਂ ਦੀ ਪਛਾਣ ਕਰਨ ਤੋਂ ਮੂੰਹ ਫੇਰਨਾ ਹੈ। ਹਾਕਮ ਧਿਰ ਸਾਜ਼ਿਸ਼ ਤਹਿਤ ਅਜਿਹਾ ਕਰ ਰਹੀ ਹੈ ਤਾਂ ਜੋ ਅਗਲੇਰੀਆਂ ਪੀੜ੍ਹੀਆਂ ਤੱਕ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਅੱਧੇ-ਅਧੂਰੇ ਵਿਚਾਰ ਤੇ ਉਨ੍ਹਾਂ ਦੀ ਮਹਾਨ ਸ਼ਖਸੀਅਤ ਦੀ ਧੁੰਦਲੀ, ਭੁਲੇਖਾ ਪਾਊ ਤਸਵੀਰ ਪੇਸ਼ ਕੀਤੀ ਜਾ ਸਕੇ। ਇਹ ਪਹੁੰਚ ਹਾਕਮਾਂ ਤੇ ਉਨ੍ਹਾਂ ਦੇ ਹਿੱਤ ਰੱਖਿਅਕ ਹੁਕਮਰਾਨਾਂ ਦੇ ਖੂਬ ਰਾਸ ਆਉਂਦੀ ਹੈ।
ਪੰਜਾਬ ਸਰਕਾਰ ਚੱਤੋ ਪਹਿਰ ਲੋਕਾਂ ਨੂੰ ਇਹ ਜਚਾਉਣ ਦੇ ਆਹਰ ਲੱਗੀ ਰਹਿੰਦੀ ਹੈ ਕਿ ਪਿੱਛਲੀਆਂ ਸਰਕਾਰਾਂ ਨੇ ਆਵਾਮ ਦੀ ਬਿਹਤਰੀ ਪੱਖੋਂ ਕੱਖ ਭੰਨ ਕੇ ਦੂਹਰਾ ਨਹੀਂ ਕੀਤਾ। ਇਹ ਗੱਲ ਵੱਡੀ ਹੱਦ ਤੀਕ ਠੀਕ ਵੀ ਹੈ। ਪਰ ਵੱਡਾ ਸਵਾਲ ਤਾਂ ਇਹ ਹੈ ਕਿ ‘ਆਪ’ ਸਰਕਾਰ ਇਸ ਦਿਸ਼ਾ ’ਚ ਖੁਦ ਕੀ ਕਰ ਰਹੀ ਹੈ? ਸਰਕਾਰ ਇਸ ਸਵਾਲ ਤੋਂ ਹਰ ਹੀਲੇ ਟਾਲਾ ਵੱਟਣ ਚਾਹੁੰਦੀ ਹੈ। ਪਰ ਸੂਬੇ ਦੇ ਨੌਜਵਾਨਾਂ ਤੇ ਪਾੜ੍ਹਿਆਂ ਲਈ ਇਹ ਜ਼ਿੰਦਗੀ-ਮੌਤ ਦਾ ਪ੍ਰਸ਼ਨ ਬਣ ਚੁੱਕਿਆ ਹੈ। ਜਿਵੇਂ ਮੌਜੂਦਾ ਸਰਕਾਰ ਨੂੰ ਕਟਿਹਰੇ ’ਚ ਖੜ੍ਹਾ ਕਰਕੇ ਪਹਿਲੀਆਂ ਨੂੰ ਬਰੀ ਕਰਨਾ ਨਿਆਂ ਸੰਗਤ ਨਹੀਂ ਕਿਹਾ ਜਾ ਸਕਦਾ, ਠੀਕ ਉਵੇਂ ਹੀ ਪਹਿਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਦਾ ਬਖਾਣ ਕਰ ਕੇ ਹੀ ਡੰਗ ਸਾਰੀ ਜਾਣਾ ਵੀ ਠੀਕ ਵਤੀਰਾ ਨਹੀਂ।
ਮਨੋਜ ਕੁਮਾਰ ਵਲੋਂ ਬਣਾਈ ਫਿਲਮ ‘ਸ਼ਹੀਦ’ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਬਸੰਤੀ ਰੰਗ ਦੀ ਪੱਗ ਬੰਨ੍ਹੀ ਕਦੀ ਨਹੀਂ ਸੀ ਦਿਖਾਈ ਗਈ। ਇਸ ਫਿਲਮ ਤੋਂ ਪਿੱਛੋਂ ਇਹ ਰਿਵਾਜ ਹੀ ਬਣ ਗਿਆ ਹੈ। ਹਾਕਮ ਧਿਰਾਂ ਅਜਿਹਾ ਕੁੱਝ ਕਿਸੇ ਡੂੰਘੀ ਸਾਜ਼ਿਸ਼ ਤਹਿਤ ਜਾਣ-ਬੁੱਝ ਕੇ ਕਰਦੀਆਂ ਹਨ।
ਬਹਰਹਾਲ, ਖਟਕੜ ਕਲਾਂ ’ਚ ਧਰਨਾ ਮਾਰਨ ਦਾ ਨੌਜਵਾਨਾਂ ਦਾ ਮੁੱਖ ਮਕਸਦ ਪੰਜਾਬ ਸਰਕਾਰ ਦੇ ਬੋਲੇ ਕੰਨਾਂ ਤੀਕ ਆਵਾਜ਼ ਪੁੱਜਦੀ ਕਰਨਾ ਸੀ। ਇਹ ਆਵਾਜ਼ ਕਿੰਨੀ ਕੁ ਪੁੱਜੀ ਇਸ ਦਾ ਠੀਕ-ਠੀਕ ਨਿਰਣਾ ਕੀਤਾ ਜਾਣਾ ਤਾਂ ਫਿਲਹਾਲ ਸੰਭਵ ਨਹੀਂ। ਹਾਂ ਧਰਨਾ-ਮਾਰਚ ਸਰਕਾਰ ਅਤੇ ਪ੍ਰਾਂਤ ਵਾਸੀਆਂ ਨੂੰ ਇਹ ਚੇਤੇ ਕਰਵਾਉਣ ’ਚ ਜ਼ਰੂਰ ਸਫ਼ਲ ਕਿਹਾ ਜਾ ਸਕਦਾ ਹੈ ਕਿ ਸਹੁੰ ਚੁੱਕਣ ਵੇਲੇ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਦਾ ਕੀ ਬਣਿਆ? ਸਰਕਾਰ ਨੇ ਆਪਣੀ ਪੰਜ ਸਾਲਾਂ ਦੀ ਕੱੁਲ ਮਿਆਦ ’ਚੋਂ ਵਧੇਰੇ ਸਮਾਂ, ਤਕਰੀਬਨ ਤਿੰਨ ਸਾਲ ਅੱਠ ਮਹੀਨੇ, ਤਾਂ ਹਲਕੀ ਕਿਸਮ ਦੇ ਚੁਟਕਲੇ ਸੁਣਾ ਕੇ ਜਾਂ ਵਿਰੋਧੀਆਂ ਦੀ ਬਦਖੋਈ ਕਰਕੇ ਹੀ ਲੰਘਾ ਦਿੱਤਾ ਹੈ। ਜੇ ਹੁਣ ਵੀ ਨੌਕਰੀਆਂ ਜਾਂ ਬੇਰੁਜ਼ਗਾਰੀ ਭੱਤਾ ਨਾ ਦਿੱਤਾ ਗਿਆ, ਜਾਂ ਨਸ਼ੇ ਦੇ ਆਦੀ ਬਣੇ ਨੌਜਵਾਨਾਂ ਨੂੰ ਮਰਨੋਂ ਨਾ ਬਚਾਇਆ ਗਿਆ ਤਾਂ ਫਿਰ ਇਹ ਕੰਮ ਕਦੋਂ ਕੀਤਾ ਜਾਵੇਗਾ? ਇਹ ਸਵਾਲ ਕੇਵਲ ਨੋਜਵਾਨਾਂ- ਵਿਦਿਆਰਥੀਆਂ ਦਾ ਹੀ ਨਹੀਂ ਪੂਰੇ ਪੰਜਾਬ ਵਾਸੀਆਂ ਦਾ ਹੈ ਅਤੇ ਸਰਕਾਰ ਨੂੰ ਦੇਰ-ਸਵੇਰ ਇਸ ਦਾ ਸਪਸ਼ਟ ਉੱਤਰ ਦੇਣਾ ਹੀ ਪੈਣਾ ਹੈ।
ਨੌਜਵਾਨਾਂ ਲਈ ਰੁਜ਼ਗਾਰ ਦਾ ਅਰਥ ਪੱਕਾ ਰੁਜ਼ਗਾਰ ਹੈ। ਸਰਕਾਰ ਤਾਂ ਪੱਕੀ ਨੌਕਰੀ, ਸਨਮਾਨ ਯੋਗ ਤਨਖਾਹਾਂ, ਕਿਰਤ ਅਧਿਕਾਰ, ਸਮਾਜਿਕ ਸੁਰੱਖਿਆ ਆਦਿ ਦੇਣ ਤੋਂ ਪੂਰੀ ਤਰ੍ਹਾਂ ਭਾਜੂ ਹੋ ਚੁੱਕੀ ਹੈ। ਐਸ ਵੇਲੇ ਪੰਜਾਬ ’ਚ ਸਿਰਫ ਇੱਕ ਨੌਜਵਾਨ ਨੂੰ ਬੇਰੁਜ਼ਗਾਰੀ ਭੱਤਾ ਮਿਲ ਰਿਹਾ ਹੈ, ਤੇ ਉਹ ਵੀ ਸਿਰਫ ਪੰਜਾਹ ਰੁਪਏ ਮਹੀਨਾ।
ਨਸ਼ਾ ਤੰਤਰ ਨੂੰ ਕਾਬੂ ਕਰਨ ਦੇ ਸਰਕਾਰ ਦੇ ਦਾਅਵਿਆਂ ਦਾ ਹੀਜ਼-ਪਿਆਜ਼ ਵੀ ਪੂਰੀ ਤਰ੍ਹਾਂ ਨਾਲ ਨੰਗਾ ਹੋ ਗਿਆ ਹੈ। ਤਿੰਨ ਸਾਲਾਂ ਪਿਛੋਂ ਸਰਕਾਰ ਨੂੰ ਚੇਤਾ ਆਇਆ ਹੈ ਕਿ ਪੰਜਾਬ ’ਚ ਨਸ਼ੇ ਵੀ ਹਨ। ਫੌਰੀ ਐਲਾਨ ਕਰ ਦਿੱਤਾ ਗਿਆ ਕਿ ਫਲਾਣੀ ਤਰੀਕ ਤੱਕ ਨਸ਼ੇ ਖ਼ਤਮ ਕਰ ਦਿੱਤੇ ਜਾਣਗੇ। ਨਿਸ਼ਚਤ ਤਰੀਕ ਮਗਰੋਂ ਵੀ ਨਸ਼ੇ ਵਿਕਦੇ ਰਹੇ ਤਾਂ ਥਾਣਾ ਮੁਖੀ ਜ਼ਿੰਮੇਵਾਰ ਹੋਵੇਗਾ। ਸਭ ਕਾਸੇ ਦੇ ਬਾਵਜੂਦ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੇ ਮਰਨ ਦਾ ਕੁਲਹਿਣਾ ਵਰਤਾਰਾ ਰੁਕਣ ਦੀ ਥਾਂ ਹੋਰ ਵੱਧਦਾ ਜਾ ਰਿਹਾ ਹੈ। ਇਸ ਲਈ ਜ਼ਿੰਮੇਵਾਰ ਨਸ਼ੇ ਤਸਕਰਾਂ, ਕੁਰੱਪਟ ਸਿਆਸਤਦਾਨਾਂ ਤੇ ਪੁਲਸ-ਪ੍ਰਸ਼ਾਸਨ ਵਿਚਲੀਆਂ ਕਾਲੀਆਂ ਭੇਡਾਂ ਦੀ ਨਾਪਾਕ ਤਿ੍ਰਕੜੀ ਸਰਕਾਰੀ ਸਰਪ੍ਰਸਤੀ ਸਦਕਾ ਚੰਮ ਦੀਆਂ ਚਲਾ ਰਹੀ ਹੈ। ਕੀ ਕੰਧਾਂ ’ਤੇ ਸਲੋਗਨ ਲਿਖ ਕੇ, ਨਸ਼ਾ ਵਿਰੋਧੀ ਕਮੇਟੀਆਂ ਦਾ ਗਠਨ ਕਰਕੇ ਜਾਂ ਮਹਿੰਗੇ ਤੋਂ ਮਹਿੰਗੇ ਵਿਗਿਆਪਨਾਂ ਦੇ ਜ਼ਰੀਏ ਨਸ਼ੇ ਖ਼ਤਮ ਹੋ ਜਾਣਗੇ? ਬਿਲਕੁੱਲ ਨਹੀਂ।
ਇਸੇ ਹਲਾਤ ’ਚ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਮੋਰਚਾ ਆਰੰਭਿਆ ਗਿਆ ਸੀ। ਪੰਜੇ ਦਿਨ ਨੌਜਵਾਨ ਉਤਸ਼ਾਹ ਨਾਲ ਰਾਤ ਵੇਲੇ ਖਟਕੜ ਕਲਾਂ ਦੀ ਧਰਤੀ ’ਤੇ ਸੌਂਦੇ ਰਹੇ ਤੇ ਸਰਕਾਰ ਨੂੰ ਉਸ ਦਾ ਫਰਜ ਚੇਤੇ ਕਰਵਾਉਂਦੇ ਰਹੇ। ਵੱਖੋ-ਵੱਖ ਜ਼ਿਲਿ੍ਹਆ ’ਚੋਂ ਨੌਜਵਾਨਾਂ ਦੇ ਭਰਵੇਂ ਜੱਥੇ ਉਤਸ਼ਾਹ ਨਾਲ ਹਾਜ਼ਰੀ ਲਵਾਉਂਦੇ ਰਹੇ। ਨਵਾਂ ਸ਼ਹਿਰ ਜ਼ਿਲ੍ਹੇ ਦੇ ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ ਤੇ ਹੋਰ ਭਰਾਤਰੀ ਸੰਗਠਨਾਂ ਨੇ ਪੰਜੇ ਦਿਨ ਲੰਗਰ ਦੀ ਸੇਵਾ ਨਿਭਾਈ ਤੇ ਨਿੱਗਰ ਪ੍ਰਬੰਧ ਕੀਤੇ। ਅਗਲਾ ਐਲਾਨ ਇਹ ਕੀਤਾ ਗਿਆ ਹੈ ਕਿ ਉਕਤ ਮੰਗਾਂ ਪੂਰੀਆਂ ਕਰਾਉਣ ਲਈ ਮੰਤਰੀਆਂ ਦੇ ਘਰਾਂ ਮੂਹਰੇ ਧਰਨੇ ਲਗਾਏ ਜਾਣਗੇ।
ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਪਹਿਰਾਬਰਦਾਰੀ ਕਰਦਿਆਂ ਸਾਮਰਾਜ ਖ਼ਿਲਾਫ਼ ਜੰਗ ਓਨਾ ਚਿਰ ਜਾਰੀ ਹੈ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੋ ਜਾਂਦੀ। ਮੋਰਚਿਆਂ ਦਾ ਰੂਪ, ਥਾਂ, ਦਿਨ-ਤਰੀਕ ਆਦਿ ਹਲਾਤ ਮੁਤਾਬਕ ਬਦਲਦੇ ਰਹਿਣਗੇ ਪਰ ਜੰਗ ਜਾਰੀ ਰਹੇਗੀ!