
ਜੰਡਿਆਲਾ ਮੰਜਕੀ: ਜਿੰਨਾ ਚਿਰ ਸਾਮਰਾਜ ਕਾਇਮ ਹੈ, ਉਨਾ ਚਿਰ ਸੰਸਾਰ ਭਰ ‘ਚ ਅਮਨ ਦੀ ਗਾਰੰਟੀ ਨਹੀਂ ਹੋ ਸਕਦੀ, ਇਹ ਸਾਮਰਾਜ ਹੀ ਜੰਗਾਂ ਲਗਵਾਉਂਦਾ ਰਿਹਾ ਹੈ। ਅਜੋਕੇ ਦੌਰ ‘ਚ ਅਮਰੀਕਨ ਸਾਮਰਾਜ ਨੇ ਮੋਦੀ ਨਾਲ ਮਿੱਤਰਤਾ ਵੀ ਰੱਖੀ ਹੋਈ ਹੈ ਅਤੇ ਭਾਰਤ ਖ਼ਿਲਾਫ਼ ਟੈਕਸ ਵੀ ਲਗਾਏ ਜਾ ਰਹੇ ਹਨ। ਇਹ ਸ਼ਬਦ ਸ਼ਹੀਦ ਸੋਹਣ ਸਿੰਘ ਢੇਸੀ ਦੀ 36ਵੀਂ ਬਰਸੀ ਮੌਕੇ ਇੱਕ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪਿੰਡ ਢੇਸੀਆਂ ਕਾਹਨਾ ਵਿਖੇ ਕਹੇ।
ਪਾਸਲਾ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਵਲੋਂ ਜਿਹੜੇ ਸਮਝੌਤੇ ਕੀਤੇ ਜਾ ਰਹੇ ਹਨ, ਉਸ ਨਾਲ ਭਾਰਤ ਦੇ ਲੋਕਾਂ ਦਾ ਆਰਥਿਕ ਤੌਰ ‘ਤੇ ਖਾਤਮਾ ਹੋ ਜਾਏਗਾ। ਪਾਸਲਾ ਨੇ ਕਿਹਾ ਕਿ ਮੋਦੀ ਵਲੋਂ ਜਿਹੜੀਆਂ ਨੀਤੀਆਂ ਖਾਸ ਕਰ ਘੱਟ ਗਿਣਤੀਆਂ ਦੇ ਖ਼ਿਲਾਫ਼ ਲਿਆਂਦੀਆਂ ਜਾ ਰਹੀਆਂ ਹਨ, ਉਸ ਨਾਲ ਦੇਸ਼ ਭਰ ‘ਚ ਬਦਅਮਨੀ ਫੈਲ ਰਹੀਂ ਹੈ। ਪਾਸਲਾ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਮੌਜੂਦਾ ਕੇਂਦਰ ਅਤੇ ਪੰਜਾਬ ਸਰਕਾਰ ਨੇ ਬਾਂਹ ਨਹੀਂ ਫੜੀ। ਭਗਵੰਤ ਮਾਨ ਸਰਕਾਰ ਦੀ ਅਲੋਚਨਾ ਕਰਦੇ ਹੋਏ ਪਾਸਲਾ ਨੇ ਕਿਹਾ ਕਿ ਕਿਸੇ ਵੇਲੇ ਲੋਕ ਇਹ ਕਹਿੰਦੇ ਸਨ ਕਿ ਕਮਿਊਨਿਸਟਾਂ ਵਾਲਾ ਹੀ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਹੈ ਪਰ ਹੁਣ ਅਸਲੀਅਤ ਸਾਹਮਣੇ ਆ ਗਈ ਹੈ ਕਿ ਪੰਜਾਬ ਦੀ ਇਸ ਸਰਕਾਰ ਨੇ ਲੁੱਟ ਖਸੁੱਟ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਜਿਸ ‘ਚ ਦਿੱਲੀ ਵਾਲੇ ਉਥੋਂ ਵਹਿਲੇ ਹੋ ਕੇ ਇਸ ‘ਚ ਸ਼ਾਮਲ ਹੋ ਗਏ ਹਨ।
ਇਸ ਮੌਕੇ ਢੇਸੀ ਨੂੰ ਸ਼ਰਧਾਂਜਲੀ ਦਿੰਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਨਾਹਰ ਨੇ ਕਿਹਾ ਕਿ ਪਾਰਟੀ ਵਲੋਂ 26 ਸਤੰਬਰ ਨੂੰ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਜਲੰਧਰ ਵਿਖੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ, ਜਿਸ ‘ਚ ਮਕਾਨ ਡਿੱਗੇ, ਮੌਤ ਦੇ ਮੂੰਹ ‘ਚ ਜਾ ਪਏ ਅਤੇ ਖੇਤਾਂ ਨੂੰ ਸਾਫ਼ ਕਰਨ ਲਈ ਸਰਕਾਰ ਦੀ ਜ਼ਿੰਮੇਵਾਰੀ ਚੇਤੇ ਕਰਵਾਉਣ ਲਈ ਅਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਵੱਡਾ ਇਕੱਠ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ 28 ਸਤੰਬਰ ਤੋਂ ਨੌਜਵਾਨਾਂ ਵਲੋਂ ਖਟਕੜ ਕਲਾਂ ਵਿਖੇ ਮੋਰਚਾ ਲਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਸਾਰਿਆਂ ਦਾ ਅੰਤ ‘ਚ ਧੰਨਵਾਦ ਕੀਤਾ। ਸਮਾਗਮ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਸਰਬਜੀਤ ਸੰਗੋਵਾਲ, ਬਨਾਰਸੀ ਦਾਸ ਅਤੇ ਕਾਮਰੇਡ ਰਾਣਾ ਨੇ ਕੀਤੀ।
ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ, ਸੂਬਾ ਕਮੇਟੀ ਮੈਂਬਰ ਡਾ. ਸਰਬਜੀਤ ਮੁਠੱਡਾ, ਪਰਮਜੀਤ ਰੰਧਾਵਾ, ਸੰਤੋਖ ਸਿੰਘ ਬਿਲਗਾ, ਰਾਮ ਸਿੰਘ ਕੈਮਵਾਲਾ ਅਤੇ ਬੀਬੀ ਅਜਮੇਰ ਕੌਰ ਢੇਸੀ ਵੀ ਹਾਜ਼ਰ ਸਨ। ਬਖ਼ਸ਼ੀ ਪੰਡੋਰੀ, ਕੁਲਦੀਪ ਵਾਲੀਆ ਅਤੇ ਸ਼ਹੀਦ ਸੋਹਣ ਸਿੰਘ ਢੇਸੀ ਦੇ ਪੋਤਰੇ ਜਸਰਾਜ ਸਿੰਘ ਨੇ ਕਵਿਤਾਵਾਂ ਪੇਸ਼ ਕੀਤੀਆਂ। ਸਟੇਜ ਦੀ ਕਾਰਵਾਈ ਮਨਜਿੰਦਰ ਸਿੰਘ ਢੇਸੀ ਨੇ ਚਲਾਈ। ਆਰੰਭ ‘ਚ ਮਾਰਚ ਕਰਦੇ ਹੋਏ ਸ਼ਹੀਦੀ ਸਮਾਰਕ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਸ਼ਹੀਦ ਢੇਸੀ ਦੀ ਯਾਦ ‘ਚ ਜੋਸ਼ ਭਰੀ ਨਾਅਰੇਬਾਜ਼ੀ ਕਰਦਿਆਂ ਉਸ ਦੇ ਪਾਏ ਪੂਰਨਿਆਂ ‘ਤੇ ਚੱਲਣ ਦਾ ਅਹਿਦ ਲਿਆ ਗਿਆ।
ਸਮਾਗਮ ਦੌਰਾਨ ਸੁਖਦੇਵ ਬਾਂਕਾ, ਮੇਜਰ ਫਿਲੌਰ, ਦਲਵਿੰਦਰ ਕੁਲਾਰ, ਮੇਜਰ ਖੁਰਲਾਪੁਰ, ਸਤਪਾਲ ਸਹੋਤਾ ਆਦਿ ਵੀ ਹਾਜ਼ਰ ਸਨ।