‘ਸੰਸਾਰ ਆਰਥਿਕ ਫੋਰਮ’ ਦੀ ਇਸ ਸਾਲ ਦੀ ਸਾਲਾਨਾ ਮੀਟਿੰਗ, 22 ਤੋਂ 26 ਮਈ ਤੱਕ ਸਵਿਟਜ਼ਰਲੈਂਡ ਦੇ ਸ਼ਹਿਰ ਦਾਵੋਸ ਵਿਖੇ ਹੋਈ। ਦੁਨੀਆਂ ਭਰ ਦੇ ਅਰਬਪਤੀਆਂ ਦੀ ਦੋ ਸਾਲ ਬਾਅਦ ਆਹਮੋ-ਸਾਹਮਣੇ ਹੋਈ ਇਸ ਮੀਟਿੰਗ ਮੌਕੇ ‘ਆਕਸਫਾਮ ਇੰਟਰਨੈਸ਼ਨਲ’ ਨੇ ‘ਦਰਦ ਤੋਂ ਮੁਨਾਫ਼ਾ’ ( ) ਨਾਂਅ ਦੀ ਰਿਪੋਰਟ ਜਾਰੀ ਕੀਤੀ ਹੈ।
‘ਆਕਸਫਾਮ ਇੰਟਰਨੈਸ਼ਨਲ’ 1942 ਵਿਚ ਬਿ੍ਰਟੇਨ ਦੇ ਆਕਸਫੋਰਡ ਵਿਖੇ ਸਥਾਪਤ ਕੀਤੀ ਗਈ ਜਥੇਬੰਦੀ ਹੈ, ਜਿਹੜੀ ਕਿ ਉਸ ਕਾਲ ਵਿਚ ਪਏ ਅਕਾਲਾਂ ਵਿਚ ਲੋਕਾਂ ਦੀ ਮਦਦ ਕਰਨ ਲਈ ਇਕ ਚੈਰੀਟੇਬਲ ਅਦਾਰੇ ਦੇ ਰੂਪ ਵਿਚ ਸਥਾਪਤ ਕੀਤੀ ਗਈ ਸੀ, ਜੋ ਅੱਜ 21 ਆਜ਼ਾਦ ਚੈਰੀਟੇਬਲ ਜਥੇਬੰਦੀਆਂ ’ਤੇ ਆਧਾਰਤ ਇਕ ਕਨਫੈਡਰੇਸ਼ਨ ਦਾ ਰੂਪ ਅਖਤਿਆਰ ਕਰ ਚੁੱਕੀ ਹੈ ਅਤੇ ਇਹ ਮੁੱਖ ਰੂਪ ਵਿਚ ਦੁਨੀਆਂ ਵਿਚੋਂ ਗਰੀਬੀ ਦਾ ਖਾਤਮਾ ਕਰਨ ਦੇ ਕਾਰਜ ’ਤੇ ਆਪਣੇ ਆਪ ਨੂੰ ਕੇਂਦਰਤ ਕਰ ਰਹੀ ਹੈ। ‘ਸੰਸਾਰ ਆਰਥਿਕ ਫੋਰਮ’ ਦੀ ਹਰ ਸਾਲ ਹੋਣ ਵਾਲੀ ਮੀਟਿੰਗ, ਜਿਸ ਵਿਚ ਸਾਰੀ ਦੁਨੀਆਂ ਦੇ ਸਿਖਰਲੇ ਅਰਬਪਤੀ ਜੁੜਦੇ ਹਨ, ਮੌਕੇ ਇਹ ਦੁਨੀਆਂ ਵਿਚ ਪਸਰੀ ਆਰਥਿਕ ਗੈਰ ਬਰਾਬਰੀ ਤੇ ਗਰੀਬੀ ਬਾਰੇ ਰਿਪੋਰਟ ਜਾਰੀ ਕਰਦੀ ਹੈ। ਇਸ ਸਾਲ ਇਹ ਮੀਟਿੰਗ ਕੋਵਿਡ-19 ਮਹਾਮਾਰੀ ਕਰਕੇ ਦੋ ਸਾਲ ਬਾਅਦ ਅਰਬਪਤੀਆਂ ਦੇ ਭੌਤਿਕ ਰੂਪ ਵਿਚ ਹਾਜ਼ਰ ਹੋਣ ਦੇ ਰੂਪ ਵਿਚ ਹੋਈ ਸੀ। ਇਸ ਕੋਵਿਡ ਕਾਲ ਵਿਚ ਦੁਨੀਆਂ ਦੇ ਅਰਬਪਤੀਆਂ ਦੀ ਦੌਲਤ ਵਿਚ ਰਿਕਾਰਡ ਤੋੜ ਵਾਧਾ ਹੋਇਆ ਹੈ। ਇਸਦੇ ਮੱਦੇਨਜ਼ਰ ਹੀ ਇਸ ਰਿਪੋਰਟ ਨੂੰ ‘ਦਰਦ ਤੋਂ ਮੁਨਾਫ਼ਾ’ ( ) ਦਾ ਸਿਰਲੇਖ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ :
ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦਹਾਕਿਆਂ ਨਾਲੋਂ ਵੀ ਵੱਧ ਤੇਜ਼ੀ ਨਾਲ ਵੱਧਣ ਕਰਕੇ ਭੋਜਨ ਤੇ ਊਰਜਾ ਦੇ ਖੇਤਰ ਨਾਲ ਸਬੰਧਤ ਅਰਬਪਤੀ ਕਾਰੋਬਾਰੀਆਂ ਨੇ ਆਪਣੀ ਦੌਲਤ ਵਿਚ ਹਰ ਦੋ ਦਿਨਾਂ ਵਿਚ 1 ਅਰਬ ਡਾਲਰ ਦਾ ਵਾਧਾ ਕੀਤਾ ਹੈ।
ਹਰ 30 ਘੰਟਿਆਂ ਵਿਚ ਮਹਾਮਾਰੀ ਦੌਰਾਨ ਇਕ ਨਵਾਂ ਅਰਬਪਤੀ ਪੈਦਾ ਹੋਇਆ ਹੈ ਜਦੋਂਕਿ ਲਗਭਗ ਐਨੇ ਹੀ ਸਮੇਂ ਵਿਚ ਤਕਰੀਬਨ 10 ਲੱਖ ਲੋਕ ਅੱਤ ਦੀ ਗਰੀਬੀ ਵਿਚ ਧੱਕੇ ਗਏ ਹਨ।
ਦੁਨੀਆਂ ਭਰ ਤੋਂ ਜਦੋਂ ਅਰਬਪਤੀ ਆਪਣੀਆਂ ਦੌਲਤਾਂ ਵਿਚ ਹੋਏ ਅਥਾਹ ਵਾਧੇ ਦਾ ਜਸ਼ਨ ਮਨਾਉਣ ਲਈ ਪਹੁੰਚ ਰਹੇ ਸਨ, ਕਿਉਂਕਿ ਮਹਾਮਾਰੀ ਅਤੇ ਭੋਜਨ ਤੇ ਊਰਜਾ ਦੀਆਂ ਕੀਮਤਾਂ ਵਿਚ ਹੋਇਆ ਵਾਧਾ ਉਨ੍ਹਾਂ ਲਈ ਵਰਦਾਨ ਸਾਬਤ ਹੋਇਆ ਹੈ, ਉਸੇ ਵੇਲੇ ਇਹ ਵੀ ਪਤਾ ਲੱਗਦਾ ਹੈ ਕਿ ਦੁਨੀਆਂ ਭਰ ਵਿਚ ਲੱਖਾਂ ਲੋਕ ਇਸ ਕੀਮਤਾਂ ਵਿਚ ਹੋਏ ਰਿਕਾਰਡ ਵਾਧੇ ਕਰਕੇ ਆਪਣੇ ਆਪ ਨੂੰ ਬੜੀ ਮੁਸ਼ਕਲ ਨਾਲ ਕੇਵਲ ਜਿਊਂਦੇ ਰੱਖਣ ਲਈ ਹੀ ਜੂਝ ਰਹੇ ਹਨ ਅਤੇ ਅੱਤ ਦੀ ਗਰੀਬੀ ਘੱਟ ਕਰਨ ਦੇ ਮਾਮਲੇ ਵਿਚ ਦਹਾਕਿਆਂ ਦੌਰਾਨ ਹੋਈ ਪ੍ਰਗਤੀ ਨੂੰ ਵੀ ਇਸ ਵਰਤਾਰੇ ਨਾਲ ਪੁੱਠਾ ਗੇੜਾ ਲੱਗ ਗਿਆ ਹੈ। ਰਿਪੋਰਟ ਅਨੁਸਾਰ :
ਮਹਾਮਾਰੀ ਦੌਰਾਨ ਹਰ 30 ਘੰਟੇ ਵਿਚ ਇਕ ਨਵਾਂ ਅਰਬਪਤੀ ਬਨਣ ਨਾਲ ਦੁਨੀਆਂ ਭਰ ਵਿਚ 573 ਨਵੇਂ ਅਰਬਪਤੀ ਬਣੇ ਹਨ ਜਦੋਂਕਿ ਇਸੇ ਕਾਲ ਦੌਰਾਨ ਹਰ 33 ਘੰਟੇ ਵਿਚ 10 ਲੱਖ ਲੋਕਾਂ ਦੇ ਗਰੀਬੀ ਵੱਲ ਧੱਕੇ ਜਾਣ ਦੀ ਦਰ ਨਾਲ ਦੁਨੀਆਂ ਭਰ ਵਿਚ 26 ਕਰੋੜ 30 ਲੱਖ ਲੋਕਾਂ ਦੇ ਅੱਤ ਦੀ ਗਰੀਬੀ ਵਿਚ ਧੱਕੇ ਜਾਣ ਦੇ ਕਿਆਸ ਲਾਏ ਜਾ ਰਹੇ ਹਨ।
ਕੋਵਿਡ-19 ਮਹਾਮਾਰੀ ਦੌਰਾਨ ਪਹਿਲੇ 24 ਮਹੀਨਿਆਂ ਵਿਚ ਅਰਬਪਤੀਆਂ ਦੀ ਦੌਲਤ ਵਿਚ ਹੋਇਆ ਵਾਧਾ ਪਿਛਲੇ 23 ਸਾਲਾਂ ਵਿਚ ਹੋਏ ਕੁਲ ਵਾਧੇ ਨਾਲੋਂ ਵੀ ਵਧੇਰੇ ਹੈ। ਇਸ ਵੇਲੇ ਦੁਨੀਆਂ ਦੇ ਅਰਬਪਤੀਆਂ ਦੀ ਕੁੱਲ ਦੌਲਤ ਸੰਸਾਰ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 13.9 ਫੀਸਦੀ ਦੇ ਬਰਾਬਰ ਹੈ, ਜਿਹੜੀ ਕਿ 2000 ਵਿਚ ਕੇਵਲ 4.4 ਫੀਸਦੀ ਹੋਇਆ ਕਰਦੀ ਸੀ। ਇਸ ਤਰ੍ਹਾਂ ਇਸ ਵਿਚ ਤਿੰਨ ਗੁਣਾ ਤੋਂ ਵੱਧ ਦਾ ਵਾਧਾ ਹੋਇਆ ਹੈ।
ਅਰਬਪਤੀਆਂ ਦੀ ਦੌਲਤ ਵਿਚ ਹੋਇਆ ਇਹ ਵਾਧਾ ਇਸ ਲਈ ਨਹੀਂ ਹੋਇਆ ਕਿ ਉਹ ਹੁਣ ਵਧੇਰੇ ਚੁਸਤ ਹੋ ਗਏ ਹਨ ਜਾਂ ਜ਼ਿਆਦਾ ਸਖ਼ਤ ਮਿਹਨਤ ਕਰਨ ਲੱਗ ਪਏ ਹਨ। ਬਲਕਿ ਇਸ ਵਾਧੇ ਦਾ ਕਾਰਨ ਇਹ ਹੈ ਕਿ ਕਿਰਤੀ ਅੱਗੇ ਨਾਲੋਂ ਘੱਟ ਤਨਖਾਹਾਂ ’ਤੇ, ਮਾੜੀਆਂ ਕੰਮ ਹਾਲਤਾਂ ਦਰਮਿਆਨ ਹੋਰ ਵਧੇਰੇ ਮਿਹਨਤ ਨਾਲ ਕੰਮ ਕਰ ਰਹੇ ਹਨ। ਇਨ੍ਹਾਂ ਸੁਪਰ ਅਮੀਰਾਂ ਨੇ ਦਹਾਕਿਆਂ ਤੋਂ ਵਿਵਸਥਾ ਵਿਚ ਧਾਂਦਲੀ ਭਾਵ ਕਿਰਤੀਆਂ ਦਾ ਸਖ਼ਤ ਸ਼ੋਸ਼ਣ ਕੀਤਾ ਹੈ ਅਤੇ ਉਸੇ ਦੇ ਲਾਭ ਉਹ ਖੱਟ ਰਹੇ ਹਨ। ਉਨ੍ਹਾਂ ਨੇ ਦੁਨੀਆਂ ਭਰ ਦੀਆਂ ਸਰਕਾਰਾਂ ਨਾਲ ਰਲਕੇ ਨਿੱਜੀਕਰਨ ਤੇ ਇਜਾਰੇਦਾਰੀਆਂ ਰਾਹੀਂ ਨਿਯਮਾਂ ਨੂੰ ਠੁੱਠ ਵਿਖਾਕੇ, ਕਿਰਤੀਆਂ ਦੇ ਹੱਕਾਂ ਨੂੰ ਖੋਹਕੇ ਅਤੇ ਇਨ੍ਹਾਂ ਰਾਹੀਂ ਕਮਾਈ ਨਕਦੀ ਨੂੰ ਉਨ੍ਹਾਂ ਦੇਸ਼ਾਂ ਵਿਚ ਰੱਖਕੇ ਜਿੱਥੇ ਕਿ ਟੈਕਸ ਨਹੀਂ ਲੱਗਦਾ (ਟੈਕਸ ਹੈਵਨਜ਼) ਭਾਵ ਟੈਕਸਾਂ ਦੀ ਚੋਰੀ ਕਰਕੇ ਸੰਸਾਰ ਦੀ ਦੌਲਤ ਦੀ ਇਹ ਅਥਾਹ ਮਾਤਰਾ ਦੁਨੀਆਂ ਭਰ ਦੇ ਆਮ ਲੋਕਾਂ ਤੋਂ ਖੋਹੀ ਹੈ।
ਇਸੇ ਦੌਰਾਨ ਦੁਨੀਆਂ ਦੇ ਲੱਖਾਂ ਲੋਕ ਭੋਜਨ ਦੀਆਂ ਕੀਮਤਾਂ ਪਹੁੰਚ ਵਿਚ ਨਾ ਹੋਣ ਕਰਕੇ ਭੁੱਖੇ ਰਹਿਣ, ਊਰਜਾ ਦੀਆਂ ਕੀਮਤਾਂ ਪਹੁੰਚ ਵਿਚ ਨਾ ਹੋਣ ਕਰਕੇ ਆਪਣੇ ਘਰਾਂ ਨੂੰ ਗਰਮ ਕਰਨ ਵਾਲੀਆਂ ਪ੍ਰਣਾਲੀਆਂ ਤੋਂ ਵਾਂਝੇ ਹੋਣ ਲਈ ਮਜ਼ਬੂਰ ਹੋਏ ਹਨ। ਉਹ ਬਿੱਲਾਂ ਦਾ ਭੁਗਤਾਨ ਨਹੀਂ ਕਰ ਸਕਦੇ ਅਤੇ ਇਹ ਸੋਚਣ ਲਈ ਮਜ਼ਬੂਰ ਹਨ ਕਿ ਉਹ ਜਿਉਂਦੇ ਰਹਿਣ ਲਈ ਹੁਣ ਕੀ ਕਰਨ।
ਪੂਰਬੀ ਅਫਰੀਕਾ ਵਿਚ ਹਰ ਇਕ ਮਿੰਟ ਵਿਚ ਇਕ ਵਿਅਕਤੀ ਭੁੱਖ ਕਰਕੇ ਦਮ ਤੋੜ ਰਿਹਾ ਹੈ। ਇਹ ਨਵੇਕਲੀ ਅਸਮਾਨਤਾ ਉਨ੍ਹਾਂ ਬੰਧਨਾਂ ਨੂੰ ਵੀ ਤੋੜ ਰਹੀ ਹੈ ਜਿਹੜੇ ਕਿ ਮਨੁੱਖਾਂ ਵਜੋਂ ਸਾਨੂੰ ਜੋੜ ਕੇ ਰੱਖਦੇ ਹਨ। ਇਹ ਵੰਡ ਪਾਊ, ਖੋਰਨ ਵਾਲੀ ਤੇ ਖਤਰਨਾਕ ਸਥਿਤੀ ਹੈ ਜੋ ਸੱਚੀ-ਮੁੱਚੀ ਆਮ ਲੋਕਾਂ ਨੂੰ ਮਾਰ ਮੁਕਾਵੇਗੀ।
ਆਕਸਫਾਮ ਵਲੋਂ ਕੀਤੀ ਗਈ ਖੋਜ ਤੋਂ ਪਤਾ ਚੱਲਦਾ ਹੈ ਕਿ ਊਰਜਾ, ਭੋਜਨ ਤੇ ਦਵਾਈਆਂ ਦੇ ਖੇਤਰਾਂ ਦੀਆਂ ਵਪਾਰਕ ਕਾਰਪੋਰੇਸ਼ਨਾਂ, ਜਿੱਥੇ ਕਿ ਇਜਾਰੇਦਾਰੀ ਆਮ ਗੱਲ ਹੈ, ਨੇ ਰਿਕਾਰਡ ਤੋੜ ਉਚੇ ਮੁਨਾਫ਼ੇ ਕਮਾਏ ਹਨ। ਜਦੋਂਕਿ ਤਨਖਾਹਾਂ ਮੁਸ਼ਕਲ ਨਾਲ ਹਿੱਲੀਆਂ ਹੀ ਹਨ ਅਤੇ ਕਿਰਤੀ ਕੋਵਿਡ-19 ਮਹਾਮਾਰੀ ਕਰਕੇ ਕੀਮਤਾਂ ਵਿਚ ਦਹਾਕਿਆਂ ਦੇ ਸਭ ਤੋਂ ਵੱਧ ਹੋਏ ਵਾਧਿਆਂ ਕਰਕੇ ਆਪਣੇ ਆਪ ਨੂੰ ਜਿਊਂਦਾ ਰੱਖਣ ਲਈ ਜੂਝ ਰਹੇ ਹਨ।
ਭੋਜਨ ਤੇ ਊਰਜਾ ਖੇਤਰਾਂ ਦੇ ਅਰਬਪਤੀਆਂ ਦੀ ਦੌਲਤ ਪਿਛਲੇ ਦੋ ਸਾਲਾਂ ਵਿਚ 453 ਅਰਬ ਡਾਲਰ ਵਧੀ ਹੈ, ਭਾਵ ਹਰ ਦੋ ਦਿਨਾਂ ਵਿਚ 1 ਅਰਬ ਡਾਲਰ ਦਾ ਵਾਧਾ। ਦੁਨੀਆਂ ਦੀਆਂ ਪੰਜ ਸਭ ਤੋਂ ਵੱਡੀਆਂ ਊਰਜਾ ਕੰਪਨੀਆਂ-ਬੀ.ਪੀ., ਸ਼ੈਲ, ਟੋਟਲ ਇਨਰਜ਼ੀਜ, ਏਕਸਨ ਤੇ ਚੇਵਰੋਨ-ਹਰ ਸੈਕੰਡ ਵਿਚ 2600 ਡਾਲਰ ਦਾ ਮੁਨਾਫ਼ਾ ਕਮਾ ਰਹੀਆਂ ਹਨ। ਭੋਜਨ ਖੇਤਰ ਦੀ ਹਾਲਤ ਇਹ ਹੈ ਕਿ ਇਕੱਲੇ ਇਸ ਕਾਰੋਬਾਰ ਵਿਚ ਹੀ 62 ਨਵੇਂ ਅਰਬਪਤੀ ਬਣ ਗਏ ਹਨ।
ਸਿਰਫ ਤਿੰਨ ਹੋਰ ਕੰਪਨੀਆਂ ਨਾਲ ਰਲਕੇ, ਕਾਰਗਿਲ ਪਰਿਵਾਰ ਸੰਸਾਰ ਖੇਤੀ ਮੰਡੀ ਦੇ 70 ਫੀਸਦੀ ਭਾਗ ’ਤੇ ਕਾਬਜ਼ ਹੋ ਚੁੱਕਾ ਹੈ। ਪਿਛਲੇ ਸਾਲ ਕਾਰਗਿਲ ਨੇ 5 ਅਰਬ ਡਾਲਰ ਦੀ ਸ਼ੁੱਧ ਆਮਦਨ ਅਤੇ ਆਪਣਾ ਸਭ ਤੋਂ ਵੱਡਾ ਇਤਿਹਾਸਕ ਮੁਨਾਫ਼ਾ ਕਮਾਇਆ ਹੈ। ਇਸ ਸਾਲ, ਭਾਵ 2022 ਵਿਚ ਵੀ ਇਸ ਕੰਪਨੀ ਵਲੋਂ ਆਪਣਾ ਮੁਨਾਫ਼ਾ ਕਮਾਉਣ ਦੇ ਸਾਰੇ ਪਿਛਲੇ ਰਿਕਾਰਡ ਤੋੜੇ ਜਾਣ ਦੀ ਆਸ ਹੈ। ਇਸੇ ਵੇਲੇ ਇਕੱਲੇ ਕਾਰਗਿਲ ਪਰਿਵਾਰ, ਦੇ 12 ਅਰਬਪਤੀ ਹਨ, ਜੋ ਮਹਾਮਾਰੀ ਤੋਂ ਪਹਿਲਾਂ ਅੱਠ ਹੁੰਦੇ ਸਨ।
ਸ਼੍ਰੀਲੰਕਾ ਤੋਂ ਲੈ ਕੇ ਸੂਡਾਨ ਤੱਕ ਰਿਕਾਰਡ ਉੱਚੀਆਂ ਸੰਸਾਰਕ ਭੋਜਨ ਕੀਮਤਾਂ ਸਮਾਜਕ ਤੇ ਰਾਜਨੀਤਕ ਉਥਲ-ਪੁਥਲ ਪੈਦਾ ਕਰ ਰਹੀਆਂ ਹਨ। ਘੱਟ ਆਮਦਨ ਵਾਲੇ 60% ਦੇਸ਼ ਕਰਜ਼ ਸੰਕਟ ਦੀ ਜਿਲ੍ਹਣ ਵਿਚ ਫਸਣ ਦੇ ਮੁਹਾਨੇ ’ਤੇ ਖੜੇ੍ਹ ਹਨ। ਮਹਿੰਗਾਈ ਹਰ ਥਾਂ ਵੱਧ ਰਹੀ ਹੈ, ਜੋ ਘੱਟ ਤਨਖਾਹਾਂ ਵਾਲੇ ਕਿਰਤੀਆਂ ਲਈ ਸਭ ਤੋਂ ਵਧੇਰੇ ਘਾਤਕ ਸਿੱਧ ਹੋ ਰਹੀ ਹੈ। ਕੋਵਿਡ-19 ਕਰਕੇ ਉਹ ਪਹਿਲਾਂ ਹੀ ਸਿਹਤ ਸੇਵਾਵਾਂ ਹਾਸਲ ਕਰਨ ਤੇ ਰੋਟੀ-ਰੋਜ਼ੀ ਕਮਾਉਣ ਦੇ ਪੱਖੋਂ ਅੱਤ ਦੇ ਅਸੁਰੱਖਿਅਤ ਸਨ, ਖਾਸ ਕਰਕੇ ਔਰਤਾਂ, ਨਸਲੀ ਤੇ ਹਾਸ਼ੀਆਗਤ ਲੋਕ। ਗਰੀਬ ਦੇਸ਼ਾਂ ਦੇ ਲੋਕ, ਅਮੀਰ ਦੇਸ਼ਾਂ ਦੇ ਲੋਕਾਂ ਨਾਲੋਂ ਆਪਣੀ ਆਮਦਨ ਦਾ ਦੁਗਣੇ ਤੋਂ ਵੀ ਵਧੇਰੇ ਹਿੱਸਾ ਭੋਜਨ ’ਤੇ ਖਰਚ ਕਰਦੇ ਹਨ।
ਅੱਜ, ਦੁਨੀਆਂ ਵਿਚ 2,668 ਅਰਬਪਤੀ ਹਨ ਯਾਨਿ 2020 ਨਾਲੋਂ 573 ਵਧੇਰੇ। ਉਹ 12.7 ਖਰਬ ਡਾਲਰ ਦੌਲਤ ਦੇ ਮਾਲਕ ਹਨ, ਪਹਿਲਾਂ ਨਾਲੋਂ 3.78 ਖਰਬ ਡਾਲਰ ਵੱਧ।
ਦੁਨੀਆਂ ਦੇ ਸਭ ਤੋਂ ਵੱਧ 10 ਅਮੀਰ ਲੋਕਾਂ ਦੀ ਦੌਲਤ ਮਨੁੱਖਤਾ ਦੇ ਸਭ ਤੋਂ ਹੇਠਲੇ 40 ਫੀਸਦੀ ਲੋਕਾਂ, ਭਾਵ 3.1 ਅਰਬ ਲੋਕਾਂ ਦੀ ਕੁੱਲ ਦੌਲਤ ਨਾਲੋਂ ਵੀ ਵਧੇਰੇ ਹੈ।
ਸਭ ਤੋਂ ਵਧਰੇ ਅਮੀਰ 20 ਅਰਬਪਤੀਆਂ ਦੀ ਦੌਲਤ ਸਬ-ਸਹਾਰਾ ਖੇਤਰ ਅਫਰੀਕਾ ਦੇ ਸਮੁੱਚੇ ਕੁੱਲ ਉਤਪਾਦ (ਜੀ.ਡੀ.ਪੀ.) ਨਾਲੋਂ ਵੀ ਵੱਧ ਹੈ।
ਸਭ ਤੋਂ ਹੇਠਲੇ 50 ਫੀਸਦੀ ਹਿੱਸੇ ਵਿਚਲੇ ਇਕ ਕਿਰਤੀ ਨੂੰ ਸਭ ਤੋਂ ਉਤਲੇ 1% ਵਿਚਲੇ ਇਕ ਵਿਅਕਤੀ ਵਲੋਂ ਇਕ ਸਾਲ ਵਿਚ ਕਮਾਈ ਦੌਲਤ ਦੇ ਬਰਾਬਰ ਦੌਲਤ ਕਮਾਉਣ ਲਈ 112 ਸਾਲ ਕੰਮ ਕਰਨਾ ਪਵੇਗਾ।
ਲਾਤੀਨੀ ਅਮਰੀਕਾ ਤੇ ਕੈਰੀਬੀਅਨ ਖਿੱਤੇ ਦੀਆਂ 40 ਲੱਖ ਔਰਤਾਂ ਘਰੇਲੂ ਕੰਮਾਂ ਦੇ ਬੋਝ ਕਰਕੇ ਨੌਕਰੀ ਕਰਨ ਤੋਂ ਵਾਂਝੀਆਂ ਰਹਿੰਦੀਆਂ ਹਨ।
ਅਮਰੀਕਾ ਵਿਚ ਕਾਲੀਆਂ ਤੇ ਗੋਰੀਆਂ ਤੋਂ ਇਲਾਵਾ ਦੂਜੀਆਂ ਹੋਰ ਨਸਲਾਂ ਦੀਆਂ ਔਰਤਾਂ ਪ੍ਰਤੀ ਘੰਟਾ 15 ਡਾਲਰ ਨਾਲੋਂ ਵੀ ਘੱਟ ਕਮਾਉਂਦੀਆਂ ਹਨ।
ਮਹਾਮਾਰੀ ਨੇ ਦਵਾਈ ਖੇਤਰ ਵਿਚ 40 ਨਵੇਂ ਅਰਬਪਤੀ ਬਣਾਏ ਹਨ। ਮੋਡਰਨਾ ਤੇ ਫਾਈਜ਼ਰ ਵਰਗੀਆਂ ਦਵਾਈ ਕਾਰਪੋਰੇਸ਼ਨਾਂ ਸਿਰਫ ਕੋਵਿਡ-19 ਵੈਕਸੀਨ ਉਤੇ ਇਜ਼ਾਰੇਦਾਰੀ ਹੋਣ ਕਰਕੇ ਹੀ ਹਰ ਸੈਕਿੰਡ ਵਿਚ 1000 ਡਾਲਰ ਦਾ ਮੁਨਾਫ਼ਾ ਕਮਾ ਰਹੀਆਂ ਹਨ। ਜਦੋਂਕਿ ਇਨ੍ਹਾਂ ਦੇ ਖੋਜ ਕਾਰਜਾਂ ਉਤੇ ਅਰਬਾਂ ਡਾਲਰ ਦੇ ਜਨਤਕ ਧੰਨ ਦਾ ਨਿਵੇਸ਼ ਹੋਇਆ ਸੀ। ਉਹ ਸਰਕਾਰਾਂ ਤੋਂ ਵੀ ਵੈਕਸੀਨ ਦੀ ਸੰਭਾਵਤ ਜੈਨੇਰਿਕ ਉਤਪਾਦਨ ਲਾਗਤ ਤੋਂ 24 ਗੁਣਾ ਵਧੇਰੇ ਕੀਮਤ ਵਸੂਲ ਰਹੀਆਂ ਹਨ। ਘੱਟ ਆਮਦਨ ਵਾਲੇ ਦੇਸ਼ਾਂ ਦੇ 87 ਫੀਸਦੀ ਲੋਕ ਅਜੇ ਤੱਕ ਵੀ ਕੋਵਿਡ-19 ਦੀ ਪੂਰੀ ਵੈਕਸੀਨ ਲੱਗਣ ਤੋਂ ਵਿਰਵੇ ਹਨ।
ਅੱਤ ਦੇ ਅਮੀਰ ਤੇ ਤਾਕਤਵਰ ਲੋਕ ਦਰਦ ਤੇ ਪੀੜ ਤੋਂ ਮੁਨਾਫ਼ਾ ਕਮਾ ਰਹੇ ਹਨ। ਇਹ ਸੰਵੇਦਨਹੀਨਤਾ ਦਾ ਸ਼ਿਖਰ ਹੈ। ਕੁੱਝ ਲੋਕ ਅਰਬਾਂ ਲੋਕਾਂ ਨੂੰ ਵੈਕਸੀਨ ਤੋਂ ਵਾਂਝਾ ਰੱਖਕੇ ਅਮੀਰ ਹੋਏ ਹਨ, ਅਤੇ ਹੋਰ ਭੋਜਨ ਤੇ ਊਰਜਾ ਦੀਆਂ ਵਧੀਆਂ ਕੀਮਤਾਂ ਰਾਹੀਂ ਲੁੱਟ-ਖਸੁੱਟ ਕਰਕੇ। ਉਹ ਦਿਓ ਕੱਦ ਬੋਨਸ ਤੇ ਲਾਭਾਂਸ਼ ਦੇ ਰਹੇ ਹਨ ਜਦੋਂਕਿ ਟੈਕਸ ਘੱਟ ਤੋਂ ਘੱਟ ਅਦਾ ਕਰ ਰਹੇ ਹਨ। ਵੱਧ ਰਹੀ ਦੌਲਤ ਤੇ ਵੱਧ ਰਹੀ ਗਰੀਬੀ ਇਕੋ ਸਿੱਕੇ ਦੇ ਦੋ ਪਹਿਲੂ ਹਨ, ਜਿਸਦਾ ਸਬੂਤ ਇਹ ਹੈ ਕਿ ਸਾਡੀ ਆਰਥਿਕ ਪ੍ਰਣਾਲੀ ਠੀਕ ਉਸੇ ਤਰ੍ਹਾਂ ਕੰਮ ਕਰ ਰਹੀ ਹੈ ਜਿਵੇਂ ਕਿ ਇਸਨੂੰ ਅਮੀਰ ਤੇ ਤਾਕਤਵਰ ਲੋਕਾਂ ਨੇ ਕੰਮ ਕਰਨ ਲਈ ਡਿਜ਼ਾਇਨ ਕੀਤਾ ਸੀ।
ਮਹਾਮਾਰੀ ਸ਼ੁਰੂ ਹੋਣ ਦੇ ਦੋ ਸਾਲਾਂ ਪਿੱਛੋਂ, ਕੋਵਿਡ-19 ਕਰਕੇ ਅਨੁਮਾਨਤ 2 ਕਰੋੜ ਮੌਤਾਂ ਅਤੇ ਵਿਆਪਕ ਆਰਥਿਕ ਤਬਾਹੀ ਤੋਂ ਬਾਅਦ, ਦਾਵੋਸ ਵਿਖੇ ਸਰਕਾਰਾਂ ਦੇ ਆਗੂਆਂ ਸਾਹਮਣੇ ਇਕੋ ਹੀ ਚੋਣ ਹੈ : ਜਾਂ ਤਾਂ ਉਹ ਅਰਬਪਤੀ ਜਮਾਤ, ਜਿਹੜੀ ਕਿ ਉਨ੍ਹਾਂ ਦੇ ਅਰਥਚਾਰਿਆਂ ਨੂੰ ਲੁੱਟ ਰਹੀ ਹੈ, ਦੀਆਂ ਕੱਠਪੁੱਤਲੀਆਂ ਬਣਕੇ ਕਾਰਜ ਕਰਨ ਜਾਂ ਫਿਰ ਆਪੋ-ਆਪਣੇ ਦੇਸ਼ਾਂ ਦੀ ਵਿਸ਼ਾਲ ਬਹੁਗਿਣਤੀ ਵਸੋਂ ਦੇ ਹਿਤਾਂ ਮੁਤਾਬਕ ਕਾਰਜ ਕਰਨ ਲਈ ਬਹਾਦਰਾਨਾ ਕਦਮ ਚੁੱਕਣ। ਇਨ੍ਹਾਂ ਸਭ ਬਾਰੇ ਇਕ ਆਮ ਆਰਥਿਕ ਸਮਝ ਇਸਦੀ ਪਰਖ ਹੋਵੇਗੀ : ਕੀ ਸਰਕਾਰਾਂ ਆਖਰਕਾਰ ਅਰਬਪਤੀਆਂ ਦੀ ਦੌਲਤ ਉਤੇ ਟੈਕਸ ਲਗਾਉਣਗੀਆਂ?
ਆਕਸਫਾਮ ਨੇ ਸਰਕਾਰਾਂ ਨੂੰ ਫੌਰੀ ਤੌਰ ’ਤੇ ਲਾਗੂ ਕਰਨ ਲਈ ਹੇਠ ਲਿਖੀਆਂ ਸਿਫਾਰਸ਼ਾਂ ਕੀਤੀਆਂ ਹਨ : ਵਧੀਆਂ ਹੋਈਆਂ ਭੋਜਨ ਤੇ ਊਰਜਾ ਲਾਗਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਅਤੇ ਕੋਵਿਡ-19 ਤੋਂ ਇਕ ਉਚਿਤ ਤੇ ਟਿਕਾਊ ਰਿਕਵਰੀ ਲਈ ਸਹਾਇਤਾ ਪ੍ਰਦਾਨ ਕਰਨ ਹਿੱਤ ਅਰਬਪਤੀਆਂ ਵਲੋਂ ਮਹਾਮਾਰੀ ਦੌਰਾਨ ਕੀਤੀ ਗਈ ਕਮਾਈ ’ਤੇ ਇਕਮੁਸ਼ਤ ਇਕਜੁਟਤਾ ਟੈਕਸ ਲਾਇਆ ਜਾਵੇ। ਅਰਜਨਟੀਨਾ ਨੇ ਇਸ ਦਿਸ਼ਾ ਵਿਚ ਇਕਮੁਸ਼ਤ ਸਪੈਸ਼ਲ ਲੈਵੀ ਲਾਈ ਹੈ ਜਿਸਨੂੰ ‘ਅਰਬਪਤੀ ਟੈਕਸ’ ਕਿਹਾ ਗਿਆ ਹੈ। ਹੁਣ ਉਹ ਕੌਮਾਂਤਰੀ ਮੁਦਰਾ ਫੰਡ ਦਾ ਕਰਜ਼ਾ ਤਾਰਨ ਲਈ ਊਰਜਾ ਤੋਂ ਹੋਣ ਵਾਲੇ ਮੁਨਾਫ਼ਿਆਂ ’ਤੇ ਵਿੰਡਫਾਲ ਟੈਕਸ (ਆਸ ਤੋਂ ਕਿਤੇ ਵੱਧ ਹੋਏ ਮੁਨਾਫ਼ਿਆਂ ’ਤੇ ਟੈਕਸ) ਦੇ ਨਾਲ-ਨਾਲ ਵਿਦੇਸ਼ਾਂ ਵਿਚ ਰੱਖੀਆਂ ਅਣਐਲਾਨੀਆਂ ਸੰਪਤੀਆਂ ’ਤੇ ਵੀ ਟੈਕਸ ਲਾਉਣ ਬਾਰੇ ਵਿਚਾਰ ਕਰ ਰਿਹਾ ਹੈ। ਸੁਪਰ ਅਮੀਰਾਂ ਨੇ 8 ਖਰਬ ਡਾਲਰ ਦੀਆਂ ਸੰਪਤੀਆਂ ਟੈਕਸ ਹੈਵਨਾਂ (ਉਹ ਦੇਸ਼ ਜਿੱਥੇ ਟੈਕਸ ਨਹੀਂ ਲੱਗਦਾ ਜਾਂ ਨਾ ਮਾਤਰ ਹੈ) ਵਿਚ ਜਮ੍ਹਾਂ ਕੀਤੀਆਂ ਹੋਈਆਂ ਹਨ।
ਸੰਕਟ ਵਿੱਚੋਂ ਮੁਨਾਫ਼ਾ ਕਮਾਉਣ ’ਤੇ ਰੋਕ ਲਾਉਣ ਲਈ ਸਾਰੀਆਂ ਸਨਅਤਾਂ ਦੀਆਂ ਵੱਡੀਆਂ ਵਪਾਰਕ ਕਾਰਪੋਰੇਸ਼ਨਾਂ ਦੇ ਅਣਕਿਆਸੇ ਬੇਸ਼ੁਮਾਰ ਮੁਨਾਫ਼ਿਆਂ ’ਤੇ ਕਬਜ਼ਾ ਕਰਨ ਹਿੱਤ ਉਨ੍ਹਾਂ ਦੇ ਵਧੇਰੇ ਮੁਨਾਫ਼ੇ ’ਤੇ 90 ਫੀਸਦੀ ਦਾ ਇਕ ਅਸਥਾਈ ਮੁਨਾਫ਼ਾ ਟੈਕਸ ਲਾਇਆ ਜਾਵੇ। ਆਕਸਫਾਮ ਨੇ ਅੰਦਾਜ਼ਾ ਲਾਇਆ ਹੈ ਕਿ 2020 ਵਿਚ ਸਿਰਫ 32 ਸੁਪਰ ਮੁਨਾਫ਼ਾ ਕਮਾਉਣ ਵਾਲੀਆਂ ਬਹੁਕੌਮੀ ਕੰਪਨੀਆਂ ’ਤੇ ਅਜਿਹੇ ਟੈਕਸ ਲਾਉਣ ਨਾਲ 104 ਅਰਬ ਡਾਲਰ ਦਾ ਮਾਲੀਆ ਪੈਦਾ ਕੀਤਾ ਜਾ ਸਕਦਾ ਸੀ।
ਅੱਤ ਦੀ ਦੌਲਤ ਦੀਆਂ ਮਾਲਕ ਇਜ਼ਾਰੇਦਾਰ ਤਾਕਤਾਂ ਉਤੇ ਅਤੇ ਸੁਪਰ ਅਮੀਰਾਂ ਦੀ ਭਾਰੀ ਕਾਰਬਨ ਨਿਕਾਸੀ ਉਤੇ ਲਗਾਮ ਲਗਾਉਣ ਲਈ ਪੱਕਾ ਦੌਲਤ ਟੈਕਸ ਲਾਇਆ ਜਾਵੇ। ਲੱਖਪਤੀਆਂ ਉਤੇ ਸਿਰਫ 2% ਤੋਂ ਸ਼ੁਰੂ ਕਰਕੇ, ਅਤੇ ਅਰਬਪਤੀਆਂ ’ਤੇ 5% ਸਾਲਾਨਾ ਦੌਲਤ ਟੈਕਸ ਲਾ ਕੇ ਇਕ ਸਾਲ ਵਿਚ 2.52 ਖਰਬ ਡਾਲਰ ਇਕੱਠੇ ਕੀਤੇ ਜਾ ਸਕਦੇ ਹਨ, ਜਿਹੜੇ ਕਿ 2.3 ਅਰਬ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ, ਸੰਸਾਰ ਭਰ ਲਈ ਲੋੜੀਂਦੇ ਵੈਕਸੀਨ ਬਨਾਉਣ ਅਤੇ ਨਿਮਨ ਤੇ ਨਿਮਨ-ਦਰਮਿਆਨੀ ਆਮਦਨ ਵਾਲੇ ਦੇਸ਼ਾਂ ਦੇ ਹਰ ਬਾਸ਼ਿੰਦੇ ਨੂੰ ਸਰਵਿਆਪੀ ਸਿਹਤ ਸੰਭਾਲ ਤੇ ਸਮਾਜਕ ਸੁਰੱਖਿਆ ਪ੍ਰਦਾਨ ਕਰਨ ਲਈ ਕਾਫ਼ੀ ਹੋਣਗੇ।
ਰਵੀ ਕੰਵਰ