1981 ਦੇ ਮਜ਼ਦੂਰ ਦਿਹਾੜੇ, 1 ਮਈ ਤੋਂ ਪੰਜਾਬ ਦੀ ‘ਸੇਵਾ ਸਹਿਕਾਰੀ ਕਰਮਚਾਰੀ ਯੂਨੀਅਨ’ ਵਲੋਂ ਨਾਮਿਲਵਰਤਨ ਦੀ ਲਹਿਰ’ ਸ਼ੁਰੂ ਕੀਤੀ ਗਈ। ਧਰਨੇ/ਰੈਲੀਆਂ/ਮੁਜ਼ਾਹਰੇ ਕਰਦਿਆਂ ਮਹੀਨੇ ਦੇ ਅਖ਼ੀਰਲੇ ਹਫ਼ਤੇ ਸਹਿਕਾਰੀ ਮਹਿਕਮੇ ਦੇ ਅਫਸਰਾਂ ਵਲੋਂ ਸਾਡੇ ਚਾਰ ਸਾਥੀਆਂ ਦੇ ਖਿਲਾਫ਼ ਪਰਚੇ ਦਰਜ ਕਰਵਾ ਦਿੱਤੇ ਗਏ। ਜਥੇਬੰਦੀ ਵਲੋਂ ਫ਼ੈਸਲਾ ਲੈ ਕੇ ਪੰਜਾਬ ਵਿਚ ਇਨ੍ਹਾਂ ਪਰਚਿਆਂ ਅਤੇ ਸਾਥੀਆਂ ਦੀ ਗ੍ਰਿਫਤਾਰੀ ਵਿਰੁੱਧ ਹੜਤਾਲ ਨੂੰ ਹੋਰ ਤਿੱਖਾ ਕਰਦਿਆਂ ਗ੍ਰਿਫਤਾਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਜੂਨ ਦੇ ਪਹਿਲੇ ਹਫ਼ਤੇ ਜ਼ਿਲ੍ਹਾ ਲੁਧਿਆਣਾ ਦੇ ਕਰਮਚਾਰੀਆਂ ਵਲੋਂ ਗ੍ਰਿਫਤਾਰੀਆਂ ਦੇਣ ਲਈ 51 ਸਾਥੀਆਂ ਦਾ ਜੱਥਾ ਜਾਣ ਦਾ ਪ੍ਰੋਗਰਾਮ ਸੀ। ਜ਼ਿਲ੍ਹਾ ਲੁਧਿਆਣੇ ਦੇ ਸਿੱਧਵਾਂ ਬਲਾਕ ਦੇ ਸਾਥੀਆਂ ਵਿਚ ਇਕ ਸਾਥੀ ਪ੍ਰੀਤਮ ਸਿੰਘ ਫਤਿਹਗੜ੍ਹ ਸਿਵਿਆ ਪਿੰਡ ਦਾ ਜੱਥੇ ਵਿਚ ਜਾਣ ਲਈ ਜਿੱਦ ਕਰ ਰਿਹਾ ਸੀ। ਪ੍ਰੰਤੂ ਨਾਲ ਦੇ ਸਾਥੀਆਂ ਨੇ ਮੈਨੂੰ ਦੱਸਿਆ ਕਿ ਪ੍ਰੀਤਮ ਸਿੰਘ ਦੀ ਲੜਕੀ ਦੀ ਸ਼ਾਦੀ ਹੋਣ ਕਰਕੇ ਮਠਿਆਈਆਂ ਆਦਿ ਬਣਾਉਣ ਲਈ ਕੜਾਹੀ ਚੜ੍ਹੀ ਹੋਈ ਹੈ, ਇਸਨੂੰ ਰੋਕਿਆ ਜਾਵੇ ਤੇ ਇਹ ਕਿਹਾ ਜਾਵੇ ਕਿ ਸ਼ਾਦੀ ਹੋਣ ਤੋਂ ਬਾਅਦ ਗ੍ਰਿਫਤਾਰ ਹੋਣ ਲਈ ਆ ਜਾਵੇ। ਅਸੀਂ ਸਾਰੇ ਸਾਥੀਆਂ ਨੇ ਉਸਨੂੰ ਬੜਾ ਸਮਝਾਉਣ ਦਾ ਯਤਨ ਕੀਤਾ। ਪ੍ਰੰਤੂ ਉਸਦਾ ਕਹਿਣਾ ਸੀ ਕਿ ਸ਼ਾਦੀ ਸਮੇਂ ਮੈਂ ਆਪਣੇ ਭਰਾਵਾਂ ਨੂੰ ਇਹ ਜ਼ਿੰਮੇਵਾਰੀ ਨਿਭਾਉਣ ਲਈ ਕਹਿ ਆਇਆਂ ਹਾਂ, ਇਸ ਲਈ ਮੈਂ ਜੱਥੇ ਦੇ ਨਾਲ ਗ੍ਰਿਫਤਾਰ ਹੋਣਾ ਹੈ। ਤੇ, ਅਗਲੇ ਦਿਨ ਜੱਥੇ ਦੇ ਨਾਲ ਜਾ ਕੇ ਗ੍ਰਿਫਤਾਰੀ ਦੇ ਕੇ ਜੇਲ੍ਹ ਚਲਾ ਗਿਆ।
ਜੂਨ ਮਹੀਨੇ ਅਤੇ ਅੱਧ ਜੁਲਾਈ ਤੱਕ ਤਕਰੀਬਨ 1800 ਸਾਥੀ ਗ੍ਰਿਫਤਾਰੀਆਂ ਦੇ ਕੇ ਜੇਲ੍ਹ ਚਲੇ ਗਏ ਸਨ। ਪਰ ਸਹਿਕਾਰੀ ਮਹਿਕਮੇ ਨੇ ਕਰਮਚਾਰੀਆਂ ਦੇ ਹੌਂਸਲੇ ਅਤੇ ਮਜ਼ਬੂਤ ਇਰਾਦਿਆਂ ਨੂੰ ਦੇਖਦੇ ਸਰਕਾਰ ਨੇ ਆਪਣਾ ਜ਼ਬਰ ਹੋਰ ਤੇਜ ਕਰ ਦਿੱਤਾ। ਗ੍ਰਿਫਤਾਰ ਕਰਨ ਤੋਂ ਬਾਅਦ ਜੱਥੇ ਦੇ ਸਾਥੀਆਂ ਨੂੰ ਚੰਡੀਗੜ੍ਹ ਤੋਂ ਦੂਰ ਦੁਰਾਡੇ ਲਿਜਾ ਕੇ ਰਾਤ ਨੂੰ ਉਜਾੜ ਇਲਾਕਿਆਂ ‘ਚ ਲਿਜਾ ਕੇ ਛੱਡਣਾ ਸ਼ੁਰੂ ਕਰ ਦਿੱਤਾ। ਇਸਦੇ ਨਾਲ ਹੀ ਕਰਮਚਾਰੀਆਂ ਤੋਂ ਰਿਕਾਰਡ ਪ੍ਰਾਪਤ ਕਰਨ ਬਹਾਨੇ ਪ੍ਰੋਟੈਕਸ਼ਨ ਵਾਰੰਟ ਲੈ ਕੇ ਜੇਲ੍ਹ ‘ਚੋਂ ਸਾਥੀਆਂ ਨੂੰ ਲਿਜਾਣਾ ਸ਼ੁਰੂ ਕਰ ਦਿੱਤਾ। ਹੜਤਾਲ ਲੰਬੀ ਹੋਣ ਅਤੇ ਮਹਿਕਮੇਂ ਵਲੋਂ ਅਤੇ ਪੁਲਿਸ ਦੇ ਜਬਰ ਨੂੰ ਦੇਖਕੇ ਕੁੱਝ ਸਾਥੀਆਂ ਨੇ ਜੇਲ੍ਹ ਵਿਚੋਂ ਜਮਾਨਤਾਂ ਕਰਵਾ ਕੇ ਜਾਣਾ ਸ਼ੁਰੂ ਕਰ ਦਿੱਤਾ। ਸਾਥੀ ਪ੍ਰੀਤਮ ਸਿੰਘ ਵੀ 4 ਮਹੀਨੇ ਜੇਲ੍ਹ ‘ਚ ਰਹਿਣ ਤੋਂ ਬਾਅਦ ਮਜ਼ਬੂਰੀ ਵਸ ਜਮਾਨਤ ਕਰਵਾ ਕੇ ਆਪਣੀ ਲੜਕੀ ਨੂੰ ਆਪ ਮਿਲਣ ਉਸਦੇ ਸਹੁਰੇ ਘਰ ਚਲਾ ਗਿਆ। ਜਦੋਂ ਅਗਲੇ ਦਿਨ ਆਪਣੇ ਪੁੱਤਰੀ ਨੂੰ ਸਹੁਰੇ ਘਰ ਤੋਂ ਆਪਣੇ ਪਿੰਡ ਲੈ ਕੇ ਆਇਆ ਤਾਂ ਪਿੰਡ ਦੀ ਫਿਰਨੀ ਤੇ ਪ੍ਰੀਤਮ ਸਿੰਘ ਨੂੰ ਸੁਨੇਹਾ ਮਿਲਿਆ ਕਿ ਤੈਨੂੰ ਮਹਿਕਮੇ ਦੇ ਇੰਸਪੈਕਟਰ ਨੇ ਮਿਲਣ ਲਈ ਬੁਲਾਇਆ ਹੈ। ਪ੍ਰੀਤਮ ਸਿੰਘ ਆਪਣੀ ਲੜਕੀ ਨੂੰ ਘਰ ਛੱਡ ਕੇ ਮੁੜ ਰਿਹਾ ਸੀ ਤਾਂ ਉਸਦਾ ਅਚਾਨਕ ਐਕਸੀਡੈਂਟ ਹੋ ਗਿਆ ਤੇ ਪ੍ਰੀਤਮ ਸਿੰਘ ਦੀ ਮੌਤ ਹੋ ਗਈ। ਸੰਸਕਾਰ ਕਰਨ ਤੋਂ ਬਾਅਦ ਸਿਧਵਾਂ ਪਿੰਡ ਦੇ ਸਾਥੀਆਂ ਵਲੋਂ ਆਗੂ ਸਾਥੀਆਂ ਨੂੰ ਚੰਡੀਗੜ੍ਹ ਹੜਤਾਲੀ ਟੈਂਟ ਵਿਚ ਪ੍ਰੀਤਮ ਸਿੰਘ ਦੇ ਭੋਗ ਅਤੇ ਅੰਤਿਮ ਅਰਦਾਸ ਦਾ ਸੁਨੇਹਾ ਮਿਲਿਆ ਅਤੇ ਭੋਗ ਦੇ ਸਮੇਂ ‘ਤੇ ਜਾ ਕੇ ਸ਼ਰਧਾਂਜਲੀ ਦੇਣ ਅਤੇ ਪੱਗ ਦੀ ਰਸਮ ਕਰਨ ਲਈ ਜਥੇਬੰਦੀ ਵਲੋਂ ਮੇਰੀ ਡਿਊਟੀ ਲਗਾਈ ਗਈ।
ਭੋਗ ਤੋਂ ਬਾਅਦ ਪ੍ਰੀਤਮ ਸਿੰਘ ਨੂੰ ਸ਼ਰਧਾਂਜਲੀਆਂ ਦੇਣ ਲਈ ਅਕਾਲੀ ਪਾਰਟੀ ਵਲੋਂ ਵੀ ਕੁਝ ਆਗੂਆਂ ਸਮੇਤ ਜੱਥੇਦਾਰ ‘ਖਰਾ’ ਸਿੰਘ ਨਿੱਕੇਪੁਰ, ਕਿਸਮਤ ਪਾਲ ਜਗਰਾਵਾਂ ਵੀ ਪਹੁੰਚੇ ਹੋਏ ਸਨ। ਅਕਾਲੀ ਆਗੂਆਂ ਵਲੋਂ ਸ਼ਰਧਾਂਜਲੀ ਪੇਸ਼ ਕਰਨ ਸਮੇਂ ਆਮ ਰੀਤ ਅਨੁਸਾਰ ਕਿਹਾ ਜਾਂਦਾ ਹੈ ਕਿ ”ਹੇ ਵਾਹਿਗੁਰੂ, ਸੱਚੇ ਪਾਤਿਸ਼ਾਹ” ਪ੍ਰੀਤਮ ਸਿੰਘ ਨੂੰ ਆਪਣੇ ਚਰਨਾ ‘ਚ ਨਿਵਾਸ ਬਖਸ਼ਿਓ। ਪ੍ਰੀਤਮ ਸਿੰਘ ਨੂੰੂ ਸ਼ਰਧਾਂਜਲੀ ਦੇਣ ਲਈ ਮੇਰਾ ਨਾਂਅ ਬੋਲਿਆ ਗਿਆ। ਤੇ ਮੈਂ ਸ਼ਰਧਾਂਜਲੀ ਪੇਸ਼ ਕਰਦੇ ਹੋਏ ਉਸਦੀ ਜੱਥੇਬੰਦਕ ਸੋਚ ਅਤੇ ਹੱਕਾਂ ਲਈ ਸੰਘਰਸ਼ ਕਰਨ ਬਾਰੇ ਤੇ ਨਿੱਜੀ ਕੰਮਾਂ ਤੋਂ ਉਪਰ ਉਠ ਕੇ ਜੱਥੇਬੰਦਕ ਕੰਮ ਨੂੰ ਪਹਿਲ ਦੇਣ ਅਤੇ ਸੰਘਰਸ਼ ਪ੍ਰਤੀ ਦ੍ਰਿੜ੍ਹ ਇਰਾਦੇ ਬਾਰੇ ਬਿਆਨ ਕਰਨ ਤੋਂ ਬਾਅਦ ਕਿਹਾ ਕਿ ਜਿਹੜੇ ਬੁਲਾਰਿਆਂ ਵਲੋਂ ਇਹ ਅਰਦਾਸ ਕੀਤੀ ਗਈ ਹੈ ਕਿ ”ਸੱਚੇ ਪਾਤਿਸ਼ਾਹ” ਇਸ ਨੂੰ ਆਵਾਗੌਣ ਚੱਕਰਾਂ ‘ਚੋਂ ਬਚਾਉਣ ਲਈ ਆਪਣੇ ਚਰਨਾਂ ‘ਚ ਨਿਵਾਸ ਦੇਣੀ, ਮੈਂ ਇਸ ਅਰਦਾਸ ਨਾਲ ਸਹਿਮਤ ਨਹੀਂ। ਮੇਰੀ ਅਰਦਾਸ ਤਾਂ ਇਹ ਹੈ ਕਿ ਇਹੋ ਜਿਹੇ ਸੰਘਰਸ਼ੀ ਤੇ ਦ੍ਰਿੜ ਇਰਾਦੇ ਵਾਲੇ ਇਨਸਾਨ ਨੂੰ ਦੁਬਾਰਾ ਜਨਮ ਦੇ ਕੇ ਸਮਾਜ ਵਿਚ ਭੇਜਿਆ ਜਾਵੇ। ਜਿਹੜੇ ਇਨਸਾਨ ਇਸ ਧਰਤੀ ਤੇ ਜਨਮ ਲੈਣ ਤੋਂ ਬਾਅਦ ਆਪਣੇ ਜੀਵਨ ਭਰ ਲੋਕਾਂ ਦੀ ਹੱਕ-ਸੱਚ ਦੀ ਲੜਾਈ ਵਿਚ ਹਿੱਸਾ ਨਹੀਂ ਲੈਂਦੇ, ਇਹੋ ਜਿਹੇ ਇਨਸਾਨਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਈ ਜਾਓ। ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਦੀ ਬਜਾਏ ਦੁਬਾਰਾ ਜਨਮ ਦੇ ਕੇ ਸੰਘਰਸ਼ਾਂ ਲਈ ਧਰਤੀ ‘ਤੇ ਭੇਜੀ ਜਾਓ। ਐਨ੍ਹਾਂ ਕੁਝ ਕਹਿਕੇ ਆਪਣੇ ਸਾਥੀ ਨੂੰ ਆਪਣੇ ਵਲੋਂ ਤੇ ਜਥੇਬੰਦੀ ਵਜੋਂ ਸ਼ਰਧਾਂਜਲੀ ਦੇਣ ਤੋਂ ਬਾਅਦ ਮੈਂ ਆਪਣੀ ਜਗ੍ਹਾ ਉਪਰ ਬੈਠ ਗਿਆ।
ਅਕਾਲੀ ਆਗੂ ਝੱਟ ਸਟੇਜ ‘ਤੇ ਜਾ ਕੇ ਮਾਇਕ ਫੜ੍ਹ ਕੇ ਕਹਿਣ ਲੱਗ ਪਿਆ ਕਿ ਇਹ ਨਾਸਤਕ ਹੈ ਅਤੇ ਸਿੱਖੀ ਰਿਵਾਇਤਾਂ ਦੀ ਇਹ ਘੋਰ ਉਲੰਘਣਾ ਹੈ। ਅੱਗੋਂ ਬੈਠਿਆਂ ਬੰਦਿਆਂ ‘ਚੋਂ ਉਠ ਕੇ ਇਕ ਬੰਦਾ ਮੈਨੂੰ ਆ ਕੇ ਕਹਿਣ ਲੱਗਾ ਕਿ ਤੁਸੀਂ ਸਟੇਜ ‘ਤੇ ਜਾ ਕੇ ਇਸ ਗੱਲ ਦੀ ਗਲਤੀ ਮੰਨ ਕੇ ਕਹੋ ਕਿ ਮੈਂ ਗਲਤੀ ਨਾਲ ਇਹ ਸਭ ਕੁੱਝ ਕਹਿ ਬੈਠਿਆ। ਮੈਂ ਉਸਨੂੰ ਜਵਾਬ ਦਿੱਤਾ ਕਿ ਮੈਂ ਜੋ ਕੁੱਝ ਕਿਹਾ ਹੈ ਆਪਣੇ ਵਿਚਾਰ ਮੁਤਾਬਿਕ ਠੀਕ ਕਿਹਾ ਹੈ। ਅਤੇ, ਦੇਗ਼ ਲੈਣ ਉਪਰੰਤ ਕਰਮਚਾਰੀ ਸਾਥੀਆਂ ਨਾਲ ਵਾਪਸੀ ਸਿਧਵਾਂ ਬੇਟ ਹੁੰਦਾ ਹੋਇਆ ਚੰਡੀਗੜ੍ਹ ਟੈਂਟ ਵਿਚ ਪਹੁੰਚ ਗਿਆ।
– ਗੱਜਣ ਸਿੰਘ ਦੁੱਗਾਂ