Now Reading
ਆਰਐੱਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਆਰਐੱਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ


ਫਤਿਆਂਬਾਦ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਕੁੱਲ ਹਿੰਦ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਮੰਡ ਖੇਤਰ ਦੇ ਹੜ੍ਹ ਪ੍ਰਭਾਵਿਤ ਖੇਤਰ ਦੇ ਪਿੰਡ ਭੈਲ, ਕਲੇਰ, ਜੌਹਲ ਢਾਏਵਾਲਾ, ਮੁੰਡਾ ਪਿੰਡ, ਗੁੱਜਰਪੁਰਾ ਆਦਿ ਪਿੰਡਾਂ ਦਾ ਦੌਰਾ ਕਰਕੇ ਹੜ੍ਹ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆਂ।
ਲੋਕਾਂ ਦੀਆਂ ਸਮੱਸਿਆਵਾਂ ਬਾਰੇ ਹਕੀਕਤ ਜਾਨਣ ਲਈ ਬਣਾਈ ਕਮੇਟੀ ਦੇ ਆਗੂ ਸੂਬਾ ਸਕੱਤਰ ਪਰਗਟ ਸਿੰਘ ਜਾਮਾਂਰਾਏ, ਸੂਬਾ ਕਮੇਟੀ ਮੈਬਰ ਗੁਰਦਰਸਨ ਬੀਕਾ, ਜ਼ਿਲ੍ਹਾ ਕਮੇਟੀ ਮੈਬਰ ਦਾਰਾ ਸਿੰਘ ਮੁੰਡਾ ਪਿੰਡ ਆਦਿ ਵਿੱਚ ਹਾਜਰ ਸਨ।
ਵੱਖ ਵੱਖ ਪਿੰਡਾਂ ਵਿੱਚ ਮਿਲੇ ਲੋਕਾਂ ਅਤੇ ਪਿੰਡ ਮੁੰਡਾ ਪਿੰਡ ਵਿੱਖੇ ਹੋਏ ਇਕੱਠੇ ਲੋਕਾਂ ਨੇ ਹੜ੍ਹਾਂ ਬਾਰੇ ਗੱਲ ਕਰਦਿਆਂ ਦੱਸਿਆ ਕੇ ਹੜ੍ਹ ਆਉਣ ਤੋਂ ਪਹਿਲਾਂ ਸਰਕਾਰ ਵੱਲੋਂ ਹੜ੍ਹਾਂ ਨੂੰ ਰੋਕਣ ਲਈ ਅਗਾਊਂ ਪਰਬੰਧ ਕਿੱਤੇ ਨਹੀਂ ਕੀਤੇ ਗਏ। ਇਸ ਕਾਰਣ ਲੋਕਾਂ ਨੂੰ ਵਧੇਰੇ ਜਾਨੀ ਅਤੇ ਮਾਲੀ ਨੁਕਸਾਨ ਉਠਾਉਣਾਂ ਪਿਆ। ਉਹਨਾਂ ਦੱਸਿਆ ਕਿ ਨਾ ਹੀ ਦਰਿਆ ਨਾਲਿਆਂ ਵਿੱਚ ਪਈ ਰੇਤਾ ਅਤੇ ਡੈਮਾਂ ਝੀਲਾਂ ਦੀ ਸਫਾਈ ਕੀਤੀ ਗਈ ਅਤੇ ਨਾ ਹੀ ਹੜ੍ਹਾਂ ਦੀ ਰੋਕਥਾਮ ਲਈ ਉਸਾਰੇ ਬੰਨ੍ਹਾਂ ਨੂੰ ਮਜਬੂਤ ਕਰਨ ਵੱਲ ਧਿਆਨ ਦਿੱਤਾ ਗਿਆ।
ਪੀੜਤ ਲੋਕਾਂ ਨੇ ਸਮਾਜ ਸੇਵੀ ਸੰਸਥਾਵਾਂ, ਸਮੂਹ ਪੰਜਾਬੀਆਂ ਅਤੇ ਗੁਆਂਢੀ ਸੂਬਿਆਂ ਦੇ ਲੋਕਾਂ ਵੱਲੋਂ ਬਿਨਾਂ ਧਾਰਮਿਕ ਸੀਮਾਵਾਂ ਦੇ ਦਿਲ ਖੋਹਲਕੇ ਸਹਾਇਤਾ ਕੀਤੀ, ਜਿਸ ਲਈ ਉਹਨਾਂ ਧੰਨਵਾਦ ਕੀਤਾ। ਸਰਕਾਰ ਵੱਲੋਂ ਅੱਜ ਤੱਕ ਇੱਕ ਵੀ ਪੈਸਾ ਲੋਕਾਂ ਦੀ ਮੱਦਦ ਨਹੀਂ ਕੀਤੀ ਗਈ|ਸਮੂਹ ਲੋਕਾਂ ਦੱਸਿਆ ਕੇ ਲੋਕਾਂ ਦੀਆਂ ਮੌਤਾਂ, ਫਸਲਾਂ, ਘਰਾਂ ਦੀ ਬਰਬਾਦੀ, ਪਸੂਆਂ, ਡੇਅਰੀ ਫਾਰਮ, ਪੋਲਟਰੀ, ਫਿਸ਼ਰੀ ਆਦਿ ਸਮੇਤ ਖੇਤੀ ਦੇ ਸਹਇਕ ਧੰਦੇ ਵੀ ਬੁਰੀਂ ਤਰਾਂ ਬਰਬਾਦ ਹੋ ਗਏ ਹਨ। ਲੋਕਾਂ ਨੇ ਇਹ ਵੀ ਕਿਹਾ ਕਿ ਜ਼ਮੀਨ ਰੇਤ ਗਾਰ, ਮਿੱਟੀ ਨਾਲ ਭਰ ਗਏ ਹਨ ਜਿਸ ਕਾਰਣ ਅਗਲੀ ਫਸਲ ਬੀਜਣੀ ਵੀ ਮੁਸ਼ਕਲ ਹੋਵੇਗੀ। ਲੋਕਾਂ ਵਿੱਚ ਇਸ ਲਈ ਵੀ ਭਾਰੀ ਰੋਸ ਨਜ਼ਰ ਆਇਆ ਕਿ ਖੇਤਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਨ ਵਾਲੇ ਖੇਤ ਮਜ਼ਦੂਰਾਂ ਦੇ ਨੁਕਸਾਨ ਦੀ ਕੋਈ ਗੱਲ ਨਹੀਂ ਕਰ ਰਿਹਾ ਜਦੋਂ ਕਿ ਇਹਨਾਂ ਦੀ ਰੋਟੀ ਰੋਜੀ ਖੇਤੀ ਨਾਲ ਜੁੜੀ ਹੋਈ ਹੈ।
ਇਸ ਮੌਕੇ ਲੋਕਾਂ ਨੇ ਮੰਗ ਕੀਤੀ ਕੇ ਜਿੱਥੇ ਕਿਸਾਨਾਂ ਨੂੰ ਪ੍ਰਤੀ ਏਕੜ 70000 ਹਜ਼ਾਰ ਰੁਪਏ ਮੁਆਵਜਾ ਦਿਤਾ ਜਾਵੇ, ਓਥੇ ਮਜ਼ਦੂਰਾਂ ਨੂੰ 10000 ਰੁਪਏ ਪ੍ਰਤੀ ਪ੍ਰੀਵਾਰ ਦਿੱਤੇ ਜਾਣ, ਹੜ ਪ੍ਰਭਾਵਿਤ ਪਿੰਡਾਂ ਦੇ ਸਮੂਹ ਲੋਕਾਂ ਯਕਮੁੱਸਤ ਪ੍ਰਤੀ ਪ੍ਰੀਵਾਰ ਇੱਕ ਲੱਖ ਰੁਪਏ ਦਿੱਤੇ ਜਾਣ, ਇਨਸਨੀ ਮੌਤ ਲਈ ਦਸ ਲੱਖ ਰੁਪਏ, ਮੱਝ, ਗਾਂ ਲਈ ਇੱਕ ਲੱਖ ਰੁਪਏ, ਮਕਾਨ ਲਈ ਦਸ ਲੱਖ ਰੁਪਏ ਦਿੱਤੇ ਜਾਣ।
ਇਸ ਮੌਕੇ ਪਾਸਲਾ ਅਤੇ ਪਾਰਟੀ ਆਗੂਆਂ ਨੇ ਕਿਹਾ ਕੇ ਕੇਂਦਰ ਅਤੇ ਪੰਜਾਬ ਸਰਕਾਰ ਜਿਥੇ ਹੜ੍ਹਾਂ ਲਈ ਜਿੰਮੇਵਾਰ ਹਨ ਓਥੇ ਸਮੇਂ ਸਿਰ ਮਦਦ ਕਰਨ ਵਿੱਚ ਵੀ ਨਕਾਮ ਹਨ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਜ਼ਾਰਾਂ ਕਰੋੜ ਫੰਡ ਹੜ੍ਹਾਂ ਦੀ ਰੋਕਥਾਮ ਕਰਨ ਦੀ ਬਜਾਏ ਝੂਠੇ ਪਰਚਾਰ ਅਤੇ ਹੋਰਨਾਂ ਕੰਮਾਂ ‘ਤੇ ਖਰਚ ਕੀਤੇ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਐਲਾਨੇ 1600 ਕਰੋੜ ਨੂੰ ਮਮੂਲੀ ਰਕਮ ਦੱਸਦਿਆਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਕਿਰਦਾਰ ਅਤੇ ਵੈਰ ਭਾਵਨਾ ਸਪੱਸ਼ਟ ਝਲਕਦੀ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਹਰਦੀਪ ਸਿੰਘ, ਕੁਲਦੀਪ ਸਿੰਘ, ਚੈਚਲ ਸਿੰਘ, ਅਜੈਬ ਸਿੰਘ, ਬੂਟਾ ਸਿੰਘ ਪ੍ਰਧਾਨ, ਮੁਖਤਾਰ ਸਿੰਘ ਜੌਹਲ, ਸੁਰਜੀਤ ਸਿੰਘ ਭੈਲ, ਸੰਕਰ ਸਿੰਘ ਧੂੰਦਾ ਆਦਿ ਆਗੂਆਂ ਨੇ ਵਿਚਾਰ ਪੇਸ਼ ਕੀਤੇ।

Scroll To Top