ਮਹਿਲ ਕਲਾਂ : ਪਿੰਡ ਧਨੇਰ ਦੇ ਨਰੇਗਾ ਮਜਦੂਰਾਂ ਵੱਲੋਂ ਰੁਜ਼ਗਾਰ ਦੀ ਮੰਗ ਖਾਤਰ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਿੰਡ ਦੀ ਧਰਮਸ਼ਾਲਾ ਵਿੱਚ ਇਕੱਤਰ ਹੋਏ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਮਜ਼ਦੂਰ ਵਰਗ ਨਾਲ ਕਈ ਚੋਣ ਵਾਅਦੇ ਕਰਕੇ ਸੱਤਾ ਦਾ ਅਨੰਦ ਮਾਨਣ ਵਾਲੀ ਕੇਂਦਰ ਤੇ ਸੂਬਾ ਸਰਕਾਰਾਂ ਹੁਣ ਕਿਰਤੀ ਵਰਗ ਦੀਆਂ ਮੰਗਾਂ ਮਸਲਿਆਂ ਤੋਂ ਭੱਜ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਮਸ਼ੀਨੀਕਰਨ ਦੇ ਇਸ ਯੁੱਗ ’ਚ ਕਿਰਤੀ ਇਸ ਖੇਤਰ ਵਿੱਚੋਂ ਵਿਹਲੇ ਹੋ ਗਏ ਹਨ ਤੇ ਮਨਰੇਗਾ ਸਕੀਮ ਹੀ ਮਜ਼ਦੂਰ ਵਰਗ ਦਾ ਇਕੋ ਇਕ ਸਹਾਰਾ ਹੈ ਪਰ ਸਰਕਾਰਾਂ ਦੀ ਨੀਤੀਆਂ ਮਨਰੇਗਾ ਤਹਿਤ ਰੁਜ਼ਗਾਰ ਦੇਣ ਤੋਂ ਟਾਲਾ ਵੱਟਣ ਦੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣ ਵਾਅਦੇ ਦੀਆਂ ਮੰਗਾਂ ਤਾਂ ਕੀ ਲਾਗੂ ਕਰਨੀਆਂ ਸੀ ਸਗੋਂ ਪਹਿਲਾਂ ਤੋਂ ਮਿਲ ਰਹੀ ਬੁਢਾਪਾ ਪੈਨਸ਼ਨ, ਅੰਗਹੀਣ ਪੈਨਸ਼ਨ, ਨੀਲੇ ਕਾਰਡਾਂ ਦੀ ਸਹੂਲਤ, ਰਿਆਇਤੀ ਦਰਾਂ ’ਤੇ ਤੇਲ, ਖੰਡ, ਆਟਾ, ਦਾਲ ਆਦਿ ਦੇਣ ਤੋਂ ਵੀ ਪਾਸਾ ਵੱਟ ਲਿਆ ਹੈ।
ਮਜਦੂਰ ਆਗੂਆਂ ਸੁੱਚਾ ਸਿੰਘ, ਮਹਿੰਦਰ ਸਿੰਘ, ਮੋਹਣ ਸਿੰਘ ਨੇ ਕਿਹਾ ਕਿ ਮਹਿੰਗਾਈ ਛੜੱਪੇ ਮਾਰ ਕੇ ਵਧ ਰਹੀ ਹੈ ਜਿਸ ਨਾਲ ਤੇਲ, ਰਸੋਈ ਗੈਸ, ਰੋਜਾਨਾ ਵਰਤੋਂ ਦਾ ਸਾਮਾਨ ਮਹਿੰਗਾ ਹੋ ਕੇ ਮਜ਼ਦੂਰਾਂ ਦੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ। 21 ਨਵੰਬਰ ਨੂੰ ਮਹਿਲ ਕਲਾਂ ਪਹੁੰਚ ਰਹੇ ‘ਲੋਕ ਜਗਾਓ, ਲੁਟੇਰੇ ਭਜਾਓ’ ਮਾਰਚ ਬਾਰੇ ਮਜਦੂਰ ਆਗੂਆਂ ਨੇ ਕਿਹਾ ਕਿ ਇਸ ਮਾਰਚ ’ਚ ਸ਼ਮੂਲੀਅਤ ਕਰਕੇ ਲੋਕ ਵਿਰੋਧੀ ਸਰਕਾਰਾਂ ਦੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ।