ਰਵੀ ਕੰਵਰ
ਪਾਕਿਸਤਾਨ ਦੀਆਂ ਆਮ ਚੋਣਾਂ ਇਮਰਾਨ ਖਾਨ ਬਣੇ ਦੇਸ਼ ਦੇ ਪ੍ਰਧਾਨ ਮੰਤਰੀ
ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਦੇ ਸਿੱਟੇ ਵਜੋਂ 22 ਸਾਲਾਂ ਤੋਂ ਰਾਜਨੀਤਕ ਪਿੜ ਵਿਚ ਸਰਗਰਮ ਅਤੇ ਇਸ ਅਹੁਦੇ ਲਈ ਜੂਝ ਰਹੇ 65 ਸਾਲਾ ਕੌਮਾਂਤਰੀ ਪੱਧਰ ਦੇ ਕ੍ਰਿਕੇਟਰ, ਇਮਰਾਨ ਮੁਹੰਮਦ ਖਾਨ ਨਿਆਜ਼ੀ, ਜਿਨ੍ਹਾਂ ਨੂੰ ਇਮਰਾਨ ਖਾਨ ਵਜੋਂ ਜਾਣਿਆ ਜਾਂਦਾ ਹੈ, ਨੇ ਦੇਸ਼ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ 18 ਅਗਸਤ ਨੂੰ ਸਹੁੰ ਚੁੱਕ ਲਈ ਹੈ। ਦੇਸ਼ ਦੀ ਸੰਸਦ, ਜਿਸਨੂੰ ਕੌਮੀ ਅਸੰਬਲੀ ਕਿਹਾ ਜਾਂਦਾ ਹੈ, ਦੀਆਂ ਕੁੱਲ ਸੀਟਾਂ 342 ਹਨ ਅਤੇ ਇਨ੍ਹਾਂ ਵਿਚੋਂ 272 ਸੀਟਾਂ ਦੀ ਸਿੱਧੀ ਚੋਣ ਹੁੰਦੀ ਹੈ ਜਦੋਂਕਿ 70 ਸੀਟਾਂ ਪਾਰਟੀਆਂ ਨੂੰ ਮਿਲੀਆਂ ਸੀਟਾਂ ਦੇ ਅਧਾਰ ‘ਤੇ ਨਾਮਜਦਗੀ ਰਾਹੀਂ ਭਰੀਆਂ ਜਾਂਦੀਆਂ ਹਨ।
ਇਮਰਾਨ ਖਾਨ ਦੀ ਪਾਰਟੀ, ਪਾਕਿਸਤਾਨ-ਤਹਿਰੀਕੇ-ਇਨਸਾਫ ਪਾਰਟੀ (ਪੀ.ਟੀ.ਆਈ.) ਇਨ੍ਹਾਂ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੀ ਹੈ। ਉਸਨੇ ਕੁੱਲ 149 ਸੀਟਾਂ ਹਾਸਲ ਕੀਤੀਆਂ ਹਨ, ਜਿਨ੍ਹਾਂ ਵਿਚੋਂ 116 ਉਸਨੇ ਸਿੱਧੀਆਂ ਚੋਣਾਂ ਰਾਹੀਂ ਜਿੱਤੀਆਂ ਹਨ ਅਤੇ 33 ਉਸਨੂੰ ਜਿੱਤੀਆਂ ਸੀਟਾਂ ਦੇ ਆਧਾਰ ‘ਤੇ ਹੋਈਆਂ ਨਾਮਜ਼ਦਗੀਆਂ ਨਾਲ ਮਿਲੀਆਂ ਹਨ। ਦੂਜੇ ਨੰਬਰ ‘ਤੇ ਰਹੀ ਹੈ, ਪਾਕਿਸਤਾਨ ਮੁਸਲਿਮ ਲੀਗ (ਨਵਾਜ਼ ਸ਼ਰੀਫ਼) (ਪੀ.ਐਮ.ਐਲ.ਐਨ.) ਜਿਸਦੀ ਅਗਵਾਈ ਨਵਾਜ ਸ਼ਰੀਫ ਦੇ ਜੇਲ੍ਹ ਵਿਚ ਹੋਣ ਕਰਕੇ ਉਸਦੇ ਭਰਾ ਸ਼ਹਿਬਾਜ ਸ਼ਰੀਫ, ਜਿਹੜੇ ਕਿ ਸੂਬਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਨ, ਕਰ ਰਹੇ ਸਨ। ਇਸਨੇ ਕੁੱਲ 82 ਸੀਟਾਂ ਹਾਸਲ ਕੀਤੀਆਂ ਹਨ, 64 ਸਿੱਧੀਆਂ ਅਤੇ 18 ਨਾਮਜਦਗੀਆਂ ਰਾਹੀਂ। ਤੀਜੇ ਨੰਬਰ ‘ਤੇ ਆਈ ਹੈ, ਮਰਹੂਮ ਬੇਨਜੀਰ ਭੁੱਟੋ ਦੀ ਪਾਰਟੀ, ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.), ਜਿਸਦੀ ਅਗਵਾਈ ਸਾਂਝੇ ਰੂਪ ਵਿਚ ਬੇਨਜੀਰ ਭੁੱਟੋ ਦੇ 29 ਸਾਲਾ ਪੁੱਤਰ ਬਿਲਾਬਲ ਭੁੱਟੋ ਅਤੇ ਉਸਦੇ ਪਤੀ ਆਸਿਫ ਅਲੀ ਜ਼ਰਦਾਰੀ ਕਰ ਰਹੇ ਹਨ। ਇਸਨੇ ਕੁੱਲ 54 ਸੀਟਾਂ ਹਾਸਲ ਕੀਤੀਆਂ ਹਨ, 43 ਸਿੱਧੀਆਂ ਤੇ 11 ਨਾਮਜਦਗੀ ਰਾਹੀਂ।
18 ਅਗਸਤ ਨੂੰ ਲਗਭਗ ਸਵੇਰੇ 9 ਵਜੇ ਦੇਸ਼ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਵਲੋਂ ਇਮਰਾਨ ਖਾਨ ਨੂੰ ਦੇਸ਼ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾ ਦਿੱਤੀ ਗਈ ਸੀ। ਉਸੇ ਦਿਨ ਦੁਪਹਿਰ ਬਾਅਦ ਕੌਮੀ ਅਸੰਬਲੀ ਵਿਚ ਵੀ ਉਹ ਬਹੁਮਤ ਸਿੱਧ ਕਰਨ ਵਿਚ ਸਫਲ ਰਹੇ। ਉਨ੍ਹਾਂ ਨੂੰ 342 ਮੈਂਬਰੀ ਕੌਮੀ ਅਸੰਬਲੀ ਵਿਚ 176 ਵੋਟਾਂ ਮਿਲੀਆਂ ਜਦੋਂਕਿ ਉਨ੍ਹਾਂ ਦੇ ਵਿਰੁੱਧ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੈਦਾਨ ਵਿਚ ਉਤਰੇ ਪੀ.ਐਮ.ਐਲ.ਐਨ. ਦੇ ਆਗੂ ਸ਼ਹਿਬਾਜ ਸ਼ਰੀਫ ਨੂੰ 96 ਵੋਟ ਮਿਲੇ। ਇਸ ਦੌਰਾਨ ਪਾਕਿਸਤਾਨ ਪੀਪਲਜ਼ ਪਾਰਟੀ ਗੈਰ ਹਾਜਰ ਰਹੀ, ਉਸਨੇ 24 ਘੰਟੇ ਪਹਿਲਾਂ ਇਹ ਬਹਾਨਾ ਬਣਾਉਂਦੇ ਹੋਏ ਇਹ ਫੈਸਲਾ ਲਿਆ ਕਿ ਸ਼ਹਿਬਾਜ਼ ਸ਼ਰੀਫ਼ ਉਸਦੇ ਚੇਅਰਮੈਨ ਜ਼ਰਦਾਰੀ ਵਿਰੁੱਧ ਬੋਲਦਾ ਰਿਹਾ ਹੈ। ਇਮਰਾਨ ਖਾਨ ਨੂੰ ਛੋਟੀਆਂ ਪਾਰਟੀਆਂ-ਐਮ.ਕਿਉਂ.ਐਮ. ਦੇ 7 ਵੋਟ, ਪੀ.ਐਮ.ਐਲ.(ਕਿਊ) ਦੇ 5 ਵੋਟ, ਬਲੋਚਿਸਤਾਨ ਅਵਾਮੀ ਪਾਰਟੀ ਦੇ 5, ਬਲੋਚਿਸਤਾਨ ਨੈਸ਼ਨਲ ਪਾਰਟੀ (ਐਮ) ਦੇ 4, ਗ੍ਰੈਂਡ ਡੈਮੋਕਰੇਟਿਕ ਗਠਜੋੜ ਦੇ 3, ਅਵਾਮੀ ਮੁਸਲਿਮ ਲੀਗ ਦਾ 1, ਜਮਹੂਰੀ ਵਤਨ ਪਾਰਟੀ ਦਾ 1 ਅਤੇ 7 ਵੋਟ ਆਜ਼ਾਦ ਮੈਂਬਰਾਂ ਦੇ ਮਿਲੇ। ਦੂਜੇ ਪਾਸੇ ਸ਼ਹਿਬਾਜ ਸ਼ਰੀਫ ਨੂੰ ਆਪਣੀ ਪਾਰਟੀ ਤੋਂ ਬਿਨਾਂ ਐਮ.ਐਮ.ਏ. ਦੇ 14 ਅਤੇ ਅਵਾਮੀ ਨੈਸ਼ਨਲ ਪਾਰਟੀ ਦਾ 1 ਵੋਟ ਹੀ ਮਿਲਿਆ।
ਇਮਰਾਨ ਖਾਨ ਦੀ ਇਹ ਜਿੱਤ ਦੇਸ਼ ਦੀ ਫੌਜ ਦੀ ਇਨ੍ਹਾਂ ਚੋਣਾਂ ਵਿਚ ਸਿੱਧੀ ਦਖਲਅੰਦਾਜ਼ੀ ਕਰਕੇ ਹੋਈ ਹੈ। ਇਨ੍ਹਾਂ ਦੀ ਨਿਗਰਾਨੀ ਕਰ ਰਹੀਆਂ ਕੌਮਾਂਤਰੀ ਤੇ ਕੌਮੀ ਜਥੇਬੰਦੀਆਂ ਨੇ ਇਨ੍ਹਾਂ ਚੋਣਾਂ ਨੂੰ ਅੱਜ ਤੱਕ ਦੀਆਂ ਸਭ ਤੋਂ ਵਧੇਰੇ ਧਾਂਧਲੀ ਵਾਲੀਆਂ ਚੋਣਾਂ ਗਰਦਾਨਿਆ ਹੈ। ਇਨ੍ਹਾਂ ਚੋਣਾਂ ਲਈ ਵੱਖ ਵੱਖ ਪਾਰਟੀਆਂ ਵਲੋਂ ਟਿਕਟਾਂ ਵੰਡਣ ਵੇਲੇ ਤੋਂ ਹੀ ਫੌਜ ਦੀ ਦਖਲਅੰਦਾਜ਼ੀ ਸ਼ੁਰੂ ਹੋ ਗਈ ਸੀ। ਪੀ.ਐਮ.ਐਲ.ਐਨ. ਵਲੋਂ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ, ਉਨ੍ਹਾਂ ਨੂੰ ਧਮਕਾਇਆ ਜਾਂਦਾ ਰਿਹਾ ਅਤੇ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜਨ ਲਈ ਦਬਾਅ ਬਣਾਇਆ ਗਿਆ। ਇਸਦੇ ਸਿੱਟੇ ਵਜੋਂ ਪੀ.ਐਮ.ਐਲ.ਐਨ. ਦੇ 40 ਦੇ ਲਗਭਗ ਉਮੀਦਵਾਰਾਂ ਨੇ ਪਾਰਟੀ ਟਿੱਕਟਾਂ ਵਾਪਸ ਕਰਕੇ ਆਜ਼ਾਦਾਂ ਵਜੋਂ ਚੋਣਾਂ ਲੜੀਆਂ। ਚੋਣ ਮੁਹਿੰਮ ਦੌਰਾਨ ਇਸ ਪਾਰਟੀ ਦੇ ਕਈ ਉਮੀਦਵਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਕੁਝ ਨੂੰ ਅਯੋਗ ਕਰਾਰ ਦਿੱਤਾ ਗਿਆ ਅਤੇ ਜੇਲ੍ਹ ਵਿਚ ਕਿਸੇ ਨਾ ਕਿਸੇ ਬਹਾਨੇ ਧੱਕ ਦਿੱਤਾ ਗਿਆ। ਦੋ ਬੁਨਿਆਦਪ੍ਰਸਤ ਧਾਰਮਕ ਗਰੁੱਪਾਂ, ਜਿਨ੍ਹਾਂ ‘ਤੇ ਅਮਰੀਕਾ ਤੇ ਸੰਯੁਕਤ ਰਾਸ਼ਟਰ ਵਲੋਂ ਅੱਤਵਾਦੀ ਹੋਣ ਵਜੋਂ ਪਾਬੰਦੀਆਂ ਲਾਈਆਂ ਗਈਆਂ ਹਨ, ਨੂੰ ਸਿਰਫ ਇਸ ਕਰਕੇ ਚੋਣਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰ ਲੈਣ ਦਿੱਤਾ ਗਿਆ ਤਾਂਕਿ ਉਹ ਪੀ.ਐਮ.ਐਲ. ਐਨ. ਦੇ ਉਮੀਦਵਾਰਾਂ ਦੇ ਵੋਟ ਤੋੜ ਸਕਣ। 3 ਲੱਖ ਤੋਂ ਵੱਧ ਫੌਜੀਆਂ ਨੂੰ ਚੋਣ ਬੂਥਾਂ ‘ਤੇ ਇਨ੍ਹਾਂ ਚੋਣਾਂ ਵਿਚ ਤੈਨਾਤ ਕੀਤਾ ਗਿਆ ਸੀ, ਉਹ ਵੀ ਵਿਸ਼ੇਸ਼ ਨਿਆਇਕ ਸ਼ਕਤੀਆਂ ਪ੍ਰਦਾਨ ਕਰਦੇ ਹੋਏ।
ਚੋਣਾਂ ਵਾਲੇ ਦਿਨ ਹਰ ਪਾਸੇ ਫੌਜ ਦੀ ਹਾਜ਼ਰੀ ਵਿਚ ਵੋਟਾਂ ਤਾਂ ਸੁਚਾਰੂ ਢੰਗ ਨਾਲ ਪੈ ਗਈਆਂ। ਪਰ ਰਾਤ 10 ਵਜੇ ਤੋਂ ਬਾਅਦ ਧਾਂਧਲੀ ਸ਼ੁਰੂ ਹੋ ਗਈ, ਗਿਣਤੀ ਸ਼ੁਰੂ ਹੋਣ ਤੋਂ 4 ਘੰਟੇ ਬਾਅਦ। ਜਿਨ੍ਹਾਂ ਹਲਕਿਆਂ ਵਿਚ ਅੰਤਰ 1000 ਤੋਂ 5000 ਦਰਮਿਆਨ ਸੀ, ਦੇ ਨਤੀਜੇ ਅਚਨਚੇਤ ਰੋਕ ਦਿੱਤੇ ਗਏ ਅਤੇ ਲਗਭਗ ਸਾਰੇ ਅਜਿਹੇ ਗਿਣਤੀ ਬੂਥਾਂ ‘ਤੇ ਬਿਜਲੀ ਗੁੱਲ ਹੋ ਗਈ। ਸਵੇਰੇ ਮੂੰਹ ਹਨੇਰੇ ਜਿਹੜੇ ਰਾਤ ਨੂੰ ਉਮੀਦਵਾਰ ਜਿੱਤ ਰਹੇ ਸਨ, ਉਨ੍ਹਾਂ ਨੂੰ ਪੀ.ਟੀ.ਆਈ. ਦੇ ਉਮੀਦਵਾਰਾਂ ਤੋਂ ਹਾਰਿਆ ਹੋਇਆ ਐਲਾਨ ਦਿੱਤਾ ਗਿਆ। ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਅੰਤਿਮ ਨਤੀਜੇ 72 ਘੰਟੇ ਲਈ ਰੋਕੇ ਗਏ। ਇਸ ਤਰ੍ਹਾਂ ਫੌਜ ਦੀ ਸਰਗਰਮ ਹਿਮਾਇਤ ਨਾਲ ਹੋਈ ਧਾਂਧਲੀ ਤੋਂ ਬਾਅਦ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਇਨ੍ਹਾਂ ਚੋਣਾਂ ਵਿਚ ਸਭ ਤੋਂ ਵਧੇਰੇ ਸੀਟਾਂ ਹਾਸਲ ਕਰਨ ਵਿਚ ਸਫਲ ਰਹੀ।
ਜਿਵੇਂ 2014 ਦੀਆਂ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਲੰਮੇ-ਚੌੜੇ ਵਾਅਦੇ ਅਤੇ ਜੁਮਲੇਬਾਜ਼ੀ ਕਰਕੇ ਸਾਡੇ ਦੇਸ਼ ਵਿਚ ਚੋਣਾਂ ਜਿੱਤਣ ਵਿਚ ਸਫਲ ਰਿਹਾ ਸੀ। ਉਸੇ ਤਰ੍ਹਾਂ ਹੀ ਇਮਰਾਨ ਖਾਨ ਨੇ ਵੀ ਕਰੋੜਾਂ ਰੁਪਏ ਇਸ਼ਤਿਹਾਰ ਬਾਜ਼ੀ ‘ਤੇ ਖਰਚ ਕੇ ਵਿਆਪਕ ਚੋਣ ਮੁਹਿੰਮ ਚਲਾਈ ਅਤੇ ਲੋਕ ਲੁਭਾਉਣੇ ਵਾਅਦੇ ਕੀਤੇ। ਮੁਹਿੰਮ ਦੇ ਜਿਸਦੇ ਕੇਂਦਰੀ ਨਾਅਰੇ ‘ਤਬਦੀਲੀ’ ਤੇ ‘ਇਕ ਨਵਾਂ ਪਾਕਿਸਤਾਨ’ ਸਨ। ਉਹ ਪਾਕਿਸਤਾਨ ਦੇ ਲੋਕਾਂ ਖਾਸ ਕਰਕੇ ਬੇਰੁਜ਼ਗਾਰੀ ਤੇ ਸਮਾਜਕ ਵਿਤਕਰੇ ਦੇ ਸ਼ਿਕਾਰ ਨੌਜਵਾਨਾਂ ਤੇ ਭਰਿਸ਼ਟਾਚਾਰ ਤੋਂ ਦੁਖੀ ਮੱਧ ਵਰਗ ਨੂੰ ਭਰਮਾਉਣ ਵਿਚ ਸਫਲ ਰਿਹਾ ਹੈ। ਉਸਨੇ ਵੀ ਭਰਿਸ਼ਟਾਚਾਰ ਨੂੰ ਖਤਮ ਕਰਨ, ਪੁਸ਼ਤੈਨੀ ਰਾਜ ਨੂੰ ਖਤਮ ਕਰਨ, ਭਰਿਸ਼ਟ ਰਾਜਨੀਤੀਵਾਨਾਂ ਤੇ ਕਾਰੋਬਾਰੀਆਂ ਵਲੋਂ ਲੁੱਟੇ ਗਏ ਪੈਸੇ ਨੂੰ ਵਾਪਸ ਲਿਆਕੇ ਉਸਨੂੰ ਸਿਹਤ, ਸਿੱਖਿਆ ਆਦਿ ‘ਤੇ ਖਰਚ ਕਰਨ ਤੇ ਆਮ ਲੋਕਾਂ ਨੂੰ ਦੇਣ, 1 ਕਰੋੜ ਨਵੀਆਂ ਨੌਕਰੀਆਂ ਸਿਰਜਣ ਵਰਗੇ ਲੋਕ ਭਰਮਾਊ ਨਾਅਰੇ ਦਿੱਤੇ ਹਨ ਅਤੇ ‘ਨਯਾ ਪਾਕਿਸਤਾਨ’ ਸਿਰਜਣ ਦਾ ਵਾਅਦਾ ਕੀਤਾ ਹੈ। ਇਸਦੇ ਨਾਲ ਹੀ ਉਸਨੇ ਭਾਰਤ ਨਾਲ ਸਬੰਧ ਸੁਧਾਰਦੇ ਹੋਏ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਨੂੰ ਵਧਾਉਣ ਦਾ ਵੀ ਵਾਅਦਾ ਆਪਣੇ ਦੇਸ਼ ਦੇ ਲੋਕਾਂ ਨਾਲ ਕੀਤਾ ਹੈ। ਚੋਣਾਂ ਵਿਚ ਵੱਡੀ ਪਾਰਟੀ ਬਣਕੇ ਉਭਰਨ ਤੋਂ ਬਾਅਦ ਉਸ ਵਲੋਂ ਪਾਕਿ ਟੀ.ਵੀ. ‘ਤੇ ਕੀਤੀ ਗਈ ਤਕਰੀਰ ਵਿਚ ਉਸਨੇ ਗਰੀਬੀ ਤੇ ਭਰਿਸ਼ਟਾਚਾਰ ਖਤਮ ਕਰਨ, 1 ਅਰਬ ਪੌਦੇ ਲਾਉਣ, ਸਿਹਤ ਤੇ ਸਿੱਖਿਆ ਕਾਰਡ ਦੇਣ, ਅਗਲੇ 5 ਸਾਲਾਂ ਵਿਚ 1 ਕਰੋੜ ਨੌਕਰੀਆਂ ਪੈਦਾ ਕਰਨ, 5 ਲੱਖ ਘਰ ਉਸਾਰਨ ਵਰਗੇ ਲੋਕ ਲੁਭਾਊ ਵਾਅਦੇ ਮੁੜ ਦੁਹਰਾਏ ਹਨ।
ਪਾਕਿਸਤਾਨ ਇਸ ਵੇਲੇ ਸਖਤ ਆਰਥਕ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ ਦਾ ਅਰਥਚਾਰਾ ਭੁਗਤਾਨ ਸੰਤੁਲਨ ਦੇ ਮੁਹਾਨੇ ‘ਤੇ ਖੜ੍ਹਾ ਹੈ। ਜਿਸ ਕਰਕੇ ਸਿੱਕੇ ਦੀ ਕੀਮਤ ਦੀ ਸਥਿਰਤਾ ਨੂੰ ਖਤਰਾ ਬਣਿਆ ਹੋਇਆ ਹੈ ਅਤੇ ਇਹ ਦੇਸ਼ ਸਿਰ ਚੜ੍ਹੇ ਕਰਜ਼ੇ ਨੂੰ ਵਾਪਸ ਕਰਨ ਅਤੇ ਦਰਾਮਦਾਂ ਲਈ ਵਿਦੇਸ਼ੀ ਸਿੱਕੇ ਦੀ ਉਪਲੱਬਧਤਾ ਦੀ ਇਸਦੀ ਸਮਰਥਾ ਨੂੰ ਢਾਅ ਲਾਉਂਦਾ ਹੈ। ਦੇਸ਼ ਦਾ ਕਰਜ਼ਾ ਤੇ ਦੇਣਦਾਰੀਆਂ ਲਗਭਗ 300 ਖਰਬ ਰੁਪਏ ਤੱਕ ਪਹੁੰਚ ਗਈਆਂ ਹਨ, ਜਿਹੜੀਆਂ ਕਿ ਇਸਦੇ ਸਮੁੱਚੇ ਅਰਥਚਾਰੇ ਦੇ ਆਕਾਰ ਦੇ 87% ਦੇ ਬਰਾਬਰ ਹੈ। ਬਜਟ ਘਾਟਾ 4 ਫੀਸਦੀ ਤੋਂ ਵੱਧਕੇ ਕੁੱਲ ਘਰੇਲੂ ਉਤਪਾਦ ਦੇ 10 ਫੀਸਦੀ ਤੱਕ ਪਹੁੰਚ ਗਿਆ ਹੈ। ਜੁਲਾਈ 17 ਤੋਂ ਮਾਰਚ 18 ਤੱਕ ਦੇਸ਼ ਦੀਆਂ ਦਰਾਮਦਾਂ ਦਾ 70% ਭਾਗ ਉਰਜਾ, ਮਸ਼ੀਨਰੀ ਤੇ ਧਾਤਾਂ ਦਾ ਸੀ। ਇਸਦਾ ਮੁੱਖ ਕਾਰਨ ਤੇਲ ਕੀਮਤਾਂ ਦਾ ਵੱਧਣਾ ਅਤੇ ਚੀਨ-ਪਾਕਿਸਤਾਨ ਗਲਿਆਰੇ ਨੂੰ ਉਸਾਰਨ ਲਈ ਹੋ ਰਹੀ ਮਸ਼ੀਨਰੀ ਦੀ ਦਰਾਮਦ ਸੀ। ਜਦੋਂਕਿ ਦੇਸ਼ ਦੀਆਂ ਬਰਾਮਦਾਂ, ਮੁੱਖ ਰੂਪ ਵਿਚ ਟੈਕਸਟਾਇਲ ਵਿਚ ਨਿਗੂਣਾ ਵਾਧਾ ਹੋਇਆ ਹੈ। ਇਸਦੇ ਸਿੱਟੇ ਵਜੋਂ ਦੇਸ਼ ਦੇ ਵਿਦੇਸ਼ੀ ਸਿੱਕੇ ਦੇ ਭੰਡਾਰ ਘੱਟਕੇ 10.3 ਅਰਬ ਡਾਲਰ ‘ਤੇ ਪੁੱਜ ਗਏ ਹਨ। ਜਿਹੜੇ ਕਿ ਮੁਸ਼ਕਲ ਨਾਲ ਦੋ ਮਹੀਨੇ ਦੀਆਂ ਦਰਾਮਦਾਂ ਜੋਗੇ ਹੀ ਹਨ। ਦੇਸ਼ ਦਾ ਕੇਂਦਰੀ ਬੈਂਕ ਪਹਿਲਾਂ ਹੀ ਦਸੰਬਰ ਤੋਂ ਬਾਅਦ 4 ਵਾਰ ਦੇਸ਼ ਦੇ ਸਿੱਕੇ, ਰੁਪਏ ਦੀ ਕਦਰ ਘਟਾਈ ਕਰ ਚੁੱਕਾ ਹੈ।
ਅਜਿਹੇ ਹੀ ਸੰਕਟ ਵਿਚੋਂ ਨਿਕਲਣ ਲਈ 2013 ਵਿਚ ਪਾਕਿਸਤਾਨ, ਕੌਮਾਂਤਰੀ ਮੁਦਰਾ ਕੋਸ਼ ਤੋਂ 6.6 ਅਰਬ ਡਾਲਰ ਦਾ ਕਰਜ਼ਾ ਲੈ ਚੁੱਕਾ ਹੈ। ਇਮਰਾਨ ਖਾਨ ਦੀ ਨਵੀਂ ਬਣੀ ਸਰਕਾਰ ਵਿਚ ਵਿੱਤ ਮੰਤਰੀ ਬਣੇ, ਅਸਦ ਉਮਰ ਮੁਤਾਬਕ ਇਸ ਵੇਲੇ ਦੇਸ਼ ਨੂੰ ਘੱਟੋ ਘੱਟ 12 ਅਰਬ ਡਾਲਰ ਦੀ ਲੋੜ ਇਸ ਸੰਕਟ ਵਿਚੋਂ ਨਿਕਲਣ ਲਈ ਹੈ। ਜੇਕਰ ਦੇਸ਼ ਮੁੜ ਕੌਮਾਂਤਰੀ ਮੁਦਰਾ ਕੋਸ਼ ਤੋਂ ਕਰਜ਼ਾ ਲੈਂਦਾ ਹੈ ਤਾਂ ਉਸ ਨਾਲ ਜੁੜੀਆਂ ਸ਼ਰਤਾਂ, ਇਮਰਾਨ ਖਾਨ ਵਲੋਂ ਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਾ ਤਾਂ ਦੂਰ, ਬਲਕਿ ਆਮ ਲੋਕਾਂ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਕਰਨਗੀਆਂ।
ਅਸਦ ਉਮਰ ਪਹਿਲਾਂ ਹੀ ‘ਸਰਕਾਰ ਦੇ ਪਹਿਲੇ 100 ਦਿਨ’ ਬਾਰੇ ਦੇਸ਼ ਦੇ ਅਖਬਾਰ ‘ਫਾਈਨੈਂਨਸ਼ੀਅਲ ਟਾਈਮਜ਼’ ਨਾਲ ਗੱਲ ਕਰਦੇ ਹੋਏ ਕਹਿ ਚੁੱਕੇ ਹਨ-”ਦੇਸ਼ ਦੀਆਂ ਸਾਰੀਆਂ ਸਰਕਾਰ ਦੀ ਮਾਲਕੀ ਵਾਲੀਆਂ ਕੰਪਨੀਆਂ ਨੂੰ ਇਕ ‘ਵਿਸ਼ੇਸ਼ ਸੰਪਤੀ ਫੰਡ’ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਮੌਜੂਦਾ ਆਰਥਕ ਸੰਕਟ ਵਿਚੋਂ ਦੇਸ਼ ਨੂੰ ਬਾਹਰ ਕੱਢਣ ਲਈ ਲੋੜੀਂਦੇ ਫੰਡ ਜੁਟਾਉਣ ਹਿੱਤ ਵਿਆਪਕ ਪੱਧਰ ‘ਤੇ ਨਿੱਜੀਕਰਨ ਦੀ ਮੁਹਿੰਮ ਚਲਾਉਣ ਵੱਲ ਦੇਸ਼ ਨੂੰ ਵਧਾਉਣ ਲਈ ਸੋਚਣਾ ਪਵੇਗਾ। ਇਸ ਫੰਡ ਦੀ ਸਥਾਪਨਾ ਕੌਮਾਂਤਰੀ ਮੁਦਰਾ ਫੰਡ ਤੋਂ ਦੇਸ਼ ਲਈ ਕਰਜ਼ਾ ਲੈਣ ਵਿਚ ਸਹਾਈ ਸਿੱਧ ਹੋਵੇਗੀ। ਇਹ ‘ਵਿਸ਼ੇਸ਼ ਸੰਪਤੀ ਫੰਡ’ ਨਿੱਜੀਕਰਨ ਵੱਲ ਵੱਧਣ ਦਾ ਨਵੀਂ ਸਰਕਾਰ ਦਾ ਪਹਿਲਾ ਕਦਮ ਹੋਵੇਗਾ। ਲਗਭਗ 200 ਕੰਪਨੀਆਂ ਸਰਕਾਰੀ ਕੰਟਰੋਲ ‘ਚੋਂ ਕੱਢਕੇ ਇਸ ‘ਸੰਪਤੀ ਫੰਡ’ ਵਿਚ ਸ਼ਾਮਲ ਕੀਤੀਆਂ ਜਾਣਗੀਆਂ, ਜਿਸਦਾ ਸੰਚਾਲਨ ਨਿੱਜੀ ਖੇਤਰ ਕਰੇਗਾ ਅਤੇ ਸਰਕਾਰ ਵਲੋਂ ਦੂਰ ਰਹਿ ਕੇ ਇਸਦਾ ਪ੍ਰਬੰਧਨ ਕੀਤਾ ਜਾਵੇਗਾ। ਇਸ ਫੰਡ ਦਾ ਕਾਰਜ, ਘਾਟੇ ਘਟਾਉਣਾ ਅਤੇ ਕੰਪਨੀਆਂ ਨੂੰ ਕਰਜ਼ੇ ਤੋਂ ਬਾਹਰ ਕੱਢਣਾ ਹੋਵੇਗਾ।”
ਅਜਿਹੀਆਂ ਸਥਿਤੀਆਂ ਵਿਚ ਨਵੀਆਂ ਨੌਕਰੀਆਂ ਪੈਦਾ ਹੋਣੀਆਂ ਤਾਂ ਦੂਰ ਪੁਰਾਣੀਆਂ ਵੀ ਸਰਕਾਰੀ ਕੰਪਨੀਆਂ ਦੇ ਨਿੱਜੀਕਰਨ ਕਰਕੇ ਖ਼ਤਮ ਹੋਣਗੀਆਂ। ਕੌਮਾਂਤਰੀ ਮੁਦਰਾ ਫੰਡ ਦੀਆਂ ਕਰਜ਼ਾ ਸ਼ਰਤਾਂ ਆਮ ਆਦਮੀ ਦਾ ਜੀਣਾ ਹੋਰ ਮੁਹਾਲ ਕਰਨਗੀਆਂ।
ਇਮਰਾਨ ਖਾਨ ਦਾ ਦੇਸ਼ ਦੇ ਟੈਕਸ ਦਾਇਰੇ ਨੂੰ ਵਧਾਉਣ ਦਾ ਸੁਪਨਾ ਵੀ ਆਮ ਲੋਕਾਂ ‘ਤੇ ਬੋਝ ਪਾ ਕੇ ਹੀ ਪੂਰਾ ਕੀਤਾ ਜਾ ਸਕੇਗਾ, ਕਿਉਂਕਿ ਦੇਸ਼ ਦੇ ਭਰਿਸ਼ਟ ਪੂੰਜੀਪਤੀ ਜੇਕਰ ਟੈਕਸ ਵਧੇਰੇ ਦੇਣਗੇ ਤਾਂ ਉਨ੍ਹਾਂ ਦਾ ਮੁਨਾਫ਼ਾ ਘਟੇਗਾ। ਇਸ ਮੁਨਾਫ਼ੇ ਦੇ ਸਿਰ ‘ਤੇ ਹੀ ਉਹ ਸਮਾਜਕ ਤੇ ਰਾਜਨੀਤਕ ਖੇਤਰ ਵਿਚ ਦਖਲ ਦਿੰਦੇ ਹਨ ਅਤੇ ਸੱਤਾ ਵਿਚ ਆਪਣੀ ਪੈਠ ਬਣਾਉਂਦੇ ਹਨ। ਇਮਰਾਨ ਖਾਨ ਦੀ ਆਪਣੀ ਪਾਰਟੀ ਵਿਚ ਵੀ ਅਜਿਹੇ ਲੋਕਾਂ ਦੀ ਬਹੁਤਾਤ ਹੈ। ਉਹ ਟੈਕਸ ਵਧਾਉਣ ਲਈ ਹਰਗਿਜ਼ ਵੀ ਰਾਜੀ ਨਹੀਂ ਹੋਣਗੇ ਬਲਕਿ ਉਹ ਛੋਟਾਂ ਮੰਗਣਗੇ। ਅਸਿੱਧੇ ਟੈਕਸ, ਜਿਹੜੇ ਕਿ ਆਮ ਆਦਮੀ ਵਲੋਂ ਨਿੱਤ ਦਿਨ ਦੀਆਂ ਲੋੜੀਂਦੀਆਂ ਵਸਤਾਂ ‘ਤੇ ਲੱਗਦੇ ਹਨ, ਉਹ ਹੀ ਵੱਡੀ ਮਾਤਰਾ ਵਿਚ ਵਧਾਏ ਜਾ ਸਕਣਗੇ। ਅਜਿਹੀ ਸਥਿਤੀ ਵਿਚ ਇਮਰਾਨ ਖਾਨ ਦਾ ‘ਇਸਲਾਮਕ ਵੈਲਫੇਅਰ ਸਟੇਟ’ ਭਾਵ ‘ਨਯਾ ਪਾਕਿਸਤਾਨ’ ਸਿਰਜਣ ਦਾ ਵਾਅਦਾ ਨਰਿੰਦਰ ਮੋਦੀ ਦੇ ‘ਅੱਛੇ ਦਿਨ ਆਏਂਗੇ’ ਦੀ ਤਰ੍ਹਾਂ ਜੁਮਲਾ ਹੀ ਸਿੱਧ ਹੋਵੇਗਾ।
ਪੀ.ਐਮ.ਐਲ.ਐਨ., ਨਵਾਜ ਸ਼ਰੀਫ ਦੀ ਪਾਰਟੀ ਦਾ ਟਕਰਾਅ ਫੌਜ ਤੇ ਨਿਆਂਪਾਲਕਾ ਨਾਲ ਦੋ ਮੁੱਖ ਮੁੱਦਿਆਂ ਕਰਕੇ ਪੈਦਾ ਹੋਇਆ ਸੀ। ਸਭ ਤੋਂ ਵੱਡਾ ਮੁੱਦਾ ਸੀ ਸ਼ਾਸ਼ਨ-ਪ੍ਰਸ਼ਾਸਨ ਵਿਚ ਫੌਜ ਦੇ ਮੁਕਾਬਲੇ ਸਿਵਲੀਅਨ ਸੰਸਥਾਵਾਂ ਦੇ ਗਲਬੇ ਦਾ ਅਤੇ ਦੂਜਾ ਸੀ ਨਵਾਜ ਸ਼ਰੀਫ ਵਲੋਂ ਭਾਰਤ ਨਾਲ ਵਪਾਰ ਨੂੰ ਵਧਾਉਣ ਅਤੇ ਜੰਗ ਦਾ ਮਾਹੌਲ ਠੰਡਾ ਕਰਨ ਦੀ ਇੱਛਾ ਜਾਹਰ ਕਰਨੀ। ਇਮਰਾਨ ਖਾਨ ਭਾਰਤ ਨਾਲ ਸਬੰਧਾਂ ਨੂੰ ਸੁਧਾਰਨ ਅਤੇ ਹੋਰ ਆਪਣੇ ਵਾਅਦੇ ਪੂਰੇ ਕਰਨ ਲਈ ਫੌਜ, ਜਿਸਨੂੰ ਕਿ ਉਸਨੇ ਸੱਤਾ ਵਿਚ ਬਿਠਾਇਆ ਹੈ, ਨਾਲ ਕਿਵੇਂ ਸੰਤੁਲਨ ਬਣਾਵੇਗਾ। ਇਹ ਵੀ ਉਸ ਸਾਹਮਣੇ ਇਕ ਗੰਭੀਰ ਚੁਣੌਤੀ ਹੈ।
ਪਾਕਿਸਤਾਨ ਦੇ ਇਕ ਸਾਬਕਾ ਵਿੱਤ ਮੰਤਰੀ ਤੇ ਗੰਭੀਰ ਪੂੰਜੀਵਾਦੀ ਅਰਥਸ਼ਾਸਤਰੀ ਹਾਫਿਜ਼ ਪਾਸ਼ਾ ਦੀ ਹਾਲ ਵਿਚ ਇਮਰਾਨ ਖਾਨ ਬਾਰੇ ਕੀਤੀ ਪਸ਼ੀਨਗੋਈ ਦਰੁਸਤ ਸਾਬਤ ਹੋਵੇਗੀ-”ਲੋਕ ਗਲੀਆਂ ਵਿਚ ਆਉਣ ਲਈ ਮਜ਼ਬੂਰ ਹੋਣਗੇ। ਇਹ ਇਮਰਾਨ ਖਾਨ ਦਾ ਅੰਤ ਹੋਵੇਗਾ।”
ਇਮਰਾਨ ਖਾਨ ਨੇ ਆਪਣੇ ਮੰਤਰੀ ਮੰਡਲ ਦਾ ਵੀ 20 ਅਗਸਤ ਨੂੰ ਗਠਨ ਕਰ ਲਿਆ ਹੈ। ਇਸ ਵਿਚ 16 ਮੰਤਰੀ ਹਨ ਅਤੇ 5 ਸਲਾਹਕਾਰ। ਮਖਦੂਮ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ, ਉਹ 2008-13 ਦਰਮਿਆਨ ਵੀ ਵਿਦੇਸ਼ ਮੰਤਰੀ ਰਹਿ ਚੁੱਕੇ ਹਨ। ਵਿੱਤ ਮੰਤਰੀ ਅਸਦ ਉਮਰ, ਫਵਾਦ ਚੌਧਰੀ ਦੇਸ਼ ਦੇ ਸੂਚਨਾ ਪ੍ਰਸਾਰਨ ਮੰਤਰੀ, ਖੈਬਰ ਪਖਤੂਨਾ ਦੇ ਸਾਬਕਾ ਮੁੱਖ ਮੰਤਰੀ ਪਰਵੇਜ਼ ਖਟਕ ਰੱਖਿਆ ਮੰਤਰੀ ਬਣਾਏ ਗਏ ਹਨ। ਇਸ ਵਜਾਰਤ ਵਿਚ ਪੀ.ਟੀ.ਆਈ. ਦੇ 9 ਅਤੇ 7 ਮੰਤਰੀ ਸਰਕਾਰ ਵਿਚ ਸ਼ਾਮਲ ਹੋਰ ਪਾਰਟੀਆਂ ਤੋਂ ਹਨ। ਰਾਸ਼ਟਰਪਤੀ ਮਮਨੂਨ ਹੁਸੈਨ ਵਲੋਂ ਉਨ੍ਹਾਂ ਨੂੰ ਸਹੂੰ ਚੁਕਵਾਈ ਜਾ ਚੁੱਕੀ ਹੈ।