Now Reading
ਆਰ.ਐਮ.ਪੀ.ਆਈ. ਵਲੋਂ ਲੋਕਾਂ ਨੂੰ ਸ਼ਾਂਤੀ ਅਤੇ ਠਰੰਮਾ ਬਣਾਈ ਰੱਖਣ ਲਈ ਅਪੀਲ 3 ਮਾਰਚ ਨੂੰ ਅੰਮ੍ਰਿਤਸਰ ਸ਼ਹਿਰ ਵਿਚ ਹੋਵੇਗਾ ਅਮਨ-ਮਾਰਚ

ਆਰ.ਐਮ.ਪੀ.ਆਈ. ਵਲੋਂ ਲੋਕਾਂ ਨੂੰ ਸ਼ਾਂਤੀ ਅਤੇ ਠਰੰਮਾ ਬਣਾਈ ਰੱਖਣ ਲਈ ਅਪੀਲ 3 ਮਾਰਚ ਨੂੰ ਅੰਮ੍ਰਿਤਸਰ ਸ਼ਹਿਰ ਵਿਚ ਹੋਵੇਗਾ ਅਮਨ-ਮਾਰਚ

ਜਲੰਧਰ, 28 ਫਰਵਰੀ : ਭਾਰਤੀ ਇਨਕਲਾਬੀ ਮਾਰਕਸਵਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੂਬਾਈ ਸਕੱਤਰੇਤ ਨੇ ਭਾਰਤ ਅਤੇ  ਪਾਕਿਸਤਾਨ ਵਿਚਕਾਰ ਵੱਧ ਰਹੇ ਜੰਗੀ ਤਣਾਅ ਉਪਰ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਪਿਛੋਕੜ ਵਿਚ ਦੋਹਾਂ ਦੇਸ਼ਾਂ ਅੰਦਰ ਗੈਰ ਜ਼ੁੰਮੇਵਾਰ ਤੱਤਾਂ ਵਲੋਂ ਪੈਦਾ ਕੀਤੀਆਂ ਜਾ ਰਹੀਆਂ ਭੜਕਾਹਟਾਂ ਕਾਰਨ ਆਮ ਲੋਕਾਂ ਵਿਸ਼ੇਸ਼ ਤੌਰ ‘ਤੇ ਸਰਹੱਦੀ ਖੇਤਰ ਦੇ ਵਸਨੀਕਾਂ ਅੰਦਰ ਉਭਰੀਆਂ ਚਿੰਤਾਵਾਂ ਨੂੰ ਮੁੱਖ ਰੱਖਦਿਆਂ ਪਾਰਟੀ ਨੇ 3 ਮਾਰਚ ਨੂੰ ਅੰਮ੍ਰਿਤਸਰ ਸ਼ਹਿਰ ਵਿਚ ਵਿਸ਼ਾਲ ਕਨਵੈਨਸ਼ਨ ਕਰਕੇ ਅਮਨ ਮਾਰਚ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਏਥੇ ਪਾਰਟੀ ਦੇ ਸੂਬਾਈ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ  ਸਕੱਤਰੇਤ ਦੀ ਮੀਟਿੰਗ ਵਿਚ ਕੀਤਾ ਗਿਆ। ਪਾਰਟੀ ਦੇ ਕੁਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਇਸ ਮੀਟਿੰਗ ਵਿਚ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ।
ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਰਲੀਜ਼ ਕਰਦਿਆਂ ਆਰ.ਐਮ.ਪੀ.ਆਈ. ਦੇ ਸੂਬਾਈ ਸਕੱਤਰ ਕਾਮਰੇਡ ਹਰਕੰਵਲ ਸਿੰਘ ਨੇ ਦੱਸਿਆ ਕਿ ਮੀਟਿੰਗ ਦੇ ਆਰੰਭ ਵਿਚ ਪੁਲਵਾਮਾ ਵਿਖੇ ਆਤੰਕਵਾਦੀਆਂ ਦੇ ਆਤਮਘਾਤੀ ਹਮਲੇ ਕਾਰਨ ਮਾਰੇ ਗਏ 40 ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਇਸ ਆਤੰਕਵਾਦ ਜਿਸਨੂੰ ਸਰਹੱਦ ਪਾਰੋਂ ਸ਼ਹਿ ਮਿਲ ਰਹੀ ਹੈ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਸਕੱਤਰੇਤ ਦੀ ਇਹ ਪ੍ਰਪੱਕ ਰਾਏ ਹੈ ਕਿ ਫਿਰਕੂ ਆਤੰਕਵਾਦ ਮਾਨਵਤਾ ਦੇ ਮੱਥੇ ‘ਤੇ ਇਕ ਕਲੰਕ ਹੈ ਅਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਇਸ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਰ.ਐਮ.ਪੀ.ਆਈ. ਆਤੰਕਵਾਦ ਅਤੇ ਜੰਗ ਦੀ ਸਖਤ ਵਿਰੋਧੀ ਹੈ ਅਤੇ ਅਮਨ ਦੀ ਪਹਿਰੇਦਾਰ ਹੈ। ਉਨ੍ਹਾਂ ਕਿਹਾ ਕਿ ਸਕੱਤਰੇਤ ਦੀ ਸਮਝਦਾਰੀ ਹੈ ਕਿ ਮੌਜੂਦਾ ਹਾਲਤਾਂ ਵਿਚ ਸਰਹੱਦਾਂ ‘ਤੇ ਚੌਕਸੀ ਵਧਾਕੇ ਅਤੇ ਕੂਟਨੀਤਕ ਉਪਰਾਲਿਆਂ ਰਾਹੀਂ ਇਸ ਆਤੰਕਵਾਦ ਨੂੰ ਭਾਂਜ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਜੰਗ ਦੋਵਾਂ ਦੇਸ਼ਾਂ ਦੇ ਉਕਾ ਹੀ ਹਿੱਤ ਵਿਚ ਨਹੀਂ ਹੈ। ਇਹ ਵੀ ਸਪੱਸ਼ਟ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਦੋਵਾਂ ਦੇਸ਼ਾਂ ਵਾਸਤੇ ਹੀ ਨਹੀਂ ਬਲਕਿ ਸਮੁੱਚੇ ਦੱਖਣੀ ਏਸ਼ੀਆ ਦੇ ਖਿੱਤੇ ਲਈ ਤਬਾਹਕੁੰਨ ਸਿੱਧ ਹੋ ਸਕਦੀ ਹੈ। ਸਕੱਤਰੇਤ ਇਹ ਵੀ ਮਹਿਸੂਸ ਕਰਦੀ ਹੈ ਕਿ ਇਸ ਖਿੱਤੇ ਵਿਚ ਅਮਨ ਸ਼ਾਂਤੀ ਸਥਾਪਤ ਰੱਖਣ ਲਈ ਹਰ ਧਿਰ ਨੂੰ ਗੈਰ ਜ਼ੁੰਮੇਵਾਰ ਕਾਰਵਾਈਆਂ ਅਤੇ ਬਿਆਨਬਾਜ਼ੀਆਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਸਾਰੇ ਵਿਵਾਦਤ ਮਸਲੇ ਗੱਲਬਾਤ ਰਾਹੀਂ ਨਿਪਟਾਏ ਜਾਣੇ ਚਾਹੀਦੇ ਹਨ। ਸਕੱਤਰੇਤ ਨੇ ਭਾਰਤ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਕਸ਼ਮੀਰ ਦੀ ਵਾਦੀ ਅੰਦਰ ਲੋਕਾਂ ਅੰਦਰ ਵੱਧ ਰਹੀ ਬੇਗਾਨਗੀ ਦੀ ਭਾਵਨਾ ਨੂੰ ਠੱਲ੍ਹ ਪਾਉਣ ਵਾਸਤੇ ਵੀ ਤੁਰੰਤ ਉਚੇਚੇ ਕਦਮ ਪੁੱਟੇ ਜਾਣ ਅਤੇ ਇਸ ਮਸਲੇ ਦੇ ਸਿਆਸੀ ਹੱਲ ਨੂੰ ਪਹਿਲ ਦਿੱਤੀ ਜਾਵੇ। ਸਕੱਤਰੇਤ ਨੇ ਇਹ ਵੀ ਨੋਟ ਕੀਤਾ ਕਿ ਬਦਕਿਸਮਤੀ ਨਾਲ ਅੱਜ ਦੇਸ਼ ਦੀ ਰਾਖੀ ਕਰਦੇ ਜਵਾਨਾਂ ਦੀਆਂ ਸ਼ਹਾਦਤਾਂ ਤੋਂ ਹਾਕਮ ਭਾਰਤੀ ਜਨਤਾ ਪਾਰਟੀ ਸਿਆਸੀ ਲਾਹਾਂ ਖੱਟਣ ਲਈ ਪੱਬਾਂ ਭਾਰ ਹੋਈ ਪਈ ਹੈ। ਇਸ ਲਈ ਸਕੱਤਰੇਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੇੜੇ ਭਵਿੱਖ ਵਿਚ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਸਮੇਂ ਦੇਸ਼ ਦੀ ਸੁਰੱਖਿਆ ਦੇ ਨਾਲ ਨਾਲ ਆਪਣੇ ਬੇਰੋਜ਼ਗਾਰੀ, ਮਹਿੰਗਾਈ, ਗਰੀਬੀ ਤੇ ਭਰਿਸ਼ਟਾਚਾਰ ਵਰਗੇ ਸਾਰੇ ਮੁੱਦਿਆਂ ‘ਤੇ ਹੀ ਕੇਂਦਰਿਤ ਰਹਿਣ।

Scroll To Top