
ਅਜਨਾਲਾ: ਖੇਤਰ ਦੇ ਹੜ੍ਹ ਪੀੜਤਾਂ ਨੂੰ ਸਾਂਝੇ ਤੌਰ ‘ਤੇ ਮਦਦ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਨੇ ਪਿਛਲੇ 10 ਦਿਨਾਂ ਦਾ ਅਜਨਾਲਾ ‘ਚ ਮਹਿਲ ਬੁਖਾਰੀ ਅੱਡੇ ਨੇੜੇ ਸਥਿਤ ਗੁਰੂਦੁਆਰਾ ਟੱਕਰ ਸਾਹਿਬ ਦੇ ਬਾਹਰ ਰਾਹਤ ਕੈਂਪ ਲਗਾਇਆ ਹੈ। ਜਿੱਥੇ ਜਿਹੜੇ ਲੋਕ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਸਮੇਤ ਹੋਰਨਾਂ ਸੂਬਿਆਂ ਤੋਂ ਰਾਹਤ ਸਮੱਗਰੀ ਲੈ ਕੇ ਹੜ੍ਹ ਪੀੜਤਾਂ ‘ਚ ਵੰਡਣ ਲਈ ਪਹੁੰਚ ਰਹੇ ਹਨ।
ਉਹਨਾਂ ਨੂੰ ਹੜ੍ਹ ਪੀੜਤ ਲੋਕਾਂ ਤੇ ਪਿੰਡਾਂ ਦੀ ਨਿਸ਼ਾਨਦੇਹੀ ਦਿੱਤੀ ਜਾਂਦੀ ਹੈ ਤਾਂ ਕਿ ਲੋੜਵੰਦ ਹੜ੍ਹ ਪੀੜਤਾਂ ਕੋਲ ਰਾਹਤ ਸਮੱਗਰੀ ਪਹੁੰਚ ਸਕੇ।
ਇਹ ਪ੍ਰਗਟਾਵਾ ਅੱਜ ਇੱਥੇ ਮੋਰਚੇ ‘ਚ ਸ਼ਾਮਿਲ ਜਥੇਬੰਦੀ ਦੇ ਆਗੂਆਂ ਡਾਕਟਰ ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ, ਧਨਵੰਤ ਸਿੰਘ ਖਤਰਾਏ ਕਲਾਂ ਸੂਬਾ ਆਗੂ ਕਿਰਤੀ ਕਿਸਾਨ ਯੂਨੀਅਨ ਪੰਜਾਬ, ਸਤਨਾਮ ਸਿੰਘ ਝੰਡੇਰ ਕਿਰਤੀ ਕਿਸਾਨ ਯੂਨੀਅਨ, ਸਵਿੰਦਰ ਸਿੰਘ ਮੀਰਾਕੋਟ, ਭੁਪਿੰਦਰ ਸਿੰਘ ਛੀਨਾ, ਬਲਦੇਵ ਸਿੰਘ ਸਹਿੰਸਰਾ, ਸੁਖਵਿੰਦਰ ਸਿੰਘ ਕਿਆਮਪੁਰਾ, ਹਰਪਾਲ ਸਿੰਘ ਛੀਨਾ ਕਿਰਤੀ ਕਿਸਾਨ ਯੂਨੀਅਨ ਪੰਜਾਬ, ਬਲਵਿੰਦਰ ਸਿੰਘ ਡਿਆਲ ਭੱਟੀ ਆਦਿ ਨੇ ਜਾਣਕਾਰੀ ਦਿੰਦਿਆਂ ਕੀਤਾ।
ਉਕਤ ਆਗੂਆਂ ਨੇ ਦੱਸਿਆ ਕਿ ਪਿਛਲੇ ਦੋ ਹਫਤਿਆਂ ਦੌਰਾਨ ਇਸ ਇਲਾਕੇ ਦੇ ਲਗਭਗ 185 ਪਿੰਡਾਂ ‘ਚੋਂ ਕੋਈ 7000 ਦੇ ਕਰੀਬ ਰਾਹਤ ਸਮੱਗਰੀ ਦੇ ਵਾਹਨ ਟਰੈਕਟਰ ਟਰਾਲੀਆਂ, ਛੋਟੇ ਹਾਥੀ, ਟਰੱਕ, ਕੈਂਟਰ ਆਦਿ ਪਹੁੰਚ ਚੁੱਕੇ ਹਨ ਪਰ ਉਹਨਾਂ ‘ਚ ਪਹੁੰਚੀ ਰਾਹਤ ਸਮੱਗਰੀ ਦੀ ਠੀਕ ਨਾਲ ਵੰਡ ਨਾ ਹੋਣ ਕਰਕੇ ਅਤੇ ਰਾਹਤ ਸਮੱਗਰੀ ਦਾ ਸਿਆਸੀਕਰਨ ਹੋਣ ਕਰਕੇ ਲਗਭਗ 33 ਫੀਸਦੀ ਹੜ੍ਹ ਪੀੜਤਾਂ ਤੱਕ ਪੂਰੀ ਤਰ੍ਹਾਂ ਨਹੀਂ ਪਹੁੰਚੀ। ਜਿਸ ਕਾਰਨ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਇਹਨਾਂ ਪੀੜਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।
ਸਮੂਹ ਆਗੂਆਂ ਨੇ ਮੌਜੂਦਾ ਸਰਕਾਰਾਂ ‘ਤੇ ਵਰਦਿਆਂ ਕਥਿਤ ਦੋਸ਼ ਲਾਏ ਕੇ ਪਹਿਲਾਂ ਤਾਂ ਸੂਬਾ ਤੇ ਕੇਂਦਰ ਸਰਕਾਰਾਂ ਨੇ ਨਾ-ਮਾਤਰ ਰਾਹਤ ਦਾ ਐਲਾਨ ਕੀਤਾ ਹੈ ਜਿਸਦੇ ਵਿੱਚ ਕਿਸਾਨਾਂ, ਖੇਤ ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਨੂੰ ਅੱਖੋਂ ਪਰੋਖੇ ਕੀਤਾ ਹੈ ਜਿਸ ਕਾਰਨ ਉਹਨਾਂ ਵਿੱਚ ਡਾਹਢਾ ਗੁੱਸਾ ਪਾਇਆ ਜਾ ਰਿਹਾ। ਉਪਰੰਤ ਸੰਯੁਕਤ ਕਿਸਾਨ ਮੋਰਚੇ ਦੇ ਇਹਨਾਂ ਆਗੂਆਂ ਨੇ ਹੜ੍ਹ ਪੀੜਤਾਂ ਦੀਆਂ ਮੰਗਾਂ ਉੱਤੇ ਜੋਰ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਮਾਰੀਆਂ ਗਈਆਂ ਫਸਲਾਂ ਦਾ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਅਤੇ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਮੁਆਵਜ਼ਾ ਤੁਰੰਤ ਦਿੱਤਾ ਜਾਵੇ,ਕਿਉਂਕਿ ਇਹ ਸਰਹੱਦੀ ਖੇਤਰ ਹਰ ਸਾਲ ਹੜਾਂ ਦੀ ਅਤੇ ਭਾਰਤ/ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਸਮੇਂ ਸਮੇਂ ਤੇ ਬਣਦੀ ਤਣਾਅ ਪੂਰਨ ਸਥਿਤੀ ਦੀ ਮਾਰ ਝੱਲਦਾ ਆ ਰਿਹਾ ਹੈ ਅਤੇ ਇਹਨਾਂ ਪੀੜਤ ਪ੍ਰਭਾਵਿਤ ਲੋਕਾਂ ਨੂੰ ਮੁੜ ਪੈਰਾਂ ਉੱਤੇ ਖੜਾ ਕਰਨ ਲਈ ਹਰੇਕ ਪਰਿਵਾਰ ਨੂੰ ਇੱਕ ਇੱਕ ਲੱਖ ਰੁਪਏ ਦੀ ਅੰਤਰਿਮ ਰਾਹਤ ਦਿੱਤੀ ਜਾਵੇ।
ਉਕਤ ਆਗੂਆਂ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਤੁਰੰਤ ਨਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚਾ ਵੱਡੇ ਪੱਧਰ ‘ਤੇ ਤਿੱਖੇ ਸੰਘਰਸ਼ ਦੀ ਰਣਨੀਤੀ ਉਲੀਕ ਕੇ ਸੜਕਾਂ ‘ਤੇ ਉਤਰੇਗਾ।