ਅਮ੍ਰਿਤਸਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੀ ਪੰਜਾਬ ਰਾਜ ਕਮੇਟੀ ਵਲੋਂ ਅੱਜ ਅਮ੍ਰਿਤਸਰ ਸ਼ਹਿਰ ਵਿੱਚ ਪ੍ਰਭਾਵਸ਼ਾਲੀ ਕਨਵੈਨਸ਼ਨ ਅਤੇ ਅਮਨ ਮੁਜ਼ਾਹਰਾ ਜਥੇਬੰਦ ਕੀਤੇ ਗਏ । ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਇਸ ਅਮਨ ਕਾਫਲੇ ਵਿੱਚ ਉਚੇਚੇ ਸ਼ਾਮਲ ਹੋਏ । ਆਪਣੇ ਸੰਬੋਧਨ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਪੁਲਵਾਮਾ ਦਹਿਸ਼ਤੀ ਹਮਲੇ ‘ਚ ਜਾਨਾਂ ਗੁਆਉਣ ਵਾਲੇ ਸੀ ਆਰ ਪੀ ਦੇ ਚਾਲੀ ਕਰਮਚਾਰੀਆਂ ਦਾ ਕੋਈ ਦਰਦ ਨਹੀਂ ਬਲਕਿ ਸਾਰੇ ਦੇਸ਼ ਦੀ ਆਤਮਾ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਇਨ੍ਹਾਂ ਮੌਤਾਂ ਨੂੰ ਮੋਦੀ ਅਤੇ ਭਾਜਪਾ 2019 ਦੀਆਂ ਚੋਣਾਂ ਜਿੱਤਣ ਲਈ ਵਰਤਣ ਦੇ ਕੁਕਰਮ ‘ਚ,ਲੱਗੇ ਹੋਐ ਹਨ । ਇਸ ਕੋਝੇ ਮਕਸਦ ਲਈ ਦੇਸ਼ ਨੂੰ ਜੰਗ ਦੀ ਭੱਠੀ ‘ਚ ਝੋਕਣ ਤੋਂ ਵੀ ਇਨਾਂ ਜਾਲਿਮਾਂ ਨੂੰ ਕੋਈ ਗੁਰੇਜ਼ ਨਹੀਂ । ਉਨ੍ਹਾਂ ਕਿਹਾ ਕਿ ਸਰਹੱਦ ਦੇ ਦੋਹੀਂ ਪਾਸੀਂ ਕੱਟੜਵਾਦੀ ਸ਼ਕਤੀਆਂ ਦੋਹਾਂ ਦੇਸ਼ਾਂ ਦੇ ਆਮ ਨਾਗਰਿਕਾਂ ਨੂੰ ਇੱਕ ਦੂਜੇ ਦੇ ਦੁਸ਼ਮਨ ਕਰਾਰ ਦੇ ਕੇ ਹਰ ਵੇਲੇ ਕਸ਼ੀਦਗੀ ਅਤੇ ਯੁੱਧ ਦਾ ਵਾਤਾਵਰਣ ਬਣਾਈ ਰੱਖਣ ਦੇ ਕੋਝੇ ਯਤਨਾਂ ਵਿੱਚ ਗਲਤਾਨ ਰਹਿੰਦੇ ਹਨ ਅਤੇ ਆਮ ਲੋਕਾਈ ਦੀਆਂ ਬੁਨਿਆਦੀ ਲੋੜਾਂ, ਉਮੰਗਾਂ ਦੀ ਪੂਰਤੀ ਕਰਨ ‘ਚ ਪੂਰੀ ਤਰ੍ਹਾਂ ਅਸਫਲ ਰਹਿਣ ਵਾਲੇ ਦੋਹਾਂ ਦੇਸ਼ਾਂ ਦੇ ਹਾਕਮਾਂ ਨੂੰ ਇਹ ਮਾਹੌਲ ਬੜਾ ਸੁੱਖਾਂਦਾ ਹੈ । ਉਨ੍ਹਾਂ ਅਮਨ ਦੇ ਹੱਕ ‘ਚ ਵੱਡੇ ਪੈਮਾਨੇ ‘ਤੇ ਨਿਸੰਗ ਨਿੱਤਰਨ ਵਾਲੇ ਪਾਕਿਸਤਾਨੀ ਆਵਾਮ ਅਤੇ ਭਾਰਤੀ ਨਾਗਰਿਕਾਂ ਦੀ ਡਟਵੀਂ ਪ੍ਰਸ਼ੰਸਾ ਕੀਤੀ । ਸ਼ਹੀਦ ਫੌਜੀਆਂ ਦੇ ਪਰਿਵਾਰਾਂ ਵਲੋਂ ਸ਼ਹੀਦੀਆਂ ਦੇ ਸਿਆਸੀਕਰਨ ਵਿਰੁੱਧ ਆਵਾਜ਼ ਉਠਾਉਣ ਦੇ ਵਰਤਾਰੇ ਨੂੰ ਵੀ ਉਨ੍ਹਾਂ ਸਵਾਗਤਯੋਗ ਕਿਹਾ । ਸਾਥੀ ਪਾਸਲਾ ਨੇ ਤੱਥਾ ਨਾਲ ਖਿਲਵਾੜ ਕਰਕੇ ਜੰਗੀ ਜਨੂੰਨ ਪੈਦਾ ਕਰਨ ਵਾਲੇ ਮੀਡੀਆ ਸਮੂਹਾਂ ਦੀ ਨਿੰਦਾ ਕਰਦਿਆਂ ਲੋਕਾਈ ਨੂੰ ਕੂੜ ਪ੍ਰਚਾਰ ਵਿਰੁੱਧ ਮੈਦਾਨ ‘ਚ ਨਿੱਤਰਨ ਦਾ ਸੱਦਾ ਦਿੱਤਾ । ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਐਲਾਨ ਕੀਤਾ ਕਿ ਪਾਰਟੀ ਜੰਗ ਵਿਰੋਧੀ ਮੁਹਿੰਮ ਲਗਾਤਾਰ ਜਾਰੀ ਰਖਦੀ ਹੋਈ ਸਥਾਈ ਅਮਨ ਦੀ ਕਾਇਮੀ ਲਈ ਹਰ ਸੰਭਵ ਯਤਨ ਕਰੇਗੀ । ਕਨਵੈਨਸ਼ਨ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਵਲੋਂ ਕੀਤੀ ਗਈ ।ਸਟੇਜ ਦੀ ਕਾਰਵਾਈ ਸਾਥੀ ਪਰਗਟ ਸਿੰਘ ਜਾਮਾਰਾਇ ਨੇ ਚਲਾਈ ।