Now Reading
ਅਕਤੂਬਰ ਕ੍ਰਾਂਤੀ ਦਾ ਸੁਨੇਹਾ : ਸਾਮਰਾਜ ਤੇ ਸੱਜ ਪਿਛਾਖੜ ਦਾ ਫਸਤਾ ਵੱਢੋ, ਸਮਾਜਵਾਦ ਦੀ ਕਾਇਮੀ ਲਈ ਜੂਝੋ

ਅਕਤੂਬਰ ਕ੍ਰਾਂਤੀ ਦਾ ਸੁਨੇਹਾ : ਸਾਮਰਾਜ ਤੇ ਸੱਜ ਪਿਛਾਖੜ ਦਾ ਫਸਤਾ ਵੱਢੋ, ਸਮਾਜਵਾਦ ਦੀ ਕਾਇਮੀ ਲਈ ਜੂਝੋ

ਪਰਗਟ ਸਿੰਘ ਜਾਮਾਰਾਏ

ਸਾਲ 1917 ਦੇ ਨਵੰਬਰ ਮਹੀਨੇ ਦੀ 7 ਤਰੀਕ (ਪੁਰਾਣੇ, ਗ੍ਰੇਗੇਰੀਅਨ ਕਲੰਡਰ ਮੁਤਾਬਕ 24 ਅਕਤੂਬਰ) ਨੂੰ ਪ੍ਰਵਾਨ ਚੜ੍ਹੀ, ਅਕਤੂਬਰ ਇਨਕਲਾਬ ਵਜੋਂ ਜਾਣੀ ਜਾਂਦੀ ਰੂਸ ਦੀ ਸਮਾਜਵਾਦੀ ਕ੍ਰਾਂਤੀ ਦਾ ਮਹੱਤਵ ਕੇਵਲ ਇਕ ਦੇਸ਼ ਵਿਚ ਸੱਤਾ ਦੀ ਤਬਦੀਲੀ ਤੱਕ ਹੀ ਸੀਮਤ ਨਹੀਂ ਸੀ ਰਿਹਾ। ਬਲਕਿ ਇਹ ਵਿਸ਼ਵ ਇਤਿਹਾਸ ਨੂੰ ਅਨੇਕਾਂ ਹਾਂ ਪੱਖੀ ਮੋੜੇ ਦੇਣ ਵਾਲੀ ਮਹਾਨ ਕੌਮਾਂਤਰੀ ਘਟਨਾ ਹੋ ਨਿੱਬੜੀ ਸੀ।

ਅਕਤੂਬਰ ਕ੍ਰਾਂਤੀ ਦੀ ਜਿੱਤ ਤੋਂ ਪਹਿਲਾਂ ਸੰਸਾਰ ਕਿਰਤੀ ਦੇ ਮਹਾਨ ਰਹਿਬਰਾਂ ਕਾਰਲ ਮਾਰਕਸ ਤੇ ਫਰੈਡਰਿਕ ਏਂਗਲਸ ਨੇ ਮਾਰਕਸੀ ਫਲਸਫੇ ਦੀ ਸੇਧ ’ਚ “ਕਮਿਊਨਿਸਟ ਮੈਨੀਫੈਸਟੋ’’ ਦੇ ਰੂਪ ’ਚ ਭਵਿੱਖ ’ਚ ਹੋਣ ਵਾਲੀਆਂ ਕ੍ਰਾਂਤੀਆਂ ਦਾ ਖਾਕਾ ਤੇ ਉਦੇਸ਼ ਤਾਂ ਦੁਨਿਆ ਸਾਹਵੇਂ ਪੇਸ਼ ਕਰ ਦਿੱਤਾ ਸੀ। ਪਰ ਇਹ ‘ਵਿਗਿਆਨਕ ਸੁਪਨਾ’ ਸਾਕਾਰ ਉਦੋਂ ਹੀ ਹੋਇਆ ਸੀ ਜਦੋਂ ਲੈਨਿਨ ਮਹਾਨ ਅਤੇ ਉਸ ਦੇ ਸੁੱਘੜ ਯੁੱਧ ਸਾਥੀਆਂ ਦੀ ਸੁਯੋਗ ਅਗਵਾਈ ਹੇਠ ਬੋਲਸ਼ਵਿਕ ਪਾਰਟੀ ਨੇ ਸਾਮਰਾਜ ਦੀ ਕਮਜ਼ੋਰ ਕੜੀ ਭੰਨ ਕੇ ਅਤਿ ਪੱਛੜੇ ਦੇਸ਼ ਰੂਸ ਅੰਦਰ ਸਫਲ ਮਜ਼ਦੂਰ ਇਨਕਲਾਬ ਕਰਦਿਆਂ ਵਿਸ਼ਵ ਦਾ ਪਹਿਲਾ ਸਮਾਜਵਾਦੀ ਰਾਜ ਪ੍ਰਬੰਧ ਹੋਂਦ ’ਚ ਲੈਆਂਦਾ ਸੀ।

ਬਿਨਾਂ ਸ਼ੱਕ, ਸਾਥੀ ਵੀ.ਆਈ. ਲੈਨਿਨ ਦੀ ਅਗਵਾਈ ਹੇਠ ਬੋਲਸ਼ਵਿਕ ਪਾਰਟੀ ਵੱਲੋਂ ਸਿਰੇ ਚਾੜ੍ਹੇ ਗਏ ਇਸ ਇਨਕਲਾਬ ਨੇ ਰੂਸ ਚੋਂ ਜ਼ਾਰਸ਼ਾਹੀ ਦਾ ਖ਼ਾਤਮਾ ਕਰਕੇ ਵਿਸ਼ਵ ਦੇ ਪਹਿਲੇ ਕਿਰਤੀ ਰਾਜ ਦੀ ਨੀਂਹ ਰੱਖੀ ਸੀ। ਪਰ ਇਸ ਦੇ ਨਾਲ ਹੀ ਇਹ ਮਹਾਨ ਘਟਨਾ ਸੰਸਾਰ ਭਰ ਦੇ ਦੇਸ਼ਾਂ ਦੇ ਲੋਕਾਂ ਦੇ ਮਨਾਂ ’ਚ ਸਮਾਜਵਾਦੀ ਪ੍ਰਬੰਧ ਦੀ ਕਾਇਮੀ ਲਈ ਜੂਝਣ ਵਾਸਤੇ ਨਵੇਂ ਉਤਸ਼ਾਹ ਦਾ ਸੰਚਾਰ ਕਰਨ ਦਾ ਸਬੱਬ ਵੀ ਬਣੀ ਸੀ। ਇਸ ਯੁਗ ਪਲਟਾਊ ਘਟਨਾ ਨੇ ਪੂਰੀ ਦੁਨੀਆਂ ਨੂੰ ਦੋ ਸਮਾਨਾਂਤਰ ਵਿਚਾਰਧਾਰਾਵਾਂ ਤੇ ਆਧਾਰਿਤ ਦੋ ਵਿਰੋਧੀ ਖੇਮਿਆਂ, ਪੂੰਜੀਵਾਦ ਤੇ ਸਮਾਜਵਾਦ ਵਿਚਕਾਰ ਵੰਡ ਦਿੱਤਾ ਸੀ। ਇਸ ਦਾ ਸਿਧਾ ਜਿਹਾ ਅਰਥ ਇਹ ਹੈ ਕਿ 7 ਨਵੰਬਰ 1917 ਤੋਂ ਪਿਛੋਂ ਪੂੰਜੀਵਾਦੀ ਲੁੱਟ ਤੋਂ ਆਜਿਜ਼ ਆਈ ਸੰਸਾਰ ਭਰ ਦੀ ਕਿਰਤੀ ਸ਼੍ਰੇਣੀ ਦੇ ਸਾਹਮਣੇ ਹੁਣ ਪ੍ਰਾਪਤ ਕਰਨ ਲਈ ਲੁੱਟ-ਖਸੁੱਟ ਤੇ ਜਬਰ-ਵਿਤਕਰੇ ਤੋਂ ਮੁਕਤ ਇਕ ਠੋਸ ਮਾਡਲ ਅੱਖਾਂ ਦੇ ਐਨ ਸਾਹਮਣੇ ਮੌਜੂਦ ਸੀ।

ਜ਼ਾਰਸ਼ਾਹੀ ਦੀ ਬੇਕਿਰਕ ਲੁੱਟ ਤੇ ਅਮਾਨਵੀ ਜ਼ੁਲਮਾਂ ਦੇ ਸਤਾਏ, ਭੁੱਖ-ਤੇਹ ਤੇ ਜੰਗ ਦੇ ਭੰਨੇ ਰੂਸੀਆਂ ਨੇ ਤਨੋਂ-ਮਨੋਂ ਕ੍ਰਾਂਤੀਕਾਰੀਆਂ ਦਾ ਸਹਿਯੋਗ ਕੀਤਾ ਸੀ। ਵੱਡੇ ਉਦਯੋਗ-ਕਾਰਖਾਨਿਆਂ ’ਚ ਕੰਮ ਕਰਦੇ ਸ਼ਹਿਰਾਂ ਦੇ ਮਜ਼ਦੂਰਾਂ, ਕਿਸਾਨਾਂ-ਖੇਤ ਮਜ਼ਦੂਰਾਂ, ਫੌਜੀਆਂ, ਨੌਜਵਾਨਾਂ, ਇਸਤਰੀਆਂ ਨੇ ਆਪਣਾ ਖੂਨ ਡੋਲ੍ਹ ਕੇ ਇਨਕਲਾਬ ਨੇਪਰੇ ਚਾੜ੍ਹਨ ਦਾ ਇਤਹਾਸਕ ਕਾਰਜ ਕਰਦਿਆਂ ਅਸੰਭਵ ਨੂੰ ਸੰਭਵ ਕਰ ਦਿਖਾਇਆ ਸੀ।

ਨਵੀਂ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਪਹਿਲਾ ਐਲਾਨ ਵਿਸ਼ਵ ਯੁੱਧ ਤੋਂ ਬਾਹਰ ਆਉਣ ਅਤੇ ਸੰਸਾਰ ਅਮਨ ਲਈ ਕਾਰਜ ਕਰਨ ਦਾ ਕੀਤਾ ਸੀ। ਅੰਦਰੂਨੀ ਮੁਹਾਜ਼ ’ਤੇ ਸਮਾਜਵਾਦੀ ਅਰਥ ਵਿਵਸਥਾ ਦੀ ਸਥਾਪਤੀ ਤੇ ਮਜ਼ਬੂਤੀ ਲਈ ਜਗੀਰਦਾਰੀ ਖਤਮ ਕਰਕੇ ਜ਼ਮੀਨ ਦਾ ਕੌਮੀਕਰਨ ਕੀਤਾ ਗਿਆ ਅਤੇ ਉਦਯੋਗ-ਕਾਰਖਾਨੇ, ਬੈਂਕ ਆਦਿ ਸਰਕਾਰ ਨੇ ਆਪਣੇ ਕਬਜ਼ੇ ’ਚ ਲੈ ਲਏ। ਕ੍ਰਾਂਤੀ ਦੀ ਕਾਮਯਾਬੀ ਤੋਂ ਪਿੱਛੋਂ ਇਨ੍ਹਾਂ ਅਦਾਰਿਆਂ ਦਾ ਮਨੋਰਥ ਨਿੱਜੀ ਲਾਭ ਕਮਾਉਣ ਦੀ ਬਜਾਏ ਲੋਕ ਭਲਾਈ ਲਈ ਪੈਦਾਵਾਰ ਕਰਨਾ ਬਣ ਗਿਆ ਸੀ। ਬੋਲਸ਼ਵਿਕ ਪਾਰਟੀ ਦੀ ਅਗਵਾਈ ਹੇਠਲੀ ਨਵੀਂ ਸਮਾਜਵਾਦੀ ਸਰਕਾਰ ਨੇ ਹਰ ਨਾਗਰਿਕ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੀ ਵਿਵਸਥਾ ਕੀਤੀ ਅਤੇ ਸਿਹਤ ਸੇਵਾਵਾਂ ਦਾ ਵਿਸਥਾਰ ਕਰਕੇ ਸਮੁੱਚੀ ਵਸੋਂ ਨੂੰ ਮੁਫ਼ਤ ਇਲਾਜ਼ ਦੀਆਂ ਸਹੂਲਤਾਂ ਪ੍ਰਧਾਨ ਕੀਤੀਆਂ। ਜਗੀਰਦਾਰੀ ਖਤਮ ਕਰਕੇ ਬਰਾਬਰਤਾ ’ਤੇ ਅਧਾਰਿਤ ਸਮਾਜ ਦੀ ਸਿਰਜਣਾ ਕੀਤੇ ਜਾਣ ਨਾਲ ਮਜ਼ਦੂਰ ਜਮਾਤ, ਖਾਸ ਕਰਕੇ ਔਰਤਾਂ ਨੂੰ ਹਰ ਖੇਤਰ ’ਚ ਸਮਾਨ ਅਧਿਕਾਰ ਦੇਣ ਪੱਖੋਂ ਵੱਡੀ ਛਾਲ ਵੱਜੀ। ਵੱਖੋ-ਵੱਖਰੇ ਗਣਰਾਜਾਂ, ਜਿਨ੍ਹਾਂ ਨੇ ਆਪਣੀ ਆਜ਼ਾਦ ਮਰਜੀ ਨਾਲ ਰੂਸ ਨਾਲ ਜੁੜਨਾ ਪ੍ਰਵਾਨ ਕੀਤਾ ਸੀ, ਨੂੰ ਮਿਲਾ ਕੇ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰੀਪਬਲਿਕਸ (ਯੂ.ਐਸ.ਐਸ.ਆਰ.) ਭਾਵ ‘ਸੋਵੀਅਤ ਯੂਨੀਅਨ’ ਦੀ ਸਥਾਪਨਾ ਕੀਤੀ ਗਈ।

ਰੂਸ ਅੰਦਰ ਅਕਤੂਬਰ ਇਨਕਲਾਬ ਦੀ ਫਤਹਿ ਅਤੇ ਸਮਾਜਵਾਦੀ ਸੋਵੀਅਤ ਢਾਂਚੇ ਦੀਆਂ ਬਰਕਤਾਂ ਤੋਂ ਜਿੱਥੇ ਵਿਸ਼ਵ ਭਰ ਦੇ ਪੂੰਜੀਵਾਦੀ ਹਾਕਮਾਂ ਦੀਆਂ ਜੀਭਾਂ ਠਾਕੀਆਂ ਗਈਆਂ ਸਨ, ਉੱਥੇ ਪੂੰਜੀਵਾਦੀ-ਜਗੀਰੂ ਪ੍ਰਬੰਧਾਂ ’ਚ ਤਰਸਯੋਗ ਜੂਨ ਭੋਗ ਰਹੇ ਸੰਸਾਰ ਭਰ ਦੇ ਲੁਟੇ-ਲਤਾੜੇ ਲੋਕਾਂ ਦੇ ਮਨਾਂ ’ਚ ਭੁੱਖ-ਦੁੱਖ ਤੋਂ ਮੁਕਤੀ ਵਾਲਾ ਖੁਸ਼ਹਾਲ ਜੀਵਨ ਜਿਊਣ ਦੀ ਤਾਂਘ ਵੀ ਤੀਬਰਤਾ ਫੜ੍ਹ ਗਈ ਸੀ। ਸਾਮਰਾਜ ਦੀ ਗੁਲਾਮੀ ਦੇ ਜੂਲੇ ਤੋਂ ਮੁਕਤੀ ਲਈ ਜੂਝ ਰਹੇ ਬਸਤਵਾਦੀ ਦੇਸ਼ਾਂ ਦੇ ਲੋਕਾਂ ਦੇ ਮਨਾਂ ਅੰਦਰ ਵੀ ਆਜ਼ਾਦੀ ਪ੍ਰਾਪਤੀ ਦਾ ਜਜ਼ਬਾ ਤੇ ਯੁੱਧ ਦੀ ਭਾਵਨਾ ਹੋਰ ਪ੍ਰਜਵਲਿਤ ਹੋ ਉੱਠੀ ਸੀ। ਯਾਦ ਰਹੇ, ਸੋਵੀਅਤ ਯੂਨੀਅਨ ਨੇ ਸਾਮਰਾਜ ਤੋਂ ਮੁਕਤੀ ਲਈ ਜੂਝ ਰਹੀਆਂ ਗੁਲਾਮ ਕੌਮਾਂ ਦਾ ਭਰਪੂਰ ਨੈਤਿਕ-ਭੌਤਿਕ ਸਮਰਥਨ ਕੀਤਾ ਸੀ। ਸੋਵੀਅਤ ਦੇਸ਼, ਸੰਸਾਰ ਭਰ ਦੇ ਕਿਰਤੀ ਰਹਿਬਰਾਂ ਅਤੇ ਆਜਾਦੀ ਘੁਲਾਟੀਆਂ ਲਈ ਸਿਧਾਂਤਕ ਸਿਖਲਾਈ ਅਤੇ ਪਦਾਰਥਕ ਇਮਦਾਦ ਦਾ ਨਵਾਂ ਮਰਕਜ ਬਣ ਕੇ ਉੱਭਰਿਆ ਸੀ। ਇਹੋ ਨਹੀਂ ਸੰਸਾਰ ਭਰ ਦੇ ਪੂੰਜੀਵਾਦੀ ਹੁਕਮਰਾਨ ਵੀ ਆਪੋ-ਆਪਣੇ ਦੇਸ਼ਾਂ ਦੀ ਕਿਰਤੀ ਲੋਕਾਈ ਨੂੰ ਸਮਾਜਿਕ ਤਬਦੀਲੀ ਦੇ ਯੁੱਧ ਵੱਲ ਵਧਣ ਤੋਂ ਰੋਕਣ ਲਈ ਅਨੇਕਾਂ ਅਜਿਹੀਆਂ ਸਹੂਲਤਾਂ, ਖਾਸ ਕਰਕੇ ਸਮਾਜਿਕ ਸੁਰੱਖਿਆ ਢਾਂਚਾ ਦੇਣ ਲਈ ਮਜ਼ਬੂਰ ਹੋਏ ਸਨ, ਜਿਨ੍ਹਾਂ ਦਾ ਬੋਲਸ਼ਵਿਕ ਕ੍ਰਾਂਤੀ ਤੋਂ ਪਹਿਲਾਂ ਕਦੀ ਕਿਸੇ ਨੇ ਸੁਪਨਾ ਤੱਕ ਵੀ ਨਹੀਂ ਸੀ ਲਿਆ।

ਸੋਵੀਅਤ ਯੂਨੀਅਨ ’ਚ ਪੈਦਾਵਾਰ ਦੇ ਸਾਧਨਾਂ ’ਤੇ ਕਾਬਜ਼, ਉੱਥੋਂ ਦੀ ਮਜ਼ਦੂਰ ਵਰਗ ਦੀ ਨੁਮਾਇੰਦਾ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (ਸੀ.ਪੀ.ਐਸ.ਯੂ) ਦੀ ਅਗਵਾਈ ਹੇਠ ਪੈਦਾਵਾਰੀ ਸ਼ਕਤੀਆਂ ਦੇ ਹੁਨਰ ਅਤੇ ਸਮਰੱਥਾ ਦੀ ਵਰਤੋਂ ਸਮਾਜ ਦੇ ਹਿੱਤਾਂ ’ਚ ਕੀਤੀ ਗਈ। ਇਸ ਨਾਲ ਪੂੰਜੀਪਤੀ ਦੇਸ਼ਾਂ ਦੇ ਮੁਕਾਬਲੇ ਇਹ ਅਤਿ ਪੱਛੜਾ ਦੇਸ਼ ਦਿਨਾਂ ’ਚ ਹੀ ਮਿਸਾਲੀ ਤਰੱਕੀ ਦੇ ਰਾਹ ਪੈ ਗਿਆ ਸੀ। ਕ੍ਰਾਂਤੀ ਦਾ ਪਹਿਲਾ ਦਹਾਕਾ ਪੂਰਾ ਹੋਣ ਤੋਂ ਪਹਿਲਾਂ ਹੀ ਬੇਰੁਜ਼ਗਾਰੀ ਤੋਂ ਮੁਕੰਮਲ ਮੁਕਤੀ ਹਾਸਲ ਕਰ ਲੈਣੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਲੋਕਾਂ ਦੇ ਭਰੋਸੇ ਅਤੇ ਸਹਿਯੋਗ ਸਦਕਾ ਕਿਰਤੀ ਸਟੇਟ ਨੇ ਅੰਦਰੂਨੀ ਦੁਸ਼ਮਣਾਂ ਭਾਵ ਪੂੰਜੀਪਤੀ-ਜਗੀਰਦਾਰ ਜਮਾਤਾਂ ਦੇ ਵਿਰੋਧ ਅਤੇ ਸਾਬੋਤਾਜ਼ ਦੇ ਹਮਲਿਆਂ ਨੂੰ ਵੀ ਸਫਲਤਾ ਪੂਰਵਕ ਫੇਲ੍ਹ ਕੀਤਾ ਗਿਆ। ਯਾਦ ਰਹੇ, ਜਾਰਸ਼ਾਹੀ ਦੀ ਫੈਸਲਾਕੁੰਨ ਹਾਰ ਅਤੇ ਸਟੇਟ ਪਾਵਰ ਬੋਲਸ਼ਵਿਕਾਂ ਦੇ ਹੱਥੀਂ ਆ ਜਾਣ ਦੇ ਬਾਵਜੂਦ ਰੂਸ ਦੀਆਂ ਅਤੀਤ ਦੀਆਂ ਹਾਕਮ ਜਮਾਤਾਂ, ਇਨ੍ਹਾਂ ਦੇ ਹੱਥਠੋਕੇ ਪਿਛਾਖੜੀ ਤੱਤ ਅਤੇ ਹਰ ਵੰਨਗੀ ਦੇ ਲੋਟੂ ਟੋਲੇ, ਵਿਦੇਸ਼ੀ ਇਮਦਾਦ ਨਾਲ ਸੋਵੀਅਤ ਸੱਤਾ ਨੂੰ ਅਸਥਿਰ ਕਰਨ ਅਤੇ ਅੰਤਮ ਨਤੀਜੇ ਵਜੋਂ ਇਨਕਲਾਬ ਨੂੰ ਫੇਲ੍ਹ ਕਰਨ ਲਈ ਆਪਣੀ ਪੂਰੀ ਵਾਹ ਲਾ ਰਹੇ ਸਨ।

ਸਾਮਰਾਜੀ ਅਤੇ ਪੂੰਜੀਪਤੀ ਤਾਕਾਤਾਂ ਅਜਿਹੀ ਕੋਈ ਵੀ ਸਰਕਾਰ, ਜਿਸਦੀ ਅਗਵਾਈ ਕਮਿਊਨਿਸਟ ਪਾਰਟੀ ਕਰਦੀ ਹੋਵੇ ਤੇ ਜਿੱਥੇ ਸੱਤਾ ਦੀ ਕੂੰਜੀ ਮਜ਼ਦੂਰ ਜਮਾਤ ਦੇ  ਹੱਥਾਂ ’ਚ ਹੋਵੇ, ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸਨ। ਓਧਰ ਪੂੰਜੀਵਾਦ ਦਾ ਜਨਮ ਜਾਤ ਆਰਥਿਕ ਸੰਕਟ ਵੀ ਤਿੱਖਾ ਹੁੰਦਾ ਜਾ ਰਿਹਾ ਸੀ। ਸੰਕਟ ’ਤੇ ਕਾਬੂ ਪਾਉਣ ਵਾਸਤੇ ਮੰਡੀਆ ਦੀ ਮੁੜ ਵੰਡ ਕਰਨ ਲਈ ਜੰਗ ਛੇੜਨਾ ਹੀ ਸਾਮਰਾਜੀ ਤਾਕਤਾਂ ਨੂੰ ਇੱਕੋ-ਇਕ ਹੱਲ ਨਜ਼ਰ ਆ ਰਿਹਾ ਸੀ। ਸਮਾਜਵਾਦੀ ਵਿਚਾਰਾਂ ਦੀ ਵਿਸ਼ਵੀ ਚੜ੍ਹਤ ਅਤੇ ਪਸਾਰ ਦੇ ਡਰ ਤੋਂ ਮੁਕਤ ਹੋਣ ਲਈ ਲੋਕਾਂ ਦਾ ਧਿਆਨ ਇਨਕਲਾਬ ਤੋਂ ਭਟਕਾਉਣਾ ਵੀ ਉਨ੍ਹਾਂ ਲਈ ਵੱਡਾ ਮਸਲਾ ਸੀ। ਇਟਲੀ ਦਾ ਮੁਸੋਲਿਨੀ ਦੀ ਅਗਵਾਈ ਵਾਲਾ ਫਾਸ਼ੀਵਾਦ, ਜਰਮਨੀ ਦਾ ਹਿਟਲਰ ਦੀ ਅਗਵਾਈ ਵਾਲਾ ਨਾਜ਼ੀਵਾਦ ਅਤੇ ਕਰੋੜਾਂ ਨਿਰਦੋਸ਼ ਲੋਕਾਂ ਦੀ ਜਾਨ ਲੈਣ ਵਾਲੀ ਦੂਜੀ ਸੰਸਾਰ ਜੰਗ, ਵਿਸ਼ਵੀ ਪੂੰਜੀਵਾਦ ਦੀਆਂ ਉਪਰੋਕਤ ਦੋ ਫਿਕਰਮੰਦੀਆਂ ’ਚੋਂ ਉਪਜੀ ਸਾਜ਼ਿਸ਼ੀ ਵਿਉਂਤਬੰਦੀ ਦਾ ਨਤੀਜਾ ਹੀ ਸਨ। ਇਥੇ ਇਹ ਜਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ ਪਹਿਲਾਂ ਮੁਸੋਲਿਨਿ ਤੇ ਪਿਛੋਂ ਹਿਟਲਰ ਨੇ ਆਪੋ-ਆਪਣੇ ਸ਼ਬਦਾਂ ’ਚ ਕਮਿਊਨਿਸਟਾਂ ਵਾਲੇ ਨਾਅਰਿਆਂ ਰਾਹੀਂ ਹੀ ਇਟਲੀ ਤੇ ਜਰਮਨੀ ਦੇ ਲੋਕਾਂ ਨੂੰ ਭਰਮਾਇਆ ਸੀ। ਇੰਜ, ਅੰਦਰੂਨੀ ਸਾਜਿਸ਼ਾਂ ਦੇ ਨਾਲ ਹੀ ਸਾਮਰਾਜ ਤੇ ਸੱਜ ਪਿਛਾਖੜ ਨਾਲ ਨਜਿੱਠਣਾ ਵੀ ਕਮਿਊਨਿਸਟਾਂ ਲਈ  ਲਾਜ਼ਮੀ ਚੁਣੌਤੀ ਬਣ ਗਿਆ ਸੀ।

ਦੂਜੀ ਸੰਸਾਰ ਜੰਗ ਦੌਰਾਨ ਹਿਟਲਰ ਨੇ ਆਪਣਾ ਅੰਤਮ ਨਿਸ਼ਾਨਾ ਸੰਸਾਰ ਦੇ ਪਹਿਲੇ ਕਿਰਤੀ ਰਾਜ ਪ੍ਰਬੰਧ ਵਾਲੇ ਦੇਸ਼ ਸੋਵੀਅਤ ਯੂਨੀਅਨ ਨੂੰ ਨੇਸਤੋਨਾਬੂਦ ਕਰਨ ਦਾ ਮਿਥ ਲਿਆ ਸੀ। ਮੁਕਾਬਲੇ ’ਤੇ ਸੋਵੀਅਤ ਯੂਨੀਅਨ ਦੇ ਲੋਕਾਂ, ਖਾਸ ਕਰਕੇ ਦੇਸ਼ ਦੀ ਮਜ਼ਦੂਰ ਜਮਾਤ ਨੇ ਵੀ ਇਹ ਮਨ ਬਣਾ ਲਿਆ ਸੀ ਕਿ ਸਮਾਜਵਾਦੀ ਰਾਜ ਪ੍ਰਬੰਧ ਦੀ ਰਾਖੀ ਲਈ ਬੱਚਾ-ਬੱਚਾ ਝੋਕ ਦਿਆਂਗੇ। ਇਤਿਹਾਸ ਗਵਾਹ ਹੈ ਦੂਜੀ ਸੰਸਾਰ ਜੰਗ ਦੌਰਾਨ ਮਾਰੇ ਗਏ ਕਰੋੜਾਂ ਲੋਕਾਂ ਚੋਂ ਅੱਧੇ ਤੋਂ ਵਧੇਰੇ ਕੇਵਲ ਸੋਵੀਅਤ ਯੂਨੀਅਨ ਦੇ ਵਾਸੀ ਸਨ। ਆਪਣੇ ਪਿਆਰੇ ਸਮਾਜਵਾਦੀ ਢਾਂਚੇ ਦੀ ਰਾਖੀ ਲਈ ਸਭ ਕੁੱਝ ਕੁਰਬਾਨ ਕਰ ਦੇਣ ਦੀ ਸੋਵੀਅਤ ਯੂਨੀਅਨ ਦੇ ਲੋਕਾਂ ਦੀ ਇਹੋ ਭਾਵਨਾ ਨਾਜ਼ੀ ਜਰਮਨੀ ਦੀ ਨਿਰਣਾਇਕ ਹਾਰ ਦਾ ਸਬਬ ਬਣੀ ਸੀ ਅਤੇ ਹਿਟਲਰ ਨੂੰ ਖੁਦਕੁਸ਼ੀ ਕਰਨੀ ਪਈ ਸੀ।

ਸੋਵੀਅਤ ਯੂਨੀਅਨ ਅਤੇ ਮਿੱਤਰ ਦੇਸ਼ਾਂ ਦੀ ਇਸੇ ਜਿੱਤ ਦੇ ਵਸੀਹ ਪ੍ਰਭਾਵ ਨੇ ਦੁਨੀਆ ਭਰ ’ਚ ਸਮਾਜਿਕ ਤਬਦਿਲੀ ਦੀ ਲਹਿਰ ਨੂੰ ਅਥਾਹ ਬਲ ਬਖਸ਼ਿਆ ਸੀ। ਸੰਸਾਰ ਜੰਗ ਦੇ ਖਾਤਮੇ ਨਾਲ ਹੀ ਪੂਰਬੀ ਯੂਰਪ ਦੇ ਅਨੇਕਾਂ ਦੇਸ਼ਾਂ ’ਚ ਸਮਾਜਵਾਦੀ ਸਰਕਾਰਾਂ ਕਾਇਮ ਹੋਈਆਂ ਤੇ ਵਿਸ਼ਵ ਸਮਾਜਵਾਦੀ ਕੈਂਪ ਹੋਂਦ ’ਚ ਆਇਆ। ਇਸ ਪਿਛੋਂ 1948 ’ਚ ਮਹਾਨ ਚੀਨੀ ਇਨਕਲਾਬ ਪ੍ਰਵਾਨ ਚੜ੍ਹਿਆ ਅਤੇ ਅਗਲੇਰੇ ਸਾਲਾਂ ’ਚ ਵੀਅਤਨਾਮ, ਕਿਊਬਾ ਆਦਿ ਦੇਸ਼ਾਂ ਦੀਆਂ ਕ੍ਰਾਂਤੀਆਂ ਸਫਲ ਹੋਈਆਂ। ਨਾਲ ਹੀ ਅਨੇਕਾਂ ਗੁਲਾਮ ਮੁਲਕਾਂ ਦੀ ਲੋਕਾਈ ਨੇ ਸਾਮਰਾਜੀ ਸ਼ਾਸ਼ਨਾਂ ਤੋਂ ਸੁਤੰਤਰਤਾ ਪ੍ਰਾਪਤ ਕੀਤੀ।

ਸਮਜਵਾਦੀ ਸੋਵੀਅਤ ਸੰਘ, ਇਕ ਪੜਾਅ ’ਤੇ ਪੁਲਾੜ, ਖੇਡਾਂ, ਵਿਗਿਆਨ, ਰੱਖਿਆ ਗੱਲ ਕੀ ਹਰ ਖੇਤਰ ’ਚ ਪੂੰਜੀਵਾਦ ਨਾਲੋਂ ਅੱਗੇ ਨਿਕਲ ਰਿਹਾ ਸੀ। ਇਹ ਗੱਲ ਸਦੀਵੀ ਸੱਚ ਹੈ ਕਿ ਸੋਵੀਅਤ ਯੂਨੀਅਨ ਦੀ ਵਧੀ ਹੋਈ ਫੌਜੀ ਤਾਕਤ ਅਤੇ ਵਿਗਿਆਨਕ ਤੇ ਤਕਨੀਕੀ ਵਿਕਾਸ ਪੱਖੋਂ ਮਾਰੀਆਂ ਮੱਲਾਂ ਨੇ ਤੀਜੀ ਸੰਸਾਰ ਜੰਗ ਨਹੀਂ ਛਿੜਨ ਦਿੱਤੀ। ਸੋਵੀਅਤ ਯੂਨੀਅਨ ਨੇ ਨਵੇਂ ਆਜ਼ਾਦ ਹੋਏ ਦੇਸ਼ਾਂ ਨੂੰ ਅਸਥਿਰ ਕਰਨ ਜਾਂ ਮੁੜ ਤੋਂ ਗੁਲਾਮ ਬਨਾਉਣ ਦੀਆਂ ਅਨੇਕਾਂ ਸਾਮਰਾਜੀ ਸਾਜਿਸ਼ਾਂ ਦਾ ਬੜੀ ਵਾਰ ਬੁਥਾੜ ਭੰਨਿਆ ਸੀ। 

ਅਕਤੂਬਰ ਕ੍ਰਾਂਤੀ ਦੇ ਵਿਸ਼ਵ ਪੱਧਰੀ, ਹਾਂ-ਪੱਖੀ ਪ੍ਰਭਾਵ ਨੂੰ ਉਪਰੋਕਤ ਘਟਨਾਕ੍ਰਮ ਦੇ ਸੰਦਰਭ ਵਿਚ ਵਾਚਿਆ ਜਾਣਾ ਚਾਹੀਦਾ ਹੈ। ਤਾਂ ਹੀ ਅਸੀਂ ਕ੍ਰਾਂਤੀ ਦਾ ਠੀਕ ਵਿਸ਼ਲੇਸ਼ਣ ਕਰ ਸਕਾਂਗੇ ਅਤੇ ਭਵਿੱਖ ਲਈ ਨਰੋਏ ਸਬਕ ਵੀ ਹਾਸਲ ਕਰ ਸਕਾਂਗੇ। ਇਨ੍ਹਾਂ ਸਬਕਾਂ ’ਚ ਬਿਨਾਂ ਸ਼ੱਕ ਸੋਵੀਅਤ ਯੂਨੀਅਨ ਵਿਚਲੇ ਸਮਾਜਵਾਦੀ ਢਾਂਚੇ ਤੇ ਸੰਸਾਰ ਸਮਾਜਵਾਦੀ ਕੈਂਪ ਦੇ ਢਹਿ-ਢੇਰੀ ਹੋਣ ਨਾਲ ਜੁੜੇ ਤਕਲੀਫ ਦੇਹ ਘਟਨਾਕ੍ਰਮ ਦੇ ਸਬਕ ਵੀ ਸ਼ਾਮਲ ਹਨ।

ਸਭ ਤੋਂ ਪਹਿਲਾ ਤੇ ਅਤਿ ਮਹੱਤਵਪੂਰਨ ਸਬਕ ਇਹ ਹੈ ਕਿ ਪੂੰਜੀਵਾਦ ਕੋਲ ਮਨੁੱਖਤਾ ਸਾਹਮਣੇ ਮੂੰਹ ਅੱਡੀ ਖੜ੍ਹੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਨਾ ਸਮਰੱਥਾ ਹੈ ਤੇ ਨਾ ਹੀ ਨੈਤਿਕ ਬਲ? ਮੁੱਠੀ ਭਰ ਧਨਾਢਾਂ ਦੇ ਨਿੱਜੀ ਲਾਲਚ ਅਤੇ ਹਰ ਹਰਬਾ ਵਰਤ ਕੇ ਵੱਧ ਤੋਂ ਵੱਧ ਮੁਨਾਫਾ ਖੱਟਣ ਦੇ ਨਿਰੋਲ ਆਸ਼ੇ ਦੀ ਭੁਰਭੁਰੀ ਜਮੀਨ ’ਤੇ ਉੱਸਰੀ ਪੂੰਜੀਵਾਦੀ ਵਿਵਸਥਾ, ਬੇਰੁਜ਼ਗਾਰੀ ਪੈਦਾ ਕਰਨਾ ਜਿਸ ਦੀ ਲੋੜ ਹੈ, ਦਾ ਖਾਸਾ ਤੇ ਕਾਰ-ਵਿਹਾਰ ਮਨੁੱਖ ਨੂੰ ਸਦੀਵੀ ਸੰਤੁਸ਼ਟ ਰੱਖ ਹੀ ਨਹੀਂ ਸਕਦਾ। ਇਹ ਢਾਂਚਾ ਵਿੱਦਿਆ ਪ੍ਰਾਪਤੀ ਦੇ ਮਨੁੱਖ ਦੇ ਬੁਨਿਆਦੀ ਹੱਕ ਨੂੰ ਮੁਨਾਫਾ ਖੱਟਣ ਦਾ ਧੰਦਾ ਬਣਾਉਂਦੀ ਹੈ। ਇਸ ਢਾਂਚੇ ’ਚ ਵਿਗਿਆਨਕ ਲੱਭਤਾਂ ਤੇ ਤਕਨੀਕੀ ਤਰੱਕੀ ਵੀ ਸਮਾਜ ਦਾ ਸਮੂਹਕ ਵਿਕਾਸ ਕਰਨ ਦੀ ਥਾਂ ਧਨ ਕੁਬੇਰਾਂ ਦੀਆਂ ਤਿਜੌਰੀਆਂ ਭਰਨ ਦੇ ਕੰਮ ਆਉਂਦੀਆਂ ਹਨ। ਇਹੋ ਹਾਲ ਖੁਰਾਕੀ ਵਸਤਾਂ ਦਾ ਹੈ। ਸਮੁੱਚੀ ਮਾਨਵ ਜਾਤੀ ਦੀ ਧਰੋਹਰ ਕੁਦਰਤੀ ਤੇ ਮਾਨਵੀ ਸਰੋਤ ਚੰਦ ਲੋਕਾਂ ਦੀ ਜਾਤੀ ਮਲਕੀਅਤ ਬਣ ਜਾਂਦੇ ਹਨ। ਹਵਾ, ਪਾਣੀ, ਚੌਗਿਰਦਾ ਤਬਾਹ ਕਰ ਦਿੱਤੇ ਜਾਂਦੇ ਹਨ। ਪੂੰਜੀਵਾਦ ਹੁਣ ਆਪਣੇ ਸਰਵ-ਉਚ ਪੜਾਅ ’ਤੇ ਪਹੁੰਚ ਕੇ ਸਾਮਰਾਜ, ਜਿਸ ਨੂੰ ਵਿੱਤੀ ਪੂੰਜੀ ਵੀ ਕਿਹਾ ਜਾਂਦਾ ਹੈ, ਦੀ ਸ਼ਕਲ ਅਖਤਿਆਰ ਕਰ ਗਿਆ ਹੈ। ਇਸ ਦੌਰ ਦੇ ਦੋ ਪ੍ਰਮੁੱਖ ਲੱਛਣ ਹਨ। ਪਹਿਲਾ-ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਨਾਲ ਹੀ ਦੇਸ਼ਾਂ ਹੱਥੋਂ ਦੇਸ਼ਾਂ ਦੀ ਲੁੱਟ-ਖਸੁੱਟ ਪ੍ਰਚੰਡ ਹੋਣੀ। ਇਸ ਦੌਰ ’ਚ ਜਲ-ਜੰਗਲ-ਜ਼ਮੀਨ ਸਮੇਤ ਸੰਸਾਰ ਭਰ ਦੇ ਦੇਸ਼ਾਂ ਦੇ ਸਾਰੇ ਵਸੀਲੇ ਹਥਿਆਉਣ ਅਤੇ ਕਿਰਤ ਸ਼ਕਤੀ ਦੇ ਬੇਰਹਮ ਦੋਹਣ ਦੀ ਪ੍ਰੀਕਿ੍ਰਆ ਲਾਮਿਸਾਲ ਤੇਜੀ ਫੜ੍ਹ ਜਾਂਦੀ ਹੈ। ਦੂਜਾ-ਸੱਜ ਪਿਛਾਖੜ ਨੂੰ ਹਵਾ ਦੇਣੀ ਅਤੇ ਵਿਸ਼ਵ ਨੂੰ ਜੰਗਾਂ ਦੀ ਭੱਠੀ ’ਚ ਝੋਂਕ ਦੇਣਾ। ਸਾਮਰਾਜ ਦੀ ਅਵਸਥਾ ਤੀਕ ਪੁੱਜ ਕੇ ਪੂੰਜੀਵਾਦ, ਅਗਾਂਹਵਧੂ ਹੋਣ ਦਾ ਆਪਣਾ ਨਕਾਬ ਅਤੇ ਜਮਹੂਰੀਅਤ ਦਾ ਲਬਾਦਾ ਵੀ ਲਾਹ ਸੁੱਟਦਾ ਹੈ।

See Also

ਨਤੀਜਾ; ਪੈਦਾਵਾਰ ਵੱਧਣ ਦੇ ਬਾਵਜੂਦ ਇਨਸਾਨੀ ਬਿਰਾਦਰੀ ਥੁੜਾਂ ਦਾ ਸ਼ਿਕਾਰ ਬਣੀ ਰਹਿੰਦੀ ਹੈ। ਇਸ ਲਈ ਮਨੁੱਖ ਜਾਤੀ ਦਾ ਬਿਹਤਰ ਤੋਂ ਬਿਹਤਰੀਨ ਸਮਾਜ ਵਿਵਸਥਾ ਭਾਵ ਸਮਾਜਵਾਦ ਤੇ ਅੱਗੋਂ ਕਮਿਊਨਿਸਟ ਸਮਾਜ ਦੀ ਸਥਾਪਨਾ ਦਾ ਯੁੱਧ ਹਰ ਹਾਲ ਜਾਰੀ ਰਹੇਗਾ ਅਤੇ ਅਖੀਰ ਜਿੱਤ ਨੂੰ ਪਹੁੰਚੇਗਾ।

ਅਕਤੂਬਰ ਕ੍ਰਾਂਤੀ ਦੀ ਵਰ੍ਹੇਗੰਢ ਮਨਾਉਣ ਲੱਗਿਆਂ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਦਿਨ ਵੱਧ ਤੋਂ ਵੱਧ ਆਮ ਲੋਕਾਂ ਖਾਸ ਕਰਕੇ ਬੁਨਿਆਦੀ ਜਮਾਤਾਂ ਦੀ ਵਿਸ਼ਾਲ ਭਾਗੀਦਾਰੀ ਵਾਲੇ ਸਿੱਖਿਆ ਦਾਇਕ ਪ੍ਰੋਗਰਾਮ ਵਿਉਂਤੇ ਜਾਣ।

ਉਕਤ ਇਕੱਠਾਂ ’ਚ ਸਾਨੂੰ ਕਿਰਤੀ ਲੋਕਾਈ ਨੂੰ ਕ੍ਰਾਂਤੀ ਦੇ ਸਾਰੇ ਪਹਿਲੂਆਂ ਤੋਂ ਜਾਣੂੰ ਕਰਵਾਉਣਾ ਚਾਹੀਦਾ ਹੈ।

ਲੋਕਾਈ ਨੂੰ ਅਜੋਕੇ ਦੌਰ ਦੇ ਮੁੱਖ ਖਤਰੇ ਸਾਮਰਾਜੀ ਦਖ਼ਲ, ਦਾਬੇ ਤੇ ਲੁਟ-ਖਸੁੱਟ ਅਤੇ ਸੰਸਾਰਕ ਸੱਜ ਪਿਛਾਖੜ ਦੇ ਹੱਲਿਆਂ ਤੋਂ ਚੌਕਸ ਕਰਨਾ ਚਾਹੀਦਾ ਹੈ।

ਇਹ ਸਭ ਕਰਦਿਆਂ ਸਾਨੂੰ ਲੋਕਾਂ ਨਾਲ ਅਤਿ ਸਾਦ-ਮੁਰਾਦੀ ਛੇਤੀ ਸਮਝ ਆਉਣ ਵਾਲੀ ਸਰਲ ਭਾਸ਼ਾ ’ਚ ਸੰਵਾਦ ਰਚਾਉਣਾ ਚਾਹੀਦਾ ਹੈ।

ਸੰਖੇਪ ’ਚ ਕਹੀਏ ਤਾਂ ਸਾਨੂੰ ਇਸ ਮੌਕੇ ਦੀ ਵਰਤੋਂ ਅਕਤੂਬਰ ਕ੍ਰਾਂਤੀ ਦੀ ਸਾਰਥਿਕਤਾ ਸਮਝਾਉਣ, ਸਾਮਰਾਜ ਦਾ ਜ਼ੁਲਮੀ ਚਰਿੱਤਰ ਬੇਪਰਦ ਕਰਨ ਅਤੇ ਸੱਜ ਪਿਛਾਖੜ ਦੀਆਂ ਸਾਜ਼ਿਸਾਂ ਤੋਂ ਵਿਸ਼ਵ ਲੋਕਾਈ ਨੂੰ ਸੁਚੇਤ ਕਰਨ ਲਈ ਕਰਨੀ ਚਾਹੀਦੀ ਹੈ। ਅੱਗੋਂ ਬੇਕਿਰਕ ਜਮਾਤੀ ਲੁੱਟ-ਖਸੁੱਟ ਤੇ ਜਬਰ-ਵਿਤਕਰੇ ਖ਼ਿਲਾਫ਼ ਵਸੀਹ ਲਾਮਬੰਦੀ ਕਰਨ ਅਤੇ ਸੰਸਾਰ ਕਿਰਤੀ ਦੇ ਇਨ੍ਹਾਂ ਵੈਰੀਆਂ ਤੋਂ ਮੁਕਤੀ ਦੇ ਯੁੱਧ ਦਾ ਬਿਗੁਲ ਵਜਾਉਣ ਦਾ ਸੱਦਾ ਦੇਣਾ ਚਾਹੀਦਾ ਹੈ। ਆਓ! 7 ਤੋਂ 14 ਨਵੰਬਰ 2025 ਤੱਕ, ਪੂਰਾ ਹਫਤਾ ਪਿੰਡਾਂ-ਸ਼ਹਿਰਾਂ ਦੇ ਆਮ ਲੋਕਾਂ ਨਾਲ ਨੇੜਲਾ ਨਾਤਾ ਜੋੜਦੇ ਹੋਏ ਅਕਤੂਬਰ ਕ੍ਰਾਂਤੀ ਦੀ ਵਰ੍ਹੇਗੰਢ ਇਨਕਲਾਬੀ ਯੁੱਧ ਤੀਬਰ ਕਰਨ ਦੇ ਨਿਗੱਰ ਯਤਨਾਂ ਸਹਿਤ ਮਨਾਈਏ।

Scroll To Top