
ਲੁਧਿਆਣਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਲੁਧਿਆਣਾ ਵਿਖੇ ਰਘਵੀਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਆਖਿਆ ਕਿ ਪੰਜਾਬ ਵਿੱਚ ਹੜ੍ਹਾ ਕਾਰਨ ਹੋਈ ਤਬਾਹੀ ਦੇ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਪਾਰਟੀ ਸਾਰੇ ਪੰਜਾਬ ਵਿੱਚ 26 ਸਤੰਬਰ ਨੂੰ ਜ਼ਿਲ੍ਹਾ ਕੇਂਦਰਾਂ ਤੇ ਮੁਜ਼ਾਹਰੇ ਕਰਕੇ ਹੜ੍ਹ ਪੀੜਤਾ ਲਈ ਮੁਆਵਜੇ ਦੀ ਮੰਗ ਕਰੇਗੀ। ਉਹਨਾ ਕਿਹਾ ਕਿ ਇਹ ਹੜ੍ਹ ਕੁਦਰਤੀ ਆਫ਼ਤ ਘੱਟ ਹਨ, ਪਰ ਸੂਬਾ ਸਰਕਾਰ ਵੱਲੋ ਮੀਂਹ ਦੇ ਮੌਸਮ ਤੋਂ ਪਹਿਲਾਂ ਹੜ੍ਹਾ ਨਾਲ ਨਜਿੱਠਣ ਦੇ ਉਪਰਾਲੇ ਨਾ ਕਰਨ ਕਰਕੇ ਜ਼ਿਆਦਾ ਆਏ ਹਨ। ਉਹਨਾਂ ਕਿਹਾ ਕਿ ਦਰਿਆਵਾਂ ਦੇ ਅੰਦਰ ਜਾਂ ਨੇੜੇ ਪੈਂਦੇ ਇਲਾਕਿਆਂ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਾਰਨ ਦਰਿਆਵਾਂ ਦੇ ਪਾਣੀਆਂ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਿਆ। ਦਰਿਆਵਾਂ ਵਿੱਚ ਪਾਣੀ ਛੱਡਣ ਲਈ ਵੀ ਕੋਈ ਵਿਉਂਤ ਬੰਦੀ ਨਹੀਂ ਕੀਤੀ ਗਈ। ਜਿਸ ਕਾਰਨ ਵੱਡੇ ਪੱਧਰ ਤੇ ਲੋਕਾਂ ਦਾ ਹਜ਼ਾਰਾਂ ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ ਅਤੇ ਕਈ ਲੋਕਾ ਨੂੰ ਆਪਣੀਆਂ ਜਾਨਾਂ ਵੀ ਗਵਾਉਣੀਆਂ ਪਈਆਂ ਹਨ। ਉਹਨਾਂ ਆਖਿਆ ਕਿ ਹੜ੍ਹਾ ਕਾਰਨ ਹੋਏ ਨੁਕਸਾਨ ਦੀ ਪੂਰਤੀ ਸੂਬਾ ਤੇ ਕੇਂਦਰ ਸਰਕਾਰ ਨੂੰ ਕਰਨੀ ਚਾਹੀਦੀ ਹੈ। ਇਸ ਸਬੰਧੀ ਆਰਐਮਪੀਆਈ ਪਾਰਟੀ 26 ਸਤੰਬਰ ਨੂੰ ਸਾਰੇ ਪੰਜਾਬ ਵਿੱਚ ਜ਼ਿਲ੍ਹਾ ਕੇਂਦਰਾਂ ਤੇ ਮੁਜ਼ਾਹਰੇ ਕਰੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਖਜਾਨਚੀ ਪ੍ਰੋ. ਜੈਪਾਲ ਸਿੰਘ ਨੇ ਆਖਿਆ ਕਿ ਸਰਕਾਰ ਵੱਲੋ ਹੜ੍ਹ ਪੀੜਤ ਮਜ਼ਦੂਰਾਂ ਕਿਸਾਨਾਂ ਦੇ ਹੋਏ ਨੁਕਸਾਨ ਲਈ ਐਲਾਨ ਕੀਤੀ ਸਹਾਇਤਾ ਰਾਸ਼ੀ ਨਾ ਕਾਫੀ ਹੈ। ਸਰਕਾਰ ਨੂੰ ਹੋਏ ਨੁਕਸਾਨ ਦਾ ਸੌ ਫੀਸਦੀ ਮੁਆਵਜ਼ਾ ਦੇਣਾ ਚਾਹੀਦਾ ਹੈ। ਇਸ ਮੌਕੇ ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਬੈਨੀਪਾਲ ਤੇ ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਚਕੋਹੀ ਨੇ ਆਖਿਆ ਕਿ ਪਾਰਟੀ ਵੱਲੋਂ 26 ਸਤੰਬਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਮੁਜ਼ਾਹਰਾ ਕਰਕੇ ਹੜ੍ਹ ਪੀੜਤਾ ਦੀ ਮਦਦ ਲਈ ਸਰਕਾਰ ਉੱਪਰ ਦਬਾਅ ਬਣਾਇਆ ਜਾਵੇਗਾ। ਇਸ ਸਬੰਧੀ ਜ਼ਿਲ੍ਹੇ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆ ਹਨ। ਉਹਨਾ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਨੂੰ ਮਨਾਉਣ ਅਤੇ 1 ਅਕਤੂਬਰ ਨੂੰ ਗਦਰੀ ਗੁਲਾਬ ਕੌਰ ਦਾ 100 ਸਾਲਾ ਦਿਵਸ ਮਨਾਉਣ ਸਬੰਧੀ ਵੀ ਪ੍ਰੋਗਰਾਮ ਉਲੀਕੇ ਗਏ ਹਨ। ਅੱਜ ਦੀ ਇਸ ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਪਰਮਜੀਤ ਸਿੰਘ ਲੁਧਿਆਣਾ, ਹਰਨੇਕ ਸਿੰਘ ਗੁੱਜਰਵਾਲ, ਜਗਦੀਸ਼ ਚੰਦ, ਗੁਰਦੀਪ ਸਿੰਘ ਕਲਸੀ, ਚਮਨ ਲਾਲ, ਬਲਰਾਜ ਸਿੰਘ ਕੋਟਉਮਰਾ, ਮਾਸਟਰ ਦਰਸ਼ਣ ਸਿੰਘ ਸਾਇਆ, ਅਮਰਜੀਤ ਸਿੰਘ ਸਹਿਜਾਦ, ਸਾਬਕਾ ਸਰਪੰਚ ਹਰਬੰਸ ਸਿੰਘ ਲੋਹਟਬੰਦੀ, ਤਹਿਸੀਲਦਾਰ ਯਾਦਵ, ਬਲਰਾਮ ਸਿੰਘ ਆਦਿ ਹਾਜ਼ਰ ਸਨ।