ਰਘਬੀਰ ਸਿੰਘ
ਸੰਸਾਰ ਪੱਧਰ ‘ਤੇ ਜਲ ਅਤੇ ਹਵਾ ਦੇ ਖਤਰਨਾਕ ਪੱਧਰ ਤੱਕ ਹੋਏ ਪ੍ਰਦੂਸ਼ਣ ਨੇ ਮਨੁੱਖਾਂ, ਪਸ਼ੂਆਂ ਅਤੇ ਹੋਰ ਕੁਦਰਤੀ ਬਨਸਪਤੀਆਂ ਦੀ ਹੋਂਦ ਲਈ ਗੰਭੀਰ ਖ਼ਤਰਾ ਪੈਦਾ ਕਰ ਦਿੱਤਾ ਹੈ। ਇਸ ਪ੍ਰਦੂਸ਼ਣ ਨਾਲ ਹੋ ਰਹੀਆਂ ਮੌਸਮੀ ਤਬਦੀਲੀਆਂ ਨਾਲ ਦਰਿਆਈ ਹੜ੍ਹਾਂ, ਸਮੁੰਦਰੀ ਤੂਫ਼ਾਨਾਂ, ਗੰਭੀਰ ਸੌਕੇ ਅਤੇ ਬਰਫਾਨੀ ਤੂਫਾਨਾਂ ਨਾਲ ਧਰਤੀ ਦੇ ਵੱਖ ਵੱਖ ਖੇਤਰਾਂ ਵਿਚ ਭਾਰੀ ਉਥਲ-ਪੁਥਲ ਹੋ ਰਹੀ ਹੈ। ਪਸ਼ੂਆਂ, ਜੰਗਲੀ ਜੀਵ ਅਤੇ ਕੁਦਰਤੀ ਬਨਸਪਤੀਆਂ ਦੀਆਂ ਕਈ ਦੁਰਲਭ ਪਰਜਾਤੀਆਂ ਖਤਮ ਹੋ ਰਹੀਆਂ ਹਨ। ਕਈ ਮਹਾਸਾਗਰਾਂ ਦਾ ਪਾਣੀ ਦਾ ਪੱਧਰ ਉਚਾ ਹੋਈ ਜਾਣ ਕਰਕੇ ਕਈ ਟਾਪੂ ਡੁੱਬਦੇ ਜਾ ਰਹੇ ਹਨ।
ਸਮੁੱਚੇ ਤੌਰ ‘ਤੇ ਵਾਤਾਵਰਣ ਦੀਆਂ ਤਬਦੀਲੀਆਂ ਦੇ ਕਾਰਨਾਂ ਅਤੇ ਇਹਨਾਂ ਨੂੰ ਕੰਟਰੋਲ ਕੀਤੇ ਜਾਣ ਦੇ ਉਪਾਆਂ ਬਾਰੇ ਵਿਚਾਰ ਚਰਚਾ ਕਰਨਾ ਬੜਾ ਹੀ ਵਿਸ਼ਾਲ ਅਤੇ ਬਹੁਪਰਤੀ ਵਿਸ਼ਾ ਹੈ। ਇਸ ਲਈ ਬੁਨਿਆਦੀ ਅਤੇ ਠੋਸ ਕੰਮ ਤਾਂ ਉਚ ਕੋਟੀ ਦੇ ਵਾਤਾਵਰਨ ਮਾਹਿਰ ਹੀ ਕਰ ਸਕਦੇ ਹਨ। ਪਰ ਜਲ ਅਤੇ ਹਵਾ ਦੇ ਪ੍ਰਦੂਸ਼ਣ ਨਾਲ ਮਨੁੱਖੀ ਜੀਵਨ ਨੂੰ ਪੈਦਾ ਹੋ ਰਹੇ ਖਤਰੇ ਕਰਕੇ ਚਿੰਤਾਵਾਂ ਸਾਰੇ ਸੁਚੇਤ ਲੋਕਾਂ ਲਈ ਵਿਆਪਕ ਚਰਚਾ ਦਾ ਵਿਸ਼ਾ ਬਣ ਗਈਆਂ ਹਨ।
îੌਜੂਦਾ ਲੇਖ ਵਿਚ ਅਸੀਂ ਸਿਰਫ ਜਲ ਪ੍ਰਦੂਸ਼ਣ ਦੀ ਸਮੱਸਿਆ ‘ਤੇ ਹੀ ਵਿਚਾਰ ਕਰਾਂਗੇ। ਪਾਣੀ ਨੂੰ ਮਨੁੱਖੀ, ਪਸ਼ੂ-ਪੰਛੀ ਅਤੇ ਬਨਸਪਤੀ ਦੇ ਜੀਵਨ ਦਾ ਮੂਲ ਆਧਾਰ ਮੰਨਿਆ ਗਿਆ ਹੈ। ਇਸ ਤੋਂ ਬਿਨਾਂ ਜਾਨਦਾਰ ਚੀਜਾਂ ਦੇ ਜੀਵਨ ਦੀ ਉਤਪਤੀ ਅਤੇ ਵਿਕਾਸ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ। ਪਰ ਸਰਮਾਏਦਾਰੀ ਪ੍ਰਬੰਧ ਵਿਚ ਪਾਣੀ ਦੇ ਸਰੋਤਾਂ ਦੀ ਦੁਰਵਰਤੋਂ ਕਰਨ, ਉਹਨਾਂ ਵਿਚ ਉਦਯੋਗਾਂ ਦੇ ਨਿਕਲਦੇ ਜ਼ਹਿਰੀਲੇ ਧਾਤੂਆਂ ਅਤੇ ਕੈਮੀਕਲਾਂ ਵਾਲੇ ਬਿਨਾਂ ਸਫਾਈ ਕੀਤਿਆਂ ਪਾਣੀ (Utreated water) ਮਿਲਾ ਦੇਣ ਨਾਲ ਦਰਿਆਵਾਂ ਅਤੇ ਜਲ ਸਰੋਤਾਂ ਦਾ ਪਾਣੀ ਬਹੁਤ ਹੀ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਸ਼ਹਿਰਾਂ ਦੇ ਸੀਵਰੇਜ ਦਾ ਪਾਣੀ ਬਿਨਾਂ ਸਫਾਈ ਕੀਤਿਆਂ ਦਰਿਆਵਾਂ, ਨਾਲਿਆਂ ਵਿਚ ਜਾਣ ਨਾਲ ਹਾਲਤ ਹੋਰ ਗੰਭੀਰ ਹੋ ਜਾਂਦੀ ਹੈ। ਇਹੀ ਜ਼ਹਿਰੀਲਾ ਪਾਣੀ ਮਨੁੱਖਾਂ ਨੂੰ ਥੋੜੀ ਬਹੁਤੀ ਸਫਾਈ ਕਰਨ ਪਿਛੋਂ ਪੀਣ ਲਈ ਦਿੱਤਾ ਜਾਂਦਾ ਹੈ। ਸਰਕਾਰੀ ਪੱਧਰ ‘ਤੇ ਸਾਫ ਪਾਣੀ ਮੁਹੱਈਆ ਕਰਨ ਦੇ ਜਤਨ ਬਹੁਤੇ ਸਾਰਥਕ ਸਿੱਟੇ ਨਹੀਂ ਕੱਢ ਰਹੇ। ਉਦਯੋਗਾਂ ਦੀ ਗੰਦਗੀ ਵਿਚ ਮਿਲੇ ਕੈਮੀਕਲ ਇੰਨੇ ਖਤਰਨਾਕ ਅਤੇ ਸ਼ਕਤੀਸ਼ਾਲੀ ਹੁੰਦੇ ਹਨ ਕਿ ਪਾਣੀ ਪੂਰੀ ਤਰ੍ਹਾਂ ਇਹਨਾਂ ਤੋਂ ਮੁਕਤ ਨਹੀਂ ਹੋ ਸਕਦਾ। ਅਜਿਹਾ ਪਾਣੀ ਪੀਣ ਨਾਲ ਮਨੁੱਖੀ ਜੀਵਨ ਵੱਡੀ ਪੱਧਰ ‘ਤੇ ਕੈਂਸਰ, ਪੀਲੀਆ ਅਤੇ ਹੋਰ ਅਨੇਕਾਂ ਜਾਨਲੇਵਾ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਅਨੇਕਾਂ ਲੋਕ ਅਜਾਈਂ ਮੌਤਾਂ ਮਰ ਰਹੇ ਹਨ।
ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਜਲ ਪ੍ਰਦੂਸ਼ਣ ਦੀ ਸਮੱਸਿਆ ਵਧੇਰੇ ਗੰਭੀਰ ਹੈ। ਇੱਥੇ ਲਗ ਰਹੇ ਉਦਯੋਗਾਂ ਵਿਸ਼ੇਸ਼ ਤੌਰ ਤੇ ਨਿੱਜੀ ਖੇਤਰ ਵਿਚ ਵੱਡੀਆਂ ਮੁਨਾਫ਼ਾਖੋਰ ਕੰਪਨੀਆਂ ਵਲੋਂ ਲਗਾਏ ਜਾਂਦੇ ਉਦਯੋਗਾਂ ਵਿਚ ਜਲ ਸ਼ੁੱਧ ਕਰਨ ਦੀ ਮਹਿੰਗੀ ਅਤੇ ਉਚ ਤਕਨੀਕ ਦੀ ਵਿਵਸਥਾ ਨਹੀਂ ਕੀਤੀ ਜਾਂਦੀ। ਇਸ ਬਾਰੇ ਬਣੇ ਕਾਨੂੰਨਾਂ ਨੂੰ ਲਾਗੂ ਕਰਨ ਵਾਲੀ ਪ੍ਰਦੂਸ਼ਣ ਕੰਟਰੋਲ ਬੋਰਡ ਵਰਗੀ ਸੰਸਥਾ ਬੜੀ ਹੀ ਕਮਜ਼ੋਰ ਅਤੇ ਬੇਅਸਰ ਹੁੰਦੀ ਹੈ। ਉਸਦਾ ਕੋਈ ਨੀਯਮ ਮੰਨਣ ਲਈ ਕੋਈ ਵੀ ਕਾਰਖਾਨੇਦਾਰ ਤਿਆਰ ਨਹੀਂ ਹੈ। ਰਾਜਸੀ ਦਖਲਅੰਦਾਜ਼ੀ ਨਾਲ ਇਸਨੂੰ ਹੋਰ ਵੀ ਨਿਤਾਣਾ ਬਣਾ ਦਿੱਤਾ ਗਿਆ ਹੈ।
ਇਹ ਖਤਰਨਾਕ ਅਵਸਥਾ ਦੇਸ਼ ਦੇ ਹਰ ਖਿੱਤੇ ਅਤੇ ਹਰ ਕੋਨੇ ਵਿਚ ਹੈ। ਦੇਸ਼ ਦੇ ਸਾਰੇ ਛੋਟੇ ਵੱਡੇ ਦਰਿਆ ਜ਼ਹਿਰੀਲੇ ਪਾਣੀਆਂ ਦੇ ਮੌਤ ਵੰਡਦੇ ਜਲ ਸਰੋਤ ਬਣ ਗਏ ਹਨ। ਯਮੁਨਾ ਦਰਿਆ ਜ਼ਹਿਰੀਲੇ ਪਾਣੀ ਦਾ ਨਾਲਾ ਬਣਕੇ ਰਹਿ ਗਿਆ ਹੈ। ਗੰਗਾ ਅਤੇ ਯਮੁਨਾ ਵਰਗੇ ਦਰਿਆਵਾਂ ਦੀ ਸਫਾਈ ਲਈ ਅਰਬਾਂ ਰੁਪਏ ਖਰਚੇ ਜਾ ਚੁੱਕੇ ਹਨ। ਪਰ ਹਾਲਤ ਸੁਧਰਨ ਦੀ ਥਾਂ ਹੋਰ ਵਿਗੜ ਰਹੀ ਹੈ। ਕੇਂਦਰ ਵਿਚ ਬੀ.ਜੇ.ਪੀ. ਸਰਕਾਰ ਬਣਨ ਨਾਲ ਗੰਗਾ ਦਰਿਆ ਨੂੰ ਪੂਰੀ ਤਰ੍ਹਾਂ ਸਾਫ ਸੁਥਰਾ ਕਰਨ ਲਈ ਇਕ ਵਿਸ਼ੇਸ਼ ਪ੍ਰਾਜੈਕਟ ਵੀ ਬਣਾਇਆ ਗਿਆ ਹੈ ਜੋ ਜਲ ਸਰੋਤ ਮੰਤਰੀ ਬੀਬੀ ਓਮਾ ਭਾਰਤੀ ਦੀ ਅਗਵਾਈ ਵਿਚ ਕੰਮ ਕਰ ਰਿਹਾ ਹੈ। ਪਰ ਦੁੱਖ ਦੀ ਗੱਲ ਹੈ ਕਿ ਗੰਗਾ ਪਹਿਲਾਂ ਦੀ ਤਰ੍ਹਾਂ ਮੈਲੀ ਹੈ। ਕੋਈ ਵੀ ਸੁਧਾਰ ਨਜ਼ਰ ਨਹੀਂ ਆ ਰਿਹਾ। ਦਰਿਆਵਾਂ ਦੀ ਸਫਾਈ ਲਈ ਬਣੇ ਪ੍ਰਾਜੈਕਟਾਂ ਵਿਚ ਵੱਡੇ ਘਪਲੇ ਹੋ ਰਹੇ ਹਨ, ਕੁੱਝ ਲੋਕ ਵਜੀਰਾਂ ਦੇ ਬਰਾਬਰ ਅਹੁਦੇ ਪ੍ਰਾਪਤ ਕਰ ਲੈਂਦੇ ਹਨ ਪਰ ਸਾਡੇ ਮਹਾਨ ਦਰਿਆ ਪਹਿਲਾਂ ਨਾਲੋਂ ਹੋਰ ਖਰਾਬ ਹੋ ਜਾਂਦੇ ਹਨ। ਮੱਧ ਪ੍ਰਦੇਸ਼ ਸਰਕਾਰ ਵਲੋਂ ਨਰਮਦਾ ਦੀ ਸਫਾਈ ਅਤੇ ਸੁੰਦਰੀਕਰਨ ਦਾ ਇਕ ਪ੍ਰਾਜੈਕਟ ਬਣਾਇਆ ਗਿਆ ਸੀ। ਇਸ ਅਧੀਨ ਪਹਿਲੇ ਪੜਾਅ ‘ਤੇ ਨਦੀਂ ਦੇ ਦੋਵੇਂ ਪਾਸੇ ਰੁੱਖ ਲਾਏ ਜਾਣ ਦੀ ਯੋਜਨਾ ਬਣੀ। ਮੱਧ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਹੇਠ ਇਕੋ ਦਿਨ ਵਿਚ ਛੇ ਕਰੋੜ ਬਿਰਖ਼ ਲਾਉਣ ਦਾ ‘ਕ੍ਰਿਸ਼ਮਾ’ ਕਰ ਦਿਖਾਇਆ। ਪਰ ਥੋੜੇ ਚਿਰ ਪਿਛੋਂ ਹੀ ਇਸ ਕਾਗਜੀ ਕ੍ਰਿਸ਼ਮੇਂ ਵਿਚ ਹੋਏ ਵੱਡੇ ਘਪਲੇ ਬਾਰੇ ਰੌਲਾ ਪੈ ਗਿਆ। ਸਰਕਾਰ ਇਸ ਬਾਰੇ ਹੋ ਰਹੀਆਂ ਅਲੋਚਨਾਵਾਂ ਨੂੰ ਪੂਰੀ ਤਰ੍ਹਾਂ ਰੱਦ ਕਰਕੇ ਅਰਾਮ ਨਾਲ ਬੈਠ ਗਈ। ਇਸ ਹਾਲਤ ਵਿਚ ਪ੍ਰਦੇਸ਼ ਦਾ ਸੰਤ ਸਮਾਜ ਅੱਗੇ ਆਇਆ। ਇਸ ਸੰਤ ਸਮਾਜ ਨੇ ਪੰਜ ਪ੍ਰਸਿੱਧ ਧਾਰਮਕ ਆਗੂਆਂ ਦੀ ਅਗਵਾਈ ਵਿਚ ਇਕ ਕਮੇਟੀ ਦਾ ਗਠਨ ਕੀਤਾ। ਇਸ ਕਮੇਟੀ ਵਲੋਂ ਪਹਿਲੀ ਅਪ੍ਰੈਲ ਨੂੰ ਸਰਕਾਰ ਵਲੋਂ ਕੀਤੇ ਗਏ ਘਪਲੇ ਵਿਰੁੱਧ ਲੰਮਾ ਮਾਰਚ ਕਰਨ ਦਾ ਫੈਸਲਾ ਲਿਆ। ਇਸ ਫੈਸਲੇ ਨਾਲ ਮੱਧ ਪ੍ਰਦੇਸ਼ ਸਰਕਾਰ ਬੁਰੀ ਤਰ੍ਹਾਂ ਕੁੜਿੱਕੀ ਵਿਚ ਫਸ ਗਈ। ਇਸ ਕੁੜਿੱਕੀ ਵਿਚੋਂ ਬਾਹਰ ਨਿਕਲਣ ਲਈ ਉਸਨੇ ਸਾਧੂਆਂ ਦੀ ਸਬੰਧਤ ਕਮੇਟੀ ਨਾਲ ਸੌਦੇਬਾਜ਼ੀ ਕੀਤੀ। ਉਹਨਾਂ ਪੰਜਾਂ ‘ਸਾਧੂਆਂ’ ਨੂੰ ਕੈਬਨਿਟ ਮੰਤਰੀਆਂ ਦੀ ਪੱਧਰ ਦਾ ਅਹੁਦਾ ਦੇ ਕੇ ਉਹਨਾਂ ਦਾ ਲੰਮਾ ਮਾਰਚ ਖਤਮ ਕਰਵਾ ਦਿੱਤਾ। ਇਸ ਸੌਦੇਬਾਜ਼ੀ ਦੀ ਕਹਾਣੀ ਸਾਬਤ ਕਰਦੀ ਹੈ ਕਿ ਨਾ ਤਾਂ ਸਰਕਾਰਾਂ ਵਿਚ ਇਸ ਸਮੱਸਿਆ ‘ਤੇ ਕਾਬੂ ਪਾਉਣ ਲਈ ਰਾਜਸੀ ਇੱਛਾ ਸ਼ਕਤੀ ਹੈ ਅਤੇ ਨਾ ਹੀ ਜਲ ਪ੍ਰਦੂਸ਼ਣ ਵਿਰੋਧੀ ਸੰਸਥਾਵਾਂ ਵਿਚ ਸੰਘਰਸ਼ ਲੜਨ ਦੀ ਸਪੱਸ਼ਟ ਅਤੇ ਇਮਾਨਦਾਰੀ ਵਾਲੀ ਸਮਝਦਾਰੀ ਹੈ। ਇਸੇ ਕਰਕੇ ਹੀ ਹਾਲਾਤ ਦਿਨ-ਬ-ਦਿਨ ਵਧੇਰੇ ਖਰਾਬ ਤੋਂ ਖਰਾਬ ਹੋ ਰਹੇ ਹਨ। ਸਾਰੇ ਵੱਡੇ ਦਰਿਆਵਾਂ ਅਤੇ ਨਦੀ ਨਾਲਿਆਂ ਦੇ ਪਾਣੀ ਨੂੰ ਓਨਾ ਚਿਰ ਸਾਫ ਨਹੀਂ ਬਣਾਇਆ ਜਾ ਸਕਦਾ ਜਿੰਨਾ ਚਿਰ ਇਹਨਾਂ ਵਿਚ ਸ਼ਹਿਰਾਂ ਦੇ ਸੀਵਰੇਜ਼ ਅਤੇ ਉਦਯੋਗ ਦੇ ਜ਼ਹਿਰੀਲੇ ਪਾਣੀਆਂ ਨੂੰ ਬਿਨਾ ਸਾਫ ਕੀਤਿਆਂ ਇਹਨਾਂ ਵਿਚ ਪਾਉਣ ਤੇ ਪੂਰਨ ਪਾਬੰਦੀ ਨਹੀਂ ਲਾਈ ਜਾਂਦੀ। ਜੇ ਸੀਵਰੇਜ਼ ਅਤੇ ਉਦਯੋਗਾਂ ਦੇ ਪਾਣੀ ਨੂੰ ਸਾਫ ਕਰ ਲਿਆ ਜਾਵੇ ਤਾਂ ਇਹ ਭਵਨ ਉਸਾਰੀ ਅਤੇ ਸਿੰਜਾਈ ਦੇ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਇਸ ਨਾਲ ਧਰਤੀ ਹੇਲਲੇ ਪਾਣੀ ਦੀ ਸ਼ਹਿਰਾਂ ਲਈ ਵਰਤੋਂ ਦੀ ਲੋੜ ਬਹੁਤ ਘੱਟ ਜਾਵੇਗੀ।
ਪੰਜਾਬ ਦੇ ਦਰਿਆਵਾਂ ਦੀ ਦਾਸਤਾਨ
ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ਦੇ ਦਰਿਆਵਾਂ ਵਿਸ਼ੇਸ਼ ਕਰਕੇ ਸਤਲੁਜ ਅਤੇ ਘੱਗਰ ਦੀ ਅਵਸਥਾ ਬਹੁਤ ਖਰਾਬ ਹੈ। ਸਤਲੁਜ ਦਰਿਆ ਦਾ ਪਾਣੀ ਪੂਰੀ ਤਰ੍ਹਾਂ ਪਲੀਤ ਹੋ ਚੁੱਕਿਆ ਹੈ। ਭਾਖੜਾ ਡੈਮ ਤੋਂ ਬਹੁਤ ਥੋੜਾ ਪਾਣੀ ਹੀ ਦਰਿਆ ਵਿਚ ਰਹਿਣ ਦਿੱਤਾ ਜਾਂਦਾ ਹੈ। ਇਸ ਦਰਿਆ ਦੇ ਕੰਢੇ ਨੇੜੇ ਵੱਸਦੇ ਪੰਜਾਬ ਦਾ ਪ੍ਰਸਿੱਧ ਉਦਯੋਗਕ ਸ਼ਹਿਰ ਲੁਧਿਆਣਾ ਦੇ ਉਦਯੋਗਾਂ ਅਤੇ ਸੀਵਰੇਜ਼ ਨਾਲਿਆਂ ਦਾ ਅੱਤ ਜ਼ਹਿਰੀਲਾ ਪਾਣੀ ਪੰਜਾਬੀ, ਹਰਿਆਣਵੀ ਅਤੇ ਰਾਜਸਥਾਨੀ ਲੋਕਾਂ ਦੀ ਜਾਨ ਦਾ ਖੌ ਬਣ ਗਿਆ ਹੈ। ਇਥੋਂ ਦੇ ਉਦਯੋਗ ਮਾਲਕ ਦੇਸ਼ ਦੇ ਬਾਕੀ ਉਦਯੋਗ ਮਾਲਕਾਂ ਵਾਂਗ ਆਪਣੇ ਮੁਨਾਫੇ ਵਧਾਉਣ ਦੀ ਖਾਤਰ ਸਾਰੇ ਕਾਨੂੰਨ ਕਾਇਦੇ ਛਿੱਕੇ ‘ਤੇ ਟੰਗ ਕੇ ਆਪਣੇ ਉਦਯੋਗਾਂ ਦਾ ਜ਼ਹਿਰੀਲਾ ਪਾਣੀ ਸ਼ਹਿਰ ਦੇ ਬੁੱਢੇ ਨਾਲੇ ਵਿਚ ਸੁੱਟ ਦਿੰਦੇ ਹਨ। ਇਹ ਨਾਲਾ ਸਾਰਾ ਜ਼ਹਿਰੀਲਾ ਪਾਣੀ ਲੈ ਕੇ ਦਰਿਆ ਸਤਲੁਜ ਵਿਚ ਹਰੀਕੇ ਹੈਡ ਤੇ ਦਰਿਆ ਬਿਆਸ ਦੇ ਸਾਫ ਪਾਣੀ ਨਾਲ ਮਿਲਦਾ ਹੈ।
ਲੁਧਿਆਣੇ ਤੋਂ ਹਰੀਕੇ ਹੈਡ ਤੱਕ ਜ਼ਹਿਰੀਲੇ ਪਾਣੀ ਦੀ ਲਹਿਰ ਆਲੇ ਦੁਆਲੇ ਦੇ ਇਲਾਕੇ ਵਿਚ ਕੈਂਸਰ, ਪੀਲੀਏ, ਹੱਡੀਆਂ ਦੇ ਖਰਾਬ ਹੋਣ ਆਦਿ ਰੋਗਾਂ ਦਾ ਹੜ ਲਿਆਉਂਦੀ ਹੈ। ਇਸ ਪਾਣੀ ਦੀ ਵਰਤੋਂ ਨਾਲ ਪੈਦਾ ਕੀਤੀ ਜਾਂਦੀ ਹਰ ਫਸਲ ਜਹਿਰੀਲੀ ਹੋ ਜਾਂਦੀ ਹੈ। ਹਜ਼ਾਰਾਂ ਲੋਕ ਇਸ ਜ਼ਹਿਰੀਲੇ ਪਾਣੀ ਦੁਆਰਾ ਵੰਡੀ ਜਾਂਦੀ ਗੈਰ ਕੁਦਰਤੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਇਹੀ ਹਾਲ ਘੱਗਰ ਦਰਿਆ ਦੇ ਕੰਢੇ ਵੱਸਦੇ ਲੋਕਾਂ ਦਾ ਹੈ। ਹਰ ਸਰਕਾਰ ਸੁਧਾਰ ਦੀਆਂ ਗੱਲਾਂ ਕਰਦੀ ਹੈ। ਉਹ ਕਾਫੀ ਵੱਡੇ ਖਰਚੇ ਵੀ ਕਰਦੀ ਹੈ। ਪਰ ਜਲ ਪ੍ਰਦੂਸ਼ਣ ਦੀ ਅਸਲ ਜੜ ਉਦਯੋਗਾਂ ਅਤੇ ਸੀਵਰੇਜ਼ ਦੇ ਗੰਦੇ ਪਾਣੀ ਨੂੰ ਦਰਿਆਵਾਂ ਵਿਚ ਪੈਣ ਤੋਂ ਰੋਕਣ ਤੇ ਹਮਲਾ ਕਰਨ ਦੀ ਹਿੰਮਤ ਨਹੀਂ ਕਰ ਸਕਦੀ। ਉਦਯੋਗ ਮਾਲਕ ਸਾਡੀ ਆਰਥਕਤਾ ਅਤੇ ਰਾਜਨੀਤੀ ਤੇ ਇੰਨੇ ਭਾਰੂ ਹੋ ਚੁੱਕੇ ਹਨ ਕਿ ਉਹ ਲੋਕਾਂ ਦੇ ਜੀਵਨ ਨਾਲ ਪੂਰੀ ਤਰ੍ਹਾਂ ਖਿਲਵਾੜ ਕਰ ਸਕਣ ਦੇ ਸਮਰਥ ਹਨ। ਸਰਕਾਰਾਂ ਉਨ੍ਹਾਂ ਨੂੰ ਕੁੱਝ ਵੀ ਕਹਿਣ ਦੀ ਹਿੰਮਤ ਨਹੀਂ ਕਰਦੀਆਂ।
ਕਾਫੀ ਲੰਮੇ ਸਮੇਂ ਤੱਕ ਉਦਯੋਗਕ ਪ੍ਰਦੂਸ਼ਣ ਤੋਂ ਬਚਿਆ ਰਿਹਾ ਬਿਆਸ ਦਰਿਆ ਵੀ ਹੁਣ ਇਸਦੀ ਮਾਰ ਹੇਠਾਂ ਆ ਚੁੱਕਿਆ ਹੈ। ਇਸਦੇ ਕੰਢੇ ‘ਤੇ ਲੱਗੇ ਖੰਡ ਅਤੇ ਸ਼ਰਾਬ ਦੇ ਉਦਯੋਗ ਇਸਦੇ ਸਾਫ ਪਾਣੀ ਵਿਚ ਬਿਨਾਂ ਕਿਸੇ ਡਰ ਡੁੱਕਰ ਦੇ ਜ਼ਹਿਰ ਘੋਲ ਰਹੇ ਹਨ। ਕੀੜੀ ਅਫਗਾਨਾ (ਗੁਰਦਾਸਪੁਰ) ਵਿਚ ਚੱਢਾ ਪਰਵਾਰ ਵਲੋਂ ਲੱਗੀ ਖੰਡ ਅਤੇ ਸ਼ਰਾਬ ਦੀ ਮਿੱਲ ਇਸ ਕੰਮ ਵਿਚ ਸਭ ਤੋਂ ਵੱਧ ਬਦਨਾਮ ਹੈ। ਇਹ ਮਿੱਲ ਦਰਿਆ ਦੇ ਵਹਿਣ ਤੋਂ ਮੁਸ਼ਕਲ ਨਾਲ ਡੇਢ ਕਿਲੋ ਮੀਟਰ ਦੂਰ ਹੈ। ਇਹ ਆਪਣਾ ਪ੍ਰਦੂਸ਼ਤ ਪਾਣੀ ਅਤੇ ਹੋਰ ਜ਼ਹਿਰੀਲੇ ਮਾਦੇ ਲਗਭਗ ਦਰਿਆ ਵਿਚ ਹੀ ਸੁੱਟਦੀ ਆ ਰਹੀ ਹੈ। ਅਨੇਕਾਂ ਵਾਰ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹ ਫੈਕਟਰੀ ਇਕ ਦੋ ਦਿਨਾਂ ਲਈ ਸੀਲ ਕਰਨ ਦਾ ਨਾਟਕ ਕੀਤਾ ਹੈ ਪਰ ਫੈਕਟਰੀ ਮਾਲਕ ਆਪਣੇ ਰਾਜਸੀ ਅਤੇ ਆਰਥਕ ਬਲ ਨਾਲ ਸੀਲ ਕੀਤੀਆਂ ਮਿੱਲਾਂ ਫੌਰੀ ਤੌਰ ‘ਤੇ ਚਾਲੂ ਕਰਵਾ ਲੈਂਦੇ ਹਨ। ਉਸ ਪਿੱਛੋਂ ਸਭ ਕੁੱਝ ਪਹਿਲਾਂ ਦੀ ਤਰ੍ਹਾਂ ਹੀ ਚਲ ਪੈਂਦਾ ਹੈ।
ਸਾਡੀ ਤੱਥਾਂ ਤੇ ਅਧਾਰਤ ਠੋਸ ਸੂਚਨਾ ਹੈ ਕਿ ਕੀੜੀ ਅਫਗਾਨਾ ਦੀ ਇਹ ਮਿੱਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੀ ਲਗਾਤਾਰ ਉਲੰਘਣਾ ਕਰਦੀ ਰਹਿਣ ਦੀ ਦੋਸ਼ੀ ਹੈ। ਇਸ ਲਈ ਇਸ ਵਾਰ ਸੀਰੇ ਦਾ ਬਿਆਸ ਦਰਿਆ ਵਿਚ ਲਿਆਂਦਾ ਗਿਆ ਹੜ ਕਿਸੇ ਹਾਦਸੇ ਦਾ ਕਾਰਣ ਨਹੀਂ ਬਲਕਿ ਇਸ ਮਿੱਲ ਦੇ ਪ੍ਰਬੰਧਕਾਂ ਵਲੋਂ ਸੁਰੱਖਿਆ ਵਿਚ ਵਰਤੀਆਂ ਜਾਣ ਵਾਲੀਆਂ ਘੋਰ ਅਣਗਹਿਲੀਆਂ ਦਾ ਸਿੱਟਾ ਹੈ। ਇਸ ਵਾਰ ਮਿੱਲ ਮਾਲਕਾਂ ਵਲੋਂ ਲਾਲਚ ਵਸ ਕੀਤੀ ਗਈ ਅਣਗਹਿਲੀ ਮਨੁੱਖਤਾ, ਪਸ਼ੂ ਪੰਛੀਆਂ ਅਤੇ ਕੁਦਰਤੀ ਵਨਸਪਤੀ ਵਿਰੁੱਧ ਗੰਭੀਰ ਫੌਜਦਾਰੀ ਜ਼ੁਰਮ ਹੈ। ਇਸ ਲਈ ਮਿਲ ਮਾਲਕਾਂ ਅਤੇ ਉਹਨਾਂ ਦੇ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਫੌਜਦਾਰੀ ਜੁਰਮ ਅਧੀਨ ਕਾਰਵਾਈ ਹੋਣੀ ਚਾਹੀਦੀ ਹੈ। ਇਸ ਘਟਨਾ ਨਾਲ ਮੱਛੀਆਂ ਦੀਆਂ ਕਈ ਦੁਰਲਭ ਕਿਸਮਾਂ ਅਤੇ ਬਨਸਪਤੀ ਦੇ ਕੁੱਝ ਮੂਲ ਸਰੋਤਾਂ ਦੀ ਤਬਾਹੀ ਤੋਂ ਬਿਨਾਂ ਪੀਣ ਵਾਲੇ ਪਾਣੀ ਅਤੇ ਖੇਤੀ ਨੂੰ ਲੱਗਣ ਵਾਲੇ ਪਾਣੀ ਵਿਚ ਵੀ ਜ਼ਹਿਰ ਘੁਲ ਗਿਆ ਹੈ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ, ਜੋ ਹਰੀਕੇ ਹੈਡ ਤੋਂ ਨਿਕਲਣ ਵਾਲੀਆਂ ਨਹਿਰਾਂ ਦੇ ਪਾਣੀ ਦੀ ਪੀਣ ਲਈ ਵਰਤੋਂ ਕਰਦੇ ਹਨ ਵਿਚ ਬੜਾ ਡਰ ਅਤੇ ਸਹਿਮ ਪੈਦਾ ਹੋ ਗਿਆ ਹੈ। ਪਾਣੀ ਵਿਚ ਘੁਲਿਆ ਇਹ ਜ਼ਹਿਰ ਛੇਤੀ ਖ਼ਤਮ ਹੋਣ ਵਾਲਾ ਨਹੀਂ ਹੈ। ਇਕ ਲੰਮੇ ਸਮੇਂ ਤੱਕ ਲੋਕਾਂ ਦੀ ਜ਼ਿੰਦਗੀ ਲਈ ਖ਼ਤਰਾ ਬਣਿਆ ਰਹੇਗਾ।
ਪੰਜਾਬ ਦੇ ਦਰਿਆਵਾਂ ਬਿਨਾਂ ਪੰਜਾਬ ਦੀਆਂ ਦੋਆਬੇ ਵਿਚਲੀਆਂ ਦੋ ਵੇਈਆਂ ਕਾਲੀ ਅਤੇ ਚਿੱਟੀ ਵੇਈ ਜੋ ਕੁਝ ਸਮਾਂ ਪਹਿਲਾਂ ਸਾਫ ਬਰਸਾਤੀ ਪਾਣੀ ਲੈ ਕੇ ਦਰਿਆ ਸਤਲੁਜ ਵਿਚ ਸ਼ਾਮਲ ਹੁੰਦੀਆਂ ਸਨ ਹੁਣ ਕਾਫੀ ਲੰਮੇ ਸਮੇਂ ਤੋਂ ਫਗਵਾੜਾ ਅਤੇ ਜਲੰਧਰ ਦੇ ਉਦਯੋਗਾਂ ਵਿਸ਼ੇਸ਼ ਕਰਕੇ ਚਮੜਾ ਉਦਯੋਗਾਂ ਦਾ ਅਤੇ ਜਹਿਰੀਲਾ ਪਾਣੀ ਸਤਲੁੱਜ ਵਿਚ ਸੁੱਟਦੀਆਂ ਹਨ। ਵਾਤਾਵਰਣ ਪ੍ਰੇਮੀ ਬਣਕੇ ਉਭਰੇ ਸੰਤ ਬਲਬੀਰ ਸਿੰਘ ਸੀਚੇਂਵਾਲ ਦੇ ਸਾਰੇ ਯਤਨ ਵੀ ਉਦਯੋਗਕ ਲਾਬੀ ਜਿਸਦਾ ਸਰਕਾਰੇ ਦਰਬਾਰੇ ਬਹੁਤ ਪ੍ਰਭਾਵ ਹੈ ਸਾਹਮਣੇ ਹਾਰ ਜਾਂਦੇ ਹਨ। ਵਾਤਾਵਰਨ ਸੰਭਾਲ ਲਹਿਰ ਦੇ ਦਬਾਅ ਸਦਕਾ ਕਦੇ ਕਦਾਈਂ ਉਲੰਘਣਾ ਕਰਨ ਵਾਲੇ ਉਦਯੋਗਾਂ ਦੇ ਬਿਜਲੀ ਕੁਨੈਕਸ਼ਨ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਆਦੇਸ਼ਾਂ ‘ਤੇ ਕਟ ਦਿੱਤੇ ਜਾਂਦੇ ਹਨ। ਪਰ ਕਾਰਖਾਨੇਦਾਰ ਇਕ ਦੋ ਦਿਨਾਂ ਵਿਚ ਕੁਨੈਕਸ਼ਨ ਬਹਾਲ ਕਰਵਾ ਲੈਂਦੇ ਹਨ।
ਦੋਸ਼ੀਆਂ ਵਿਰੁੱਧ ਠੋਸ ਕਾਰਵਾਈ ਦੀ ਲੋੜ
ê੍ਰਦੂਸ਼ਣ ਕੰਟਰੋਲ ਬੋਰਡ ਵਲੋਂ ਤਿਆਰ ਨਿਯਮਾਂ ਦੀ ਵਾਰ ਵਾਰ ਉਲੰਘਣਾ ਕਰਨਾ ਇਕ ਗੰਭੀਰ ਫੌਜਦਾਰੀ ਜ਼ੁਰਮ ਹੈ। ਪਰ ਕਿਸੇ ਇਕ ਵੀ ਉਦਯੋਗਕ ਘਰਾਣੇ ਵਿਰੁੱਧ ਇਸ ਅਧੀਨ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ। ਜੇ ਦਰਜ ਕਰ ਵੀ ਲਿਆ ਜਾਵੇ ਤਾਂ ਕਿਸੇ ਨਾ ਕਿਸੇ ਬਹਾਨੇ ਥੋੜ੍ਹਾ ਬਹੁਤਾ ਜ਼ੁਰਮਾਨਾ ਕਰਕੇ ਕੇਸ ਵਾਪਸ ਲੈ ਲਿਆ ਜਾਂਦਾ ਹੈ। ਜੀਵਨ ਜਾਂਚ ਕਲਾ (Art of Living) ਦੇ ਪ੍ਰਚਾਰਕ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਵਲੋਂ ਆਪਣੇ ਸੰਮੇਲਨ ਲਈ ਯਮੁਨਾ ਦਰਿਆ ਵਾਲੇ ਖੇਤਰ ਵਿਚ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ‘ਤੇ ਉਸ ਵਿਰੁੱਧ ਕਾਰਵਾਈਆਂ ਜ਼ਰੂਰ ਕੀਤੀਆਂ ਗਈਆਂ। ਪ੍ਰੰਤੂ ਉਸ ਵਿਰੁੱਧ ਫੌਜਦਾਰੀ ਕਾਨੂੰਨ ਅਧੀਨ ਮੁਕੱਦਮਾ ਚਲਾਉਣ ਦੀ ਥਾਂ ਚਾਰ ਕਰੋੜ ਜ਼ੁਰਮਾਨਾ ਕਰਕੇ ਛੱਡ ਦਿੱਤਾ ਗਿਆ। ਪਿਛੋਂ ਉਹ ਸੰਤ ਮਹਾਰਾਜ ਜੁਰਮਾਨਾ ਦੇਣ ਤੋਂ ਵੀ ਇਨਕਾਰੀ ਹੋ ਗਏ। ਇਸੇ ਤਰ੍ਹਾਂ ਹੁਣ ਕੀੜੀ ਮਿਲ ਦੇ ਮਾਲਕਾਂ ਅਤੇ ਪ੍ਰਬੰਧਕਾਂ, ਜਿਹਨਾਂ ਮਾਨਵਤਾ, ਪਸ਼ੂ-ਪੰਛੀਆਂ ਅਤੇ ਜਲ ਜੀਵਾਂ ਵਿਰੁੱਧ ਘੋਰ ਅਪਰਾਧ ਕੀਤਾ ਹੈ, ਵਿਰੁੱਧ ਫੌਜਦਾਰੀ ਮੁਕੱਦਮਾ ਦਰਜ ਕਰਨ ਦੀ ਥਾਂ ਉਹਨਾਂ ਨੂੰ ਜ਼ੁਰਮਾਨਾ ਕਰਕੇ ਛੱਡ ਦੇਣ ਦਾ ਮਨ ਬਣਾਇਆ ਜਾ ਰਿਹਾ ਹੈ। ਇਸ ਬਾਰੇ ਅਖਬਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਸੰਕੇਤ ਦੇ ਦਿੱਤੇ ਹਨ। ਮਿਲ ਮਾਲਕ ਬੀਬੀ ਚੱਡਾ ਦੇ ਮਾਪੇ, ਦਿੱਲੀ ਵਾਲੇ ਸਰਨਾ ਭਰਾ, ਸ਼੍ਰੀ ਓ.ਪੀ. ਸੋਨੀ ਵਾਤਾਵਰਨ ਵਜ਼ੀਰ ਦੇ ਗੂੜੇ ਮਿੱਤਰ ਹਨ ਤੇ ਉਸ ਨੂੰ ਹਾਦਸੇ ਪਿਛੋਂ ਛੇਤੀ ਹੀ ਮਿਲ ਗਏ ਸਨ। ਉਸ ਦਿਨ ਤੋਂ ਹੀ ਕਨਸੋਆਂ ਆਉਣ ਲੱਗ ਪਈਆਂ ਸਨ ਕਿ ਪੰਜਾਬ ਸਰਕਾਰ ਦੇ ਤਿੱਖੇ ਬਿਆਨ ਸਿਰਫ ਦਿਖਾਵਾ ਹਨ ਅਤੇ ਅੰਦਰਖਾਤੇ ਮਾਲਕਾਂ ਨੂੰ ਕੋਈ ਆਂਚ ਨਾ ਆਉਣ ਦੇਣ ਲਈ ਯੋਜਨਾ ਬਣ ਗਈ ਹੈ। ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਇਹ ਬਿਆਨ ਦਿੱਤਾ ਜਾਣਾ ਕਿ ਦਰਿਆ ਦੇ ਪਾਣੀ ਵਿਚ ਹੁਣ ਕੋਈ ਜ਼ਹਿਰ ਨਹੀਂ ਰਿਹਾ ਅਤੇ ਇਹ ਹੁਣ ਪਹਿਲਾਂ ਵਾਂਗ ਹੀ ਪੀਣ ਯੋਗ ਹੈ, ਬਹੁਤ ਵੱਡਾ ਕੁਫ਼ਰ ਹੈ ਅਤੇ ਇਹ ਮਿਲ ਮਾਲਕਾਂ ਨੂੰ ਸਾਫ ਬਰੀ ਕਰਨ ਲਈ ਦਿੱਤਾ ਗਿਆ ਹੈ। ਨੁਕਸਾਨ ਦੇ ਪੱਖ ਤੋਂ ਸਰਕਾਰੀ ਅਧਿਕਾਰੀਆਂ ਨੇ ਇਸਨੂੰ ਸਿਰਫ ਤਲਵਾੜਾ ਡੈਮ ਅਤੇ ਰਾਵੀ ਬਿਆਸ ਲਿੰਕ ਰਾਹੀਂ ਬਿਆਸ ਦਰਿਆ ਵਿਚ ਛੱਡੇ ਗਏ ਸਾਫ਼ ਪਾਣੀ ਦੀ ਕੀਮਤ ਤੱਕ ਸੀਮਤ ਕਰ ਦਿੱਤਾ ਹੈ। ਇਹਨਾਂ ਮਾਹਰਾਂ ਅਨੁਸਾਰ ਇਸ ਸਾਫ ਅਤੇ ਤਾਜ਼ੇ ਪਾਣੀ ਦੀ ਕੀਮਤ ਇਕ ਕਰੋੜ ਰੁਪਏ ਬਣਦੀ ਹੈ। ਇਸ ਲਈ ਮਿਲ ਮਾਲਕਾਂ ਨੂੰ ਸਿਰਫ ਜੁਰਮਾਨਾ ਕਰਕੇ ਸਾਰੇ ਦੋਸ਼ਾਂ ਤੋਂ ਮੁਕਤ ਕੀਤਾ ਜਾ ਸਕਦਾ ਹੈ। ਦਰਿਆਵਾਂ ਅਤੇ ਨਦੀਆਂ-ਨਾਲਿਆਂ ਦੇ ਪਾਣੀਆਂ ਦੇ ਇਸ ਤਰ੍ਹਾਂ ਨਿਰੰਤਰ ਪ੍ਰਦੂਸ਼ਤ ਹੁੰਦੇ ਜਾਣ ਤੋਂ ਇਲਾਵਾ ਕੀੜੇ-ਮਾਰ ਤੇ ਨਦੀਨ-ਨਾਸ਼ਕ ਦਵਾਈਆਂ ਅਤੇ ਰਸਾਇਣਿਕ ਖਾਦਾਂ ਦੀ ਲਗਾਤਾਰ ਵੱਧਦੀ ਜਾ ਰਹੀ ਵਰਤੋਂ ਨਾਲ ਵੀ ਧਰਤੀ ਹੇਠਲਾ ਪਾਣੀ ਬੜੀ ਤੇਜ਼ੀ ਨਾਲ ਪ੍ਰਦੂਸ਼ਤ ਹੋ ਰਿਹਾ ਹੈ। ਇਹਨਾਂ ਦਵਾਈਆਂ ਤੇ ਖਾਦਾਂ ਨੂੰ ਬਨਾਉਣ ਵਾਲੇ ਧੜਵੈਲ ਉਦਯੋਗਪਤੀਆਂ ਨੂੰ ਇਸਦੀ ਉਕਾ ਹੀ ਕੋਈ ਚਿੰਤਾ ਨਹੀਂ ਹੈ। ਇਸ ਵਾਸਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰਸਾਇਣਾਂ ਦੀ ਵਰਤੋਂ ਦੀ ਥਾਂ ਹਰਬਲ ਦਵਾਈਆਂ ਤੇ ਖਾਦਾਂ ਦੀ ਖੋਜ ਲਈ ਸਰਕਾਰੀ ਖੋਜ ਸੰਸਥਾਵਾਂ ਨੂੰ ਮਜ਼ਬੂਤੀ ਪ੍ਰਦਾਨ ਕਰੇ ਅਤੇ ਇਹਨਾਂ ਦਾ ਕੋਈ ਠੋਸ ਬਦਲ ਲੱਭਿਆ ਜਾਵੇ ਤਾਂ ਜੋ ਇਸ ਕਾਰਨ ਵੱਧ ਰਹੇ ਪਾਣੀ ਦੇ ਪ੍ਰਦੂਸ਼ਣ ਨੂੰ ਵੀ ਰੋਕਿਆ ਜਾ ਸਕੇ ਅਤੇ ਖੇਤੀ ਉਪਜ ਦੇ ਵਾਧੇ ‘ਤੇ ਵੀ ਕੋਈ ਮਾੜਾ ਅਸਰ ਨਾ ਪਵੇ।