Now Reading
26 ਸਤੰਬਰ ਨੂੰ ਦਿੱਤੇ ਜਾ ਰਹੇ ਧਰਨੇ ’ਚ ਵੱਡੀ ਗਿਣਤੀ ’ਚ ਪੁੱਜਣਗੇ ਕਿਸਾਨ

26 ਸਤੰਬਰ ਨੂੰ ਦਿੱਤੇ ਜਾ ਰਹੇ ਧਰਨੇ ’ਚ ਵੱਡੀ ਗਿਣਤੀ ’ਚ ਪੁੱਜਣਗੇ ਕਿਸਾਨ

ਤਰਨ ਤਾਰਨ: ਜਮਹੂਰੀ ਕਿਸਾਨ ਸਭਾ ਦੀ ਭਰਵੀਂ ਮੀਟਿੰਗ ਦਰਗਾਹਪੁਰ ਵਿਖੇ ਬਲਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਤੋਂ ਜਮਹੂਰੀ ਕਿਸਾਨ ਸਭਾ ਦੇ ਨੁਮਾਇਦਿਆ ਨੂੰ ਸ਼ਮੂਲੀਅਤ ਕੀਤੀ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਸਭਾ ਦੇ ਸੂਬਾ ਮੀਤ ਪ੍ਰਧਾਨ ਪ੍ਰਗਟ ਸਿੰਘ ਜਾਮਾ ਰਾਏ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਹੜ੍ਹਾਂ ਨਾਲ ਲੱਖਾਂ ਕਿਸਾਨਾਂ ਦੀ ਤਬਾਹੀ ਹੋਈ ਹੈ, ਜੇਕਰ ਇਹਨਾਂ ਸਰਕਾਰਾਂ ਨੇ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਹੁੰਦੇ ਤਾਂ ਕਿਸਾਨਾਂ ਦੀ ਬਰਬਾਦੀ ਨਾ ਹੁੰਦੀ। ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਹੜ੍ਹ ਪੀੜਤਾਂ ਦੀ ਮਦਦ ਲਈ ਹਜ਼ਾਰਾਂ ਲੋਕਾਂ ਨੇ ਹਰ ਤਰ੍ਹਾਂ ਦੀ ਮਦਦ ਕੀਤੀ ਅਤੇ ਉਹਨਾਂ ਨੂੰ ਪੈਰਾਂ ਸਿਰ ਹੋਣ ਦਾ ਨਿਸ਼ਚਾ ਕੀਤਾ ਪਰ ਕੇਂਦਰ ਅਤੇ ਪੰਜਾਬ ਦੀ ਸਰਕਾਰ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਉਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੋਈ ਉਪਰਾਲਾ ਨਹੀਂ ਕੀਤਾ, ਸਗੋਂ ਕੇਂਦਰ ਨੇ ਨਗੂਣਾ ਜਿਹਾ ਐਲਾਨ ਕਰਕੇ ਹੜ੍ਹ ਪੀੜਤਾਂ ਦੇ ਜਖਮਾਂ ’ਤੇ ਲੂਣ ਹੀ ਛਿਣਕਿਆ ਹੈ।

ਜਮਾਰਾਏ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹੜ੍ਹ ਪੀੜਤਾਂ ਨੂੰ ਪੈਰਾਂ ਸਿਰ ਖੜਾ ਕਰਨ ਲਈ ਘੱਟੋ ਘੱਟ 70 ਹਜਾਰ ਰੁਪਏ ਪ੍ਰਤੀ ਏਕੜ ਜ਼ਮੀਨ ਦਾ ਮੁਆਵਜਾ, ਇੱਕ ਡੰਗਰ ਦਾ ਘੱਟੋ ਘੱਟ ਇੱਕ ਲੱਖ ਰੁਪਏ ਅਤੇ ਹੋਰ ਖਰਾਬ ਹੋਏ ਸਾਜੋ ਸਮਾਨ ਦਾ ਸਰਕਾਰ ਯੋਗ ਮੁਆਵਜ਼ਾ ਦੇਵੇ ਅਤੇ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਦੇ ਘਰ ਬਰਸਾਤਾਂ ਨਾਲ ਢਹਿ ਚੁੱਕੇ ਹਨ, ਛੱਤਾਂ ਦੀ ਹਾਲਤ ਖਸਤਾ ਹੋਣ ਕਾਰਨ ਕੰਧਾਂ ਪਾੜ ਚੁੱਕੀਆਂ ਹਨ, ਘਰ ਬਣਾਉਣ ਲਈ 10 ਲੱਖ ਰੁਪਏ ਦਿੱਤੇ ਜਾਣ। ਹੜ੍ਹਾਂ ਕਾਰਨ ਅਤੇ ਮੌਸਮ ਕਾਰਨ ਹੋਈ ਮੌਤ ਲਈ ਦਸ ਲੱਖ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਜਾਵੇ।

ਇਸ ਮੌਕੇ ਬਲਦੇਵ ਸਿੰਘ ਪੰਡੋਰੀ ਨੇ ਦੱਸਿਆ ਕਿ ਕਿਸਾਨਾਂ, ਮਜ਼ਦੂਰਾਂ ਵਲੋਂ ਹੜ੍ਹ ਪੀੜਤਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਕੇਂਦਰ ਅਤੇ ਪੰਜਾਬ ਸਰਕਾਰ ਤੇ ਦਬਾਅ ਪਾਉਣ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ 26 ਸਤੰਬਰ ਨੂੰ ਜ਼ਿਲ੍ਹਾ ਕੇਂਦਰਾਂ ’ਤੇ ਧਰਨੇ ਦਿੱਤੇ ਜਾ ਰਹੇ ਹਨ, ਜਿਸ ’ਚ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ।

See Also

ਇਸ ਮੌਕੇ ਨਰਿੰਦਰ ਸਿੰਘ ਰਟੌਲ, ਅੰਮ੍ਰਿਤਪਾਲ ਸਿੰਘ ਚੌਧਰੀਵਾਲ, ਪੰਜਾਬ ਸਿੰਘ ਠੇਡਾ, ਗੁਰਭੇਜ ਸਿੰਘ ਕਾਹਲਵਾਂ, ਗੁਰਵਿੰਦਰ ਸਿੰਘ ਠੱਠੀਆਂ, ਮਹੀਪਾਲ ਸਿੰਘ ਠੱਠੀਆਂ, ਰਣਧੀਰ ਸਿੰਘ ਦਰਗਾਪੁਰ, ਗੁਰਮੀਤ ਸਿੰਘ ਦਰਗਾਪੁਰ, ਹਰਦੇਵ ਸਿੰਘ ਦਰਗਾਪੁਰ, ਗੁਰਚੇਤ ਸਿੰਘ ਨੱਥੂਪੁਰ, ਕੁਲਦੀਪ ਸਿੰਘ ਝਬਾਲ, ਬਲਜੀਤ ਸਿੰਘ ਉਸਮਾ, ਦਿਲਬਾਗ ਸਿੰਘ ਵਰਿਆਂ, ਗੁਰਭੇਜ ਸਿੰਘ ਸਰਹਾਲੀ ਕਲਾਂ ਆਦਿ ਹਾਜ਼ਰ ਸਨ।

Scroll To Top