
ਜਲੰਧਰ: ਅੱਜ ਇਥੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ, ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਮਜ਼ਦੂਰ ਕਨਵੈਨਸ਼ਨ ਕਰਕੇ ਐਲਾਨ ਕੀਤਾ ਕਿ 4 ਅਗਸਤ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ, ਅਮਨ ਅਰੋੜਾ, (ਸੁਨਾਮ ਜ਼ਿਲ੍ਹਾ ਸੰਗਰੂਰ) ਬੀਬੀ ਬਲਜੀਤ ਕੌਰ, (ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ) ਕੁਲਤਾਰ ਸਿੰਘ ਸੰਧਵਾਂ,( ਫਰੀਦਕੋਟ) ਹਰਭਜਨ ਸਿੰਘ ਈਟੀਓ ( ਜੰਡਿਆਲਾ ਗੁਰੂ) ਅਤੇ ਮਹਿੰਦਰ ਭਗਤ (ਜਲੰਧਰ) ਦੇ ਘਰਾਂ ਅੱਗੇ ਇੱਕ ਦਿਨਾਂ ਧਰਨੇ ਲਾਏ ਜਾਣਗੇ।
ਅੱਜ ਇਥੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਗੁਰਨਾਮ ਸਿੰਘ ਦਾਊਦ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਮੇਸ਼ ਮਾਲੜੀ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਗੁਰਮੇਸ਼ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਤਰਸੇਮ ਪੀਟਰ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਨਿਰਮਲ ਸਿੰਘ ਛੱਜਲਵੱਡੀ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਵੀਰ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਗਰੀਬਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਦਿਖਾਏ ਪਰ ਰਾਜ ਗੱਦੀ ‘ਤੇ ਬਹਿੰਦਿਆਂ ਹੀ ਸਰਕਾਰ ਨੇ ਮਜ਼ਦੂਰਾਂ ਵੱਲ ਪਿੱਠ ਕਰ ਲਈ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਬਿਲਕੁਲ ਹੱਕੀ ਅਤੇ ਵਾਜਬ ਹਨ ਜਿਵੇਂ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਕਰਜ਼ੇ ਮੁਆਫ਼ ਕਰਨ, ਵਿਧਵਾ, ਬੁਢਾਪਾ, ਅੰਗਹੀਣ ਅਤੇ ਆਸ਼ਰਿਤ ਪੈਨਸ਼ਨ 5000 ਰੁ ਪ੍ਰਤੀ ਮਹੀਨਾ ਕਰਨ, ਰਿਹਾਇਸ਼ੀ ਪਲਾਟ ਦੇਣ, ਸਮਾਜਿਕ ਅਤੇ ਸਰਕਾਰੀ ਜਬਰ ਬੰਦ ਕਰਨ ਸਮੇਤ ਜ਼ਮੀਨੀਂ ਸੁਧਾਰ ਕਾਨੂੰਨ ਲਾਗੂ ਕਰਨ, ਪੰਚਾਇਤੀ ਜ਼ਮੀਨਾਂ ‘ਚੋਂ ਤੀਜੇ ਹਿੱਸੇ ਦੀ ਜ਼ਮੀਨ ਮਜ਼ਦੂਰਾਂ ਨੂੰ ਦੇਣ ਦੀਆਂ ਮੰਗਾਂ ‘ਤੇ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ ਪਰ ਸਰਕਾਰ ਦਾ ਰਵੱਈਆ ਮਜ਼ਦੂਰਾਂ ਦੀ ਵਜਾਏ ਅਮੀਰਾਂ/ਸਰਮਾਏਦਾਰਾਂ ਅਤੇ ਜਾਗੀਰਦਾਰਾਂ ਦੇ ਪੱਖੀ ਹੈ ਅਤੇ ਸਰਕਾਰ ਇਹਨਾਂ ਅਮੀਰਾਂ ਦੇ ਪੱਖੀ ਨੀਤੀਆਂ ਬਣਾ ਰਹੀਂ ਹੈ। ਉਨ੍ਹਾਂ ਕਿਹਾ ਕਿ ਨਸ਼ੇ ਲੁੱਟਾਂ ਖੋਹਾਂ ਨਿਰਵਿਘਨ ਜਾਰੀ ਅਤੇ ਸਰਕਾਰੀ ਦਫ਼ਤਰਾਂ ਅੰਦਰ ਸਰਕਾਰੀ ਭ੍ਰਿਸ਼ਟਾਚਾਰ ਪਹਿਲਾਂ ਵਾਂਗ ਹੀ ਚਲ ਰਿਹਾ ਹੈ ਉਨ੍ਹਾਂ ਜ਼ੋਰ ਦੇ ਕੇ ਕਿਹਾ ਸੰਘਰਸ਼ ਕਰਦੇ ਮਜ਼ਦੂਰਾਂ ਕਿਸਾਨਾਂ ਅਤੇ ਮੁਲਾਜ਼ਮਾਂ ‘ਤੇ ਪੁਲਸ ਜਬਰ ਪਹਿਲਾਂ ਨਾਲੋਂ ਵੀ ਤੇਜ਼ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜਿਥੇ ਮਜ਼ਦੂਰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨਗੇ ਉਥੇ ਇਸ ਜਬਰ ਵਿਰੁੱਧ ਵੀ ਲੜਨਗੇ।
ਅੱਜ ਹੋਰਨਾਂ ਤੋਂ ਇਲਾਵਾ ਸਰਵਸਾਥੀ ਦਰਸ਼ਨ ਨਾਹਰ, ਬਲਦੇਵ ਨੂਰਪੁਰੀ, ਹਰਪਾਲ ਬਿੱਟੂ, ਕਸ਼ਮੀਰ ਘੁਗਸੋ਼ਰ, ਗਿਆਨ ਸੈਦਪੁਰੀ, ਦਲਵੀਰ ਸਿੰਘ ਭੋਲਾ ਅਤੇ ਮੂਲ ਚੰਦ ਸਰਹਾਲੀ ਨੇ ਵੀ ਸੰਬੋਧਨ ਕੀਤਾ।
ਕਨਵੈਨਸ਼ਨ ਨੇ 25 ਜੁਲਾਈ ਨੂੰ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਸਰਕਾਰੀ ਜਬਰ ਵਿਰੋਧੀ ਰੈਲੀ ਦੇ ਸਮਰਥਨ ਦਾ ਵੀ ਐਲਾਨ ਕੀਤਾ।